ਪਹਿਲੀ ਨਵੰਬਰ ਨੂੰ ਸਾਰੀਆਂ ਪਾਰਟੀਆਂ ਦੇ ਲੀਡਰ ਇਕੱਠੇ ਹੋਣ ਪਰ ਚਿੱਕੜ ਖੇਡ ਲਈ ਨਹੀਂ, ਮਸਲਿਆਂ ਦੇ ਸਾਂਝੇ ਹੱਲ ਲਈ

ਏਜੰਸੀ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ‘ਆਮ ਆਦਮੀ’ ਦਾ ਰਾਜ ਹੈ ਤੇ ਉਹ ਜਿਵੇਂ ਚਾਹੁਣ ਸੂਬੇ ਦੀਆਂ ਵਾਗਾਂ ਮੋੜ ਸਕਦੇ ਹਨ।

File Photo

ਪੰਜਾਬ ਵਿਧਾਨ ਸਭਾ ਦਾ ਇਕ ਵਿਸ਼ੇਸ਼ ਸੈਸ਼ਨ ਬੁਲਾਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਹੁਣ ਪਹਿਲੀ ਨਵੰਬਰ ਨੂੰ ਇਕ ਅੰਤਰ-ਪਾਰਟੀ ਵਾਰਤਾਲਾਪ ਵਾਸਤੇ ਤਿਆਰ ਹੋ ਰਹੀ ਹੈ। ਇਸ ਦੌੜ ਵਿਚ ‘ਸੱਭ ਤੋਂ ਵੱਡਾ ਪੰਜਾਬ ਪ੍ਰੇਮੀ’ ਅਖਵਾਉਣ ਦੀ ਝਾਕ ਵਿਚ ਆਗੂ ਅਪਣੀ ਅਪਣੀ ਨਵੀਂ ਯੋਜਨਾ ਲੈ ਕੇ ਬਾਹਰ ਆ ਰਹੇ ਹਨ। ਕੁੱਝ ਲੀਡਰ ਇਕ ਦੂਜੇ ਨੂੰ ਨੀਵਾਂ ਵਿਖਾਉਣ ਵਿਚ ਜੁਟੇ ਹੋਏ ਹਨ।

ਸੋਸ਼ਲ ਮੀਡੀਆ ਉਤੇ ਇਕ ਦੂਜੇ ਵਲ ਚਿੱਕੜ ਉਲਾਰਦੇ ਹਨ। ਕਈ ਆਗੂਆਂ ਦੇ ਮੂੰਹੋਂ ਇਹ ਸੁਣਨਾ ਬੜਾ ਅਜੀਬ ਲਗਦਾ ਹੈ ਜਦੋਂ ਉਹ ਆਖਦੇ ਹਨ ਕਿ ‘‘ਮੈਂ ਉਸ ਵਕਤ ਤਕ ਚੈਨ ਨਹੀਂ ਲਵਾਂਗਾ ਜਦ ਤਕ ਪੰਜਾਬ ਸਹੀ ਰਾਹ ’ਤੇ ਨਹੀਂ ਪੈ ਜਾਂਦਾ।’’ ਇਹ ਅਜੀਬ ਇਸ ਕਰ ਕੇ ਲਗਦਾ ਹੈ ਕਿਉਂਕਿ ਅੱਜ ਜਿਹੜੇ ਲੋਕ ਵਿਰੋਧੀ ਧਿਰ ਵਿਚ ਬੈਠ ਕੇ ਪੰਜਾਬ ਦੇ ਮਸਲੇ ਹੱਲ ਕਰਨ ਦੀ ਗੱਲ ਕਰ ਰਹੇ ਹਨ, ਉਹ ਬੜੀ ਦੇਰ ਸੱਤਾ ਵਿਚ ਵੀ ਰਹਿ ਚੁੱਕੇ ਹਨ ਤੇ ਜੇ ਉਹ ਕੁਰਸੀ ’ਤੇ ਬੈਠ ਕੇ ਇਸ ਮਸਲੇ ਦਾ ਹੱਲ ਨਹੀਂ ਕਰ ਸਕੇ ਤਾਂ ਫਿਰ ਵਿਰੋਧੀ ਧਿਰ ਵਿਚ ਬੈਠ ਕੇ ਪੰਜਾਬ ਦੇ ਲੋਕਾਂ ਨੂੰ ਸਤਾਉਣ ਦਾ ਉਨ੍ਹਾਂ ਨੂੰ ਕੀ ਹੱਕ ਹੈ?

