ਤੀਜੀ ਕੋਰੋਨਾ ਲਹਿਰ ਲਈ ਆਪ ਹੀ ਕੁੱਝ ਕਰਨਾ ਪਵੇਗਾ, ਸਰਕਾਰ ਤਾਂ ਹੱਥ ਖੜੇ ਕਰੀ ਬੈਠੀ ਹੈ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਆਈ.ਆਈ.ਟੀ. ਵਲੋਂ ਤੇ ਕਈ ਵੱਡੇ ਮਾਹਰਾਂ ਵਲੋਂ ਹੁਣ ਇਹ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਤੀਜੀ ਲਹਿਰ ਸਾਡੇ ਸਿਰ ਤੇ ਮੰਡਰਾ ਰਹੀ ਹੈ

Corona Virus

ਪੰਜਾਬ ਦੇ ਸ਼ਹਿਰਾਂ, ਕਸਬਿਆਂ ਦੀਆਂ ਸੜਕਾਂ ਵਲ ਇਕ ਉਡਦੀ ਨਜ਼ਰ ਮਾਰ ਲਈ ਜਾਵੇ ਤਾਂ ਲੱਗੇਗਾ ਹੀ ਨਹੀਂ ਕਿ ਇਸ ਸੂਬੇ ਵਿਚ ਮਹਾਂਮਾਰੀ ਕਦੇ ਆਈ ਵੀ ਸੀ। ਨਾ ਇਥੇ ਕੋਈ ਦੂਰੀ ਰੱਖਣ ਬਾਰੇ ਸੋਚ ਰਿਹਾ ਹੈ, ਨਾ ਮਾਸਕ ਪਾਉਣ ਬਾਰੇ। ਜਿਵੇਂ ਪੰਜਾਬ ਦੀਆਂ ਗੱਡੀਆਂ ਚਲਾਉਣ ਵਾਲੇ, ਚੰਡੀਗੜ੍ਹ ਪੁਲਿਸ ਤੋਂ ਡਰਦੇ ਮਾਰੇ, ਗੱਡੀ ਵਿਚ ਸੀਟ ਬੈਲਟ ਲਗਾਉਂਦੇ ਸਨ, ਅੱਜ ਮਾਸਕ ਵੀ ਚੰਡੀਗੜ੍ਹ ਪੁਲਿਸ ਦੇ ਡਰ ਕਾਰਨ ਹੀ ਲਗਾਉਂਦੇ ਹਨ ਜਿਵੇਂ ਕਿ ਮਾਸਕ ਪਾਉਣ ਨਾਲ ਫ਼ਾਇਦਾ ਉਨ੍ਹਾਂ ਨੂੰ ਨਾ ਹੋਣਾ ਹੋਵੇ ਸਗੋਂ ਪੁਲਿਸ ਨੂੰ ਹੋਣਾ ਹੋਵੇ। ਪੰਜਾਬ ਛੱਡੋ, ਪੂਰੇ ਦੇਸ਼ ਦਾ ਹਾਲ ਵੀ ਇਹੀ ਚਲ ਰਿਹਾ ਹੈ।

ਦਿੱਲੀ ਵਿਚ ਸ਼ਾਪਿੰਗ ਮਾਲ ਅੰਦਰ ਜਾਣ ਲਈ ਇਕ ਇਕ ਮੀਲ ਲੰਮੀਆਂ ਕਤਾਰਾਂ ਲਗੀਆਂ ਹੋਈਆਂ ਹਨ ਤੇ ਇਸ ਦਾ ਅਸਰ ਅੰਕੜਿਆਂ ਵਿਚ ਵੀ ਨਜ਼ਰ ਆ ਰਿਹਾ ਹੈ। ਜਿਥੇ ਦਿੱਲੀ ਵਿਚ ਨਵੇਂ ਮਰੀਜ਼ਾਂ ਦਾ ਅੰਕੜਾ 60 ਹਜ਼ਾਰ ਰੋਜ਼ਾਨਾ ਤੇ ਆ ਗਿਆ ਸੀ, ਮੁੜ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਆਈ.ਆਈ.ਟੀ. ਵਲੋਂ ਤੇ ਕਈ ਵੱਡੇ ਮਾਹਰਾਂ ਵਲੋਂ ਹੁਣ ਇਹ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਤੀਜੀ ਲਹਿਰ ਸਾਡੇ ਸਿਰ ਤੇ ਮੰਡਰਾ ਰਹੀ ਹੈ। ਜਿਸ ਤਰੀਕੇ ਨਾਲ ਦੇਸ਼ ਤਾਲਾਬੰਦੀ ਖੋਲ੍ਹ ਰਿਹਾ ਹੈ, ਇਸ ਨਾਲ ਅਸੀ ਜੁਲਾਈ ਵਿਚ ਸ਼ਾਇਦ ਹੀ ਸਾਹ ਲੈ ਸਕਾਂਗੇ।

