ਕ੍ਰਿਕਟ 'ਚ ਭਾਰਤੀ ਟੀਮ ਕੀ ਹਾਰੀ, ਵਿਚਾਰੇ ਮੁਸਲਮਾਨਾਂ ਦੀ ਆਈ ਸ਼ਾਮਤ, ਕੀ ਇਸੇ ਨੂੰ ਖੇਡ ਭਾਵਨਾ......

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਹ ਵਾਰਦਾਤ ਅਮਿਤ ਸ਼ਾਹ ਦੇ ਕਸ਼ਮੀਰ ਜਾਣ ਦੇ ਦੋ ਦਿਨ ਬਾਅਦ ਹੁੰਦੀ ਹੈ

Pakistan beat India cricket team

 

ਭਾਰਤ ਪਾਕਿਸਤਾਨ ਦੌਰਾਨ ਕ੍ਰਿਕਟ ਮੈਚ ਨਿਰੀ ਇਕ ਖੇਡ ਨਹੀਂ ਬਲਕਿ ਇਕ ਜੰਗ ਵਰਗੀ ਖੇਡ ਹੁੰਦੀ ਹੈ। ਇਸ ਵਾਰ ਜਦੋਂ ਭਾਰਤੀ ਕਿ੍ਰਕਟ ਟੀਮ 10 ਵਿਕਟਾਂ ਨਾਲ ਬੁਰੀ ਤਰ੍ਹਾਂ ਹਾਰ ਗਈ, ਭਾਰਤ ਅਪਣੀ ਮਾਯੂਸੀ ਵਿਚ ਅਪਣੇ ਕਮਜ਼ੋਰ ਕਿਰਦਾਰ ਦਾ ਵਿਖਾਵਾ ਕਰ ਗਿਆ। ਸੰਗਰੂਰ ਦੇ ਇਕ ਹੋਸਟਲ ਵਿਚ ਕਸ਼ਮੀਰੀ ਵਿਦਿਆਰਥੀਆਂ ਨੂੰ ਮਾਰਿਆ ਕੁਟਿਆ, ਬਿਹਾਰ, ਯੂ.ਪੀ. ਅਤੇ ਹਰਿਆਣਾ ਦੇ ਵਿਦਿਆਰਥੀਆਂ ਨੇ ਲਾਠੀਆਂ ਨਾਲ ਮਾਰਿਆ ਕੁਟਿਆ।

ਇਹ ਵਾਰਦਾਤ ਅਮਿਤ ਸ਼ਾਹ ਦੇ ਕਸ਼ਮੀਰ ਜਾਣ ਦੇ ਦੋ ਦਿਨ ਬਾਅਦ ਹੁੰਦੀ ਹੈ ਜਦ ਉਹ ਕਸ਼ਮੀਰੀ ਨੌਜੁਆਨਾਂ ਨੂੰ ਉਨ੍ਹਾਂ ਦਾ ਹੱਥ ਫੜ ਕੇ ਵਿਕਾਸ ਦੇ ਮੌਕੇ ਦਾ ਫ਼ਾਇਦਾ ਲੈਣ ਵਾਸਤੇ ਆਖ ਕੇ ਆਏ ਸਨ। ਜਿਹੜੇ ਵਿਦਿਆਰਥੀ ਪੰਜਾਬ ਵਿਚ ਪੜ੍ਹਾਈ ਕਰਨ ਵਾਸਤੇ ਆਏ ਹੋਏ ਹਨ, ਉਹ ਤਾਂ ਹਿੰਸਾ ਤੋਂ ਦੂਰ ਹਨ ਤੇ ਫਿਰ ਉਨ੍ਹਾਂ ਦਾ ਕੀ ਕਸੂਰ ਜੇ ਕਿ੍ਰਕਟ ਮੈਚ ਵਿਚ ਭਾਰਤੀ ਟੀਮ ਹਾਰ ਗਈ? 

