ਬਾਬੇ ਨਾਨਕ ਦੇ 550ਵੇਂ ਜਨਮ ਪੁਰਬ ਤੇ ਕਿਧਰੋਂ ਵੀ ਨਾਨਕ-ਫ਼ਲਸਫ਼ੇ ਦੀ ਖ਼ੁਸ਼ਬੂ ਕਿਉਂ ਨਹੀਂ ਆ ਰਹੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੀ ਇਕ ਦੌੜ ਜਹੀ ਲੱਗ ਗਈ ਜਾਪਦੀ ਹੈ। ਉਨ੍ਹਾਂ ਦੇ 'ਇਕ' ਦੇ ਸੰਦੇਸ਼ ਹੇਠ ਮਨੁੱਖਤਾ ਨੂੰ ਜੋੜ ਕੇ ਇਸ ਸੰਦੇਸ਼ ਨੂੰ ਹੋਰ ਦੂਰ....

Guru Nanak Dev Ji 550th birth anniversary

ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੀ ਇਕ ਦੌੜ ਜਹੀ ਲੱਗ ਗਈ ਜਾਪਦੀ ਹੈ। ਉਨ੍ਹਾਂ ਦੇ 'ਇਕ' ਦੇ ਸੰਦੇਸ਼ ਹੇਠ ਮਨੁੱਖਤਾ ਨੂੰ ਜੋੜ ਕੇ ਇਸ ਸੰਦੇਸ਼ ਨੂੰ ਹੋਰ ਦੂਰ ਦੂਰ ਤਕ ਪਹੁੰਚਾਉਣ ਦੀ ਇੱਛਾ ਪ੍ਰਗਟ ਕੀਤੀ ਜਾ ਰਹੀ ਹੈ। ਭਾਰਤ ਦੇ ਕਈ ਸੂਬਿਆਂ ਤੋਂ ਨਗਰ ਕੀਰਤਨ ਸ਼ੁਰੂ ਹੋ ਗਏ ਹਨ ਅਤੇ ਦੇਸ਼-ਵਿਦੇਸ਼ ਦੀ ਫੇਰੀ ਲਗਾ ਰਹੇ ਹਨ। ਦਿੱਲੀ ਤੋਂ ਦੋ ਵੱਖ ਵੱਖ ਨਗਰ ਕੀਰਤਨ, ਬਾਬਾ ਨਾਨਕ ਦੇ ਜਨਮ ਅਸਥਾਨ ਤਕ ਜਾਣ ਦੀ ਤਿਆਰੀ ਵਿਚ ਹਨ। ਨਗਰ ਕੀਰਤਨ ਕੱਢਣ ਵਾਲੇ ਅਜੇ ''ਤੂੰ ਕੌਣ'' ਤੇ ''ਮੈਂ ਵੱਡਾ'' ਦੀ ਲੜਾਈ ਵਿਚ ਉਲਝੇ ਹੋਏ ਹਨ। ਪੰਜਾਬ ਸਰਕਾਰ ਨਾਲ ਮਿਲ ਕੇ ਸ਼੍ਰੋਮਣੀ ਕਮੇਟੀ ਪ੍ਰਕਾਸ਼ ਪੁਰਬ ਨਹੀਂ ਮਨਾ ਸਕ ਰਹੀ ਕਿਉਂਕਿ ਸ਼੍ਰੋਮਣੀ ਕਮੇਟੀ ਤਾਂ ਬਾਦਲ ਅਕਾਲੀ ਦਲ ਦੇ ਅਧੀਨ ਹੈ।

