ਕਾਂਗਰਸ ਹਾਈ ਕਮਾਨ ਦੀ ਤਸੱਲੀ ਨਹੀਂ ਹੋਣੀ ਜਦ ਤਕ ਪੰਜਾਬ ਅਤੇ ਛੱਤੀਸਗੜ੍ਹ ਵਿਚ ਸਰਕਾਰ ਡਿਗ ਨਹੀਂ ਪੈਂਦੀ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪਾਰਟੀ ਸਿਰਫ਼ ਸੋਚ ਜਾਂ ਚਿਹਰੇ ਨਾਲ ਨਹੀਂ ਚਲਦੀ, ਇਹ ਦੋਹਾਂ ਦਾ ਮੇਲ ਮੰਗਦੀ ਹੈ, ਅਰਥਾਤ ਇਕ ਤਾਕਤਵਰ ਆਗੂ ਜੋ ਪਾਰਟੀ ਦੀ ਸੋਚ ਨੂੰ ਲਾਗੂ ਕਰ ਸਕੇ।

Congress High Command

ਪਿਛਲੇ ਹਫ਼ਤੇ ਸੋਨੀਆ ਗਾਂਧੀ ਨੇ ਉਤਰ ਪ੍ਰਦੇਸ਼ ਦੀਆਂ ਚੋਣਾਂ ਨੂੰ ਧਿਆਨ ਵਿਚ ਰਖਦੇ ਹੋਏ, ਸਾਰੀਆਂ ਵਿਰੋਧੀ ਧਿਰਾਂ ਦੀ ਬੈਠਕ ਬੁਲਾਈ ਤਾਂ ਉਤਰ ਪ੍ਰਦੇਸ਼ ਦੇ ਸੱਭ ਤੋਂ ਵੱਡੇ ਖਿਡਾਰੀ ਬਸਪਾ ਤੇ ਸਮਾਜਵਾਦੀ ਪਾਰਟੀ ਵਾਲੇ ਇਸ ਮੀਟਿੰਗ ਵਿਚ ਸ਼ਾਮਲ ਨਾ ਹੋਏ ਭਾਵੇਂ ਮਮਤਾ ਬੈਨਰਜੀ ਤੇ ਸ਼ਿਵ ਸੈਨਾ ਇਸ ਵਿਚ ਸ਼ਾਮਲ ਸਨ। ਵਿਰੋਧੀ ਧਿਰ ਜਾਣਦੀ ਹੈ ਕਿ ਇਕ ਪਾਸੇ ਭਾਜਪਾ ਦਾ ਤਾਕਤਵਰ ਆਗੂ ਨਰਿੰਦਰ ਮੋਦੀ ਖੜਾ ਹੈ ਤੇ ਦੂਜੇ ਪਾਸੇ ਭਾਰਤ ਦੇ ਆਜ਼ਾਦੀ ਘੁਲਾਟੀਆਂ ਵਲੋਂ ਸਥਾਪਤ ਕੀਤੀ ਗਈ ਪਾਰਟੀ। ਉਹ ਇਹ ਵੀ ਜਾਣਦੀਆਂ ਹਨ ਕਿ ਕਾਂਗਰਸ ਤੋਂ ਬਿਨਾਂ, ਸਾਰੇ ਭਾਰਤ ਦੀਆਂ ਇਲਾਕਾਈ ਪਾਰਟੀਆਂ ਮਿਲ ਕੇ ਵੀ ਮੋਦੀ ਦੀ ਭਾਜਪਾ ਨੂੰ ਟਾਕਰਾ ਨਹੀਂ ਦੇ ਸਕਣਗੀਆਂ। ਇਸ ਕਰ ਕੇ ਇਕ ਰਾਸ਼ਟਰ ਪਧਰੀ ਮਹਾਂ ਗਠਬੰਧਨ ਬਣਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

