ਨਸੀਰੂਦੀਨ ਨੇ ਮੁਸਲਮਾਨਾਂ ਦੇ ਦਿਲ ਦੀ ਗੱਲ ਦੱਸ ਭਾਰਤ ਦਾ ਭਲਾ ਹੀ ਕੀਤਾ ਹੈ, ਨੁਕਸਾਨ ਕੋਈ ਨਹੀਂ ਕੀਤਾ
ਹਿੰਦੂਆਂ ਦਾ ਇਕ ਵਰਗ, ਨਫ਼ਰਤ ਦਾ ਸ਼ਿਕਾਰ ਬਣ ਕੇ, ਅਪਣੇ ਹੀ ਦਲਿਤ ਵਰਗਾਂ ਤੋਂ ਡਰਦਾ ਹੋਇਆ, ਅਪਣੇ ਆਪ ਨੂੰ ਬਚਾਉਣ ਵਿਚ ਲੱਗਾ ਹੋਇਆ ਹੈ.........
ਹਿੰਦੂਆਂ ਦਾ ਇਕ ਵਰਗ, ਨਫ਼ਰਤ ਦਾ ਸ਼ਿਕਾਰ ਬਣ ਕੇ, ਅਪਣੇ ਹੀ ਦਲਿਤ ਵਰਗਾਂ ਤੋਂ ਡਰਦਾ ਹੋਇਆ, ਅਪਣੇ ਆਪ ਨੂੰ ਬਚਾਉਣ ਵਿਚ ਲੱਗਾ ਹੋਇਆ ਹੈ। ਪਰ ਉਨ੍ਹਾਂ ਦਾ ਡਰ ਸੋਚ ਵਿਚੋਂ ਨਹੀਂ ਉਪਜਿਆ, ਸਿਆਸਤ ਦੀ ਖੇਡ 'ਚੋਂ ਉਪਜਿਆ ਹੈ ਤੇ ਵੋਟ-ਵੰਡ 'ਚੋਂ ਨਿਕਲਿਆ ਹੈ। ਅਤੇ ਹਿੰਦੂ ਧਰਮ ਦਾ ਦੂਜਾ ਵਰਗ ਅਪਣੇ ਧਰਮ ਦੀ ਇਸ ਪਰਿਭਾਸ਼ਾ ਤੋਂ ਘਬਰਾ ਰਿਹਾ ਹੈ। ਘੱਟਗਿਣਤੀ ਵਾਲੇ ਲੋਕ ਡਰੇ ਹੋਏ ਹਨ। ਬਹੁਗਿਣਤੀ ਵਾਲੇ ਵੀ ਡਰੇ ਹੋਏ ਹਨ ਪਰ ਡਰ ਦੇ ਅਸਲ ਕਾਰਨ ਬਾਰੇ ਸਪੱਸ਼ਟ ਕੋਈ ਵੀ ਨਹੀਂ। ਅਸਲ ਵਿਚ ਅੱਜ ਭਾਰਤ ਨੂੰ ਇਕ-ਦੂਜੇ ਦੀ ਗੱਲ ਸੁਣਨ ਦੀ ਸਮਝ ਚਾਹੀਦੀ ਹੈ ਨਾਕਿ ਸਿਆਸੀ ਭਾਸ਼ਣਾਂ ਦੀ, ਜੋ ਸਵਾਰਥ ਨਾਲ ਭਰੇ ਹੋਏ ਹੁੰਦੇ ਹਨ।
ਨਸੀਰੂਦੀਨ ਸ਼ਾਹ ਵਲੋਂ ਅਪਣੇ ਦਿਲ ਦੀ ਗੱਲ ਕਹਿਣ ਤੇ ਭਾਰਤ ਵਿਚ ਇਕ ਨਵਾਂ ਵਿਵਾਦ ਛਿੜ ਗਿਆ ਹੈ (ਭਲਾ ਦਿਲ ਦੀ ਗੱਲ ਕਹਿਣ ਦਾ ਹੱਕ ਘੱਟ-ਗਿਣਤੀਆਂ ਨੂੰ ਕਿਸ ਨੇ ਦਿਤਾ ਹੈ? ਦਿਲ ਦੀ ਗੱਲ ਤਾਂ ਬਹੁਗਿਣਤੀ ਨੂੰ ਹੀ ਕਰਨ ਦਾ ਹੱਕ ਹੈ ਇਸ ਦੇਸ਼ ਵਿਚ ਇਸ ਵੇਲੇ)। ਕਈਆਂ ਨੇ ਤਾਂ ਇਹ ਕਹਿਣਾ ਵੀ ਸ਼ੁਰੂ ਕਰ ਦਿਤਾ ਹੈ ਕਿ ਨਸੀਰੂਦੀਨ ਪਾਕਿਸਤਾਨ ਚਲਾ ਜਾਵੇ। ਇਸੇ ਤਰ੍ਹਾਂ ਆਮਿਰ ਖ਼ਾਨ ਦੀ ਪਤਨੀ ਨੇ ਵੀ ਪਿਛਲੇ ਸਾਲ ਆਖਿਆ ਸੀ ਕਿ ਉਹ ਹੁਣ ਭਾਰਤ ਵਿਚ ਮਹਿਫ਼ੂਜ਼ ਮਹਿਸੂਸ ਨਹੀਂ ਕਰਦੀ ਅਤੇ ਉਸ ਵਿਰੁਧ ਵੀ ਨਫ਼ਰਤੀ ਬਿਆਨਬਾਜ਼ੀ ਦਾ ਹੜ੍ਹ ਆ ਗਿਆ ਸੀ। ਕੀ ਇਨ੍ਹਾਂ ਭਾਰਤੀ ਮੁਸਲਮਾਨਾਂ ਦੇ ਮਨਾਂ ਵਿਚ ਡਰ ਪੈਦਾ ਹੋਣਾ ਗ਼ਲਤ ਹੈ?
ਪਰ ਜੇ ਡਰ ਗ਼ਲਤ ਵੀ ਹੈ ਤਾਂ ਕੀ ਇਸ 'ਗ਼ਲਤ ਡਰ' ਦਾ ਇਜ਼ਹਾਰ ਕਰਨਾ ਵੀ ਪਾਪ ਹੈ ਜਾਂ ਦੇਸ਼-ਧ੍ਰੋਹ ਹੈ? ਜੇ ਉਨ੍ਹਾਂ ਦਾ ਇਜ਼ਹਾਰ ਕਰਨਾ ਗ਼ਲਤ ਹੈ ਤਾਂ ਕੀ ਉਨ੍ਹਾਂ ਨੂੰ ਪਾਕਿਸਤਾਨ ਚਲੇ ਜਾਣ ਦੀ ਨਸੀਹਤ ਦੇਣਾ ਗ਼ਲਤ ਨਹੀਂ ਹੈ? ਨਸੀਹਤ ਤਾਂ ਛੋਟੀ ਗੱਲ ਹੈ, ਉੱਤਰ ਪ੍ਰਦੇਸ਼ ਦੇ ਇਕ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਇਕ ਨੇ ਤਾਂ ਨਸੀਰੂਦੀਨ ਨੂੰ ਪਾਕਿਸਤਾਨੀ ਏਜੰਟ ਤਕ ਕਹਿ ਦਿਤਾ ਅਤੇ ਉੱਤਰ ਪ੍ਰਦੇਸ਼ ਦੀ ਹਿੰਦੂ ਯੁਵਾ ਵਾਹਨੀ ਨੇ ਨਸੀਰੂਦੀਨ ਨੂੰ 50 ਹਜ਼ਾਰ ਦਾ ਚੈੱਕ ਭੇਜ ਕੇ ਪਾਕਿਸਤਾਨ ਦੀ ਟਿਕਟ ਦਾ ਕਿਰਾਇਆ ਦਾਨ ਵਜੋਂ ਭੇਂਟ ਕਰ ਦਿਤਾ।
ਅਪਣੇ ਦੇਸ਼ ਦੀ ਸਿਫ਼ਤ ਕਰਨਾ ਸਹੀ ਹੈ ਪਰ ਸੱਚ ਬਿਆਨ ਕਰਨਾ ਵੀ ਗ਼ਲਤ ਤਾਂ ਨਹੀਂ ਬਣ ਜਾਂਦਾ। ਜਦੋਂ 80ਵਿਆਂ ਵਿਚ ਸਿੱਖ ਨੌਜਵਾਨਾਂ ਨੂੰ ਘਰੋਂ ਕੱਢ ਕੇ ਮਾਰਿਆ ਜਾਂਦਾ ਸੀ, ਜਦੋਂ '84 ਵਿਚ ਕੇਸਾਂ ਦੀ ਪਛਾਣ ਸਿੱਖਾਂ ਵਾਸਤੇ ਮੌਤ ਦਾ ਕਾਰਨ ਬਣ ਗਈ ਸੀ, ਕਿੰਨੇ ਸਿੱਖ ਦਿੱਲੀ ਛੱਡ ਕੇ ਪੰਜਾਬ ਅਤੇ ਫਿਰ ਪੰਜਾਬ ਤੋਂ ਭੱਜ ਕੇ ਵਿਦੇਸ਼ਾਂ ਵਿਚ ਵਸ ਗਏ ਸਨ। ਅਤੇ ਜੇ ਅੱਜ ਇਸੇ ਤਰ੍ਹਾਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਇਸ ਡਰ ਬਾਰੇ ਆਵਾਜ਼ ਚੁੱਕਣ ਵਾਲਾ ਗ਼ਲਤ ਹੈ ਜਾਂ ਇਸ ਆਵਾਜ਼ ਨੂੰ ਧਮਕੀਆਂ ਦੇ ਕੇ ਜਾਂ ਊਜਾਂ ਲਾ ਕੇ ਦਬਾਉਣ ਦੀ ਹਮਾਕਤ ਕਰਨ ਵਾਲਾ ਗ਼ਲਤ ਹੈ?
ਹਾਂ, ਇਸ ਨਾਲ ਪਾਕਿਸਤਾਨ ਨੂੰ ਘੱਟਗਿਣਤੀਆਂ ਦਾ ਨਾਂ ਲੈ ਕੇ ਭਾਰਤ ਬਾਰੇ ਇਕ ਤਾਅਨਾ ਮਾਰਨ ਦਾ ਮੌਕਾ ਜ਼ਰੂਰ ਮਿਲ ਗਿਆ ਹੈ। ਪਰ ਸਿਰਫ਼ ਇਮਰਾਨ ਦੇ ਮਿਹਣੇ ਦੀ ਹੀ ਏਨੀ ਚਰਚਾ ਕਿਉਂ ਹੈ? ਕੌਮਾਂਤਰੀ ਪਿੜਾਂ ਅੰਦਰ ਅਤੇ ਖ਼ਾਸ ਤੌਰ ਤੇ ਕੌਮਾਂਤਰੀ ਮੀਡੀਆ ਵਿਚ ਘੱਟ-ਗਿਣਤੀਆਂ ਨੂੰ ਲੈ ਕੇ, ਭਾਰਤ ਬਾਰੇ ਅਕਸਰ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਕਿ ਇਹ ਦੇਸ਼ ਹਿੰਦੂ ਕੱਟੜਵਾਦ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਗਿਆ ਹੈ ਤੇ ਇਥੇ ਘੱਟ-ਗਿਣਤੀਆਂ ਦਾ ਭਵਿੱਖ ਬਹੁਤ ਉਜਲਾ ਨਹੀਂ ਰਹਿ ਸਕੇਗਾ। ਐਨ.ਸੀ.ਆਰ.ਬੀ. ਦੇ ਅੰਕੜੇ ਹੀ ਦਸਦੇ ਹਨ
ਕਿ ਗਊ ਹਤਿਆ ਦੇ ਨਾਂ ਤੇ 90% ਤੋਂ ਵੱਧ ਘੱਟ-ਗਿਣਤੀ ਲੋਕਾਂ ਨੂੰ ਕਤਲ ਕਰਨ ਦੇ ਮਾਮਲੇ ਭਾਜਪਾ ਰਾਜ ਦੇ ਆਉਣ ਤੋਂ ਬਾਅਦ ਸ਼ੁਰੂ ਹੋਏ ਹਨ। ਸੋ ਜਿਹੜੀ ਨਸਲਕੁਸ਼ੀ ਕਦੇ ਸਰਕਾਰ ਵਲੋਂ ਅਤਿਵਾਦ ਨੂੰ ਕੁਚਲਣ ਦੇ ਨਾਂ ਤੇ ਜਾਂ ਦੰਗਿਆਂ ਦੇ ਨਾਂ ਤੇ ਸਿੱਖਾਂ ਦੀ ਹੁੰਦੀ ਸੀ, ਉਹ ਅੱਜ ਮੁਸਲਮਾਨਾਂ ਦੀ ਹੋ ਰਹੀ ਹੈ। ਭਾਵੇਂ ਸਿੱਖਾਂ ਵੇਲੇ ਦੇਸ਼ ਨੇ ਚੁੱਪੀ ਧਾਰਨ ਕਰ ਲਈ ਸੀ ਪਰ ਕੀ ਅੱਜ ਵੀ ਮੁੜ ਤੋਂ ਚੁੱਪੀ ਧਾਰੀ ਰਖਣੀ ਦੇਸ਼ ਵਾਸਤੇ ਠੀਕ ਹੈ?