ਪਾਕਿਸਤਾਨ ਵਿਚ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੀਆਂ ਪੂਰੀਆਂ ਤਿਆਰੀਆਂ ਚਲ ਰਹੀਆਂ ਹਨ ਅਤੇ ਭਾਵੇਂ ਸੌ ਅੜਿੱਕੇ ਭਾਰਤ-ਪਾਕਿਸਤਾਨ 'ਦੁਸ਼ਮਣੀ' ਕਾਰਨ ਡਾਹੇ ਜਾ ਰਹੇ ਹਨ ਪਰ ਪਾਕਿਸਤਾਨ ਦੀ ਚਾਲ ਹੌਲੀ ਨਹੀਂ ਹੋਈ। ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੇ ਨਾਂ ਤੇ ਉਹ ਅਪਣਾ ਕੌਮਾਂਤਰੀ ਅਕਸ ਵੀ ਸੁਧਾਰ ਰਹੇ ਹਨ ਅਤੇ ਉਨ੍ਹਾਂ ਦੀਆਂ ਯੋਜਨਾਵਾਂ ਵਿਚ ਸਤਿਕਾਰ ਦੀ ਝਲਕ ਵੀ ਦਿਸ ਰਹੀ ਹੈ। ਅਜੇ ਵਿਦੇਸ਼ਾਂ ਵਿਚ ਵੱਖ ਵੱਖ ਨਗਰ ਕੀਰਤਨ ਨਿਕਲਣਗੇ। ਪੁਲਾੜ 'ਚ ਬੈਠੇ ਪੁਲਾੜ ਯਾਤਰੀ ਜੇ ਹੇਠਾਂ ਵੇਖਣਗੇ ਤਾਂ ਬਾਬੇ ਨਾਨਕ ਦੇ 'ਇਕ' ਦੇ ਸੰਦੇਸ਼ ਦਾ ਨਾਂ ਲੈ ਕੇ ਦੁਨੀਆਂ ਵਿਚ ਕਈ ਵੰਡੀਆਂ ਪਾਉਣ ਵਾਲੇ ਜਸ਼ਨ ਵੀ ਵੇਖ ਸਕਣਗੇ।

ਨਗਰ ਕੀਰਤਨ ਤੋਂ ਹੱਟ ਕੇ ਇਕ ਹੋਰ ਲਹਿਰ ਵੀ ਚਲ ਰਹੀ ਹੈ। 550 ਦਰੱਖ਼ਤ ਲਾਉਣ ਦੀ ਯੋਜਨਾ, ਸਰਕਾਰਾਂ ਤੇ ਨਿਜੀ ਸੰਸਥਾਵਾਂ, ਬਾਬੇ ਨਾਨਕ ਨਾਲ ਜੋੜ ਰਹੀਆਂ ਹਨ। ਹੁਣ ਤਕ ਜਿੰਨੀਆਂ ਹਰਿਆਵਲ ਲਹਿਰਾਂ ਪੰਜਾਬ ਵਿਚ ਚਲਾਈਆਂ ਗਈਆਂ ਹਨ, ਜੇ ਅਸਲ ਵਿਚ ਕੰਮ ਕਰਦੀਆਂ ਤਾਂ ਹੁਣ ਤਕ ਪੰਜਾਬ ਇਕ ਜੰਗਲ ਬਣ ਗਿਆ ਹੁੰਦਾ। ਪੰਜਾਬ ਵਿਚ ਇਕ ਵਣ ਵਿਭਾਗ ਵੀ ਕੰਮ ਕਰਦਾ ਹੈ ਜਿਸ ਦਾ ਕੰਮ ਹੀ ਪੰਜਾਬ ਵਿਚ ਦਰੱਖ਼ਤ ਲਗਾ ਕੇ ਜੰਗਲਾਤ ਹੇਠਲਾ ਰਕਬਾ ਵਧਾਉਣਾ ਹੁੰਦਾ ਹੈ। ਹੋਰ ਵੀ ਕੁੱਝ ਇਹੋ ਜਿਹੇ ਹੀ ਵੱਡੇ ਵੱਡੇ ਢੰਗ ਲੱਭੇ ਗਏ ਹਨ ਜਿਸ ਨਾਲ ਬਾਬੇ ਨਾਨਕ ਦਾ 550ਵਾਂ ਜਨਮ ਪੁਰਬ ਮਨਾਇਆ ਜਾਵੇਗਾ। ਜਿਸ ਬਾਬੇ ਨਾਨਕ ਨੇ ਦੁਨੀਆਂ ਦੀ ਹਰ ਰਵਾਇਤ ਛੱਡ, ਹਰ ਦਸਤੂਰ ਛੱਡ, ਹਰ ਵੰਡ ਛੱਡ, ਇਕ ਓਅੰਕਾਰ ਦਾ ਸੁਨੇਹਾ ਦਿਤਾ ਸੀ, ਅੱਜ ਉਨ੍ਹਾਂ ਦੀ ਯਾਦ ਵਿਚ ਸਾਰੇ ਅਪਣੀ ਅਪਣੀ ਚੜ੍ਹਤ, ਅਪਣੀ ਅਪਣੀ ਹਉਮੈ, ਅਪਣੀ ਅਪਣੀ ਸਿਆਸੀ ਸੋਚ ਨੂੰ ਅੱਗੇ ਰੱਖ ਕੇ ਮਨਾ ਰਹੇ ਹਨ।

