ਗ਼ਰੀਬ ਦੇਸ਼ ਦੇ ਪੰਚੋ, ਸਰਪੰਚੋ ਤੇ ਲੀਡਰੋ, ਗ਼ਰੀਬ ਨੂੰ ਦਿਤਾ ਜਾਣ ਵਾਲਾ ਪੈਸਾ ਆਪ ਨਾ ਲੁੱਟੋ ਪਲੀਜ਼
ਸਰਕਾਰਾਂ ਨੇ ਜਿਹੜੀ ਇਹ ਸਹੁੰ ਚੁੱਕ ਸਮਾਗਮਾਂ ਦੀ ਰੀਤ ਚਲਾਈ ਹੋਈ ਹੈ (ਪੰਚਾਂ, ਸਰਪੰਚਾਂ ਤੋਂ ਲੈ ਕੇ ਚੇਅਰਮੈਨਾਂ ਤੇ ਲੀਡਰਾਂ ਦੀ), ਇਹ ਖ਼ਤਮ ਹੋਣੀ ਚਾਹੀਦੀ ਹੈ। ਮੇਰੀ...
ਸਰਕਾਰਾਂ ਨੇ ਜਿਹੜੀ ਇਹ ਸਹੁੰ ਚੁੱਕ ਸਮਾਗਮਾਂ ਦੀ ਰੀਤ ਚਲਾਈ ਹੋਈ ਹੈ (ਪੰਚਾਂ, ਸਰਪੰਚਾਂ ਤੋਂ ਲੈ ਕੇ ਚੇਅਰਮੈਨਾਂ ਤੇ ਲੀਡਰਾਂ ਦੀ), ਇਹ ਖ਼ਤਮ ਹੋਣੀ ਚਾਹੀਦੀ ਹੈ। ਮੇਰੀ ਜਾਚੇ ਤਾਂ ਇਹ ਸਿਆਸਤਦਾਨਾਂ ਦੀ ਹਉਮੈ ਨੂੰ ਪੱਠੇ ਪਾਉਣ ਵਾਲੀ ਨੀਤੀ ਹੀ ਜਾਪਦੀ ਹੈ। ਇਕ ਅਖ਼ਬਾਰ ਵਿਚ ਪੜ੍ਹਿਆ ਕਿ ਇਹ ਸਹੁੰ ਚੁੱਕ ਸਮਾਗਮ ਪੰਜ ਕਰੋੜ ਰੁਪਏ ਵਿਚ ਪੈਣੇ ਹਨ। ਇਹ ਤਾਂ ਸਰਕਾਰੀ ਖ਼ਰਚਾ ਹੋਵੇਗਾ ਪਰ ਜਿਹੜੇ ਸਰਪੰਚ, ਪੰਚ ਅਪਣੀਆਂ ਗੱਡੀਆਂ ਦਾ ਤੇਲ ਫੂਕ ਕੇ ਇਸ ਸ਼ੋਸ਼ੇਬਾਜ਼ੀ ਲਈ ਜਾਂਦੇ ਹਨ, ਇਸ ਨੂੰ ਫ਼ਜ਼ੂਲ ਖ਼ਰਚੀ ਨਾ ਕਹੀਏ ਤਾਂ ਹੋਰ ਕੀ ਕਹੀਏ?
ਖ਼ਜ਼ਾਨਾ ਮੰਤਰੀ ਪੰਜਾਬ ਸਰਕਾਰ ਤਾਂ ਦੋ ਸਾਲਾਂ ਤੋਂ ਖ਼ਜ਼ਾਨਾ ਖ਼ਾਲੀ ਹੋਣ ਦੀ ਰੱਟ ਲਗਾਈ ਜਾ ਰਹੇ ਹਨ ਪਰ ਖ਼ਰਚੇ ਘਟਾਉਣ ਵਾਲੇ ਕੰਮਾਂ ਨੂੰ ਰੋਕਣ ਵੇਲੇ ਅੱਖਾਂ ਮੀਚ ਲੈਂਦੇ ਹਨ। ਪਿੱਛੇ ਜਹੇ ਸਾਬਕਾ ਮੰਤਰੀਆਂ ਤੇ ਮੁੱਖ ਤੌਰ ਉਤੇ ਸਾਬਕਾ ਮੁੱਖ ਮੰਤਰੀ ਬਾਦਲ ਦੀ ਪੈਨਸ਼ਨ ਜੋ ਰਾਸ਼ਟਰਪਤੀ ਦੀ ਤਨਖ਼ਾਹ ਤੋਂ ਵੱਧ ਹੈ, ਬਾਰੇ ਅਖ਼ਬਾਰ ਵਿਚ ਪੜ੍ਹ ਕੇ ਸ਼ਰਮ ਹੀ ਆਈ ਪਰ ਇਹ ਵੀ ਕਿਹਾ ਗਿਆ ਕਿ ਇਹ ਮੁਲਕ ਗ਼ਰੀਬ ਨਹੀਂ, ਸਿਆਸੀ ਲੀਡਰ ਜੋ ਖ਼ੂਨ ਪੀਣੀਆਂ ਜੋਕਾਂ ਹਨ, ਇਨ੍ਹਾਂ ਦੀ ਬਦੌਲਤ ਇਹ ਗ਼ਰੀਬ ਚਲ ਰਿਹਾ ਹੈ। ਜਿੰਨੀ ਵਾਰ ਵਿਧਾਨ ਸਭਾ ਮੈਂਬਰ ਬਣੋ ਉਨੀ ਵਾਰ ਹੀ ਪੈਨਸ਼ਨ, ਮੁਫ਼ਤ ਸਹੂਲਤਾਂ ਤੇ ਹੋਰ ਭੱਤੇ, ਹੈਰਾਨੀ ਵਾਲੀ ਗੱਲ ਹੀ ਤਾਂ ਹੈ।