ਅੱਜ ਜਿਹੜਾ ਜਿਹੜਾ ਆਗੂ ਵਿਰੋਧੀ ਧਿਰ ਵਿਚੋਂ ਖੜਾ ਹੋ ਕੇ ਦਾਅਵਾ ਕਰਦਾ ਹੈ ਕਿ ਉਹ ਅਪਣੀ ਵਿਧਾਇਕ ਵਾਲੀ ਸੀਟ ਤੋਂ ਵੀ ਹਾਰ ਗਿਆ ਸੀ, ਉਹ ਸਾਬਕਾ ਮੁੱਖ ਮੰਤਰੀ ਡਾ. ਚੰਨੀ ਵਲੋਂ ਸਟੇਜ ਤੋਂ ਬੋਲਿਆ ਸੱਚ ਯਾਦ ਰੱਖ ਲਵੇ ਕਿ ਜੇ ਰਾਜ ਅਪਣੇ ਕੋਲ ਹੋਣ ਵੇਲੇ ਇਕੱਠੇ ਰਹਿੰਦੇ ਤਾਂ ਅੱਜ ਇਹ ਨੌਬਤ ਕਦੇ ਨਾ ਆਉਂਦੀ।

ਪਰ ਇਕੱਠੇ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਸਿਰਫ਼ ਮੰਚਾਂ ’ਤੇ ਇਕੱਠੇ ਹੁੰਦੇ ਬਲਕਿ ਸਰਕਾਰ ਚਲਾਉਣ ਵਕਤ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਣ ਦੀ ਕੋਸ਼ਿਸ਼ ਕਰਦਿਆਂ, ਇਕ-ਦੂਜੇ ਦੀ ਪਿੱਠ ਵਿਚ ਖ਼ੰਜਰ ਖੋਭਣ ਵਿਚ ਹੀ ਨਾ ਲੱਗੇ ਰਹਿੰਦੇ ਸਗੋਂ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਜੇ ਇਕੱਠੇ ਹੋ ਕੇ ਬੈਠਦੇ ਤਾਂ ਪੰਜਾਬ ਦਾ ਇਹ ਹਾਲ ਨਹੀਂ ਸੀ ਹੋਣਾ।

ਜੇ ਇਕ ਕੈਬਨਿਟ ਮੰਤਰੀ ਨੂੰ ਰਾਜ ਕਰਦੇ ਸਮੇਂ ਪੰਜ ਸਾਲਾਂ ਵਿਚ ਇਹ ਨਾ ਪਤਾ ਲੱਗ ਸਕਿਆ ਕਿ ਪੰਜਾਬ ਵਿਚ ਪਾਣੀ ਖ਼ਤਮ ਹੋ ਰਿਹਾ ਹੈ ਤਾਂ ਉਸ ਦੇ  ਹੁਣ ਦੇ ਬਿਆਨਾਂ ਤੇ ਵਿਸ਼ਵਾਸ ਕਿਉਂ ਕੀਤਾ ਜਾਵੇ? ਹਰ ਆਗੂ ਦੀ ਤਾਕਤ ਉਸ ਦੇ ਵੋਟਰ ਹੁੰਦੇ ਹਨ ਪਰ ਜੇ ਵੋਟਰ ਹੀ ਉਸ ਲੀਡਰ ਨੂੰ ਨਕਾਰ ਦੇਣ ਤਾਂ ਫਿਰ ਕੀ ਉਸ ਤੋਂ ਪੰਜਾਬ ਦੇ ਮਸਲਿਆਂ ਦਾ ਹੱਲ ਲੱਭਣ ਦੀ ਉਮੀਦ ਕਰਨੀ ਬਣਦੀ ਵੀ ਹੈ?

ਅੱਜ ‘ਆਮ ਆਦਮੀ’ ਦਾ ਰਾਜ ਹੈ ਤੇ ਉਹ ਜਿਵੇਂ ਚਾਹੁਣ ਸੂਬੇ ਦੀਆਂ ਵਾਗਾਂ ਮੋੜ ਸਕਦੇ ਹਨ। ਪਹਿਲੀ ਨਵੰਬਰ ਦੀ ਮਹਾਂ ਡੀਬੇਟ ਕਰਵਾ ਸਕਦੇ ਹਨ, ਵਿਸ਼ੇਸ਼ ਸੈਸ਼ਨ ਸੱਦ ਸਕਦੇ ਹਨ ਪਰ ਕਰਵਾ ਕਿਉਂ ਰਹੇ ਹਨ, ਇਸ ਦਾ ਜਵਾਬ ਲੋਕ ਮੰਗਣਗੇ। ਉਨ੍ਹਾਂ ਨੂੰ ਲਗਦਾ ਹੈ ਕਿ ਇਸ ਤਰ੍ਹਾਂ ਪੰਜਾਬ ਉਤੇ ਬੀਤੇ ਦਿਨ ਵਿਚ ਰਾਜ ਕਰਦੇ ਰਹੇ ਸਿਆਸੀ ਆਗੂਆਂ ਨੂੰ ਨੀਵਾਂ ਵਿਖਾ ਸਕਣਗੇ

ਪਰ ਜਦ ਲੋਕਾਂ ਨੇ ‘ਆਪ’ ਨੂੰ ਜਿਤਾ ਦਿਤਾ, ਫਿਰ ਇਨ੍ਹਾਂ ਗੱਲਾਂ ਦਾ ਕੀ ਫ਼ਾਇਦਾ? ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਇਕ ਬੜਾ ਵਧੀਆ ਮੌਕਾ ਹੈ ਕਿ ਉਹ ਪੰਜਾਬ ਦੇ ਮਸਲਿਆਂ ਦਾ ਹੱਲ ਕੱਢ ਵਿਖਾਵੇ। ਗੁੰਝਲਦਾਰ ਮੁੱਦਿਆਂ ਨੂੰ ਸੁਲਝਾਉਣ ਵਾਸਤੇ ਸ਼ਾਂਤੀ ਨਾਲ ਕੰਮ ਕਰਨ ਦੀ ਲੋੜ ਹੈ ਪਰ ਜੇ ਉਹ ਇਸ ਚਿੱਕੜ ਖੇਡ ਵਿਚ ਪੈ ਗਏ ਤਾਂ ਫਿਰ ਯਾਦ ਰੱਖਣ ਕਿ ਚਿੱਕੜ ਸੁੱਟਣ ਵਾਲੇ ਦੇ ਹੱਥ ਵੀ ਸਾਫ਼ ਨਹੀਂ ਰਹਿੰਦੇ।

ਪੰਜਾਬ ਵਾਸੀ ਆਸ ਕਰਦੇ ਹਨ ਕਿ ਕੋਈ ਸੱਚਾ ਤੇ ਹਮਦਰਦ ਆਗੂ ਉਨ੍ਹਾਂ ਦੇ ਮਸਲੇ ਹੱਲ ਕਰੇ। ਜੇ ਇਹ ਮੌਕਾ ਵੀ ਇਨ੍ਹਾਂ ਦਾ ਬਿਆਨ-ਬਾਜ਼ੀਆਂ ਵਿਚ ਹੀ ਬੀਤ ਗਿਆ ਤਾਂ ਫਿਰ ਮੁਹੰਮਦ ਰਫ਼ੀ ਦਾ ਗਾਇਆ ਫ਼ਿਲਮੀ ਗੀਤ ਹੀ ਗੁਣਗੁਣਾਉਂਦੇ ਰਹਿਣਾ ਪਵੇਗਾ ਕਿ ‘‘ਜ਼ਿੰਦਗੀ ਕੇ ਸਫ਼ਰ ਮੇ ਗੁਜ਼ਰ ਜਾਤੇ ਹੈ ਜੋ ਮੁਕਾਮ, ਵੋਹ ਫਿਰ ਨਹੀਂ ਆਤੇ, ਵੋਹ ਫਿਰ ਨਹੀਂ ਆਤੇ।’’                 - ਨਿਮਰਤ ਕੌਰ