ਭਾਰਤ ਦੇ ਦੋ ਗੁਜਰਾਤੀ 'ਪਿਤਾ'!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਦੋਵੇਂ 'ਪਿਤਾ' ਸਵੱਛਤਾ ਦੇ ਨਾਹਰੇ ਮਾਰਦੇ ਰਹੇ ਪਰ ਦਲਿਤਾਂ ਨੂੰ ਗੰਦਗੀ 'ਚੋਂ ਬਾਹਰ ਨਾ ਕਢਿਆ

Two Gujarati 'father' of India!

ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕੀ ਦੌਰਾ ਬੇਹਿਸਾਬ ਮੁੱਦਿਆਂ ਨੂੰ ਲੈ ਕੇ ਸਫ਼ਲ ਰਿਹਾ। ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਵਿਚ ਸਵੱਛਤਾ ਅਭਿਆਨ ਵਾਸਤੇ ਬਿਲ ਗੇਟਸ ਅਤੇ ਮਲਿੰਡਾ ਗੇਟਸ ਸੰਸਥਾ ਵਲੋਂ ਗਲੋਬਲ ਗੇਟਕੀਪਰਜ਼ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਅਤੇ ਅਮਰੀਕੀ ਰਾਸ਼ਟਰਪਤੀ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਦਾ ਨਵਾਂ ਪਿਤਾ ਆਖਿਆ ਗਿਆ। ਡੋਨਾਲਡ ਟਰੰਪ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਤੋਂ ਪਹਿਲਾਂ ਭਾਰਤ ਇਕਜੁਟ ਨਹੀਂ ਸੀ। ਡੋਨਾਲਡ ਟਰੰਪ ਦੀ ਬੁੱਧੀ ਸਿੱਧੇ ਇਨਸਾਨ ਨੂੰ ਨਹੀਂ ਸਮਝ ਆਉਂਦੀ ਕਿਉਂਕਿ ਉਹ ਆਪ ਪੁੱਠੀ ਬੁੱਧੀ ਦੇ ਮਾਲਕ ਹਨ। ਉਨ੍ਹਾਂ ਦੇ ਕਹਿਣ ਦਾ ਭਾਵ ਇਹ ਹੋਵੇਗਾ ਕਿ ਪਹਿਲਾਂ ਭਾਰਤ ਵਿਚ ਵਿਰੋਧੀ ਧਿਰ ਦੀ ਆਵਾਜ਼ ਬਹੁਤ ਉੱਚੀ ਹੁੰਦੀ ਸੀ ਅਤੇ ਅੱਜ ਸੰਨਾਟਾ ਹੈ।

ਡੋਨਾਲਡ ਟਰੰਪ ਇਕ ਆਜ਼ਾਦ ਅਮਰੀਕੀ ਮੀਡੀਆ ਅਤੇ ਨਿਆਂਪਾਲਿਕਾ ਦੇ ਸਖ਼ਤ ਵਿਰੋਧੀ ਹਨ ਅਤੇ ਉਨ੍ਹਾਂ ਨੂੰ ਸੰਨਾਟਾ ਚੰਗਾ ਲਗਦਾ ਹੈ। ਉਹ ਲੋਕਤੰਤਰ ਵਿਚ ਵਿਰੋਧੀ ਆਵਾਜ਼ ਦੀ ਕੀਮਤ ਨਹੀਂ ਸਮਝਦੇ। ਅਜੀਬ ਗੱਲ ਹੈ ਕਿ ਉਹ ਵੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਸੇ ਸੋਚ ਦੇ ਸਹਾਰੇ ਆਮ ਲੋਕਾਂ ਵਿਚੋਂ ਉਠ ਕੇ ਦੁਨੀਆਂ ਦੀਆਂ ਦੋ ਵੱਡੀਆਂ ਤਾਕਤਾਂ ਉਤੇ ਰਾਜ ਕਰ ਰਹੇ ਹਨ। ਖ਼ੈਰ, ਅੱਜ ਤਾਂ ਭਾਰਤ ਦੀ ਛਾਤੀ ਚੌੜੀ ਹੋ ਰਹੀ ਹੈ। ਭਾਰਤ ਸਰਕਾਰ ਦੀ ਵੈੱਬਸਾਈਟ ਨੇ ਹਰਾ ਰੰਗ ਅਪਣਾ ਲਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕਰ ਦਿਤਾ ਹੈ ਕਿ ਭਾਰਤ ਨੇ ਇਸ ਸ਼ਰਮਨਾਕ ਆਦਤ ਨੂੰ ਛੱਡ ਦਿਤਾ ਹੈ। ਵੈੱਬਸਾਈਟ ਦੇ ਹਰਾ ਹੋਣ ਨਾਲ ਸੰਕੇਤ ਦਿਤਾ ਗਿਆ ਕਿ ਹੁਣ ਭਾਰਤ ਦਾ ਕੋਈ ਪਿੰਡ ਖੁੱਲ੍ਹੇ ਵਿਚ ਹਾਜਤ ਨਹੀਂ ਕਰਦਾ।

