ਜਦੋਂ ਸੋਸ਼ਲ ਮੀਡੀਆ ਜ਼ਰੀਏ ਇਕ ਗ਼ਰੀਬ ਪ੍ਰਵਾਰ ਦੀ ਛੱਤ ਪਈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਉਕਤ ਪ੍ਰਵਾਰ ਜਿਸ ਵਿਚ ਪਤੀ-ਪਤਨੀ, ਚਾਰ ਬੱਚੇ ਅਤੇ ਬੱਚਿਆਂ ਦੀ ਦਾਦੀ ਇਕ ਤੰਬੂ ਤਾਣ ਕੇ ਉਸ ਵਿਚ ਕਹਿਰ ਦੀ ਸਰਦੀ ਵਿਚ ਦਿਨ ਕਟੀ ਕਰ ਰਹੇ ਸ

When the roof of a poor family fell through social media

 

ਤਕਰੀਬਨ 8-9 ਮਹੀਨੇ ਪਹਿਲਾਂ ਮੈਨੂੰ ਮੇਰੇ ਇਕ ਜਾਣਕਾਰ ਨੇ ਇਕ ਵੀਡੀਉ ਭੇਜੀ ਜਿਹੜੀ ਕਿ ਉਕਤ ਪ੍ਰਵਾਰ ਦੀ ਸੀ ਜਿਸ ਦੀ ਮੈਂ ਗੱਲ ਕਰਨ ਲੱਗਾ ਹਾਂ। ਵੀਡੀਉ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਉਕਤ ਪ੍ਰਵਾਰ ਜਿਸ ਵਿਚ ਪਤੀ-ਪਤਨੀ, ਚਾਰ ਬੱਚੇ ਅਤੇ ਬੱਚਿਆਂ ਦੀ ਦਾਦੀ ਇਕ ਤੰਬੂ ਤਾਣ ਕੇ ਉਸ ਵਿਚ ਕਹਿਰ ਦੀ ਸਰਦੀ ਵਿਚ ਦਿਨ ਕਟੀ ਕਰ ਰਹੇ ਸਨ ਪਰ ਭਲਾ ਹੋਵੇ ਗੁਆਂਢ ਵਿਚ ਰਹਿੰਦੇ ਪ੍ਰਵਾਰ ਦਾ ਜਿਸ ਨੇ ਬੱਚਿਆਂ ਖਾਤਰ ਅਪਣਾ ਇਕ ਕਮਰਾ ਇਨ੍ਹਾਂ ਨੂੰ ਰਹਿਣ ਲਈ ਦਿਤਾ ਹੋਇਆ ਸੀ ਕਿ ਜਦੋਂ ਤਕ ਤੁਹਾਡਾ ਮਕਾਨ ਨਹੀਂ ਬਣਦਾ ਇਥੇ ਰਹੀ ਜਾਉ।