ਤ੍ਰਿਣਾਮੂਲ ਕਾਂਗਰਸ ਵੀ ਬੰਗਾਲ ਚੋਣਾਂ ਕਾਂਗਰਸ ਦੀ ਮਦਦ ਤੋਂ ਬਿਨਾਂ ਹੀ ਜਿੱਤ ਜਾਣ ਦੇ ਬਾਅਦ ਵੀ ਕਾਂਗਰਸ ਵਲੋਂ ਸੱਦੀ ਬੈਠਕ ਵਿਚ ਸ਼ਾਮਲ ਹੋਈ। ਸ਼ਿਵ ਸੈਨਾ ਤੇ ਕਾਂਗਰਸ ਦਾ ਗਠਜੋੜ ਚੋਣਾਂ ਦੇ ਬਾਅਦ ਬਣਿਆ। ਅੱਜ ਕਸ਼ਮੀਰ ਵਿਚ ਅਪਣੇ ਹੱਕ ਮੰਗਣ ਵਾਲੇ ਵੀ ਕਾਂਗਰਸ ਨਾਲ ਖੜੇ ਹੋਣ ਨੂੰ ਤਿਆਰ ਨਹੀਂ ਹਨ। ਇਹ ਗੱਲ ਬੜੀ ਅਜੀਬ ਲਗਦੀ ਹੈ ਕਿਉਂਕਿ ਵੱਖ ਵੱਖ ਪਾਰਟੀਆਂ ਨੂੰ ਮਿਲੀਆਂ ਵੋਟਾਂ ਦੇ ਅੰਕੜੇ ਸਿੱਧ ਕਰਦੇ ਹਨ ਕਿ ਜੇ ਕਾਂਗਰਸ ਨਾਲ ਸਾਰੀਆਂ ਸੂਬਾਈ ਪਾਰਟੀਆਂ ਹੀ ਜੁੜ ਜਾਣ ਤਾਂ ਜਿੱਤ ਬੜੀ ਅਸਾਨ ਹੈ ਤੇ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ।

ਪਰ ਜਿੱਤ ਸਾਹਮਣੇ ਹੁੰਦੀ ਵੇਖ ਕੇ ਵੀ, ਸੂਬਾ ਪਧਰੀ ਪਾਰਟੀਆਂ ਕਾਂਗਰਸ ਨਾਲ ਇਕੱਠੀਆਂ ਹੋਣ ਤੋਂ ਡਰਦੀਆਂ ਹਨ। ਦੂਜੇ ਪਾਸੇ ਭਾਜਪਾ ਨੇ ਅਪਣੀਆਂ ਸੂਬਾ ਪਧਰੀ ਪਾਰਟੀਆਂ ਨਾਲ ਭਾਈਵਾਲੀ ਚੰਗੀ ਤਰ੍ਹਾਂ ਨਿਭਾਈ ਹੈ। ਪੰਜਾਬ ਵਿਚ ਵੇਖਿਆ ਗਿਆ ਕਿ ਭਾਜਪਾ ਦੇ ਪੰਜਾਬੀ ਕਾਰਜਕਰਤਾ ਹੀ ਭਾਈਵਾਲ ਪਾਰਟੀ ਨਾਲ ਗਠਜੋੜ ਧਰਮ ਦੀ ਪਾਲਣਾ ਕਰਨ ਤੋਂ ਫਾਡੀ ਰਹਿ ਗਏ ਪਰ ਫਿਰ ਕੇਂਦਰੀ ਭਾਜਪਾ ਲੀਡਰਸ਼ਿਪ ਅਕਾਲੀ ਭਾਈਵਾਲਾਂ ਨਾਲ ਹੀ ਖੜੀ ਰਹੀ ਤੇ ਅੰਦਰੋਂ ਅੱਜ ਵੀ ਉਨ੍ਹਾਂ ਦੀ ਭਾਈਵਾਲੀ ਕਾਇਮ ਹੈ। ਪਰ ਅੱਜ ਕਾਂਗਰਸ ਦਾ ਹਾਲ ਇਹ ਹੈ ਕਿ ਉਹ ਅਪਣੇ ਅੰਦਰ ਦੀ ਇਕਜੁਟਤਾ ਵੀ ਬਚਾ ਨਹੀਂ ਸਕੀ ਤੇ ਜਦ ਸੂਬਾ ਪਧਰੀ ਪਾਰਟੀਆਂ ਅਜਿਹੀ ਪਾਟੋਧਾੜ ਵੇਖਦੀਆਂ ਹਨ ਤਾਂ ਉਹ ਇਨ੍ਹਾਂ ਨਾਲ ਹੱਥ ਮਿਲਾਉਣ ਤੋਂ ਘਬਰਾਉਂਦੀਆਂ ਹਨ।

