ਭਾਰਤ ਵਿਚ ਕੋਵਿਡ ਦੀ ਮਾਰ ਵਧ ਕਿਉਂ ਰਹੀ ਹੈ ਤੇ ਅੰਤ ਕਦੋਂ ਹੋਵੇਗਾ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪਰ ਇਕ ਹੋਰ ਅੰਕੜੇ ਵਲ ਵੀ ਧਿਆਨ ਦੇਣ ਦੀ ਲੋੜ ਹੈ ਜੋ ਕੋਵਿਡ ਤੋਂ ਪਹਿਲਾਂ ਦਾ ਹੈ। ਭਾਰਤ ਵਿਚ 22 ਫ਼ੀ ਸਦੀ ਮੌਤਾਂ ਦਾ ਮੌਤ ਸਰਟੀਫ਼ੀਕੇਟ ਨਹੀਂ ਦਿਤਾ ਜਾਂਦਾ।

Covid in India

ਜਿਵੇਂ ਜਿਵੇਂ ਠੰਢ ਵਧਦੀ ਜਾ ਰਹੀ ਹੈ, ਭਾਰਤ ਵਿਚ ਕੋਵਿਡ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ। ਠੰਢ ਤੋਂ ਜ਼ਿਆਦਾ ਇਸ ਨੂੰ ਭਾਰਤ ਦੇ ਸੱਭ ਤੋਂ ਵੱਡੇ ਤਿਉਹਾਰ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ ਜਦੋਂ ਭਾਰਤ ਦੀ ਆਰਥਕਤਾ ਨੂੰ ਬਚਾਉਣ ਵਾਸਤੇ ਇਕਦਮ ਖੁਲ੍ਹੀ ਛੁਟੀ ਦੇ ਦਿਤੀ ਗਈ ਸੀ। ਸਰਕਾਰਾਂ ਨੂੰ ਤੁਹਾਡੀ ਕਮਾਈ 'ਚੋਂ ਮਿਲਣ ਵਾਲੇ ਟੈਕਸ ਵਿਚਲੇ ਹਿੱਸੇ ਦੀ ਸਖ਼ਤ ਲੋੜ ਸੀ।

ਸੋ ਬਜ਼ਾਰਾਂ ਵਿਚ ਕੋਈ ਰੋਕ ਟੋਕ ਨਹੀਂ ਸੀ। ਦਿੱਲੀ ਦੇ ਬਜ਼ਾਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਥੇ ਭੀੜ ਤਾਂ ਦਿਸਦੀ ਹੀ ਸੀ ਪਰ ਨਾਲ ਹੀ ਇਹ ਵੀ ਦਿਸਦਾ ਸੀ ਕਿ ਲੋਕਾਂ ਨੇ ਅਪਣੇ ਆਪ ਨੂੰ ਸੁਰੱਖਿਅਤ ਰੱਖਣ ਵਾਸਤੇ ਕੋਈ ਮਾਸਕ ਨਹੀਂ ਸੀ ਪਾਇਆ ਹੋਇਆ। ਇਸ ਭੀੜ ਵਿਚ ਸਮਾਜਕ ਦੂਰੀ ਰੱਖਣ ਦੀ ਗੱਲ ਸੋਚੀ ਵੀ ਨਹੀਂ ਸੀ ਜਾ ਸਕਦੀ।

ਦਿੱਲੀ ਤੇ ਮੁੰਬਈ ਭਾਰਤ ਦੇ ਸੱਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ, ਸੱਭ ਤੋਂ ਗੰਦੇ ਤੇ ਤੰਗ ਰਹਿਣ ਸਹਿਣ ਵਾਲੇ ਸ਼ਹਿਰ ਹਨ ਤੇ ਇਨ੍ਹਾਂ ਸ਼ਹਿਰਾਂ ਵਿਚ ਹੀ ਸੱਭ ਤੋਂ ਭਿਆਨਕ ਅਸਰ ਵੀ ਅਸੀ ਵੇਖਿਆ ਹੈ। ਆਉਣ ਵਾਲੇ ਸਮੇਂ ਵਿਚ ਵੀ ਅਸੀ ਇਸੇ ਤਰ੍ਹਾਂ ਦਾ ਹਾਲ ਹੀ ਵੇਖਾਂਗੇ। ਜੇ ਅਮਰੀਕਾ ਵਰਗਾ ਦੇਸ਼ ਇਸ ਵਾਇਰਸ ਸਾਹਮਣੇ ਹਾਰ ਰਿਹਾ ਹੈ ਤਾਂ ਫਿਰ ਸਾਡਾ ਕਮਜ਼ੋਰ ਪੈ ਜਾਣਾ ਵੀ ਲਾਜ਼ਮੀ ਹੈ।

