ਅਰੁਣ ਜੇਤਲੀ ਵਰਗੇ ਚੰਗੇ ਮਨੁੱਖ ਸਿਆਸਤ ਵਿਚ ਘੱਟ ਹੀ ਮਿਲਦੇ ਹਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅਰੁਣ ਜੇਤਲੀ ਦੇ ਦੇਹਾਂਤ ਦਾ ਦੁੱਖ ਭਾਜਪਾ ਦੇ ਆਗੂਆਂ ਨੂੰ ਤਾਂ ਹੋਣਾ ਹੀ ਸੀ ਪਰ ਇਸ ਤੋਂ ਪਹਿਲਾਂ ਏਨਾ ਪਿਆਰ ਤੇ ਸਤਿਕਾਰ ਸ਼ਾਇਦ ਹੀ ਕਿਸੇ ਵਿਰੋਧੀ ਆਗੂ ਨੂੰ ਮਿਲਿਆ....

Arun Jaitley

ਅਰੁਣ ਜੇਤਲੀ ਦੇ ਦੇਹਾਂਤ ਦਾ ਦੁੱਖ ਭਾਜਪਾ ਦੇ ਆਗੂਆਂ ਨੂੰ ਤਾਂ ਹੋਣਾ ਹੀ ਸੀ ਪਰ ਇਸ ਤੋਂ ਪਹਿਲਾਂ ਏਨਾ ਪਿਆਰ ਤੇ ਸਤਿਕਾਰ ਸ਼ਾਇਦ ਹੀ ਕਿਸੇ ਵਿਰੋਧੀ ਆਗੂ ਨੂੰ ਮਿਲਿਆ ਹੋਵੇ ਜਿੰਨਾ ਅਰੁਣ ਜੇਤਲੀ ਨੂੰ ਮਿਲ ਰਿਹਾ ਹੈ। ਉਨ੍ਹਾਂ ਨੂੰ ਕਈ ਆਗੂਆਂ ਵਲੋਂ ਸ਼ਰਧਾਂਜਲੀਆਂ ਦਿਤੀਆਂ ਗਈਆਂ ਤੇ ਇਨ੍ਹਾਂ ਵਿਚੋਂ ਇਕ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਵਰਗੇ ਇਨਸਾਨ ਸਿਆਸਤ ਵਿਚ ਘੱਟ ਹੀ ਹੁੰਦੇ ਹਨ। ਉਨ੍ਹਾਂ ਦੀ ਵਕਾਲਤ ਦੇ ਸਮੇਂ ਦੀਆਂ ਤੇ ਇਨਸਾਨੀ ਹਮਦਰਦੀ ਦੀਆਂ ਕਈ ਹੋਰ ਕਹਾਣੀਆਂ ਸਾਹਮਣੇ ਆਈਆਂ ਹਨ ਜੋ ਵਿਛੜੀ ਆਤਮਾ ਦੀ ਆਤਮਕ ਬੁਲੰਦੀ ਦੀ ਗਵਾਹੀ ਦਿੰਦੀਆਂ ਹਨ।

ਕਈ ਨਿਰਪੱਖ ਪੱਤਰਕਾਰਾਂ ਵਲੋਂ ਕਹਾਣੀਆਂ ਸਾਂਝੀਆਂ ਕੀਤੀਆਂ ਗਈਆਂ ਹਨ ਜੋ ਦਸਦੀਆਂ ਹਨ ਕਿ ਉਹ ਉਨ੍ਹਾਂ ਦੀ ਸੁਰੱਖਿਆ ਦਾ ਕਿੰਨਾ ਧਿਆਨ ਰਖਦੇ ਸਨ। ਪਰ ਇਕ ਹੋਰ ਸੋਚ ਵੀ ਸਾਹਮਣੇ ਆ ਰਹੀ ਹੈ ਕਿ ਜੇ ਉਹ ਵਕਾਲਤ ਵਿਚ ਹੀ ਟਿਕੇ ਰਹਿੰਦੇ ਜਾਂ ਉਹ ਪ੍ਰਧਾਨ ਮੰਤਰੀ ਬਣ ਜਾਂਦੇ ਤਾਂ ਬਿਹਤਰ ਆਗੂ ਸਾਬਤ ਹੁੰਦੇ ਕਿਉਂਕਿ ਬਤੌਰ ਵਿੱਤ ਮੰਤਰੀ ਉਨ੍ਹਾਂ ਦਾ ਕਾਰਜ ਕਾਲ ਅਰੁਣ ਜੇਤਲੀ ਲਈ ਵਧੀਆ ਸਮਾਂ ਨਹੀਂ ਸੀ। ਉਹ ਜਿਹੋ ਜਹੇ ਹਮਦਰਦ ਇਨਸਾਨ ਸਨ, ਆਜ਼ਾਦ ਹੁੰਦੇ ਤਾਂ ਕਦੇ ਨੋਟਬੰਦੀ ਵਰਗੇ ਸਖ਼ਤ ਫ਼ੈਸਲੇ ਨੂੰ ਜਾਰੀ ਨਾ ਕਰਦੇ। 