ਅਜੇ ਵੀ ਜੋ ਅੰਕੜਾ ਭਾਰਤ ਵਿਚ ਨਵੇਂ ਕੋਵਿਡ ਕੇਸਾਂ ਦਾ ਆ ਰਿਹਾ ਹੈ, ਉਹ ਪਿਛਲੇ ਸਾਲ ਦੇ ਜੂਨ ਦੇ ਅੰਕੜਿਆਂ ਮੁਕਾਬਲੇ ਕਿਤੇ ਵੱਧ ਹੈ। ਅੱਜ ਦੇ ਦਿਨ 54 ਹਜ਼ਾਰ ਕੇਸ ਹਨ ਤੇ ਸਾਡੇ ਵਾਸਤੇ ਦੁਨੀਆਂ ਦੇ ਸਾਰੇ ਦੇਸ਼ ਹੀ ਬੰਦ ਹਨ। ਜਿਸ ‘ਡੈਲਟਾ’ ਕੋਵਿਡ ਵਾਇਰਸ ਨੇ ਭਾਰਤ ਵਿਚ ਪਿਛਲੇ ਦੋ ਮਹੀਨੇ ਕਹਿਰ ਢਾਇਆ ਸੀ, ਹੁਣ ਉਸ ਦਾ ਅਗਲਾ ਰੂਪ ‘ਡੈਲਟਾ ਐਕਸ’ ਵੀ ਕਈ ਸੂਬਿਆਂ ਵਿਚ ਆ ਚੁੱਕਾ ਹੈ। ਅਸੀ ਸਿਰਫ਼ ਡੈਲਟਾ ਦੇ ਖ਼ਤਰੇ ਤੋਂ ਵਾਕਫ਼ ਹਾਂ। ਡੈਲਟਾ ਐਕਸ ਨੂੰ ਲੈ ਕੇ, ਸਰਕਾਰਾਂ ਜਾਂ ਮਾਹਰਾਂ ਨੇ ਕੁੱਝ ਵੀ ਸਾਂਝਾ ਨਹੀਂ ਕੀਤਾ।

ਸੋ ਜੇ ਅਸੀ ਆਕਸੀਜਨ ਪਲਾਂਟ ਤੇ ਆਕਸੀਜਨ ਮਸ਼ੀਨਾਂ ਨੂੰ ਸੰਭਾਲ ਕੇ ਅਪਣੇ ਆਪ ਨੂੰ ਸੁਰੱਖਿਅਤ ਸਮਝ ਰਹੇ ਹਾਂ ਤਾਂ ਅਸੀ ਗ਼ਲਤ ਵੀ ਹੋ ਸਕਦੇ ਹਾਂ। ਇਕ ਤੱਥ ਜੋ ਜਾਂਚ ਨੇ ਸਿੱਧ ਕੀਤਾ ਹੈ, ਉਹ ਇਹ ਹੈ ਕਿ ਸਾਡੀ ਵੈਕਸੀਨ, ਡੈਲਟਾ ਸਾਹਮਣੇ 68 ਫ਼ੀ ਸਦੀ ਕਾਮਯਾਬੀ ਹੀ ਵਿਖਾ ਸਕਦੀ ਹੈ ਜੋ ਕਿ ਪੁਰਾਣੇ ਕੋਵਿਡ ਵਿਚ 90 ਫ਼ੀ ਸਦੀ ਤੋਂ ਵੱਧ ਸੁਰੱਖਿਆ ਦੇ ਰਹੀ ਸੀ। 