ਹੁਣ ਵਾਰ-ਵਾਰ ਪ੍ਰਚਾਰ ਇਹ ਕੀਤਾ ਜਾ ਰਿਹਾ ਹੈ ਕਿ ਭਾਰਤ ਵਿਚ ਕੋਰੋਨਾ ਤੋਂ ਹੋ ਰਹੀਆਂ ਮੌਤਾਂ ਦਾ ਅੰਕੜਾ ਦੁਨੀਆਂ ਦੇ ਮੁਕਾਬਲੇ ਬਹੁਤ ਘੱਟ ਹੈ। ਭਾਰਤ ਦਾ ਕਹਿਣਾ ਹੈ ਕਿ ਮੌਤਾਂ ਕੇਵਲ 1.7 ਫ਼ੀ ਸਦੀ ਮਰੀਜ਼ਾਂ ਦੀਆਂ ਹੀ ਹੋਈਆਂ। ਅਮਰੀਕਾ ਵਿਚ 3 ਫ਼ੀ ਸਦੀ ਤੇ ਇੰਗਲੈਂਡ ਵਿਚ 11 ਫ਼ੀ ਸਦੀ ਮਰੀਜ਼ ਮਰੇ। ਹੁਣ ਇਹ ਅੰਕੜੇ ਵੇਖ ਕੇ ਹਰ ਇਕ ਨੂੰ ਇਹੀ ਜਾਪਦਾ ਹੋਵੇਗਾ ਕਿ ਭਾਰਤੀਆਂ ਦੀ ਇਮਿਊਨਿਟੀ ਉਨ੍ਹਾਂ ਨੂੰ ਮੌਤ ਤੋਂ ਬਚਾਉਂਦੀ ਹੈ।

ਇਹ ਸੁਣ ਪੜ੍ਹ ਕੇ ਹੀ ਹਰ ਭਾਰਤੀ ਅਪਣੇ ਆਪ ਨੂੰ ਸੁਰੱਖਿਅਤ ਸਮਝਣ ਲੱਗ ਪੈਂਦਾ ਹੈ ਤੇ ਅਪਣਾ ਮਾਸਕ ਨਹੀਂ ਧਾਰਨ ਕਰਦਾ। ਪਰ ਇਕ ਹੋਰ ਅੰਕੜੇ ਵਲ ਵੀ ਧਿਆਨ ਦੇਣ ਦੀ ਲੋੜ ਹੈ ਜੋ ਕੋਵਿਡ ਤੋਂ ਪਹਿਲਾਂ ਦਾ ਹੈ। ਭਾਰਤ ਵਿਚ 22 ਫ਼ੀ ਸਦੀ ਮੌਤਾਂ ਦਾ ਮੌਤ ਸਰਟੀਫ਼ੀਕੇਟ ਨਹੀਂ ਦਿਤਾ ਜਾਂਦਾ। ਦਿੱਲੀ ਵਰਗੇ ਸ਼ਹਿਰ ਵਿਚ 68 ਫ਼ੀ ਸਦੀ ਮੌਤਾਂ ਹੀ ਮੌਤ ਰਜਿਸਟਰ ਵਿਚ ਦਰਜ ਕੀਤੀਆਂ ਜਾਂਦੀਆਂ ਹਨ।