ਹਾਰੇ ਉਹ 11 ਖਿਡਾਰੀ ਹਨ, ਜਿਨ੍ਹਾਂ ਨੂੰ ਅਜੇ ਵੀ ਕਰੋੜਾਂ ਰੁਪਇਆ ਮਿਲ ਜਾਣਾ ਹੈ ਪਰ ਮਾਨਸਕ ਤੌਰ ਤੇ ਭਾਰਤੀ ਇਸ ਕਦਰ ਕਮਜ਼ੋਰ ਹੋ ਗਏ ਹਨ ਕਿ ਉਹ ਹੁਣ ਪਾਕਿਸਤਾਨ ਤੋਂ ਇਕ ਖੇਡ ਵਿਚ ਹੋਈ ਹਾਰ ਨੂੰ ਵੀ ਅਪਣੇ ਆਪ ਉਤੇ ਇਕ ਹਮਲਾ ਮੰਨਦੇ ਹਨ। ਭਾਰਤੀ ਟੀਮਾਂ ਕਈ ਖੇਡਾਂ ਵਿਚ ਹਾਰਦੀਆਂ ਹਨ। ਉਲੰਪਿਕ ਵਿਚ ਮੁੱਠੀ ਭਰ ਤਮਗ਼ੇ ਜਿੱਤ ਕੇ ਆਏ ਤਾਂ ਉਨ੍ਹਾਂ ਜਸ਼ਨ ਮਨਾਇਆ ਪਰ ਕਿਸੇ ਨੇ ਚੀਨੀ ਤੇ ਅਮਰੀਕੀ ਵਿਦਿਆਰਥੀਆਂ ਉਤੇ ਹਮਲਾ ਨਹੀਂ ਕੀਤਾ ਕਿ ਉਨ੍ਹਾਂ ਦੇ ਖਿਡਾਰੀਆਂ ਨੇ ਸੈਂਕੜੇ ਤਮਗ਼ੇ ਜਿੱਤ ਕੇ ਭਾਰਤੀ ਖਿਡਾਰੀਆਂ ਨੂੰ ਹਰਾਇਆ ਸੀ ਪਰ ਪਾਕਿਸਤਾਨ ਦੀ ਜਿੱਤ ਭਾਰਤ ਦੇ ਮੁਸਲਮਾਨਾਂ ਉਤੇ ਹੀ ਭਾਰੂ ਪੈ ਜਾਂਦੀ ਹੈ ਤੇ ਉਨ੍ਹਾਂ ਨਾਲ ਹੀ ਮਾਰ ਕੁੱਟ ਹੁੰਦੀ ਹੈ ਜਦਕਿ ਉਨ੍ਹਾਂ ਦਾ ਕਸੂਰ ਹੀ ਕੋਈ ਨਹੀਂ ਹੁੰਦਾ।

ਇਸ ਦਾ ਕਾਰਨ ਕੀ ਹੈ?  ਜੇ ਅੱਜ ਦੀ ਸੱਭ ਤੋਂ ਚਰਚਿਤ ਰੀਪੋਰਟ ਨੂੰ ਵੇਖਿਆ ਜਾਵੇ ਤਾਂ ਉਹ ਫ਼ੇਸਬੁਕ ਦੀ ਅੰਦਰੂਨੀ ਰੀਪੋਰਟ ਹੈ ਜੋ ਦਸਦੀ ਹੈ ਕਿ ਭਾਰਤ ਵਿਚ ਮੁਸਲਮਾਨਾਂ ਵਿਰੁਧ ਜੋ ਕੂੜ ਪ੍ਰਚਾਰ ਹੋੋ ਰਿਹੈ, ਉਸ ਉਤੇ ਫ਼ੇਸਬੁਕ ਕਾਬੂ ਨਹੀਂ ਪਾ ਸਕੀ। ਫ਼ੇਸਬੁਕ ਦੇ ਇਕ ਅਮਰੀਕੀ ਨਾਗਰਿਕ ਨੇ ਭਾਰਤ ਵਿਚ 2019 ਵਿਚ ਇਕ ਆਮ ਭਾਰਤੀ ਦੇ ਨਾਮ ਉਤੇ ਅਪਣਾ ਫ਼ੇਸਬੁਕ ਖਾਤਾ ਖੋਲ੍ਹ ਕੇ ਇਹ ਨਤੀਜਾ ਕਢਿਆ ਕਿ ਫ਼ੇਸਬੁਕ ਉਤੇ ਫ਼ਰਜ਼ੀ ਤੇ ਨਫ਼ਰਤ ਫੈਲਾਉਣ ਵਾਲੀਆਂ ਖ਼ਬਰਾਂ ਦੇ ਪਿਛੇ ਸਿਆਸੀ ਲੋਕਾਂ ਦਾ ਹੱਥ ਹੈ। ਫ਼ੇਸਬੁਕ ਇਨ੍ਹਾਂ ਝੂਠੀਆਂ ਖ਼ਬਰਾਂ ਉਤੇ ਕਾਬੂ ਪਾਉਣ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ, ਸ਼ਾਇਦ ਅੱਗੇ ਵੀ ਰਹੇਗੀ।

