ਸੌਦਾ ਸਾਧ ਵਲੋਂ ਸ਼ੁਰੂ ਕੀਤੇ ਬੇਅਦਬੀ ਕਾਂਡ ਦਾ ਅੰਤ ਕਦੇ ਸੁਖਾਵਾਂ ਨਹੀਂ ਹੋਵੇਗਾ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਗਿਆਨੀ ਹਰਪ੍ਰੀਤ ਸਿੰਘ ਵਲੋਂ ਇਕ ਬਿਆਨ ਦਿਤਾ ਗਿਆ ਕਿ ਲੋਕ ਅਕਾਲ ਤਖ਼ਤ ਤੋਂ ਦੂਰ ਹੋ ਚੁੱਕੇ ਹਨ

Baedbi case

 

ਬਹਿਬਲ ਇਨਸਾਫ਼ ਮੋਰਚਾ ਨੇ ਇਕ ਵਾਰ ਫਿਰ ਤੋਂ ਇਕੱਠ ਬੁਲਾ ਕੇ 31 ਜੁਲਾਈ ਨੂੰ ਨਵੀਂ ਰਣਨੀਤੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਸਰਕਾਰ ਦਾ ਇਕ ਮੰਤਰੀ ਤੇ ਸਪੀਕਰ, ਹੋਰਨਾਂ ਸਮੇਤ, ਛੇ ਮਹੀਨੇ ਦਾ ਸਮਾਂ ਲੈਣ ਵਾਸਤੇ ਗਏ ਸਨ ਪਰ ਸਿੱਖ ਜਥੇਬੰਦੀਆਂ ਉਨ੍ਹਾਂ ਦੀ ਗੱਲ ਮੰਨਣ ਲਈ ਤਿਆਰ ਨਾ ਹੋਈਆਂ ਤੇ ਹੁਣ 31 ਨੂੰ ਫ਼ੈਸਲਾ ਕਰਨਗੀਆਂ। ਪੰਜਾਬ ਸਰਕਾਰ ਨੇ ਐਸ.ਆਈ.ਟੀ. ਦੀ ਰੀਪੋਰਟ ਸਾਂਝੀ ਕੀਤੀ ਜਿਸ ਵਿਚ ਸੌਦਾ ਸਾਧ ਨੂੰ ਤਾਂ ਦੋਸ਼ੀ ਠਹਿਰਾਅ ਦਿਤਾ ਗਿਆ ਸੀ ਪਰ ਜਿਨ੍ਹਾਂ ਨੂੰ ਲੋਕ ਜ਼ਿੰਮੇਵਾਰ ਮੰਨਦੇ ਹਨ, ਉਨ੍ਹਾਂ ਨੂੰ ਬਰੀ ਕਰ ਦਿਤਾ ਜਿਸ ਨਾਲ ਲੋਕਾਂ ਦਾ ਵਿਸ਼ਵਾਸ ਇਸ ਜਾਂਚ ਤੋਂ ਉਠ ਗਿਆ ਹੈ।