ਫਿਰ ਭਾਰਤ ਵਿਚ ਕੋਵਿਡ ਨਾਲ ਹੋਈ ਮੌਤ ਤਾਂ ਹੀ ਮੰਨੀ ਜਾਂਦੀ ਹੈ ਜਦ ਕੋਵਿਡ ਟੈਸਟ ਕੀਤਾ ਜਾਂਦਾ ਹੈ। ਜਦ ਟੈਸਟ ਹੀ ਘੱਟ ਗਏ ਤੇ ਮੌਤ ਹੋ ਗਈ ਤਾਂ ਭਾਵੇਂ ਕੋਈ ਕੋਵਿਡ ਨਾਲ ਹੀ ਮਰ ਜਾਏ, ਉਹ ਗਿਣਤੀ ਵਿਚ ਨਹੀਂ ਆਉਂਦਾ। ਇਸੇ ਕਰ ਕੇ ਪੰਜਾਬ ਵਿਚ ਮੌਤ ਦਾ ਅੰਕੜਾ ਦੇਸ਼ ਵਿਚ ਸੱਭ ਤੋਂ ਵੱਧ ਹੈ ਕਿਉਂਕਿ ਪੰਜਾਬ ਦੇ ਪਿੰਡ ਵੀ ਦੇਸ਼ ਦੇ ਕਈ ਸ਼ਹਿਰਾਂ ਨਾਲੋਂ ਬਿਹਤਰ ਹਨ ਤੇ ਇਥੇ ਗੱਲ ਛੁਪਾਈ ਜਾਣੀ ਸੌਖੀ ਨਹੀਂ।

ਸੋ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਤੁਹਾਡੀ ਜਾਣਕਾਰੀ ਤੇ ਸਰਕਾਰੀ ਤੌਰ ਤੇ ਦਸੀਆਂ ਮੌਤਾਂ ਨਾਲੋਂ ਵੱਧ ਹੋ ਸਕਦੀਆਂ ਹਨ। ਇਹ ਸਰਕਾਰਾਂ ਵਲੋਂ ਛੁਪਾਇਆ ਜਾ ਰਿਹਾ ਸੱਚ ਨਹੀਂ ਹੁੰਦਾ ਬਲਕਿ ਸਾਡਾ ਸਮਾਜ ਹੀ ਸੱਚ ਨੂੰ ਲੁਕਾਉਣ ਵਿਚ ਯਕੀਨ ਰਖਦਾ ਹੈ। ਤੁਹਾਡੇ ਆਸ ਪਾਸ ਕਈ ਮਿਸਾਲਾਂ ਹੋਣਗੀਆਂ ਜਦ ਕੁੱਝ ਲੋਕਾਂ ਨੇ, ਕਿਸੇ ਬਾਹਰਲੇ ਨੂੰ ਕੁੱਝ ਪਤਾ ਹੀ ਨਹੀਂ ਲੱਗਣ ਦਿਤਾ ਹੋਵੇਗਾ ਕਿ ਉਹ ਕੋਰੋਨਾ ਪੀੜਤ ਹਨ।

ਵਿਸ਼ਾਲ ਭਾਰਤ ਵਿਚ ਸਿਰਫ਼ 3-5 ਫ਼ੀ ਸਦੀ ਲੋਕ ਹੀ ਹੁੰਦੇ ਹਨ ਜਿਨ੍ਹਾਂ ਲਈ ਖ਼ਤਰਾ ਬਣਦਾ ਹੈ ਪਰ ਏਨੇ ਕੁ ਲੋਕ ਤਾਂ ਸਾਡੀ ਵਿਸ਼ਾਲ ਅਬਾਦੀ ਵਿਚ ਆਟੇ ਵਿਚ ਲੂਣ ਬਰਾਬਰ ਹੁੰਦੇ ਹਨ ਜੋ ਛੁਪ ਸਕਦੇ ਹਨ। ਹੁਣ ਕੋਰੋਨਾ ਦੀਆਂ ਵੈਕਸੀਨਾਂ ਵੀ ਆ ਰਹੀਆਂ ਹਨ ਜੋ 90 ਫ਼ੀ ਸਦੀ ਤੋਂ 95 ਫ਼ੀ ਸਦੀ ਤਕ ਅਸਰਦਾਰ ਸਾਬਤ ਹੋ ਰਹੀਆਂ ਹਨ। ਭਾਰਤ ਵਿਚ ਆਕਸਫ਼ੋਰਡ ਦੀ ਬਣਾਈ ਵੈਕਸੀਨ ਵਲ ਝੁਕਾਅ ਹੈ ਕਿਉਂਕਿ ਉਹ ਸਸਤੀ ਵੀ ਹੈ ਤੇ ਫ਼ਰਿੱਜ ਵਿਚ ਵੀ ਰੱਖੀ ਜਾ ਸਕਦੀ ਹੈ। ਉਸ ਦੇ ਮੁਕਾਬਲੇ ਫ਼ਾਈਜ਼ਰ ਜਾਂ ਮੋਡੋਨਾ ਮਹਿੰਗੀ ਵੀ ਹੈ ਤੇ ਮਾਈਨਸ 70 ਡਿਗਰੀ ਤਾਪਮਾਨ ਤੇ ਰਖਣੀ ਪਵੇਗੀ।