ਮਾਹਰ ਇਹ ਵੀ ਮੰਨ ਰਹੇ ਹਨ ਕਿ ਆਉਣ ਵਾਲੇ ਸਮੇਂ ਵਿਚ ਕੋਵਿਡ ਦਾ ਨਵਾਂ ਰੂਪ ਸਾਰੀਆਂ ਵੈਕਸੀਨਾਂ ਨੂੰ ਮਾਤ ਦੇ ਦੇਵੇਗਾ। ਪਰ ਨਾਲ ਨਾਲ ਇਹ ਵੀ ਆਖਿਆ ਜਾ ਰਿਹਾ ਹੈ ਕਿ ਵੈਕਸੀਨ ਲੱਗ ਚੁੱਕਣ ਬਾਅਦ ਕੋਵਿਡ ਲਈ ਹਸਪਤਾਲ ਵਿਚ ਦਾਖ਼ਲ ਹੋਣ ਦੀ ਲੋੜ ਨਹੀਂ ਪੈਂਦੀ। ਸਰਕਾਰ ਦੀ ਵੀ ਇਹੀ ਸੋਚ ਹੈ ਕਿ ਆਰਥਕ ਗਤੀਵਿਧੀ ਤੇਜ਼ ਕਰ ਕੇ ਕੁੱਝ ਪੈਸਾ ਖ਼ਜ਼ਾਨੇ ਵਿਚ ਲਿਆਉਣ ਦਾ ਯਤਨ ਵੀ ਕਰ ਹੀ ਲਿਆ ਜਾਣਾ ਚਾਹੀਦਾ ਹੈ। ਸੋ ਉਨ੍ਹਾਂ ਸੱਭ ਕੁੱਝ ਖੋਲ੍ਹ ਦਿਤਾ ਹੈ ਤੇ ਇਹ ਸਰਕਾਰ ਦੀ ਮਜਬੂਰੀ ਵੀ ਸੀ।

ਆਮ ਇਨਸਾਨ ਕੋਲ ਘੱਟ ਰਹੀ ਬੱਚਤ ਦੇ ਅੰਕੜੇ ਵੀ ਦਸ ਰਹੇ ਹਨ ਕਿ ਹੁਣ 11 ਫ਼ੀ ਸਦੀ ਘੱਟ ਬੱਚਤ ਹੋ ਰਹੀ ਹੈ ਕਿਉਂਕਿ ਆਮ ਆਦਮੀ ਘਰ ਦੇ ਖ਼ਰਚੇ ਪੂਰੇ ਕਰਨ ਵਿਚ ਹੀ ਫ਼ੇਲ੍ਹ ਹੁੰਦਾ ਜਾ ਰਿਹਾ ਹੈ ਤਾਂ ਉਹ ਬੱਚਤ ਕਿਥੋਂ ਕਰੇਗਾ? ਬੱਚਤ ਸ਼ਾਇਦ ਇਸ ਤੋਂ ਵੀ ਘੱਟ ਹੋਵੇ ਪਰ ਇਥੇ ਇਹ ਵੀ ਸਮਝ ਲੈਣਾ ਪਵੇਗਾ ਕਿ ਅੱਜ ਦੀ ਆਰਥਕ ਸਥਿਤੀ ਵਿਚ ਸਰਕਾਰ ਅਪਣੀਆਂ ਆਰਥਕ ਗ਼ਲਤੀਆਂ ਤੇ ਨੀਤੀਆਂ ਸਦਕਾ, ਔਖੀ ਘੜੀ ਵਿਚ, ਆਮ ਇਨਸਾਨ ਦੀ ਕੋਈ ਖ਼ਾਸ ਮਦਦ ਨਹੀਂ ਕਰ ਸਕੇਗੀ।