ਅੱਜ ਜਿਹੜੇ ਵੱਡੇ ਆਗੂ ਇਸ ਰੋਸ ਧਰਨੇ ਤੇ ਬੈਠੇ ਹਨ, ਉਨ੍ਹਾਂ ਵਿਚੋਂ ਕਈ ਤਾਂ ਕੁੱਝ ਦੇਰ ਪਹਿਲਾਂ ਇਕ ਅਜਿਹੇ ਮੰਚ ਤੇ ਬੈਠੇ ਸਨ ਜਿਥੇ ਕਥਿਤ ਦੋਸ਼ੀ ਵੀ ਬੈਠੇ ਸਨ। ਉਸ ਸਮੇਂ ਕਿਹਾ ਜਾ ਰਿਹਾ ਸੀ ਕਿ ਪੰਥ ਨੂੰ ਬਚਾਉਣ ਵਾਸਤੇ ਅਤੇ ਇਨਸਾਫ਼ ਲੈਣ ਲਈ ਇਕੱਠੇ ਹੋਏ ਹਨ। ਪਰ ਜਿਹੜਾ ਆਮ ਸਿੱਖ ਹੈ, ਉਸ ਨੂੰ ਹੁਣ ਐਸ.ਆਈ.ਟੀ. ਜਥੇਬੰਦੀਆਂ ਤੇ ਧਾਰਮਕ ਆਗੂਆਂ ਤੋਂ ਕੋਈ ਉਮੀਦ ਨਹੀਂ ਰਹਿ ਗਈ। ਇਹ ਕਿਸੇ ਵੀ ਸਮੇਂ ਕਿਸੇ ਦੇ ਸਾਹਮਣੇ ਵੀ ਝੁਕ ਜਾਂਦੇ ਹਨ ਕਿਉਂਕਿ ਇਨ੍ਹਾਂ ਦਾ ਮਕਸਦ ਅਸਲ ਵਿਚ ਅਪਣੇ ਆਪ ਨੂੰ ਬਚਾਉਣਾ ਹੁੰਦਾ ਹੈ।

ਗਿਆਨੀ ਹਰਪ੍ਰੀਤ ਸਿੰਘ ਵਲੋਂ ਇਕ ਬਿਆਨ ਦਿਤਾ ਗਿਆ ਕਿ ਲੋਕ ਅਕਾਲ ਤਖ਼ਤ ਤੋਂ ਦੂਰ ਹੋ ਚੁੱਕੇ ਹਨ। ਉਨ੍ਹਾਂ ਦੇ ਬਿਆਨ ਵਿਚ ਸਚਾਈ ਤਾਂ ਹੈ। ਲੋਕਾਂ ਦੇ ਮਨਾਂ ਵਿਚ ਦੂਰੀਆਂ ਜ਼ਰੂਰ ਬਣੀਆਂ ਹਨ ਪਰ ਅਕਾਲ ਤਖ਼ਤ ਤੋਂ ਨਹੀਂ ਬਲਕਿ ਕੁਰਸੀਆਂ ਤੇ ਬੈਠੇ ਆਗੂਆਂ ਤੋਂ। ਅਕਾਲ ਤਖ਼ਤ ਤੋਂ ਕੋਈ ਸਿੱਖ ਦੂਰ ਨਹੀਂ ਹੋ ਸਕਦਾ ਪਰ ਇਹ ਲੋਕ ਜੋ ਅਪਣੇ ਆਪ ਨੂੰ ਪੰਥ ਦੇ ਸੇਵਾਦਾਰ ਤੇ ਧਾਰਮਕ ਆਗੂ ਆਖਦੇ ਹਨ, ਉਨ੍ਹਾਂ ਬਾਰੇ ਲੋਕ ਚਾਹੁੰਦੇ ਹਨ ਕਿ ਇਹ ਲੋਕ ਧਰਮ ਦੀ ਅਸਲ ਸਿਖਿਆ ਤੋਂ ਦੂਰ ਨਾ ਹੋਣ ਤੇ ਸਿਆਸਤਦਾਨਾਂ ਤੋਂ ਹੁਕਮ ਪ੍ਰਾਪਤ ਕਰ ਕੇ, ਅਕਾਲ ਤਖ਼ਤ ਦਾ ਦੁਰਉਪਯੋਗ ਨਾ ਕਰਿਆ ਕਰਨ। 