ਸੋ ਭਾਰਤ ਦੇ ਹਾਲਾਤ ਨੂੰ ਵੇਖਦੇ ਹੋਏ ਆਕਸਫ਼ੋਰਡ ਦੀ ਵੈਕਸੀਨ ਨੂੰ ਵਰਤਣ ਦੀ ਤਿਆਰੀ ਹੈ। ਜੇ ਸਾਰੇ ਸਿਸਟਮ ਵਿਚ ਦੇਰੀ ਨਾ ਹੋਈ ਤਾਂ 10 ਕਰੋੜ ਵੈਕਸੀਨ ਤਿਆਰ ਹੋ ਜਾਵੇਗੀ। ਸੋ ਹੁਣ ਕੀ ਸਮਝੀਏ ਕਿ ਕੋਰੋਨਾ ਕਾਲ ਖ਼ਤਮ ਹੋ ਜਾਏਗਾ? ਇਹ ਜਾਣਨ ਲਈ ਪੁਰਾਣੇ ਵੈਕਸੀਨਾਂ ਵਲ ਵੇਖੋ। ਨਮੋਨੀਆ ਜਾਂ ਪੋਲੀਉ ਦੀ ਵੈਕਸੀਨ।

ਨਮੋਨੀਆ ਦੀ ਵੈਕਸੀਨ ਕਮਜ਼ੋਰ ਫੇਫੜਿਆਂ ਵਾਲਿਆਂ ਨੂੰ ਹਰ ਸਾਲ ਜਾਂ ਛੇ ਮਹੀਨੇ ਬਾਅਦ ਲਗਾਉਣੀ ਪੈਂਦੀ ਹੈ ਤੇ ਉਸ ਨਾਲ ਵੀ ਕੁੱਝ ਹੱਦ ਤਕ ਹੀ ਨਮੋਨੀਆ ਤੋਂ ਬਚਾਅ ਹੋ ਸਕਦਾ ਹੈ। ਪੋਲਿਉ ਨੂੰ ਦੁਨੀਆਂ ਤੋਂ ਹਟਾਉਣ ਵਿਚ ਸਦੀਆਂ ਲੱਗ ਗਈਆਂ ਤੇ ਅੱਜ ਵੀ ਇੱਕਾ ਦੁੱਕਾ ਕੇਸ ਆ ਜਾਂਦਾ ਹੈ।

ਕੋਵਿਡ ਦੀ ਵੈਕਸੀਨ 90 ਫ਼ੀ ਸਦੀ ਤਕ ਸਫ਼ਲ ਹੈ ਪਰ ਇਹ ਨਹੀਂ ਪਤਾ ਕਿ ਕਿੰਨੇ ਸਮੇਂ ਤਕ ਬਚਾਅ ਕਰ ਸਕੇਗੀ। ਅੱਜ ਦੀ ਤਰੀਕ ਵਿਚ ਸਾਰੇ ਤੱਥ, ਅੰਕੜੇ ਸਮਝ ਕੇ ਸਿਰਫ਼ ਇਕ ਗੱਲ ਦਾ ਧਿਆਨ ਰੱਖੋ ਕਿ ਤੁਹਾਡੀ ਸੁਰੱਖਿਆ ਇਕ ਮਾਸਕ ਵਿਚ 90 ਫ਼ੀ ਸਦੀ ਤੋਂ ਵੱਧ ਹੈ ਤੇ ਉਹ ਤੁਹਾਡੇ ਅਪਣੇ ਹੱਥ ਵਿਚ ਹੈ।        
                             - ਨਿਮਰਤ ਕੌਰ