ਸੁਸ਼ਾਂਤ ਅਤੇ ਐਕਟਰੈਸਾਂ ਦੇ ਨਸ਼ੇ ਭਾਰਤ ਨੂੰ ਅਸਲ ਮਸਲਿਆਂ ਤੋਂ ਦੂਰ ਕਰ ਰਹੇ ਹਨ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਸੁਸ਼ਾਂਤ ਨੂੰ ਹੀਰੋ ਬਣਾ ਕੇ ਉਸ ਦੇ ਜੀਵਨ ਸਾਥੀ ਨੂੰ ਬਣਾਇਆ ਜਾ ਰਿਹਾ ਮਾੜਾ

Sushant Singh Rajput

ਪਿਛਲੇ ਦੋ ਮਹੀਨੇ ਤੋਂ ਸੁਸ਼ਾਂਤ ਰਾਜਪੂਤ ਦਾ ਨਾਮ ਸੁਰਖ਼ੀਆਂ ਤੋਂ ਹੇਠਾਂ ਨਹੀਂ ਲਹਿ ਰਿਹਾ। ਅੱਜ ਹਰ ਕਿਸੇ ਦੀ ਜ਼ਬਾਨ 'ਤੇ ਸੁਸ਼ਾਂਤ ਦੀ ਮੌਤ ਨਾਲ ਜੁੜੇ, ਹੈਰਾਨ ਕਰ ਦੇਣ ਵਾਲੇ ਭੇਤ-ਪ੍ਰਗਟਾਵੇ ਹੀ ਚੜ੍ਹੇ ਨਜ਼ਰ ਆਉਂਦੇ ਹਨ। ਇਸੇ ਤਰ੍ਹਾਂ ਚਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਸਾਡੇ ਇਤਿਹਾਸ ਦੀਆਂ ਕਿਤਾਬਾਂ ਵਿਚ ਵੀ ਸੁਸ਼ਾਂਤ ਦਾ ਪਾਠ ਪੜ੍ਹਾਇਆ ਜਾਣਾ ਸ਼ੁਰੂ ਹੋ ਜਾਵੇਗਾ ਅਤੇ ਇਮਤਿਹਾਨਾਂ ਵਿਚ ਸਵਾਲ ਪੁਛਿਆ ਜਾਇਆ ਕਰੇਗਾ ਕਿ ਖ਼ੁਦਕੁਸ਼ੀ ਤੋਂ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹੜੇ ਜੂਸ ਦਾ ਗਲਾਸ ਪੀਤਾ ਸੀ।

ਸਾਡਾ ਰਵਾਇਤੀ ਮੀਡੀਆ ਇਸ ਖ਼ਬਰ ਨੂੰ ਛੱਡਣ ਦਾ ਨਾਮ ਹੀ ਨਹੀਂ ਲੈ ਰਿਹਾ। ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਹੁਣ ਜਦੋਂ ਖ਼ਬਰਾਂ ਦਾ ਕੇਂਦਰ-ਬਿੰਦੂ ਇਹ ਹੋਣਾ ਚਾਹੀਦਾ ਹੈ ਕਿ ਦੇਸ਼ ਨੂੰ 30 ਲੱਖ ਕਰੋੜ ਦਾ ਝਟਕਾ ਲੱਗ ਰਿਹਾ ਹੈ, ਸਾਡੇ ਅਖ਼ਬਾਰ ਅਤੇ ਟੀਵੀ ਚੈਨਲ ਇਸ ਗੱਲ ਨੂੰ ਲੈ ਕੇ ਦਹਾੜ ਰਹੇ ਹੁੰਦੇ ਹਨ ਕਿ ਦੀਪਿਕਾ ਪਾਦੂਕੋਣ ਨੇ 2017 ਵਿਚ ਅਫ਼ੀਮ ਮੰਗੀ ਸੀ ਜਾਂ ਚਿੱਟਾ?