ਇਨ੍ਹਾਂ ਵਿਚੋਂ ਕਈ ਤਾਂ ਲੋਕਾਂ ਨੂੰ ਭਾਵੁਕ ਕਰ ਕੇ ਚੜ੍ਹਾਵੇ ਇਕੱਠੇ ਕਰਨਗੇ ਤੇ ਅਪਣੀਆਂ ਤਿਜੋਰੀਆਂ ਭਰਨਗੇ। ਸੋਨੇ ਦੀ ਪਾਲਕੀ ਘੁਮਾ ਘੁਮਾ ਕੇ, ਸੋਨੇ ਦਾ ਭੰਡਾਰ ਉਸ ਬਾਬੇ ਨਾਨਕ ਦਾ ਨਾਂ ਲੈ ਕੇ ਇਕੱਠਾ ਕੀਤਾ ਜਾਵੇਗਾ ਜਿਸ ਨੇ ਸਾਦਗੀ ਦਾ ਪ੍ਰਚਾਰ ਕੀਤਾ ਸੀ। ਅੱਜ ਚਾਰੇ ਪਾਸੇ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੀ ਗੂੰਜ ਹੈ ਪਰ ਕਿਤਿਉਂ ਵੀ ਬਾਬੇ ਨਾਨਕ ਦੇ ਫ਼ਲਸਫ਼ੇ ਦੀ ਖ਼ੁਸ਼ਬੂ ਨਹੀਂ ਆ ਰਹੀ। ਉਮੀਦ ਸੀ ਕਿ 550 ਸਾਲਾ ਪੁਰਬ ਮਨਾਉਂਦਿਆਂ ਹੋਇਆਂ, ਕੋਈ ਇਕ ਅਜਿਹਾ ਕੰਮ ਜ਼ਰੂਰ ਕਰ ਦਿਤਾ ਜਾਏਗਾ ਜਿਥੋਂ ਬਾਬੇ ਨਾਨਕ ਦਾ ਫ਼ਲਸਫ਼ਾ ਝਲਕਾਂ ਮਾਰੇਗਾ। ਜੇ ਬਾਬੇ ਨਾਨਕ ਨੂੰ ਮੰਨਣ ਵਾਲੇ ਸਾਰੇ ਸਿੱਖ ਅਪਣਾ ਦਸਵੰਧ ਦੇ ਕੇ ਭਾਰਤ ਦੇ ਕਿਸਾਨਾਂ ਨੂੰ ਕਰਜ਼ੇ 'ਚੋਂ ਕੱਢਣ ਦੀ ਲਹਿਰ ਚਲਾਉਂਦੇ ਤਾਂ ਕੀ ਸ਼ਾਨ ਹੁੰਦੀ ਅੱਜ ਬਾਬੇ ਨਾਨਕ ਦੀ! 

