ਹਿੰਦੂ-ਮੁਸਲਿਮ ਬੱਚਿਆਂ ਦੀ ਲੜਾਈ ਦੇ ਅਸਲ ਦੋਸ਼ੀ ਕੌਣ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਦਿੱਲੀ ਦੇ ਇਕ ਮਦਰੱਸੇ ਦੇ ਬਾਹਰ ਮੁਸਲਮਾਨ ਬੱਚਿਆਂ ਅਤੇ ਆਸਪਾਸ ਦੇ ਇਲਾਕੇ ਵਿਚ ਰਹਿੰਦੇ ਹਿੰਦੂ ਬੱਚਿਆਂ ਵਿਚਕਾਰ ਝੜਪ ਹੋ ਜਾਣ ਕਰ ਕੇ ਇਕ 8 ਸਾਲ ਦੇ ਬੱਚੇ ਦੀ ਮੌਤ.......

Muslim Child

ਦਿੱਲੀ ਦੇ ਇਕ ਮਦਰੱਸੇ ਦੇ ਬਾਹਰ ਮੁਸਲਮਾਨ ਬੱਚਿਆਂ ਅਤੇ ਆਸਪਾਸ ਦੇ ਇਲਾਕੇ ਵਿਚ ਰਹਿੰਦੇ ਹਿੰਦੂ ਬੱਚਿਆਂ ਵਿਚਕਾਰ ਝੜਪ ਹੋ ਜਾਣ ਕਰ ਕੇ ਇਕ 8 ਸਾਲ ਦੇ ਬੱਚੇ ਦੀ ਮੌਤ ਹੋ ਗਈ। ਲੜਾਈ ਬੱਚਿਆਂ ਦੀ ਸੀ ਪਰ ਇਨ੍ਹਾਂ ਵਿਚ ਨਫ਼ਰਤ ਸਿਆਸਤ ਅਤੇ ਧਰਮ ਨੇ ਫੈਲਾਈ ਹੋਈ ਹੈ। ਝੜਪ ਭਾਵੇਂ ਛੋਟੀ ਸੀ ਪਰ ਉਸ ਇਲਾਕੇ ਵਿਚ ਅਕਸਰ ਹੁੰਦੀ ਰਹਿੰਦੀ ਸੀ ਕਿਉਂਕਿ ਸਿਰ ਉਤੇ ਟੋਪੀ ਪਾਈ ਮੁਸਲਮਾਨ ਬੱਚੇ ਅੱਜ ਦੀ ਸਿਆਸਤ ਦੇ ਪਿਆਦੇ ਬਣ ਚੁੱਕੇ ਹਨ।

ਅਸਲੀ ਵਿਕਾਸ ਕਰਨ ਦਾ ਤਰੀਕਾ ਨਹੀਂ ਆਉਂਦਾ, ਸੋ ਨਫ਼ਰਤ ਦੇ ਬੀਜ ਬੀਜੇ ਜਾ ਰਹੇ ਹਨ। ਹੁਣ ਇਕ ਨਾਬਾਲਗ਼ ਹਿੰਦੂ ਬੱਚਾ ਕਟਹਿਰੇ ਵਿਚ ਖੜਾ ਕੀਤਾ ਜਾਵੇਗਾ ਅਤੇ ਫਿਰ ਜ਼ਾਹਰ ਹੈ ਕਿ ਉਹ ਜੇਲ ਜਾਵੇਗਾ। ਭਾਵੇਂ ਉਹ ਬੱਚਿਆਂ ਦੀ ਜੇਲ ਹੋਵੇਗੀ ਪਰ ਜਾਵੇਗਾ ਤਾਂ ਉਹ ਅਪਣੇ ਮਾਂ-ਬਾਪ ਕੋਲੋਂ ਕੋਹਾਂ ਦੂਰ ਹੀ। ਜਿਸ ਕਿਸੇ ਵੀ ਸਿਆਸਤਦਾਨ ਨੇ ਇਹ ਨਫ਼ਰਤ ਬੀਜੀ ਹੈ, ਉਸ ਨੂੰ ਜ਼ਰਾ ਜਿੰਨਾ ਵੀ ਸੇਕ ਨਹੀਂ ਲੱਗੇਗਾ।

ਉਹ ਅਪਣੀ ਕੁਰਸੀ ਬਚਾਉਣ ਲਈ ਹੁਣ ਬੱਚਿਆਂ ਦੀ ਬਲੀ ਦੇਣ ਨੂੰ ਕੁਰਬਾਨੀ ਆਖਦੇ ਹੋਣਗੇ। ਇਹ ਬੱਚਿਆਂ ਦੀਆਂ ਖੇਡਾਂ ਦਾ, ਧਰਮ ਦੀ ਖ਼ੂਨੀ ਫ਼ਿਰਕੂ ਹਿੰਸਾ ਬਣ ਜਾਣਾ, ਭਾਰਤ ਦੀ ਆਮ ਜਨਤਾ ਵਾਸਤੇ ਇਕ ਚੇਤਾਵਨੀ ਹੈ: ਧਰਮ ਦੀ ਸਿਆਸਤ ਵਲੋਂ ਮੂੰਹ ਫੇਰ ਲਵੋ ਅਤੇ ਵਿਕਾਸ ਬਾਰੇ ਸਵਾਲ ਪੁੱਛੋ ਨਹੀਂ ਤਾਂ ਕੀਮਤ ਆਮ ਭਾਰਤੀ ਨੂੰ ਹੀ ਚੁਕਾਣੀ ਪਵੇਗੀ।  -ਨਿਮਰਤ ਕੌਰ