ਪਰ ਇਕ ਦਿਨ ਬਾਅਦ ਹੀ ਮਹਾਰਾਸ਼ਟਰ ਦੇ ਪਿੰਡ ਸ਼ਿਵਪੁਰੀ 'ਚ ਦੋ ਦਲਿਤ ਬੱਚਿਆਂ ਨੂੰ ਪੰਚਾਇਤ ਦੀ ਇਮਾਰਤ ਅੱਗੇ ਖੁੱਲ੍ਹੇ ਵਿਚ ਹਾਜਤ ਕਰਨ ਕਰ ਕੇ ਕੁੱਟ ਕੁੱਟ ਕੇ ਮਾਰ ਦਿਤਾ ਗਿਆ। 10 ਅਤੇ 12 ਸਾਲ ਦੇ ਬੱਚੇ ਸਨ ਜਿਨ੍ਹਾਂ ਨੂੰ ਸਵੱਛਤਾ ਤੇ ਜਾਤ-ਪਾਤ ਉਤੇ ਆਧਾਰਿਤ  ਝੂਠੀ ਸ਼ਾਨ ਕਾਰਨ ਮਰਨਾ ਪਿਆ। ਅਸਲੀਅਤ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛਤਾ ਬਾਰੇ ਲਾਲ ਕਿਲ੍ਹੇ ਤੋਂ ਗੱਲ ਕਰਨ ਯੋਗ ਸਮਝਿਆ ਅਤੇ ਇਸ ਲਈ ਉਹ ਮੁਬਾਰਕਬਾਦ ਦੇ ਪਾਤਰ ਹਨ। ਪਰ ਅਸਲੀਅਤ ਅਜੇ ਬਹੁਤ ਵਖਰੀ ਹੈ ਅਤੇ 100% ਭਾਰਤ ਇਸ ਆਦਤ ਤੋਂ ਮੁਕਤ ਨਹੀਂ ਹੋਇਆ। ਇਸ ਨੂੰ ਸ਼ਰਮਨਾਕ ਕਹਿਣਾ ਠੀਕ ਨਹੀਂ ਕਿਉਂਕਿ ਇਹ ਉਸ ਸਰੀਰ ਦੀ ਲੋੜ ਹੈ ਜਿਸ ਨੂੰ ਸਿਰਜਣਹਾਰ ਨੇ ਘੜਿਆ ਸੀ ਅਤੇ ਇਨਸਾਨ ਇਸ ਨੂੰ ਰੋਕ ਨਹੀਂ ਸਕਦਾ। ਧਰਤੀ ਉਤੇ ਇਨਸਾਨ ਦਾ ਮੇਲ ਹੀ ਇਸ ਤਰ੍ਹਾਂ ਦਾ ਹੈ ਕਿ ਹਾਜਤ ਖੁੱਲ੍ਹੇ ਵਿਚ ਕਰਨ ਨਾਲ ਧਰਤੀ ਮੈਲੀ ਨਹੀਂ ਹੁੰਦੀ। ਪਰ ਸਮਾਜ ਵਿਚ ਕੰਧਾਂ ਬਣੀਆਂ ਅਤੇ ਇਸ ਸਰੀਰ ਨੂੰ ਸ਼ਰਮ ਨਾਲ ਢਕਣਾ ਸ਼ੁਰੂ ਕਰ ਦਿਤਾ ਗਿਆ।