ਜੇ ਬਾਬੇ ਨਾਨਕ ਦੀ ਬਰਾਬਰੀ ਦੇ ਨਾਂ ਤੇ ਅੱਜ ਸਾਰੇ ਅਪਣੇ ਨਾਵਾਂ ਨਾਲੋਂ ਜਾਤ, ਗੋਤ ਹਟਾ ਕੇ ਸਿੰਘ ਅਤੇ ਕੌਰ ਅਪਣਾ ਲੈਂਦੇ ਤਾਂ ਕਿਆ ਬਾਤ ਹੁੰਦੀ!! ਜੇ ਔਰਤਾਂ ਨੂੰ ਬਰਾਬਰੀ ਦੇਣ ਦੇ ਨਾਂ ਤੇ ਅੱਜ ਪੰਜਾਬ ਦੇ ਸਾਰੇ ਨਵੇਂ ਬਣਨ ਵਾਲੇ ਮਾਂ-ਬਾਪ ਕੁੜੀਆਂ ਦੀ ਭਰੂਣ ਹਤਿਆ ਨਾ ਕਰਨ ਦਾ ਪ੍ਰਣ ਲੈ ਲੈਂਦੇ ਤਾਂ ਉਨ੍ਹਾਂ ਦੀ ਰੂਹ ਖ਼ੁਸ਼ ਹੋ ਜਾਂਦੀ। ਜੇ ਅੱਜ ਸਾਰੇ ਬਾਬਾ ਨਾਨਕ ਦੀ ਬਾਣੀ ਨੂੰ ਸਮਝਣ ਵਾਸਤੇ ਦਿਨ ਦੇ 10 ਮਿੰਟ ਵੀ ਕੱਢ ਲੈਣ ਤਾਂ ਉਨ੍ਹਾਂ ਦੇ ਪ੍ਰਕਾਸ਼ ਪੁਰਬ ਮੌਕੇ ਲੰਗਰਾਂ ਵਿਚ ਪੈਸੇ ਦੀ ਬਰਬਾਦੀ ਨਾ ਹੁੰਦੀ। ਜੇ ਸਾਰੇ ਨਗਰ ਕੀਰਤਨਾਂ, ਸੋਨੇ ਤੇ ਚੜ੍ਹਾਵਿਆਂ ਦਾ ਪੈਸਾ, ਗ਼ਰੀਬਾਂ ਵਾਸਤੇ ਘਰ ਬਣਾ ਕੇ ਦੇਣ ਵਿਚ ਲਾ ਦਿਤੇ ਜਾਣ ਤਾਂ ਸੱਭ ਨੂੰ ਪਤਾ ਲੱਗ ਜਾਂਦਾ ਕਿ ਬਾਬੇ ਨਾਨਕ ਦਾ 'ਇਕ' ਦਾ ਸੁਨੇਹਾ ਦਿਲਾਂ ਵਿਚ ਉਤਰ ਗਿਆ ਹੈ। ਪੈਸੇ ਦਾ ਦਿਲ ਖੋਲ੍ਹ ਕੇ ਖ਼ਰਚਾ ਹੋਵੇਗਾ ਪਰ ਬਾਬਾ ਨਾਨਕ ਦੀ ਸੋਚ ਮੁਤਾਬਕ ਨਹੀਂ।

ਸਾਰੇ ਜਸ਼ਨਾਂ ਵਿਚ ਇਹੀ ਝਲਕ ਰਿਹਾ ਹੈ ਕਿ ਲੋਕ ਬਾਬੇ ਨਾਨਕ ਨੂੰ ਯਾਦ ਕਰਦੇ ਹਨ, ਉਨ੍ਹਾਂ ਦੇ ਨਾਂ ਤੇ ਭਾਵੁਕ ਵੀ ਹਨ। ਉਨ੍ਹਾਂ ਦੀ ਭਾਵੁਕਤਾ ਦਾ ਲੋਕ (ਮਾਇਆ ਕੇ ਵਾਪਾਰੀ) ਲਾਹਾ ਖੱਟਣਗੇ ਤੇ ਲੋਕਾਈ ਦੀ ਸ਼ਰਧਾ 'ਚੋਂ ਅਪਣੇ ਲਾਲਚਾਂ ਨੂੰ ਪੂਰਾ ਕਰਨਗੇ। ਪਰ ਬਾਬੇ ਨਾਨਕ ਨੂੰ ਪਿਆਰ ਕਰਨ ਵਾਲੇ ਅੱਜ ਬਾਬੇ ਨਾਨਕ ਦੀ ਸਾਦਗੀ, ਬਰਾਬਰੀ, ਕਿਰਤ, ਵੰਡ ਕੇ ਛਕਣ ਦੀ ਸੋਚ ਨੂੰ ਸਮਝ ਨਹੀਂ ਪਾ ਰਹੇ। ਜਦੋਂ ਤਕ ਬਾਬੇ ਨਾਨਕ ਨਾਲ ਪਿਆਰ ਹੈ, ਉਮੀਦ ਕਾਇਮ ਹੈ, ਪਰ 550 ਸਾਲਾ ਜਸ਼ਨਾਂ ਤੋਂ ਕਿਸੇ ਅਸਲ ਪ੍ਰਾਪਤੀ ਦੀ ਉਮੀਦ ਤਾਂ ਖ਼ਤਮ ਹੀ ਹੋਈ ਜਾ ਰਹੀ ਹੈ।  -ਨਿਮਰਤ ਕੌਰ