ਇਹ ਨਕਲੀ ਫ਼ੇਸਬੁਕ ਖਾਤੇ ਹਨ ਜੋ ਨਫ਼ਰਤ ਫੈਲਾਉਂਦੇ ਹਨ ਤੇ ਕਰੋੜਾਂ ਲੋਕਾਂ ਨੂੰ ਅਪਣਾ ਸੰਦੇਸ਼ ਦੇ ਜਾਂਦੇ ਹਨ। ਇਹ ਅਮਰੀਕੀ ਕੰਪਨੀ ਹੈ, ਜਿਸ ਉਤੇ ਅਮਰੀਕਾ ਦਾ ਕਾਨੂੰਨ ਲਾਗੂ ਹੁੰਦਾ ਹੈ ਤੇ ਉਹ ਇਸ ਰੀਪੋਰਟ ਨੂੰ ਪਰਖਣਗੇ ਪਰ ਕੀ ਸਾਡੇ ਦੇਸ਼ ਵਿਚ ਕੋਈ ਵੀ ਇਸ ਫੈਲਦੀ ਨਫ਼ਰਤ ਨੂੰ ਕਾਬੂ ਪਾਉਣ ਲਈ ਜ਼ਿੰਮੇਵਾਰੀ ਅਪਣੇ ਆਪ ਉਤੇ ਲੈਣ ਬਾਰੇ ਸੋਚ ਵੀ ਰਿਹੈ? ਸੰਗਰੂਰ ਵਿਚ ਕਸ਼ਮੀਰੀ ਵਿਦਿਆਰਥੀਆਂ ਨੂੰ ਬਚਾਉਣ ਵਾਸਤੇ ਸਿੱਖ ਅੱਗੇ ਆਏ ਨਹੀਂ ਤਾਂ ਸੰਗਰੂਰ ਵਿਚ ਵੀ ਕਤਲੇਆਮ ਹੋ ਜਾਂਦਾ। ਅਸੀ ਬਾਕੀ ਦੇਸ਼ ਵਿਚ ਵੇਖਦੇ ਹੀ ਆ ਰਹੇ ਹਾਂ ਕਿ ਲੋਕਾਂ ਨੂੰ ਮਾਰ ਮਾਰ ਕੇ ਜਾਨੋਂ ਹੀ ਮਾਰ ਦਿਤਾ ਜਾਂਦਾ ਹੈ।

ਜੇ.ਡੀ.ਯੂ. ਦੇ ਇਕ ਵਿਧਾਇਕ ਨੇ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਇਨ੍ਹਾਂ ਭੜਕਾਊ ਬਿਆਨਾਂ ਨਾਲ ਵੋਟਾਂ ਮਿਲਦੀਆਂ ਹਨ। ਪਿਛਲੇ ਕਈ ਸਾਲਾਂ ਤੋਂ ਇਹ ਭਾਰਤ ਵਿਚ ਵਾਰ-ਵਾਰ ਅਪਣਾ ਗੰਦਾ ਚਿਹਰਾ ਵਿਖਾ ਰਹੇ ਹਨ। ਫ਼ੇਸਬੁਕ ਸਿਰਫ਼ ਇਕ ਸਾਧਨ ਹੈ, ਭਾਰਤੀ ਜਨਤਾ ਦੇ ਮਨਾਂ ਵਿਚ ਨਫ਼ਰਤ ਭਰੇ ਸੰਦੇਸ਼ ਪਹੁੰਚਾਉਣ ਦਾ ਅਤੇ ਹੋਰ ਕਈ ਰਸਤੇ ਵੀ ਅਪਣਾਏ ਗਏ ਹਨ ਜਿਸ ਨੂੰ ਅੱਜ ਦੁਨੀਆਂ ਭਰ ਵਿਚ ‘ਗੋਦੀ ਮੀਡੀਆ’ ਆਖਿਆ ਜਾਂਦਾ ਹੈ। ਕੋਈ ਸਿਆਣੀ ਤੇ ਤੱਥਾਂ ਆਧਾਰਿਤ ਗੱਲ ਕਰੋ ਤਾਂ ਕੋਈ ਸਮਝਣ ਨੂੰ ਤਿਆਰ ਹੀ ਨਹੀਂ ਕਿਉਂਕਿ ਮਨਾਂ ਨੂੰ ਨਫ਼ਰਤ ਨਾਲ ਭਰ ਦਿਤਾ ਗਿਆ ਹੈ।

ਖੇਡ ਵਿਚ ਹਾਰ ਜਿੱਤ ਤਾਂ ਹੁੰਦੀ ਹੀ ਹੈ ਪਰ ਸਾਡੀ ਹੋਂਦ ਵਿਚ ਐਸੀ ਨਫ਼ਰਤ ਮਿਲਾ ਦਿਤੀ ਗਈ ਹੈ ਕਿ ਸਾਨੂੰ ਕਿਸੇ ਦਾ ਮੋਹ ਲੈਣਾ ਵੀ ਚੁਭਦਾ ਹੈ। ਫ਼ੇਸਬੁਕ ਸਾਰੀ ਦੁਨੀਆਂ ਵਿਚ ਹੈ ਪਰ ਕਿਧਰੇ ਵੀ ਨਫ਼ਰਤ ਦਾ ਪੈਗਮਬਰ ਨਹੀਂ ਬਣਾਇਆ। ਉਹ ਨਫ਼ਰਤ ਸਾਡੀ ਸਮਝ ਤੇ ਸੋਚ ਵਿਚ ਹੈ ਜਿਸ ਨੇ ਇਕ ਮਿਲਣਸਾਰ ਜ਼ਰੀਏ ਨੂੰ ਵੀ ਹਰਾ ਦਿਤਾ ਹੈ। ਇਹ ਸੋਚਣਾ ਪਵੇਗਾ, ਕੀ ਅਸੀ ਅਪਣੇ ਅੰਦਰੋਂ ਇਸ ਜ਼ਹਿਰ ਨੂੰ ਕੱਢ ਸਕਦੇ ਹਾਂ ਜਾਂ ਆਪ ਹੀ ਨਹੀਂ ਕਢਣਾ ਚਾਹੁੰਦੇ?
-ਨਿਮਰਤ ਕੌਰ