ਅੱਜ ਕੋਈ ਕਹੇ ਨਾ ਕਹੇ, ਨੋਟਬੰਦੀ ਤੇ ਜੀ.ਐਸ.ਟੀ ਸਰਕਾਰ ਦੇ ਫ਼ੈਸਲੇ ਸਨ ਜਿਨ੍ਹਾਂ ਨੂੰ ਲਾਗੂ ਅਰੁਣ ਜੇਤਲੀ ਨੇ ਕੀਤਾ ਪਰ ਇਸ ਵਿਚੋਂ ਉਨ੍ਹਾਂ ਦੀ ਆਤਮਾ ਤੇ ਸੋਚ ਨਹੀਂ ਸੀ ਝਲਕਦੀ। ਸ਼ਾਇਦ ਇਸੇ ਕਾਰਨ ਉਨ੍ਹਾਂ ਅਪਣੀ ਬਿਮਾਰੀ ਸਦਕਾ ਸਿਆਸਤ ਤੋਂ ਸਨਿਆਸ ਲੈ ਲਿਆ, ਨਹੀਂ ਤਾਂ ਉਹ ਮਨੋਹਰ ਪਰੀਕਰ ਤੇ ਸੋਨੀਆ ਗਾਂਧੀ ਵਾਂਗ ਅਪਣੀ ਬਿਮਾਰੀ ਨਾਲ ਜੂਝਦੇ ਹੋਏ ਵੀ, ਕੰਮ ਤੋਂ ਪਿੱਛੇ ਹਟਣ ਵਾਲੇ ਨਹੀਂ ਸਨ। 

ਅਰੁਣ ਜੇਤਲੀ ਨੇ ਵਿੱਤ ਮੰਤਰੀ ਵਜੋਂ ਨੋਟਬੰਦੀ ਤੇ ਜੀ.ਐਸ.ਟੀ ਦਾ ਜਿਹੜਾ ਦੌਰ ਸ਼ੁਰੂ ਕੀਤਾ, ਅੱਜ ਉਸ ਬਾਰੇ ਕੁੱਝ ਕਹਿਣਾ ਠੀਕ ਤਾਂ ਨਹੀਂ ਲਗਦਾ ਪਰ ਇਹ ਤਾਂ ਸਾਫ਼ ਹੈ ਕਿ ਜਿਸ ਆਰਥਕ ਸੰਕਟ ਨਾਲ ਅੱਜ ਭਾਰਤ ਜੂਝ ਰਿਹਾ ਹੈ, ਉਹ ਉਨ੍ਹਾਂ ਵਲੋਂ ਲਏ ਫ਼ੈਸਲਿਆਂ ਨਾਲ ਹੀ ਸ਼ੁਰੂ ਹੋਇਆ ਸੀ। ਪਰ ਜੇ ਅਰੁਣ ਜੇਤਲੀ ਨੂੰ ਵੀ ਅੱਜ ਨਿਰਮਲਾ ਸੀਤਾਰਮਨ ਵਾਂਗ ਅਪਣੇ ਫ਼ੈਸਲੇ ਵਾਪਸ ਲੈਣ ਦੀ ਇਜਾਜ਼ਤ ਹੁੰਦੀ ਤਾਂ ਉਹ ਵੀ ਨੋਟਬੰਦੀ ਨੂੰ ਵਾਪਸ ਜ਼ਰੂਰ ਲੈ ਲੈਂਦੇ।  -ਨਿਮਰਤ ਕੌਰ