ਜਦੋਂ ਇਹ ਵੀਡੀਉ ਮੈਂ ਅਪਣੇ ਇਕ ਦੋ ਹੋਰ ਦੋਸਤਾਂ ਨੂੰ ਭੇਜੀ ਤਾਂ ਆਪਸ ਵਿਚ ਸਲਾਹ ਮਸ਼ਵਰਾ ਕੀਤਾ ਕਿ ਜਾ ਕੇ ਪਤਾ ਕਰਨਾ ਚਾਹੀਦਾ ਹੈ। ਇਹ ਪ੍ਰਵਾਰ ਸਮਰਾਲਾ ਤਹਿ. ਦੇ ਪਿੰਡ ਘੁਲਾਲ ਦਾ ਵਸਨੀਕ ਹੈ। ਜਦੋਂ ਸਮੇਂ ਦੀ ਘਾਟ ਕਾਰਨ ਕਈ ਦਿਨਾਂ ਬਾਅਦ ਉਥੇ ਪਹੁੰਚੇ ਤਾਂ ਪ੍ਰਵਾਰ ਦੀ ਮਾਲੀ ਹਾਲਤ ਖ਼ੁਦ-ਬ-ਖ਼ੁਦ ਬਿਆਨ ਹੋ ਰਹੀ ਸੀ। ਨਾ ਸਿਰ ’ਤੇ ਛੱਤ, ਨਾ ਬਿਜਲੀ ਦਾ ਕੁਨੈੈਕਸ਼ਨ, ਨਾ ਪਾਣੀ ਦਾ ਪ੍ਰਬੰਧ, ਇਥੋਂ ਤਕ ਕਿ ਵਾਸ਼ਰੂਮ ਤੇ ਟਾਇਲਟ ਦਾ ਪ੍ਰਬੰਧ ਵੀ ਨਹੀਂ ਸੀ। ਇਸ ਘਰ ਦੀਆਂ ਜਵਾਨ ਹੋ ਰਹੀਆਂ ਕੁੜੀਆਂ ਵਾਸ਼ਰੂਮ ਤੇ ਟਾਇਲਟ ਵੀ ਆਲੇ ਦੁਆਲੇ ਦੇ ਘਰਾ ਵਿਚ ਹੀ ਜਾਂਦੀਆਂ ਹਨ ਪਰ ਅੱਜ ਦਾ ਮਾਹੌਲ ਸਾਨੂੰ ਜਵਾਨ ਧੀਆਂ ਨੂੰ ਇਸ ਤਰ੍ਹਾਂ ਦੂਜਿਆਂ ਦੇ ਘਰ ਜਾਣ ਦੀ ਇਜਾਜ਼ਤ ਨਹੀਂ ਦਿੰਦਾ। 

ਸਾਡੇ ਪਹੁੰਚਣ ਤੋਂ ਇਕ ਦਿਨ ਪਹਿਲਾਂ ਸਰਬੱਤ ਦਾ ਭਲਾ ਸੰਸਥਾ ਚਲਾ ਰਹੇ ਸਵਰਨਜੀਤ ਸਿੰਘ ਮੋਹਾਲੀ ਅਪਣੀ ਟੀਮ ਨਾਲ ਪਹੁੰਚੇ ਸਨ। ਦੂਜੇ ਦਿਨ ਸਾਡੇ ਪਹੁੰਚਣ ਤੇ ਇਨ੍ਹਾਂ ਵੀਰਾਂ ਨਾਲ ਫ਼ੋਨ ’ਤੇ ਰਾਬਤਾ ਹੋਇਆ ਤਾਂ ਰਲ ਮਿਲ ਕੇ ਇਹ ਕੰਮ ਕਰਨ ਦੀ ਸਹਿਮਤੀ ਬਣੀ। ਵਾਹਿਗੁਰੂ ਦੀ ਕ੍ਰਿਪਾ ਤੇ ਸਾਰੇ ਸਹਿਯੋਗੀ ਵੀਰਾਂ ਦੇ ਸਹਿਯੋਗ ਨਾਲ ਇਸ ਪ੍ਰਵਾਰ ਨੂੰ ਦੋ ਕਮਰਿਆਂ ਦਾ ਸੈੱਟ ਬਰਾਂਡਾ, ਰਸੋਈ ਤੇ ਵਾਸ਼ਰੂਮ ਵਧੀਆ ਬਣਵਾ ਕੇ ਦਿਤਾ। ਦਾਸ ਨੇ ਖ਼ੁਦ ਇਥੇ ਬਾਕੀ ਵੀਰਾਂ ਦੇ ਸਹਿਯੋਗ ਨਾਲ ਗਰਾਉਂਡ ਲੈਵਲ ’ਤੇ ਕੰਮ ਕੀਤਾ ਅਤੇ ਅਪਣੀ ਬਣਦੀ ਜ਼ਿੰਮਵੇਾਰੀ ਨਿਭਾਈ। ਸੰਗਤ ਦਾ ਪੈਸਾ ਹੋਣ ਕਰ ਕੇ ਬਹੁਤ ਸੋਚ ਸਮਝ ਕੇ ਅਤੇ ਸਰਫ਼ੇ ਨਾਲ ਹਰ ਇਕ ਕੰਮ ਕੀਤਾ ਜਿਵੇਂ ਕਿ ਕਹਿੰਦੇ ਹੁੰਦੇ ਨੇ ਕਿ ਵਾਹਿਗੁਰੂ ਇਹੋ ਜਿਹੇ ਕਾਰਜ ਆਪ ਹੀ ਸਿਰੇ ਚੜ੍ਹਾ ਦਿੰਦਾ ਹੈ।

