ਬਚੋ ਜੋਤਸ਼ੀਆਂ, ਪੰਡਤਾਂ ਦੀ ਲੁੱਟ ਤੋਂ!!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਮੈਂ ਪਿੰਡ ਚੱਕ ਮਰਹਾਣਾ ਵਿਖੇ 25 ਸਾਲ ਤੋਂ ਗ੍ਰੰਥੀ ਸਿੰਘ ਦੀ ਡਿਊਟੀ ਕਰ ਰਿਹਾ ਹਾਂ। ਇਸ ਪਿੰਡ ਵਿਚ ਇਕ ਸਰਬਜੀਤ ਕੌਰ ਬੀਬੀ ਰਹਿੰਦੀ ਹੈ, ਜੋ ਮੇਰੀ ਭੈਣ ਦੀ ਤਰ੍ਹਾਂ ਹੈ...

Pic

ਮੈਂ ਪਿੰਡ ਚੱਕ ਮਰਹਾਣਾ ਵਿਖੇ 25 ਸਾਲ ਤੋਂ ਗ੍ਰੰਥੀ ਸਿੰਘ ਦੀ ਡਿਊਟੀ ਕਰ ਰਿਹਾ ਹਾਂ। ਇਸ ਪਿੰਡ ਵਿਚ ਇਕ ਸਰਬਜੀਤ ਕੌਰ ਬੀਬੀ ਰਹਿੰਦੀ ਹੈ, ਜੋ ਮੇਰੀ ਭੈਣ ਦੀ ਤਰ੍ਹਾਂ ਹੈ। ਮੈਨੂੰ ਅਪਣੇ ਸਕੇ ਭਰਾਵਾਂ ਤੋਂ ਵੀ ਵੱਧ ਸਮਝਦੀ ਹੈ। ਸਰਬਜੀਤ ਕੌਰ ਦਾ ਇਕ ਪੁੱਤਰ ਹੈ ਦਲਜੀਤ ਸਿੰਘ। ਉਸ ਨੇ ਉਸ ਦਾ ਵਿਆਹ ਅੱਜ ਤੋਂ ਸੱਤ ਸਾਲ ਪਹਿਲਾਂ ਕੀਤਾ। ਉਸ ਦੇ ਵਿਆਹ ਦੇ ਤਕਰੀਬਨ ਸਾਲ ਬਾਅਦ ਉਸ ਦੇ ਪੁੱਤਰ ਦੀ ਘਰਵਾਲੀ ਨੂੰ ਬੱਚਾ ਹੋਣ ਵਾਲਾ ਸੀ। ਉਸ ਦੀ ਘਰਵਾਲੀ ਮਨਿੰਦਰ ਕੌਰ ਪੇਕੇ ਘਰ ਗਈ ਤਾਂ ਦਲਜੀਤ ਸਿੰਘ ਕਿਸੇ ਦੇ ਮਗਰ ਲੱਗ ਕੇ ਪੱਟੀ ਸ਼ਹਿਰ ਵਿਚ ਰਹਿੰਦੀ ਬੀਬੀ ਪੰਡਤਾਣੀ ਕੋਲ ਜੋਤਸ਼ ਲਗਵਾਉਣ ਚਲਾ ਗਿਆ।

ਉਸ ਪੰਡਤਾਣੀ ਨੇ ਕਿਹਾ, ''ਕਾਕਾ ਤੇਰੀ ਘਰਵਾਲੀ ਦੀ ਤਾਂ ਇਸੇ ਸਾਲ ਵਿਚ ਮੌਤ ਹੋ ਜਾਣੀ ਏ।'' ਇਹ ਚਲਾਕ ਲੋਕ ਹਰ ਇਕ ਨੂੰ ਮੌਤ ਦਾ ਡਰ ਪਾ ਕੇ ਹੀ ਲੁਟਦੇ ਨੇ। ਇਸ ਉਤੇ ਉਸ ਨੇ ਕਿਹਾ, ''ਇਸ ਨੁਕਸਾਨ ਤੋਂ ਬਚਣ ਦਾ ਕੋਈ ਉਪਾਅ ਹੈ ਤੇਰੇ ਕੋਲ?'' ਤਾਂ ਪੰਡਤਾਣੀ ਨੇ ਕਿਹਾ ਕਿ ''ਅੱਠ-ਦੱਸ ਹਜ਼ਾਰ ਰੁਪਏ ਲਗਣਗੇ। ਜੇ ਉਪਾਅ ਕਰਾ ਲਵੇਂ ਤਾਂ ਮਸਲਾ ਹੱਲ ਹੋ ਜਾਊ।'' ਦਲਜੀਤ ਸਿੰਘ ਕਹਿਣ ਲੱਗਾ ਕਿ ''ਪੈਸੇ ਤਾਂ ਮੇਰੇ ਕੋਲ ਹਨ ਨਹੀਂ, ਕੋਈ ਹੋਰ ਉਪਾਅ ਦੱਸੋ'' ਤਾਂ ਪੰਡਤਾਣੀ ਕਹਿਣ ਲੱਗੀ ''ਘਰਵਾਲੀ ਨੂੰ ਇਕ ਦੋ ਦਿਨ ਵਿਚ ਤਲਾਕ ਦੇ ਦਿਉ, ਹੋਰ ਕੋਈ ਹੱਲ ਨਹੀਂ।'' ਕਹਿਣ ਲੱਗਾ ''ਹਾਂ ਤਲਾਕ ਦੇ ਦਿੰਦਾ ਹਾਂ।''