ਇਹ ਕਮਜ਼ੋਰੀ ਕਾਂਗਰਸ ਹਾਈਕਮਾਂਡ ਤੋਂ ਸ਼ੁਰੂ ਹੁੰਦੀ ਹੈ। ਮੱਧ ਪ੍ਰਦੇਸ਼ ਵਿਚ ਕਾਂਗਰਸ ਨੇ ਸੱਤਾ ਦੇ ਨਾਲ-ਨਾਲ ਅਪਣਾ ਬੜਾ ਸ਼ਾਨਦਾਰ ਚਿਹਰਾ ਜੋਤੀਰਾਜ ਸਿੰਦੀਆ ਵੀ ਗਵਾ ਲਿਆ। ਕਾਂਗਰਸ ਦੀ ਮਹਿਲਾ ਪ੍ਰਧਾਨ ਟੀ.ਐਮ.ਸੀ. ਵਿਚ ਸ਼ਾਮਲ ਹੋ ਗਈ। ਪਾਰਟੀ ਨੂੰ ਪਤਾ ਹੀ ਨਾ ਲਗਿਆ। ਅਸੀ ਪੰਜਾਬ ਵਿਚ ਜੋ ਕੁੱਝ ਵੇਖ ਰਹੇ ਹਾਂ, ਉਹੀ ਛੱਤੀਸਗੜ੍ਹ ਵਿਚ ਵੀ ਚਲ ਰਿਹਾ ਹੈ। ਹਾਈਕਮਾਂਡ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਉਨ੍ਹਾਂ ਅਪਣੀ ਪਾਰਟੀ ਨੂੰ ਕਿਸ ਤਰ੍ਹਾਂ ਚਲਾਉਣਾ ਹੈ। ਅੱਜ ਪੰਜਾਬ ਦੇ ਬਾਗ਼ੀ ਮੰਤਰੀ ਇਹ ਆਖ ਰਹੇ ਹਨ ਕਿ ਉਹ ਅਪਣੀ ਗੱਦੀ ਨੂੰ ਨਹੀਂ ਬਲਕਿ ਕਾਂਗਰਸ ਨੂੰ ਬਚਾਉਣ ਵਾਸਤੇ ਬਗ਼ਾਵਤ ਕਰਨ ਤੇ ਮਜਬੂਰ ਹੋਏ ਹਨ ਕਿਉਂਕਿ ਜੇ ਪੰਜਾਬ ਵਿਚ ਸਚਮੁਚ ਕੋਈ ਵਿਕਾਸ ਹੋਇਆ ਹੁੰਦਾ ਤਾਂ ਇਹ ਕਾਂਗਰਸ ਦੀ ਵਾਪਸੀ ਵਾਸਤੇ ਗੁਜਰਾਤ ਮਾਡਲ ਵਰਗਾ ਇਕ ਨਮੂਨਾ ਹੁੰਦਾ। 

