ਸੰਪਾਦਕੀ: ਕਿਸਾਨ ਅੰਦੋਲਨ 6 ਮਹੀਨੇ ਤੋਂ ਸੜਕਾਂ ਉਤੇ ਗਰਮੀ, ਸਰਦੀ ਦਾ ਮੁਕਾਬਲਾ ਕਰਦਾ ਹੋਇਆ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸੈਂਕੜਿਆਂ ਵਿਚ ਕਿਸਾਨ ਇਸ ਸੰਘਰਸ਼ ਵਿਚ ਅਪਣੀਆਂ ਜਾਨਾਂ ਗੁਆ ਚੁਕੇ ਹਨ

Farmer protest

ਅੱਜ ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋ ਜਾਣਗੇ ਅਤੇ ਇਸ ਨੂੰ ਭਾਰਤ ਵਿਚ ਕਾਲੇ ਦਿਨ ਵਜੋਂ ਮਨਾਇਆ ਜਾ ਰਿਹਾ ਹੈ। ਪਰ ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਵਿਚ ਕਾਲੇ ਦਿਨ ਵਜੋਂ ਨਹੀਂ ਬਲਕਿ ਦੁਨੀਆਂ ਭਰ ਵਿਚ ਕਿਸਾਨੀ ਵਾਸਤੇ ਇਕ ਇਤਿਹਾਸਕ ਮੁਹਿੰਮ ਦੇ ਯਾਦਗਾਰੀ ਦਿਨ ਵਜੋਂ ਯਾਦ ਕੀਤਾ ਜਾਵੇਗਾ। ਭਾਰਤ ਦੇ ਕਿਸਾਨਾਂ ਦਾ ਅੰਦੋਲਨ ਨਾ ਸਿਰਫ਼ ਪੰਜਾਬ, ਹਰਿਆਣਾ ਦੇ ਕਿਸਾਨਾਂ ਵਾਸਤੇ ਬਿਹਤਰ ਜ਼ਿੰਦਗੀ ਦੇ ਦੁਆਰ ਖੋਲ੍ਹਦਾ ਹੈ ਬਲਕਿ ਸਾਰੀ ਦੁਨੀਆਂ ਦੇ ਕਿਸਾਨਾਂ ਵਾਸਤੇ ਇਕ ਉਮੀਦ ਜਗਾਉਣ ਵਾਲੀ ਜਦੋਜਹਿਦ ਦਾ ਪ੍ਰਤੀਕ ਵੀ ਬਣ ਗਿਆ ਹੈ।

ਅਮਰੀਕਾ ਵਿਚ ਬੈਠੇ ਕਿਸਾਨ ਅੱਜ ਭਾਰਤ ਦੇ ਕਿਸਾਨਾਂ ਵਲ ਵੇਖ ਕੇ ਅਫ਼ਸੋਸ ਕਰ ਰਹੇ ਹਨ ਕਿ ਜੇ ਉਨ੍ਹਾਂ ਨੇ ਵੀ ਇਨ੍ਹਾਂ ਕਿਸਾਨਾਂ ਵਾਂਗ ਸਾਹਸ ਵਿਖਾਇਆ ਹੁੰਦਾ ਤਾਂ ਅੱਜ ਉਨ੍ਹਾਂ ਦੀ ਹਾਲਤ ਫ਼ਕੀਰਾਂ ਵਰਗੀ ਨਾ ਹੁੰਦੀ। ਜਦ ਅਮਰੀਕਾ ਵਿਚ ਕਿਸਾਨ ਨੂੰ ਨਿਜੀਕਰਨ ਦਾ ਸੁਪਨਾ ਵਿਖਾਇਆ ਗਿਆ ਸੀ, ਉਹ ਵੀ ਬਿਹਾਰ ਦੇ ਕਿਸਾਨਾਂ ਵਾਂਗ ਇਸ ਝਾਂਸੇ ਵਿਚ ਆ ਗਏ ਸਨ। ਅਸੀ ਅਪਣੇ ਬਿਹਾਰ ਦੇ ਕਿਸਾਨਾਂ ਨੂੰ ਗ਼ਲਤ ਨਹੀਂ ਕਹਿ ਸਕਦੇ ਕਿਉਂਕਿ ਉਹ ਤਾਂ ਗ਼ਰੀਬ ਸਨ, ਮਜਬੂਰ ਸਨ। ਅਮਰੀਕਾ ਵਰਗੇ ਵੱਡੇ ਦੇਸ਼ ਦੇ ਅਮੀਰ ਕਿਸਾਨ ਦੇ ਮੁਕਾਬਲੇ ਸਾਡੇ ਕਿਸਾਨ ਤਾਂ ਓਨੇ ਪੜ੍ਹੇ ਲਿਖੇ ਹੋਏ ਵੀ ਨਹੀਂ ਹਨ। ਸੋ ਜੇ ਉਹ ਵੀ ਨਿਜੀਕਰਨ ਦੇ ਵੱਡੇ ਸੁਪਨੇ ਨੂੰ ਸੱਚ ਮੰਨ ਬੈਠੇ ਸਨ ਤਾਂ ਫਿਰ ਬਾਕੀ ਵੀ ਇਸ ਘੁੰਮਣਘੇਰੀ ਵਿਚ ਫੱਸ ਹੀ ਸਕਦੇ ਹਨ। ਇਸੇ ਤਰ੍ਹਾਂ ਸਾਰੇ ਵੱਡੇ ਦੇਸ਼ਾਂ ਦੇ ਕਿਸਾਨ ਵੱਡੇ ਬਣਨ ਦੇ ਚੱਕਰ ਵਿਚ ਖੇਤੀ ਨੂੰ ਨਿਜੀਕਰਨ ਵਿਚ ਢਾਲਦੇ ਗਏ।