ਸ਼ਾਮ ਨੂੰ ਜਦੋਂ ਦਜਲੀਤ ਸਿੰਘ ਘਰ ਆਇਆ ਤਾਂ ਅਪਣੇ ਸਹੁਰੇ, ਘਰਵਾਲੀ ਨੂੰ ਫ਼ੋਨ ਕਰ ਦਿਤਾ ਕਿ ਮੈਨੂੰ ਤਲਾਕ ਚਾਹੀਦੈ। ਜਦੋਂ ਉਸ ਦੀ ਘਰਵਾਲੀ ਨੇ ਤਲਾਕ ਬਾਰੇ ਸੁਣਿਆ ਤਾਂ ਉਹ ਘਬਰਾ ਗਈ ਕਿ ਹੋਇਆ ਕੀ ਹੈ? ਉਸ ਦੇ ਮਾਪੇ ਪ੍ਰੇਸ਼ਾਨ ਹੋ ਗਏ ਤੇ ਦਲਜੀਤ ਸਿੰਘ ਅਪਣੀ ਮਾਤਾ ਸਰਬਜੀਤ ਨਾਲ ਲੜੀ ਜਾਵੇ। ਉਸ ਵਿਚਾਰੀ ਨੇ ਬਹੁਤ ਸਮਝਾਇਆ ਕਿ ਇਹ ਪੰਡਤ ਬਾਬੇ ਸੱਭ ਝੂਠ ਬੋਲਦੇ ਨੇ। ਇਨ੍ਹਾਂ ਪਿੱਛੇ ਲੱਗ ਕੇ ਅਪਣਾ ਘਰ ਬਰਬਾਦ ਨਾ ਕਰ। ਪਰ ਉਹ ਨਾ ਸਮਝਿਆ। ਫਿਰ ਵਿਚਾਰੀ ਨੇ ਮੈਨੂੰ ਘਰੇ ਸਦਿਆ ਕਿ ਵੀਰ ਜੀ ਸਾਡੇ ਘਰ ਜਲਦੀ ਪਹੁੰਚੋ।

ਮੈਂ ਉਨ੍ਹਾਂ ਦੇ ਘਰ ਉਸੇ ਸਮੇਂ ਪਹੁੰਚਿਆ ਤੇ ਮੈਂ ਵੇਖਿਆ ਕਿ ਮਾਂ ਪੁੱਤਰ ਦੋਵੇਂ ਲੜ ਰਹੇ ਸਨ। ਮੈਂ ਕਿਹਾ, ''ਭੈਣ ਕੀ ਗੱਲ ਹੋ ਗਈ?'' ਉਸ ਨੇ ਸਾਰਾ ਮਸਲਾ ਪੰਡਤਾਣੀ ਦਾ ਦਸਿਆ। ਮੈਂ ਬੜੇ ਪਿਆਰ ਨਾਲ ਦਲਜੀਤ ਸਿੰਘ ਨੂੰ ਸਮਝਾਇਆ ਕਿ ਜਮਣਾ ਮਰਨਾ ਪ੍ਰਮਾਤਮਾ ਦੇ ਹੱਥ ਵਿਚ ਹੈ। ਇਹ ਪੰਡਤਾਣੀ ਕੌਣ ਹੁੰਦੀ ਏ, ਤੇਰੀ ਘਰਵਾਲੀ ਨੂੰ ਮਾਰਨ ਵਾਲੀ? ਉਹ ਤੇਰਾ ਘਰ ਉਜਾੜਨਾ ਚਾਹੁੰਦੀ ਏ। ਦੂਜਾ ਅੱਠ ਦਸ ਹਜ਼ਾਰ ਰੁਪਏ ਕੀ ਉਸ ਨੇ ਰੱਬ ਨੂੰ ਰਿਸ਼ਵਤ ਦੇਣੀ ਏ ਕਿ ਤੇਰੀ ਘਰਵਾਲੀ ਨੂੰ ਨਾ ਮਾਰੇ? ਇਹ ਸੱਭ ਝੂਠ ਹੈ। 

