ਕੋਰੋਨਾ ਕਾਲ ਨੇ ਮਜ਼ਦੂਰ ਨੂੰ ਸਿਆਣਾ ਬਣਾਇਆ ਹੈ ਜਾਂ ਅਜੇ ਵੀ ਉਹ ਸਿਆਸਤਦਾਨ ਦੀ 'ਵੋਟ' ਤੇ........

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜਦੋਂ ਵੀ ਕੋਰੋਨਾ ਦੀ ਮਹਾਂਮਾਰੀ ਦਾ ਇਤਿਹਾਸ ਲਿਖਿਆ ਜਾਵੇਗਾ, ਉਸ ਵਿਚ ਸਾਰੇ ਭਾਰਤ ਦੀ ਸਾਂਝੀ ਇਕ ਰੂਹ ਦੇ ਤਕਰੀਬਨ ਗੁਮਸ਼ੁਦਾ ਜਾਂ ਅੱਧਮਰੇ

File Photo

ਜਦੋਂ ਵੀ ਕੋਰੋਨਾ ਦੀ ਮਹਾਂਮਾਰੀ ਦਾ ਇਤਿਹਾਸ ਲਿਖਿਆ ਜਾਵੇਗਾ, ਉਸ ਵਿਚ ਸਾਰੇ ਭਾਰਤ ਦੀ ਸਾਂਝੀ ਇਕ ਰੂਹ ਦੇ ਤਕਰੀਬਨ ਗੁਮਸ਼ੁਦਾ ਜਾਂ ਅੱਧਮਰੇ ਹੋਣ ਬਾਰੇ ਅਣਗਿਣਤ ਪੰਨੇ ਕਾਲੇ ਕੀਤੇ ਮਿਲਣਗੇ। ਭਾਰਤ ਦੀਆਂ ਸੱਤਾਧਾਰੀ ਤਾਕਤਾਂ ਚਾਹੁਣਗੀਆਂ ਕਿ ਦੁਨੀਆਂ ਯਾਦ ਕਰੇ ਕਿ ਕਿਸ ਤਰ੍ਹਾਂ ਭਾਰਤ ਨੇ ਪਲਾਂ ਵਿਚ ਦੇਸ਼ ਨੂੰ ਖੜਾ ਕਰ ਦਿਤਾ ਤਾਕਿ ਕੋਰੋਨਾ ਪੈਰ ਨਾ ਪਸਾਰ ਸਕੇ।

ਪਰ ਜੋ ਕੋਈ ਵੀ ਨਿਰਪੱਖ ਹੋ ਕੇ ਲਿਖੇਗਾ, ਉਹ ਇਹ ਲਿਖਣੋਂ ਨਹੀਂ ਰਹਿ ਸਕੇਗਾ ਕਿ ਭਾਰਤ ਦੇ ਸੱਤਾਧਾਰੀਆਂ ਨੇ ਪਲਾਂ ਵਿਚ ਇਹ ਵਿਖਾ ਦਿਤਾ ਕਿ ਉਹ ਜ਼ਮੀਨੀ ਹਕੀਕਤਾਂ ਤੋਂ ਕਿੰਨੀ ਦੂਰ ਹਨ। ਅੱਜ ਪੰਜਾਬ ਅਤੇ ਕੇਰਲ ਨੂੰ ਛੱਡ ਕੇ ਇਕ ਵੀ ਸੂਬਾ ਅਜਿਹਾ ਨਹੀਂ ਜਿਸ ਨੇ ਅਪਣੇ ਮਜ਼ਦੂਰਾਂ ਵਾਸਤੇ ਪਹਿਲੇ ਪਲ ਤੋਂ ਸੋਚਿਆ ਹੋਵੇ। ਜਿਥੇ ਪੰਜਾਬ ਵਿਚ ਸਰਕਾਰ ਨੇ ਪ੍ਰਸ਼ਾਸਨ, ਗੁਰੂ ਘਰਾਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਮਿਲ ਕੇ ਕਿਸੇ ਨੂੰ ਭੁੱਖੇ ਨਹੀਂ ਰਹਿਣ ਦਿਤਾ, ਕੇਰਲ ਨੇ ਵੀ ਮੁਫ਼ਤ ਰਸੋਈਆਂ ਚਲਾਈਆਂ ਅਤੇ ਅਪਣੇ ਗ਼ਰੀਬਾਂ ਦਾ ਖ਼ਿਆਲ ਰਖਿਆ।