ਅੱਜ ਕੋਈ ਵੀ ਆਮ ਸਿੱਖ ਨਾ ਕਿਸੇ ਧਾਰਮਕ ਆਗੂ ਤੋਂ ਤੇ ਨਾ ਕਿਸੇ ਸਿਆਸੀ ਆਗੂ ਤੋਂ ਕੋਈ ਉਮੀਦ ਰਖਦਾ ਹੈ। ਅਸਲ ਵਿਚ ਜਿਸ ਤਰ੍ਹਾਂ ਇਨ੍ਹਾਂ ਦੋਹਾਂ ਧਿਰਾਂ ਨੇ ਮਿਲ ਕੇ ਇਨਸਾਫ਼ ਦਾ ਸਵਾਂਗ ਰਚਾਇਆ, ਇਹ ਸਾਫ਼ ਹੈ ਕਿ ਇਹ ਵੀ ਇਕ ਵੱਡੀ ਬੇਅਦਬੀ ਸੀ ਜੋ ਉਹ ਲਗਾਤਾਰ ਕਰਦੇ ਆ ਰਹੇ ਹਨ। ਬੜਾ ਸਾਫ਼ ਮਾਮਲਾ ਸੀ ਜਿਹੜਾ ਕਿਸੇ ਬੱਚੇ ਨੂੰ ਵੀ ਸਮਝ ਆ ਸਕਦਾ ਹੈ। ਵੋਟਾਂ ਵਾਸਤੇ ਸੌਦਾ ਸਾਧ ਦੀ ਫ਼ਿਲਮ ਨੂੰ ਇਜਾਜ਼ਤ ਦੇਣੀ ਸੀ, ਉਸ ਵਾਸਤੇ ਆਪੇ ਲਿਖੀ ਚਿੱਠੀ ਦੇ ਆਧਾਰ ਤੇ ਹੀ, ਹੁਕਮਨਾਮਾ ਵਾਪਸ ਲੈ ਕੇ ਸੌਦਾ ਸਾਧ ਨੂੰ ਮਾਫ਼ੀ ਦੇ ਦਿਤੀ ਗਈ।

ਸੌਦਾ ਸਾਧ ਨੂੰ ਹੀਰੋ ਬਣਾਉਣ ਵਾਲੀ ਫ਼ਿਲਮ ਸਫ਼ਲ ਹੋਵੇ, ਇਸ ਵਾਸਤੇ ਸ਼੍ਰੋਮਣੀ ਕਮੇਟੀ ਨੇ ਹੁਕਮਨਾਮੇ ਵਾਪਸ ਲੈਣ ਨੂੰ ਜਾਇਜ਼ ਠਹਿਰਾਉਣ ਲਈ 98 ਲੱਖ ਦੇ ਇਸ਼ਤਿਹਾਰ ਅਖ਼ਬਾਰਾਂ ਵਿਚ ਛਪਵਾਏ (ਸਪੋਕਸਮੈਨ ਵਿਚ ਨਹੀਂ)। ਆਮ ਸਿੱਖ ਨਰਾਜ਼ ਹੋ ਗਿਆ ਤੇ ਫਿਰ ਮਾਫ਼ੀ ਵਾਪਸ ਲੈ ਲਈ ਗਈ। ਬਾਬੇ ਨੂੰ ਗੁੱਸਾ ਆ ਗਿਆ ਤੇ ਫਿਰ ਉਸ ਦੇ ਚੇਲਿਆਂ ਨੇ ਬਦਲਾ ਬਾਣੀ ਦਾ ਨਿਰਾਦਰ ਕਰ ਕੇ ਲੈ ਲਿਆ। ਉਨ੍ਹਾਂ ਨੂੰ ਬਚਾਉਣ ਦਾ ਯਤਨ ਕੀਤਾ ਗਿਆ। ਰੋਸ ਪ੍ਰਗਟ ਕਰਦੇ ਨਿਹੱਥੇ ਸਿੱਖਾਂ ਤੇ ਮਾਸੂਮਾਂ ਦੇ ਖ਼ੂਨ ਨਾਲ ਹੱਥ ਰੰਗਣ ਵਾਲੇ ਡੀ.ਜੀ.ਪੀ. ਨੇ ਜਨਰਲ ਡਾਇਰ ਵਾਂਗ ਗੋਲੀਆਂ ਚਲਾਉਣ ਦਾ ਹੁਕਮ ਦਿਤਾ। ਮੁੱਖ ਮੰਤਰੀ, ਉਪ ਮੁੱਖ ਮੰਤਰੀ, ਗ੍ਰਹਿ ਮੰਤਰੀ ਲੋਕਾਂ ਦੇ ਨਾਲ ਨਾ ਖੜੇ ਹੋਏ