ਉਸ ਦਾ ਨਤੀਜਾ ਇਹ ਹੈ ਕਿ ਅੱਜ ਅਮਰੀਕਾ ਵਿਚ ਛੋਟਾ ਕਿਸਾਨ ਬਚਿਆ ਹੀ ਕੋਈ ਨਹੀਂ। ਉਥੇ ਦੇ ਛੋਟੇ ਕਿਸਾਨ ਸ਼ਹਿਰਾਂ ਵਿਚ ਨੌਕਰੀਆਂ ਕਰਨ ਲਈ ਮਜਬੂਰ ਹੋ ਗਏ। ਪਰ ਕਿਉਂਕਿ ਉਨ੍ਹਾਂ ਦੀ ਆਬਾਦੀ ਸਾਡੇ ਤੋਂ ਕਿਤੇ ਘੱਟ ਸੀ, ਇਸ ਲਈ ਉਹ ਵੱਡੇ ਕਾਰਪੋਰੇਟ ਘਰਾਣਿਆਂ ਸਾਹਮਣੇ ਛੇਤੀ ਹੀ ਗੋਡੇ ਟੇਕ ਗਏ। ਉਨ੍ਹਾਂ ਵਿਚ ਉਹ ਦ੍ਰਿੜ੍ਹਤਾ ਵੀ ਨਹੀਂ ਸੀ ਜੋ ਸਾਡੇ ਹਰਿਆਣਾ, ਪੰਜਾਬ ਦੇ ਕਿਸਾਨਾਂ ਵਿਚ ਹੈ। ਅੱਜ ਜਦ ਛੇ ਮਹੀਨੇ ਪੂਰੇ ਹੋ ਗਏ ਹਨ, ਉਸ ਦ੍ਰਿੜ੍ਹਤਾ ਨੂੰ ਸਲਾਮ ਕਰਨਾ ਬਣਦਾ ਹੈ ਜੋ ਲੱਖਾਂ ਔਕੜਾਂ ਦੇ ਬਾਵਜੂਦ ਅੱਜ ਵੀ ਅਪਣੀ ਤਾਕਤ ਦੇ ਬਲਬੂਤੇ, ਸਰਕਾਰ ਦੀ ਹਿਕ ਤੇ ਕਿਸਾਨਾਂ ਦਾ ਪਰਚਮ ਲਹਿਰਾ ਰਹੀ ਹੈ। ਸੈਂਕੜਿਆਂ ਵਿਚ ਕਿਸਾਨ ਇਸ ਸੰਘਰਸ਼ ਵਿਚ ਅਪਣੀਆਂ ਜਾਨਾਂ ਗੁਆ ਚੁਕੇ ਹਨ ਤੇ ਇਹ ਸਾਰੀਆਂ ਸ਼ਹੀਦੀਆਂ ਭਾਵੇਂ ਬੰਦੂਕ ਦੀ ਗੋਲੀ ਨਾਲ ਨਹੀਂ ਹੋਈਆਂ ਪਰ ਕਿਸਾਨਾਂ ਦੀਆਂ ਜਾਨਾਂ ਬਚਾਈਆਂ ਜ਼ਰੂਰ ਜਾ ਸਕਦੀਆਂ ਸਨ।