ਇਸ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਇਕ ਹੋਰ ਦਾਨੀ ਸੱਜਣ ਗੁਰਪ੍ਰੀਤ ਸਿੰਘ ਲੁਧਿਆਣਾ ਦੀ ਟੀਮ ਵੀ ਸਾਡੇ ਨਾਲ ਜੁੜੀ। ਇਨ੍ਹਾਂ ਵੀਰਾਂ ਨੇ ਵੀ ਸਾਨੂੰ ਬਣਦਾ ਸਹਿਯੋਗ ਦਿਤਾ ਪਰ ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਬਹੁਤ ਜ਼ਿਆਦਾ ਗਿਣਤੀ ’ਚ ਇਹ ਵੀਡੀਉ ਵਾਹਿਰਲ ਹੋਣ ਤੇ ਲੁਧਿਆਣਾ ਤੇ ਮੋਹਾਲੀ ਤੋਂ ਤਾਂ ਵੀਰ ਚੱਲ ਕੇ ਆਏ ਪਰ ਸਮਰਾਲਾ ਸ਼ਹਿਰ ਜਾਂ ਆਲੇ ਦੁਆਲੇ ਦੇ ਪਿੰਡਾਂ ’ਚੋਂ ਕੋਈ ਸਪੋਰਟਸ ਕਲੱਬ ਜਾਂ ਕੋਈ ਸਮਾਜ ਸੇਵਾ ਸੰਸਥਾ ਅੱਗੇ ਨਹੀਂ ਆਈ। ਇਸ ਦੇ ਉਲਟ ਕੋਈ ਟੂਰਨਾਮੈਂਟ ਜਾਂ ਕੋਈ ਸਭਿਆਚਾਰਕ ਪ੍ਰੋਗਰਾਮ ਕਰਾਉਣਾ ਹੋਵੇ ਤਾਂ ਅਸੀ ਸੱਭ ਤੋਂ ਪਹਿਲਾਂ ਪਹੁੰਚ ਜਾਂਦੇ ਹਾਂ, ਬਾਹਰੋਂ ਪੈਸਾ ਭੇਜਣ ਦੀ ਹਾਮੀ ਭਰਦੇ ਹਾਂ। ਸੋ ਵੀਰੋ ਅਪਣੇ ਆਲੇ ਦੁਆਲੇ ਵੀ ਝਾਤ ਮਾਰ ਲਿਆ ਕਰੋ ਕਿ ਤੁਹਾਡੇ ਨਜ਼ਦੀਕ ਕੋਈ ਪ੍ਰਵਾਰ ਬਿਨਾਂ ਛੱਤ ਤੋਂ ਤਾਂ ਨਹੀਂ ਰਹਿ ਰਿਹਾ ਜਾਂ ਕੋਈ ਇਲਾਜ ਖੁਣੋ ਤਾਂ ਨਹੀਂ ਮਰ ਰਿਹਾ। ਦਾਨ ਦੇਣ ਤੋਂ ਪਹਿਲਾਂ ਸੋਚੋ ਕਿ ਸਾਡਾ ਦਾਨ ਕੀਤਾ ਪੈਸਾ ਗ਼ਲਤ ਹੱਥਾਂ ’ਚ ਤਾਂ ਨਹੀਂ ਜਾ ਰਿਹਾ। 
- ਮਨਜੀਤ ਸਿੰਘ ਉਟਾਲਾਂ, ਮੋਬਾਈਲ : 98559-69440