ਪਰ ਪੰਜਾਬ ਵਿਚ ਕਾਂਗਰਸ ਦੇ ਅੰਦਰੂਨੀ ਹਾਲਾਤ ਦੇ ਵਿਗੜਨ ਦਾ ਕਾਰਨ ਸਿਰਫ਼ ਪੰਜਾਬ ਦੇ ਆਗੂ ਨਹੀਂ ਬਲਕਿ ਕਾਂਗਰਸ ਦਾ ਕਮਜ਼ੋਰ ਹਾਈਕਮਾਨ ਹੈ ਜੋ ਅਪਣੀ ਪਾਰਟੀ ਵਿਚ ਅਨੁਸ਼ਾਸਨ ਨਹੀਂ ਬਣਾ ਸਕਿਆ। ਪਾਰਟੀ ਸਿਰਫ਼ ਸੋਚ ਜਾਂ ਸਿਰਫ਼ ਚਿਹਰੇ ਨਾਲ ਨਹੀਂ ਚਲਦੀ, ਇਹ ਦੋਹਾਂ ਦਾ ਮੇਲ ਮੰਗਦੀ ਹੈ ਅਰਥਾਤ ਇਕ ਤਾਕਤਵਰ ਆਗੂ ਜੋ ਪਾਰਟੀ ਦੀ ਸੋਚ ਨੂੰ ਲਾਗੂ ਕਰ ਸਕੇ। ਅੱਜ ਕਾਂਗਰਸ ਹਾਈਕਮਾਨ ਵਿਚ ਇਕ ਮਾਂ ਪੁੱਤ ਦੀ ਖੇਡ ਸਿਰਫ਼ ਕਾਂਗਰਸ ਪਾਰਟੀ ਨੂੰ ਹੀ ਨਹੀਂ ਬਲਕਿ ਦੇਸ਼ ਦੇ ਲੋਕਤੰਤਰ ਨੂੰ ਵੀ ਖ਼ਤਰੇ ਵਿਚ ਪਾ ਰਹੀ ਹੈ। ਸੱਚਾਈ ਇਹ ਹੈ ਕਿ ਇਕ ਤਾਕਤਵਰ ਵਿਰੋਧੀ ਧਿਰ ਤੋਂ ਸਖਣਾ ਲੋਕਤੰਤਰ, ਤਾਨਾਸ਼ਾਹੀ ਦਾ ਰੂਪ ਵਟਾ ਲੈਂਦਾ ਹੈ। ਇੰਦਰਾ ਗਾਂਧੀ ਨੂੰ ਕਾਬੂ ਕਰਨ ਵਾਸਤੇ ਦੇਸ਼ ਵਿਚ ਤਾਕਤਵਰ ਆਗੂ ਅੱਗੇ ਆਏ ਸਨ। 

ਭਾਜਪਾ ਦੀ ਸੋਚ ਮਾੜੀ ਜਾਂ ਗ਼ਲਤ ਨਹੀਂ ਪਰ ਸੱਤਾ ਵਿਚ ਆ ਕੇ ਉਹ ਇੰਨੀ ਉਚਾਈ ਤੇ ਪਹੁੰਚ ਗਏ ਹਨ ਕਿ ਉਨ੍ਹਾਂ ਨੂੰ ਹੇਠਲੇ ਲੋਕਾਂ ਦੀ ਆਵਾਜ਼ ਸੁਣਾਈ ਦੇਣੀ ਬੰਦ ਹੋ ਗਈ ਹੈ ਤੇ ਲੋਕਾਂ ਦੀ ਆਵਾਜ਼ ਬਣਨ ਲਈ ਵਿਰੋਧੀ ਧਿਰ ਨੂੰ ਅਪਣੇ ਆਪ ਨੂੰ ਥੋੜਾ ਉੱਚਾ ਕਰਨਾ ਪਵੇਗਾ। ਇਹ ਜ਼ਿੰਮੇਵਾਰੀ ਲੈਣ ਵਾਸਤੇ ਕਾਂਗਰਸ ਨੂੰ ਪਹਿਲਾਂ ਅਪਣੇ ਘਰ ਨੂੰ ਠੀਕਠਾਕ ਕਰਨਾ ਪਵੇਗਾ ਤੇ ਨਹਿਰੂ ਪ੍ਰਵਾਰ ਦੇ ‘ਦੋ ਬੱਚਿਆਂ’ ਤੋਂ ਬਿਨਾਂ ਵੀ ਪਾਰਟੀ ਦੀ ਹੋਂਦ ਨੂੰ ਹਕੀਕੀ ਬਣਾ ਕੇ ਦਸਣਾ ਪਵੇਗਾ।                      

-ਨਿਮਰਤ ਕੌਰ