ਸ਼ਾਇਦ ਇਸ ਹਮਦਰਦੀ ਕਰ ਕੇ ਇਹ ਦੋਵੇਂ ਸੂਬੇ ਕੋਰੋਨਾ ਦੇ ਕਹਿਰ ਤੋਂ ਵੀ ਕੁਦਰਤ ਨੇ ਬਚਾ ਕੇ ਰੱਖੇ ਹਨ। ਸ਼ਾਇਦ ਇਸੇ ਹਮਦਰਦੀ ਕਰ ਕੇ ਅੱਜ ਘਰ ਪਹੁੰਚੇ ਮਜ਼ਦੂਰ ਵਾਪਸ ਆਉਣ ਬਾਰੇ ਸੋਚਣ ਲੱਗ ਪਏ ਹਨ ਕਿਉਂਕਿ ਗਏ ਤਾਂ ਉਹ ਘਰ ਵਿਚ ਰਹਿੰਦੇ ਪ੍ਰਵਾਰਾਂ ਦੀ ਫ਼ਿਕਰ ਕਾਰਨ ਸਨ, ਪਰ ਘਰ ਪਹੁੰਚ ਕੇ ਸਥਾਨਕ ਸਰਕਾਰਾਂ ਦੀ ਕਠੋਰਤਾ ਵੇਖ ਕੇ ਹੁਣ ਉਹ ਵਾਪਸ ਆ ਕੇ ਪੰਜਾਬ ਵਿਚ ਕੰਮ ਕਰਨ ਨੂੰ ਉਤਾਵਲੇ ਹੋਏ ਪਏ ਹਨ।

ਮਜ਼ਦੂਰਾਂ ਦੀਆਂ ਲੋੜਾਂ ਤਾਂ ਬੜੀਆਂ ਸਨ ਪਰ ਅਪਣੀਆਂ ਆਰਥਕ ਮਜਬੂਰੀਆਂ ਅਤੇ ਕੇਂਦਰ ਦੀ ਕੰਜੂਸੀ ਕਰ ਕੇ ਪੰਜਾਬ ਦੀ ਹਮਦਰਦੀ ਸੀਮਤ ਰਹੀ। ਇਹ ਤਾਂ ਫ਼ਖ਼ਰ ਵਾਲੀ ਗੱਲ ਹੈ ਕਿ ਪੰਜਾਬ ਵਿਚ ਕਿਸੇ ਮਜ਼ਦੂਰ ਦਾ ਨਿਰਾਦਰ ਨਹੀਂ ਹੋਇਆ। ਪਰ ਦੇਸ਼ ਦੀ ਗੱਲ ਕਰੀਏ ਤਾਂ, ਪੰਜਾਬ ਭਾਵੇਂ ਇਸ ਦਾ ਹਿੱਸਾ ਹੈ ਪਰ ਇਤਿਹਾਸ ਵਿਚ ਇਹ ਦਰਜ ਨਹੀਂ ਕੀਤਾ ਜਾਏਗਾ ਕਿ ਪੰਜਾਬ ਅਤੇ ਕੇਰਲ ਨੇ ਬਾਕੀਆਂ ਨਾਲੋਂ ਚੰਗਾ ਕੀਤਾ।