ਸਗੋਂ ਡੀ.ਜੀ.ਪੀ. ਦਾ ਸਾਥ ਦੇਂਦੇ ਰਹੇ। ਪਰ ਫਿਰ ਲੋਕਾਂ ਦਾ ਰੋਸ ਤੇ ਚੋਣਾਂ ਨੂੰ ਸਿਰ ਤੇ ਆਉਂਦਾ ਵੇਖ ਉਸ ਡੀ.ਜੀ.ਪੀ. ਨੂੰ ਹਟਾਉਣਾ ਪਿਆ। ਪਰ ਫਿਰ ਕਮਜ਼ੋਰ ਜਾਂਚਾਂ ਤੇ ਐਸ.ਆਈ.ਟੀ. ਦਾ ਦੌਰ ਸ਼ੁਰੂ ਹੋ ਗਿਆ ਤੇ ਇਕ ਤੋਂ ਬਾਅਦ ਇਕ ਨਿਰਾਸ਼ਾ ਦਾ ਵਾਰ ਪੰਜਾਬ ਦੇ ਲੋਕਾਂ ਦੀ ਆਸਥਾ ਉਤੇ ਕੀਤਾ ਗਿਆ। ਇਹ ਸੱਭ ਕੁੱਝ ਕਿਸੇ ਨਾ ਕਿਸੇ ਦੀ ਛਤਰ ਛਾਇਆ ਹੇਠ ਜਾਂ ਮਿਲੀਭੁਗਤ ਨਾਲ ਕੀਤਾ ਗਿਆ। ਪਰ ਵੱਖ ਵੱਖ ਸਿਆਸਤਦਾਨਾਂ ਨੇ ਮਿਲ ਕੇ ਨਿਆਂ ਦਾ ਗਲ ਘੋਟ ਦਿਤਾ। ਇਹ ਤਾਂ ਕੁਦਰਤ ਦਾ ਇਨਸਾਫ਼ ਹੈ ਕਿ ਦਾਗ਼ਦਾਰ ਅੱਜ ਕਿਸੇ ਵੀ ਅਹੁਦੇ ਤੇ ਰਹਿਣ ਦੇ ਹੱਕਦਾਰ ਨਹੀਂ ਰਹੇ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਔਕਾਤ ਕਿਸੇ ਦੀ ਨਹੀਂ। ਲੋਕਾਂ ਦੇ ਜਜ਼ਬਾਤ ਨਾਲ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਦੇ ਨਾਂ ਤੇ, ਸਿਆਸਤਦਾਨਾਂ ਤੇ ਧਾਰਮਕ ਆਗੂਆਂ ਦੇ ਨਾਪਾਕ ਗਠਜੋੜ ਨੇ ਮਿਲ ਕੇ ਵੱਡਾ ਧੋਖਾ ਕੀਤਾ ਹੈ। ‘ਆਪ’ ਲੋਕਾਂ ਨਾਲ ਖੜੀ ਹੋਵੇਗੀ ਜਾਂ ਇਹ ਵੀ ਕਮਜ਼ੋਰ ਪੈ ਜਾਵੇਗੀ, ਇਹ ਤਾਂ ਸਮਾਂ ਹੀ ਦਸੇਗਾ। ਪਰ ਗੁਰੂ ਗ੍ਰੰਥ ਸਾਹਿਬ ਨਾਲ ਕੁੱਝ ਵੀ ਗ਼ਲਤ ਕਰਨ ਵਾਲਿਆਂ ਦਾ ਹਾਲ ਅਸੀ ਵੇਖ ਹੀ ਚੁਕੇ ਹਾਂ।        -ਨਿਮਰਤ ਕੌਰ