ਇਕ ਕੁਦਰਤੀ ਕਰਮ 'ਸ਼ਰਮਨਾਕ' ਬਣ ਗਿਆ ਅਤੇ ਜਿਹੜਾ ਗ਼ਰੀਬ ਉਸ ਵਾਸਤੇ ਗੁਸਲਖ਼ਾਨੇ ਦੀ ਕੀਮਤ ਨਹੀਂ ਤਾਰ ਸਕਿਆ, ਉਹ ਸਰਕਾਰ ਦੀ ਨਜ਼ਰ ਵਿਚ ਬੇਸ਼ਰਮ ਇਨਸਾਨ ਬਣ ਗਿਆ। ਫਿਰ ਦਲਿਤ ਨੂੰ ਹਾਜਤ ਦੇ ਮਲ ਨਾਲ ਅਜਿਹਾ ਲਬੇੜਿਆ ਕਿ ਅਜੇ ਤਕ ਦਲਿਤ ਇਸ ਤੋਂ ਉਪਰ ਉਠਣ ਦੀ ਕੋਸ਼ਿਸ਼ ਕਰਦਿਆਂ, ਹਰ ਵਾਰ ਹਾਰ ਜਾਂਦਾ ਹੈ। ਪਿਛਲੇ ਹਫ਼ਤੇ ਹੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਡਾਂਟਿਆ ਸੀ ਕਿ ਕਿਹੜੀ ਸਰਕਾਰ ਅਪਣੇ ਲੋਕਾਂ (ਜੋ ਕਿ ਜ਼ਿਆਦਾਤਰ ਦਲਿਤ ਹੀ ਹਨ) ਨੂੰ ਮਰਨ ਵਾਸਤੇ ਨਾਲਿਆਂ ਵਿਚ ਭੇਜਦੀ ਹੈ? ਅੱਜ ਵੀ ਦਲਿਤ ਦੀ ਹਾਲਤ ਇਸ ਸਵੱਛਤਾ ਅਭਿਆਨ ਨਾਲ ਸੁਧਰੀ ਨਹੀਂ। ਕਿਹੜਾ ਭਾਰਤ ਸਵੱਛ ਹੋਇਆ ਹੈ? ਜਿਥੇ ਦੋ ਬੱਚੇ ਹਾਜਤ ਕਰਨ ਸਦਕਾ ਮਾਰੇ ਗਏ ਹਨ?