ਇਤਿਹਾਸ ਕੇਵਲ ਇਹ ਯਾਦ ਰਖੇਗਾ ਕਿ ਪੂਰੇ ਦੇਸ਼ ਦਾ ਨਿਰਮਾਣ ਕਰਨ ਵਾਲੇ ਅੱਜ ਬੇਘਰ ਸਨ ਅਤੇ ਕਿਸੇ ਦੇ ਦਿਲ ਵਿਚ ਏਨੀ ਥਾਂ ਨਹੀਂ ਸੀ ਕਿ ਉਹ ਇਨ੍ਹਾਂ ਨੂੰ ਸ਼ਰਨ ਹੀ ਦੇ ਦੇਣ। ਇਤਿਹਾਸ ਯਾਦ ਰੱਖੇਗਾ ਕਿ ਇਨ੍ਹਾਂ ਨੂੰ ਟਰੱਕਾਂ ਵਿਚ ਲਾਸ਼ਾਂ ਨਾਲ ਲੱਦ ਕੇ ਭੇਜਿਆ ਗਿਆ ਸੀ। ਇਤਿਹਾਸ ਯਾਦ ਰਖੇਗਾ ਕਿ ਇਸ ਤਪਦੀ ਗਰਮੀ ਵਿਚ ਟੁੱਟੀਆਂ ਚਪਲਾਂ ਪਾ ਕੇ ਇਹ ਸੈਂਕੜੇ ਮੀਲਾਂ ਦਾ ਸਫ਼ਰ ਪੈਦਲ ਤੈਅ ਕਰਨ ਲਈ ਮਜਬੂਰ ਕੀਤੇ ਗਏ ਸਨ।

ਕਦੇ ਕੋਈ ਰਾਹਤ ਮਹਿਸੂਸ ਹੋਈ ਤਾਂ ਕੁੱਝ ਧੜਕਦੀਆਂ ਰੂਹਾਂ ਵਾਲੇ ਪਾਸਿਉਂ, ਨਾਕਿ ਸਾਰੇ ਦੇਸ਼ ਵਲੋਂ। ਕਿੰਨੇ ਹੀ ਰਸਤੇ ਵਿਚ ਦਮ ਤੋੜ ਗਏ, ਕਿੰਨੇ ਹੀ ਰਸਤੇ ਵਿਚ ਕੁਚਲੇ ਗਏ, ਪਰ ਸਾਡੀਆਂ ਸਰਕਾਰਾਂ ਦਾ ਦਿਲ ਨਹੀਂ ਪਸੀਜਿਆ। ਸਾਡੇ ਸਿਆਸਤਦਾਨਾਂ ਨੇ ਇਸ ਤੇ ਵੀ ਸਿਆਸਤ ਕੀਤੀ। ਜੇ ਪ੍ਰਿਅੰਕਾ ਗਾਂਧੀ ਦੇ ਦਿਲ ਵਿਚ ਮਦਦ ਕਰਨ ਦੀ ਇੱਛਾ ਉਪਜੀ ਤਾਂ ਯੋਗੀ ਆਦਿਤਿਆਨਾਥ ਪੂਰੀ ਕਾਂਗਰਸ ਉਤੇ ਪਰਚਾ ਦਰਜ ਕਰ ਕੇ ਉਨ੍ਹਾਂ ਬੱਸਾਂ ਨੂੰ ਬੰਦ ਕਰਵਾਉਣ ਤੇ ਲੱਗ ਗਏ।

ਸਿਰਫ਼ ਇਸ ਕਰ ਕੇ ਕਿ ਪ੍ਰਿਅੰਕਾ ਦਾ ਨਾਂ ਨਾ ਬਣ ਜਾਵੇ। ਗ਼ਰੀਬ ਮਰਦਾ ਹੈ, ਮਰ ਜਾਵੇ, ਵਿਰੋਧੀ ਤਾਕਤਵਰ ਨਹੀਂ ਬਣਨੇ ਚਾਹੀਦੇ। ਨਾ ਅਸੀ ਆਪ ਹਮਦਰਦੀ ਵਿਖਾਵਾਂਗੇ, ਨਾ ਕਿਸੇ ਨੂੰ ਹੀ ਵਿਖਾਣ ਦੇਵਾਂਗੇ। ਪਰ ਇਤਿਹਾਸ ਦੇ ਪੰਨਿਆਂ ਵਿਚ ਅੰਤ ਕੀ ਹੋਵੇਗਾ, ਉਹ ਅੱਜ ਮਜ਼ਦੂਰਾਂ ਦੇ ਹੱਥ ਵਿਚ ਹੈ। ਉਨ੍ਹਾਂ ਨੇ ਵੇਖ ਲਿਆ ਹੈ ਕਿ ਕਿਸ ਦੇ ਦਿਲ ਵਿਚ ਕਿੰਨੀ ਹਮਦਰਦੀ ਹੈ।