ਇਹ ਸ਼ਹੀਦੀਆਂ ਰਾਜ-ਹੱਠ ਦੇ ਨਿਰਦਈਪੁਣੇ ਦਾ ਨਤੀਜਾ ਹਨ। ਇਹ ਜਾਨਾਂ ਕਦੇ ਠੰਢ ਵਿਚ ਸੜਕਾਂ ’ਤੇ ਬੈਠਣ ਨਾਲ ਗਈਆਂ, ਕਦੇ ਸਰਕਾਰਾਂ ਦੇ ਨਾਕਿਆਂ ਤੋਂ ਬਚਦੇ ਲੰਗਰ ਪਹੁੰਚਾਉਂਦੇ ਹੋਏ ਗਈਆਂ ਅਤੇ ਕਦੇ ਕੋਵਿਡ ਕਾਰਨ ਜਾਂ ਦਿਲ ਦੇ ਦੌਰਿਆਂ ਕਾਰਨ ਗਈਆਂ। ਰਸਤੇ ਕਈ ਬਣੇ ਪਰ ਅਸਲ ਕਾਰਨ ਸਿਰਫ਼ ਜ਼ਮੀਨ ਅਤੇ ਜ਼ਰ ਉਤੇ ਕੇਵਲ ਕਾਰਪੋਰੇਟ ਘਰਾਣਿਆਂ ਦੇ ਅਮੀਰਾਂ ਦੇ ਕਬਜ਼ੇ ਦੀ ਜ਼ਿੱਦ ਹੈ। ਇਹ ਕਿਸੇ ਆਮ ਇਨਸਾਨ ਦੀ ਸਮਝ ਤੋਂ ਬਾਹਰ ਹੈ ਕਿ ਭਾਰਤ ਸਰਕਾਰ ਇਕ ਅਜਿਹੀ ਨੀਤੀ ਕਿਉਂ ਅਪਣਾਉਣਾ ਚਾਹੁੰਦੀ ਹੈ ਜੋ ਭਾਰਤ ਦੇ ਲੱਖਾਂ ਗ਼ਰੀਬ ਕਿਸਾਨਾਂ ਨੂੰ ਇਕਦਮ ਤਬਾਹ ਕਰ ਦੇਵੇਗੀ। ਸਰਕਾਰ ਕਦੇ ਸਿੱਧਾ ਖਾਤੇ ਵਿਚ ਪੈਸਾ ਪਾ ਕੇ ਜਾਂ ਕਦੇ ਕੀਟਨਾਸ਼ਕ ਖਾਦ ਦੀ ਸਬਸਿਡੀ ਦੇ ਕੇ (ਜਿਸ ਦਾ ਪੈਸਾ ਕੰਪਨੀ ਨੂੰ ਮਿਲਦਾ ਹੈ ਨਾਕਿ ਕਿਸਾਨਾਂ ਨੂੰ) ਖੇਤੀ ਕਾਨੂੰਨਾਂ ਨੂੰ ਵਧੀਆ ਦਸਣ ਦਾ ਯਤਨ ਕਰਦੀ ਰਹਿੰਦੀ ਹੈ।

ਅਸਲ ਵਿਚ ਜਿਹੜਾ ਨਿਜੀਕਰਨ ਸਰਕਾਰ ਲਿਆਉਣਾ ਚਾਹੁੰਦੀ ਹੈ, ਉਹ ਨਾ ਸਿਰਫ਼ ਕਿਸਾਨ ਨੂੰ ਖ਼ੁਸ਼ਹਾਲ ਨਹੀਂ ਬਣਾਏਗਾ ਸਗੋਂ ਉਸ ਨਾਲ ਸਾਡੇ ਦੇਸ਼ ਵਿਚ ਵੀ ਨਿਜੀਕਰਨ ਸਦਕੇ ਅਨਾਜ ਨਿਰਯਾਤ ਨਾਲ ਮੁਨਾਫ਼ਾ ਵਧਾਉਣ ਦਾ ਕੰਮ ਹੋਵੇਗਾ ਜਿਸ ਨਾਲ ਬੀਮਾਰੀਆਂ ਦਾ ਦੌਰ, ਵਾਤਾਵਰਣ ਦਾ ਨੁਕਸਾਨ ਆਦਿ ਵਰਗੀਆਂ ਮੁਸ਼ਕਲਾਂ ਸ਼ੁਰੂ ਹੋ ਜਾਣਗੀਆਂ। ਇਸ ਕਰ ਕੇ ਅੱਜ ਦਾ ਦਿਨ ਜੋ ਸਿਰਫ਼ ਸਾਡੀ ਸਰਕਾਰ ਦੀ ਸੋਚ ਤੇ ਨੀਤੀ ਨੂੰ ਕਾਲਾ ਦਰਸਾਉਂਦਾ ਹੈ, ਆਉਣ ਵਾਲੇ ਸਮੇਂ ਵਿਚ ਦੁਨੀਆਂ ਨੂੰ ਬਰਬਾਦ ਹੋਣ ਤੋਂ ਬਚਾਉਣ ਦੀ ਮੁਹਿੰਮ ਦੇ ਇਕ ਯਾਦਗਾਰੀ ਦਿਨ ਵਜੋਂ ਯਾਦ ਕੀਤਾ ਜਾਇਆ ਕਰੇਗਾ।
-ਨਿਮਰਤ ਕੌਰ