ਦੇਸ਼ ਦਾ ਰਾਖਾ ਇਕ ਫ਼ੌਜੀ ਜਵਾਨ ਕਿੰਨਾ ਲੰਮਾ ਸਮਾਂ ਨੌਕਰੀ ਕਰਦਾ ਹੈ, ਜਾਨ ਤੇ ਖੇਡ ਆਮ ਲੋਕਾਂ ਦੀ ਰਾਖੀ ਕਰਦਾ ਹੈ, ਉਸ ਨੂੰ ਇਕ ਪੈਨਸ਼ਨ ਅਤੇ ਇਹ ਆਗੂ ਜਿਨ੍ਹਾਂ ਦੀ ਮਿਹਰਬਾਨੀ ਸਦਕਾ ਰੰਗਲਾ ਪੰਜਾਬ, ਅੱਜ ਕੰਗਾਲ ਹੋਣ ਵਾਲੀ ਸਥਿਤੀ ਵਿਚ ਆ ਪਹੁੰਚਿਆ ਹੈ, ਉਨ੍ਹਾਂ ਦੀਆਂ ਤਨਖ਼ਾਹਾਂ ਪੈਨਸ਼ਨਾਂ ਦੀ ਕੋਈ ਹੱਦ ਹੀ ਨਹੀਂ ਹੈ। ਐ ਪੰਜਾਬੀਉ ਲੁੱਟ ਕੇ ਖਾ ਗਏ ਇਹ ਪੁਰਾਣੇ ਸਿਆਸੀ ਲੋਕ ਸਾਨੂੰ ਆਮ ਲੋਕਾਂ ਨੂੰ ਪਰ ਅਸੀ ਕਦੋਂ ਸਮਝਾਂਗੇ? ਉਦੋਂ ਜਦੋਂ ਇਹ ਸਾਡੇ ਮੂੰਹ ਦੀ ਬੁਰਕੀ ਵੀ ਖੋਹ ਲੈਣਗੇ?
ਖ਼ਾਸ ਕਰ ਕੇ ਪੰਜਾਬੀਉ ਤੁਹਾਡੇ ਕੋਲ ਚੰਦ ਕੁ ਸਿਆਸੀ ਪ੍ਰਵਾਰ ਹਨ, ਜਿਹੜੇ ਕੌਮ ਦੇ ਗ਼ੱਦਾਰ ਤੇ ਪੈਸੇ ਵਾਲੇ ਸਰਦਾਰ ਹਨ। ਇਹ ਆਪਸ ਵਿਚ ਇਕ ਦੂਜੇ ਦੇ ਰਿਸ਼ਤੇਦਾਰ ਹਨ ਪਰ ਗੁਰੂ ਸਾਹਿਬਾਨ ਦੀ ਬਖ਼ਸ਼ੀ ਸਰਦਾਰੀ ਨੂੰ ਵਿਸਾਰਨ ਵਾਲੇ ਵੀ ਇਹੀ ਹਨ। ਇਹ ਪੰਜਾਬ ਤੇ ਕੌਮ ਦਾ ਹਰ ਤਰੀਕੇ ਮੁੱਲ ਵੱਟਣ ਦੇ ਮਾਹਰ ਹਨ ਪਰ ਸਾਡੀਆਂ ਦੋ ਕਮਜ਼ੋਰੀਆਂ ਭੁਲੱਕੜਪੁਣਾ ਤੇ ਆਪਸੀ ਫੁੱਟ ਕਰ ਕੇ ਵਾਰੋ-ਵਾਰੀ ਰਾਜ ਕਰਦੇ ਹਨ, ਲੁਟਦੇ ਹਨ, ਕੁੱਟਦੇ ਹਨ। ਹੁਣ ਕਿਸਾਨ, ਮਜ਼ਦੂਰ, ਗ਼ਰੀਬ ਤੇ ਮੱਧ ਵਰਗੀ ਇਹ ਚਾਰ ਭਾਈਚਾਰੇ ਬਰਬਾਦੀ ਦੇ ਕੰਢੇ ਉਤੇ ਖੜੇ ਕਰ ਦਿਤੇ ਹਨ। ਜੇਕਰ ਹੁਣ ਵੀ ਨਾ ਸੰਭਲੇ, ਆਪਸ ਵਿਚ ਇਕਜੁਟ ਨਾ ਹੋਏ ਤਾਂ ਅਸੀ ਅਪਣੀ ਬਰਾਬਾਦੀ ਦੇ ਆਪ ਜ਼ਿੰਮੇਵਾਰ ਹੋਵਾਂਗੇ। - ਤੇਜਵੰਤ ਸਿੰਘ ਭੰਡਾਲ, ਸੰਪਰਕ : 98152-67963