ਜਿਸ ਸੁਸ਼ਾਂਤ ਸਿੰਘ ਰਾਜਪੂਤ ਵਾਸਤੇ ਨਿਆਂ ਦੀ ਆਸ ਲੈ ਕੇ ਸਾਰਾ ਦੇਸ਼ ਟੈਲੀਵਿਜ਼ਨ ਅੱਗੇ ਬੈਠਾ ਹੋਇਆ ਹੈ, ਕੀ ਉਹ ਦੀਪਿਕਾ ਦੇ ਨਸ਼ੇ ਦੀ ਆਦਤ ਨਾਲ ਸਬੰਧਤ ਹੈ? ਸੁਸ਼ਾਂਤ ਨੂੰ ਮਾਨਸਕ ਉਦਾਸੀ ਦੀ ਬੀਮਾਰੀ ਸੀ, ਰੀਆ ਵੀ ਮਾਨਸਕ ਬਿਮਾਰੀ ਦੀ ਸ਼ਿਕਾਰ ਹੈ, ਦੀਪਿਕਾ ਪਾਦੂਕੋਣ ਵੀ ਮਾਨਸਕ ਉਦਾਸੀ ਤੋਂ ਪ੍ਰੇਸ਼ਾਨ ਰਹਿੰਦੀ ਹੈ ਅਤੇ ਤਿੰਨਾਂ ਨੇ ਨਸ਼ੇ ਲਏ ਹਨ ਪਰ ਮਾੜੀਆਂ ਦੀਪਿਕਾ ਅਤੇ ਰੀਆ ਹੀ ਕਿਉਂ ਹਨ? ਕੰਗਨਾ ਰਣੌਤ ਦੀ ਮਾਨਸਕ ਜਾਂਚ ਹੋਵੇ ਤਾਂ ਉਸ ਨੂੰ ਵੀ ਬੜੀਆਂ ਮਾਨਸਕ ਪ੍ਰੇਸ਼ਾਨੀਆਂ ਹੋਣਗੀਆਂ ਤੇ ਨਸ਼ਾ ਉਸ ਨੇ ਵੀ ਕੀਤਾ ਹੋਵੇਗਾ, ਤਾਂ ਫਿਰ ਉਹ ਨਿਸ਼ਾਨੇ 'ਤੇ ਕਿਉਂ ਨਹੀਂ? ਜੇ ਜਿਸਮ ਦੀ ਪ੍ਰਦਰਸ਼ਨੀ ਨਾਲ ਗੀਤ ਦੀਪਿਕਾ ਦੇ ਆਏ ਹਨ ਤਾਂ ਕੰਗਨਾ, ਸੁਸ਼ਾਂਤ, ਰਿਤਿਕ ਰੌਸ਼ਨ, ਸ਼ਾਹਰੁਖ਼ ਖ਼ਾਨ ਦੇ ਵੀ ਆਏ ਹਨ। ਸਾਰੇ ਮਾੜੇ ਕਿਉਂ ਨਹੀਂ?

ਅੱਜ ਸੁਸ਼ਾਂਤ ਨੂੰ ਹੀਰੋ ਬਣਾ ਕੇ ਉਸ ਦੇ ਜੀਵਨ ਸਾਥੀ ਨੂੰ ਮਾੜਾ ਬਣਾਇਆ ਜਾ ਰਿਹਾ ਹੈ। ਨਾ ਕੋਈ ਕਤਲ ਦਾ ਸਬੂਤ, ਨਾ ਕੋਈ ਪੈਸੇ ਚੋਰੀ ਹੋਣ ਦਾ ਸਬੂਤ ਅਤੇ ਕਹਾਣੀ ਉਹੀ ਹੈ ਜੋ ਹਰ ਘਰ ਵਿਚ ਹੁੰਦੀ ਹੈ। ਜੇ ਪਤੀ ਮਰ ਜਾਵੇ ਤਾਂ ਉਹ ਪਤਨੀ ਦੀ ਗ਼ਲਤੀ ਹੈ, ਉਸ ਦੇ ਕਰਮ ਮਾੜੇ ਸਨ ਅਤੇ ਜੇ ਪਤਨੀ ਮਰ ਜਾਵੇ ਤਾਂ ਅਗਲੀ ਜੋੜੀ ਤਿਆਰ ਕਰਨੀ ਸ਼ੁਰੂ ਕਰ ਦਿਤੀ ਜਾਂਦੀ ਹੈ।

ਜੇ ਲੜਕੀਆਂ ਸੋਹਣੀਆਂ ਹਨ, ਕਾਮਯਾਬ ਹਨ ਤਾਂ ਉਨ੍ਹਾਂ ਨੂੰ ਬਦਨਾਮ ਕਰ ਕੇ ਭਾਰਤੀ ਸਮਾਜ ਨੂੰ ਬੜਾ ਸਵਾਦ ਆਉਂਦਾ ਹੈ। ਇਸ ਮਾਨਸਿਕਤਾ ਨੂੰ ਸਮਝਦੇ ਹੋਏ, ਦੀਪਿਕਾ ਦੇ ਨਸ਼ੇ ਨੂੰ ਲੈ ਕੇ ਅਸਲ ਮੁੱਦੇ ਤੋਂ ਭਟਕਾਉਣ ਵਾਸਤੇ ਵਰਤਿਆ ਜਾ ਰਿਹਾ ਹੈ। ਜੇ ਕਿਸੇ ਨੂੰ ਬਾਲੀਵੁੱਡ ਵਿਚ ਨਸ਼ੇ ਦੀ ਵਰਤੋਂ 'ਤੇ ਹੈਰਾਨੀ ਹੋ ਰਹੀ ਹੈ ਤਾਂ ਉਹ ਸੰਜੇ ਦੱਤ ਦੀ ਕਹਾਣੀ ਨੂੰ ਯਾਦ ਕਰ ਲਵੇ। ਸੰਜੇ ਦੱਤ ਨੇ ਕਈ ਭੇਤ ਪ੍ਰਗਟ ਕੀਤੇ ਸਨ ਪਰ ਉਹ ਮਰਦ ਹੈ, ਸੋ ਉਸ ਦੀ ਕਾਮਯਾਬੀ ਤੋਂ ਈਰਖਾ ਨਹੀਂ ਹੁੰਦੀ ਅਤੇ ਪੂਰਾ ਭਾਰਤ ਭੁੱਲ ਵੀ ਗਿਆ ਹੈ ਅਤੇ ਉਸ ਨੂੰ ਮਾਫ਼ ਵੀ ਕਰ ਦਿਤਾ ਹੈ।