ਮੇਰੇ ਸਮਝਾਉਣ ਤੇ ਉਹ ਸਮਝ ਗਿਆ ਤੇ ਕਹਿੰਦਾ ਜੇਕਰ ਮੇਰੀ ਘਰਵਾਲੀ ਮਰ ਗਈ ਤਾਂ ਜ਼ਿੰਮੇਵਾਰ ਕੌਣ ਹੋਵੇਗਾ? ਮੈਂ ਕਿਹਾ ਮੈਂ ਗਰੰਟੀ ਦੇਂਦਾ ਹਾਂ ਕਿ ਉਹ ਨਹੀਂ ਮਰੇਗੀ ਤੇ ਫਿਰ ਮਨਿੰਦਰ ਕੌਰ ਤੇ ਉਸ ਦੇ ਮਾਪਿਆਂ ਨੂੰ ਫ਼ੋਨ ਤੇ ਮੈਂ ਵੀ ਸਮਝਾਇਆ ਕਿ ਕੋਈ ਗੱਲ ਨਹੀਂ, ਬੇਫ਼ਿਕਰ ਹੋ ਜਾਉ ਰੱਬ ਭਲੀ ਕਰੇਗਾ। ਉਸ ਦੇ ਮਾਪਿਆਂ ਨੇ ਮੇਰਾ ਧਨਵਾਦ ਕੀਤਾ। ਸੋ ਪਿਆਰੇ ਪਾਠਕੋ ਅੱਜ ਇਸ ਗੱਲ ਨੂੰ ਸੱਤ ਸਾਲ ਬੀਤੇ ਗਏ ਨੇ। ਉਨ੍ਹਾਂ ਦੇ ਘਰ ਬੱਚੇ ਦਿਲਸ਼ਾਨ ਸਿੰਘ ਨੇ ਜਨਮ ਲਿਆ ਤੇ ਬੱਚਾ ਤੇ ਮਾਂ ਬਿਲਕੁਲ ਵਾਹਿਗੁਰੂ ਦੀ ਕ੍ਰਿਪਾ ਨਾਲ ਚੜ੍ਹਦੀਕਲਾ ਵਿਚ ਹਨ। ਬੱਚਾ ਅਕਾਲ ਅਕੈਡਮੀ ਬਹਿਕ ਫੱਤੂ ਦੂਜੀ ਜਮਾਤ ਵਿਚ ਪੜ੍ਹਦਾ ਹੈ।

ਹੁਣ ਦਲਜੀਤ ਸਿੰਘ ਵੀ 'ਸਪੋਕਸਮੈਨ' ਅਖ਼ਬਾਰ ਪੜ੍ਹਦਾ ਹੈ ਤੇ ਬਾਬਾਵਾਦ ਤੇ ਪੰਡਤਾਂ ਦੇ ਚੁੰਗਲ ਤੋਂ ਆਜ਼ਾਦ ਹੋ ਗਿਆ ਹੈ ਤੇ 'ਸਪੋਕਸਮੈਨ' ਅਖ਼ਬਾਰ ਰਾਹੀਂ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੁੜ ਗਿਆ ਹੈ। ਜੇ ਕਿਸੇ ਪਾਠਕ ਨੇ ਇਹ ਚਿੱਠੀ ਪੜ੍ਹ ਕੇ ਉਸ ਬੀਬੀ ਜਿਹਦਾ ਘਰ ਉਜੜਨ ਤੋਂ ਬਚਿਆ, ਨਾਲ ਸੰਪਰਕ ਕਰਨਾ ਹੋਵੇ ਤਾਂ ਉਸ ਦਾ ਨੰਬਰ 98142-86512 ਹੈ। ਅਫ਼ਸੋਸ ਸਿੱਖ ਅਖਵਾਉਣ ਵਾਲੇ ਵੀ ਪੰਡਤਾਂ ਤੇ ਬਾਬਿਆਂ ਨੂੰ ਅਪਣੇ ਖ਼ੂਨ ਪਸੀਨੇ ਦੀ ਕਮਾਈ ਲੁਟਾਈ ਜਾ ਰਹੇ ਹਨ, ਇਨ੍ਹਾਂ ਤੋਂ ਸਾਵਧਾਨ ਰਹੋ ਜੀ। 
-ਭਾਈ ਗੁਰਬਿੰਦਰ ਸਿੰਘ, 'ਬਾਬਾ ਸਪੋਕਸਮੈਨ', ਪਿੰਡ ਚੱਕ ਮਰਹਾਣਾ, ਸੰਪਰਕ : 98143-16367