ਨਾ ਉਦਯੋਗਪਤੀ, ਨਾ ਸਿਆਸਤਦਾਨ, ਨਾ ਜਨਤਾ। ਉਹ ਵੇਖ ਰਹੇ ਹਨ ਕਿ ਉਨ੍ਹਾਂ ਬਗ਼ੈਰ ਭਾਰਤ ਦੇ ਉਦਯੋਗਪਤੀ ਕਿਸੇ ਕੰਮ ਦੇ ਨਹੀਂ ਹਨ। ਹੁਣ ਜੇ ਵਾਪਸ ਆਉਣ ਤੋਂ ਪਹਿਲਾਂ ਇਹ ਮਜ਼ਦੂਰ ਸ਼੍ਰੇਣੀ ਇਕਜੁਟ ਹੋ ਕੇ ਅਪਣੇ ਵਾਸਤੇ ਅਪਣੀ ਕਮਾਈ ਦਾ ਬਣਦਾ ਹੱਕ ਮੰਗ ਲੈਣ ਤਾਂ ਇਸ ਇਤਿਹਾਸਕ ਆਫ਼ਤ 'ਚੋਂ ਭਾਰਤ ਦੇ ਕਠੋਰ ਅਮੀਰ ਵਰਗ ਨੂੰ ਇਕ ਸਬਕ ਸਿਖਾ ਸਕਦੀ ਹੈ। ਜਿਹੜਾ ਕਿਸੇ ਦਾ ਘਰ ਬਣਾਏ, ਉਸ ਦੇ ਅਪਣੇ ਸਿਰ ਤੇ ਛੱਤ ਹੋਣੀ ਚਾਹੀਦੀ ਹੈ। ਪਰ ਮਜ਼ਦੂਰ ਏਨਾ ਲਾਚਾਰ ਇਸ ਲਈ ਹੋ ਚੁੱਕਾ ਹੈ ਕਿਉਂਕਿ ਉਸ ਨੇ ਅਪਣੇ ਸਿਰ ਉਤੇ ਅਪਣੇ ਵੱਡੇ-ਵੱਡੇ ਪ੍ਰਵਾਰਾਂ ਦਾ ਬੋਝ ਚੁਕਿਆ ਹੁੰਦਾ ਹੈ।

ਉਸ ਕੋਲ ਏਨੇ ਮੂੰਹ ਭਰਨ ਵਾਲੇ ਹੁੰਦੇ ਹਨ ਕਿ ਉਹ ਕਦੇ ਕੋਈ ਸਟੈਂਡ ਲੈ ਹੀ ਨਹੀਂ ਸਕਦਾ। ਬੜੀ ਦੁਬਿਧਾ ਵਿਚ ਫੱਸ ਗਿਆ ਹੈ। ਮਜ਼ਦੂਰ ਲਈ ਜਿਹੜੇ ਪਾਸੇ ਵੇਖੋ, ਪ੍ਰੇਸ਼ਾਨੀਆਂ ਹੀ ਪ੍ਰੇਸ਼ਾਨੀਆਂ ਹਨ। ਕੀ ਕੋਈ ਇਨ੍ਹਾਂ ਨੂੰ ਰਾਹ ਵਿਖਾਉਣ, ਇਨ੍ਹਾਂ ਦੀ ਸੂਝ-ਬੂਝ ਜਗਾਉਣ ਤੇ ਆਵਾਜ਼ ਬਣਨ ਵਾਸਤੇ ਅੱਗੇ ਆ ਸਕੇਗਾ? ਕੀ ਇਹ ਵਿਚਾਰੇ ਇਸ ਆਜ਼ਾਦ ਦੇਸ਼ ਵਿਚ ਗ਼ਰੀਬੀ ਅਤੇ ਵੋਟ ਵਾਸਤੇ ਜਾਣਬੁਝ ਕੇ ਵਧਾਈ ਗਈ ਆਬਾਦੀ ਦੇ ਮੋਹਰੇ ਹੀ ਬਣੇ ਰਹਿਣਗੇ?  -ਨਿਮਰਤ ਕੌਰ