ਭਾਰਤ ਵਿਚ ਔਰਤਾਂ ਪ੍ਰਤੀ ਇਕ ਛੋਟੀ ਸੋਚ ਹੈ ਜੋ ਔਰਤ ਨੂੰ ਪੱਥਰ ਮਾਰ ਕੇ ਬੜੀ ਖ਼ੁਸ਼ ਹੁੰਦੀ ਹੈ। ਇਹ ਸੋਚ ਸਿਰਫ਼ ਮਰਦਾਂ ਦੀ ਹੀ ਨਹੀਂ ਬਲਕਿ ਔਰਤਾਂ ਦੀ ਅਪਣੀ ਵੀ ਹੈ ਜੋ ਆਪ ਵੀ ਸਫ਼ਲ ਔਰਤਾਂ ਨੂੰ ਡਿਗਦਾ ਵੇਖ ਕੇ ਬਹੁਤ ਸਕੂਨ ਮਹਿਸੂਸ ਕਰਦੀਆਂ ਹਨ। ਭਾਰਤ ਦੀ ਇਸ ਮਾਨਸਿਕਤਾ ਨੂੰ ਸਮਝਦੇ ਹੋਏ ਆਮ ਭਾਰਤੀ ਦਾ ਧਿਆਨ ਅਸਲ ਮੁੱਦਿਆਂ ਵਲੋਂ ਭਟਕਾਇਆ ਜਾ ਰਿਹਾ ਹੈ।

ਅੱਜ ਜਦ ਦੀਪਿਕਾ ਦੀ ਗੱਲ ਹੋਵੇਗੀ ਜਾਂ ਕਿਸੇ ਵੀ ਹੋਰ ਸਿਤਾਰੇ ਦੀ ਤਾਂ ਅਪਣੇ ਆਪ ਨੂੰ ਪੁੱਛੋ ਕਿ ਉਹ ਤਾਂ ਨਸ਼ੇ ਦੇ ਆਦੀ ਹਨ ਪਰ ਉਸ ਨਸ਼ੇ (ਚਿੱਟੇ) ਨੂੰ ਤੁਹਾਡੇ ਦੇਸ਼ ਵਿਚ ਲੈ ਕੇ ਕੌਣ ਆਉਂਦਾ ਹੈ? ਤੁਹਾਡੇ ਵਾਸਤੇ ਦੀਪਿਕਾ ਪਾਦੂਕੋਣ ਦਾ ਚਰਿੱਤਰ ਜ਼ਿਆਦਾ ਜ਼ਰੂਰੀ ਹੈ ਜਾਂ ਉਸ ਸਿਆਸਤਦਾਨ ਦਾ ਜਿਸ ਨੇ ਤੁਹਾਡੇ ਦੇਸ਼ ਨੂੰ ਚਲਾਉਣਾ ਹੈ। ਅੱਜ ਦੇ 33 ਫ਼ੀ ਸਦੀ ਐਮ.ਪੀ. ਕਾਤਲ, ਬਲਾਤਕਾਰੀ, ਚੋਰ ਅਤੇ ਡਕੈਤ ਹਨ ਤੇ ਤੁਸੀ ਦੀਪਿਕਾ ਪਾਦੂਕੋਣ ਦੀ ਨਸ਼ੇ ਦੀ ਆਦਤ ਨੂੰ ਦੇਸ਼ ਵਾਸਤੇ ਖ਼ਤਰਾ ਮੰਨ ਰਹੇ ਹੋ।

ਇਸੇ ਤਰ੍ਹਾਂ ਭਟਕਦੇ ਗਏ ਤਾਂ ਨਾ ਸੁਸ਼ਾਂਤ ਨੂੰ ਨਿਆਂ ਮਿਲੇਗਾ ਅਤੇ ਨਾ ਤੁਹਾਨੂੰ ਚੰਗਾ ਸ਼ਾਸਨ। ਕੰਗਣਾ ਰਣੌਤ ਮੀਡੀਆ ਨਾਲ ਜੁੜ ਕੇ ਤੁਹਾਨੂੰ ਅਸਲ ਮੁੱਦਿਆਂ ਤੋਂ ਭਟਕਾ ਰਹੀ ਹੈ। ਕੀ ਤੁਸੀ ਕਠਪੁਤਲੀ ਬਣੇ ਰਹਿਣ ਵਾਸਤੇ ਤਿਆਰ ਹੋ? ਨਿਮਰਤ ਕੌਰ