ਭਾਰਤ ਵਿਚ ਵੈਸੇ ਤਾਂ ਮੰਨਿਆ ਜਾਂਦਾ ਹੈ ਕਿ 10-15 ਲੱਖ ਮੌਤਾਂ ਹੋਈਆਂ ਹਨ ਪਰ ਸਰਕਾਰੀ ਦਾਅਵਿਆਂ ਅਨੁਸਾਰ 3 ਲੱਖ ਕੋਵਿਡ ਮੌਤਾਂ ਨੂੰ ਵੀ ਸਰਕਾਰ ਮੁਆਵਜ਼ਾ ਤਾਂ ਦੂਰ, ਇਲਾਜ ਦਾ ਖ਼ਰਚਾ ਵੀ ਮਾਫ਼ ਨਹੀਂ ਕਰ ਰਹੀ। ਸਰਕਾਰਾਂ ਤਾਂ ਇਸ ਕਦਰ ਮਜਬੂਰ ਨੇ ਕਿ ਨਾ ਉਹ ਹਸਪਤਾਲ ਬਣਾ ਸਕਦੀਆਂ ਹਨ ਤੇ ਨਾ ਹੋਰ ਤਾਲਾਬੰਦੀ ਲਗਾ ਕੇ ਤੁਹਾਨੂੰ ਸੁਰੱਖਿਅਤ ਹੀ ਰੱਖ ਸਕਦੀਆਂ ਹਨ। 

ਸੋ ਅੱਜ ਤੀਜੀ ਲਹਿਰ ਦੇ ਸਾਹਮਣੇ ਮੰਡਰਾਉਂਦੇ ਖ਼ਤਰੇ ਲਈ ਸਾਨੂੰ ਇਕ ਅਮਰੀਕੀ ਰਾਸ਼ਟਰਪਤੀ ਵਲੋਂ ਕਿਹਾ ਗਿਆ ਫ਼ਿਕਰਾ ਯਾਦ ਕਰਨਾ ਪਵੇਗਾ,‘‘ਇਹ ਨਾ ਪੁਛੋ ਕਿ ਤੁਹਾਡਾ ਦੇਸ਼ ਤੁਹਾਡੇ ਵਾਸਤੇ ਕੀ ਕਰ ਸਕਦਾ ਹੈ, ਪਰ ਪੁੱਛੋ ਇਹ ਕਿ ਤੁਸੀਂ ਅਪਣੇ ਦੇਸ਼ ਲਈ ਕੀ ਕਰ ਸਕਦੇ ਹੋ।’’ ਇਸ ਸਮੇਂ ਸਰਕਾਰ ਨੇ ਨਾ ਤੀਜੀ ਲਹਿਰ ਰੋਕ ਸਕਣੀ ਹੈ ਤੇ ਨਾ ਇਹ ਘੱਟ ਘਾਤਕ ਹੋਣੀ ਹੈ। ਇਹ ਤੁਹਾਡੀ ਅਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਮਾਹਰਾਂ ਦੀ ਗੱਲ ਨੂੰ ਸੁਣ ਕੇ ਅਪਣੀ ਸੁਰੱਖਿਆ ਵਾਸਤੇ ਆਪ ਵੈਕਸੀਨ ਲਗਵਾਉ। ਪਰ ਉਹ ਤੁਹਾਡੀ ਅਪਣੀ ਮਰਜ਼ੀ ਹੈ ਜੋ ਅਦਾਲਤ ਨੇ ਵੀ ਪ੍ਰਵਾਨ ਕੀਤੀ ਹੈ ਤੇ ਜਾਂ ਫਿਰ ਤੁਸੀਂ ਮਾਸਕ ਪਾ ਕੇ, ਭੀੜਾਂ ਨੂੰ ਕਾਬੂ ਕਰੋ ਤੇ ਅਪਣੇ ਸੂਬੇ ਤੇ ਅਪਣੇ ਦੇਸ਼ ਵਿਚ ਮਹਾਂਮਾਰੀ ਨੂੰ ਫੈਲਣੋਂ ਰੋਕਣ ਵਿਚ ਅਪਣਾ ਯੋਗਦਾਨ ਪਾਉ।                 -ਨਿਮਰਤ ਕੌਰ