ਜੇ ਭਾਰਤ ਸਵੱਛਤਾ ਤੋਂ ਮੁਕਤੀ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਅਪਣੀ ਸੋਚ ਵਿਚ ਸਵੱਛਤਾ ਲਿਆਉਣੀ ਪਵੇਗੀ ਜੋ ਅਜੇ ਵੀ ਗੰਦੀ ਅਤੇ ਸ਼ਰਮਨਾਕ ਹੈ। ਇਹ ਉਹ ਸੋਚ ਹੈ ਜੋ ਕਿ ਕਿਸੇ ਦਲਿਤ ਨੂੰ ਖ਼ਤਰਨਾਕ ਨਾਲੀਆਂ ਵਿਚ ਭੇਜਣ ਸਮੇਂ ਉਸ ਦੀ ਸੁਰੱਖਿਆ ਬਾਰੇ ਨਹੀਂ ਸੋਚਿਆ ਜਾਂਦਾ ਕਿਉਂਕਿ ਉਹ ਦਲਿਤ ਹੈ। ਸ਼ਾਇਦ ਸਰਕਾਰ 100% ਖੁੱਲ੍ਹੇ 'ਚ ਹਾਜਤ ਮੁਕਤ ਭਾਰਤ ਵਿਚ, ਦਲਿਤਾਂ ਦੇ ਘਰਾਂ ਨੂੰ ਨਹੀਂ ਗਿਣ ਰਹੀ। ਇਸ ਹਿਸਾਬ ਨਾਲ ਵੀ ਡੋਨਾਲਡ ਟਰੰਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਦੇ 'ਪਿਤਾ' ਵਾਂਗ ਸਹੀ ਪਛਾਣਿਆ ਹੈ ਕਿਉਂਕਿ ਪਹਿਲੇ 'ਪਿਤਾ' ਅਤੇ ਇਨ੍ਹਾਂ ਵਿਚ ਵੀ ਇਕ ਵੱਡੀ ਸਾਂਝ ਹੈ। ਦੋਵੇਂ ਗੁਜਰਾਤੀ ਤਾਂ ਹਨ ਹੀ ਪਰ ਉਸ ਤੋਂ ਵੱਡੀ ਸਾਂਝ ਇਹ ਸੀ ਕਿ ਉਹ ਦਲਿਤ ਜਾਤੀ ਦੇ ਇਸਤੇਮਾਲ ਉਤੇ ਪਾਬੰਦੀ ਨਹੀਂ ਲਾ ਸਕਦੇ ਸਨ।

ਮਹਾਤਮਾ ਗਾਂਧੀ ਕੋਲ ਮੌਕਾ ਸੀ ਕਿ ਉਹ ਦਲਿਤ ਸ਼ਬਦ ਨੂੰ ਭਾਰਤ ਦੀ ਡਿਕਸ਼ਨਰੀ 'ਚੋਂ ਕੱਢ ਦੇਣ ਪਰ ਉਨ੍ਹਾਂ ਨੇ ਇਨ੍ਹਾਂ ਨੂੰ ਬੜੇ ਪਿਆਰ ਨਾਲ ਹਰੀਜਨ, ਮੇਰੇ ਬੱਚੇ ਆਖ ਕੇ ਜਾਤ ਦੇ ਦਾਇਰੇ ਵਿਚ ਕੈਦ ਕਰ ਦਿਤਾ। ਫਿਰ ਉਹ ਦਲਿਤ ਜਾਤ ਦੇ ਇਸਤੇਮਾਲ ਉਤੇ ਪਾਬੰਦੀ ਕਿਉਂ ਨਹੀਂ ਲਾਉਂਦੇ? ਉਨ੍ਹਾਂ ਵਾਸਤੇ ਇਹ ਕਾਨੂੰਨ ਬਣਾਉਣਾ ਬਹੁਤ ਆਸਾਨ ਹੈ ਅਤੇ ਇਹ ਸਵੱਛਤਾ, ਭਾਰਤ ਵਿਚਲੀ ਸਦੀਆਂ ਦੀ ਗੰਦਗੀ ਨੂੰ ਸਾਫ਼ ਕਰ ਸਕਦੀ ਹੈ। ਪਰ ਸੱਭ ਉੱਪਰ ਤੋਂ ਹੀ ਝਾੜੂ ਮਾਰਦੇ ਹਨ। ਗੰਦਗੀ ਨੂੰ ਜਦੋਂ ਕੋਈ ਅਸਲ ਵਿਚ ਹੱਥ ਪਾਵੇਗਾ ਤਾਂ ਸਵੱਛਤਾ ਸੱਭ ਤੋਂ ਪਹਿਲਾਂ ਜਾਤ-ਪਾਤ ਦੀ ਬਦਬੂ ਮਾਰਦੀ ਗੰਦਗੀ ਦੀ ਹੋਵੇਗੀ। -ਨਿਮਰਤ ਕੌਰ