ਭਾਰਤ ਦੇ ਇਤਿਹਾਸ ਦੇ ਸੱਭ ਤੋਂ ਹਸੀਨ ਪਲ ਸ਼ਾਇਦ ਆਜ਼ਾਦੀ ਦੀ ਲੜਾਈ ਦੇ ਰਹੇ ਹੋਣਗੇ ਕਿਉਂਕਿ ਸਾਰੇ ਦੇਸ਼ਵਾਸੀਆਂ ਨੇ ਅਪਣੇ ਨਿਜੀ ਮਤਭੇਦ ਭੁਲਾ ਕੇ 'ਸੱਭ' ਬਾਰੇ ਸੋਚਣਾ ਸ਼ੁਰੂ ਕਰ ਦਿਤਾ ਸੀ। ਜਦੋਂ ਦੇਸ਼ ਇਕਜੁਟ ਹੋਇਆ ਤਾਂ ਤਾਕਤ ਵੀ ਵਧੀ ਅਤੇ ਦੇਸ਼ ਦਾ ਸਨਮਾਨ ਵੀ ਵਧਿਆ। ਏਨੇ ਵਧੀਆ ਆਗੂ ਉਭਰੇ ਸਨ ਕਿ ਉਨ੍ਹਾਂ ਦੇ ਵਿਚਾਰਾਂ ਨੂੰ ਸੰਯੁਕਤ ਰਾਸ਼ਟਰ ਦੇ ਚਾਰਟਰ ਵਿਚ ਵੀ ਸ਼ਾਮਲ ਕੀਤਾ ਗਿਆ:
1. ਔਰਤਾਂ ਦੇ ਹੱਕਾਂ ਨੂੰ ਮਰਦਾਂ ਦੇ ਅਧਿਕਾਰਾਂ ਵਿਚ ਸ਼ਾਮਲ ਕਰ ਦਿਤਾ ਗਿਆ।
2. ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਜਾਣ ਦੀ ਆਜ਼ਾਦੀ।
3. ਕੰਮ ਕਰਨ ਦੀ ਆਜ਼ਾਦੀ।
4. ਧਰਮਨਿਰਪੱਖਤਾ, ਵੱਖ ਵੱਖ ਸਭਿਆਚਾਰਾਂ, ਇਕਜੁਟਤਾ ਅਤੇ ਸੱਭ ਦੇ ਮਨੁੱਖੀ ਹੱਕਾਂ ਅਤੇ ਅਧਿਕਾਰਾਂ ਉਤੇ ਜ਼ੋਰ। ]
ਇਹ ਚਾਰੇ ਗੱਲਾਂ ਭਾਰਤ ਦੇ ਆਗੂਆਂ ਵਲੋਂ ਸੰਯੁਕਤ ਰਾਸ਼ਟਰ ਦੇ ਆਲਮੀ ਮਨੁੱਖੀ ਹੱਕਾਂ ਬਾਰੇ ਦਸਤਾਵੇਜ਼ ਵਿਚ ਸ਼ਾਮਲ ਕਰਵਾਈਆਂ ਗਈਆਂ। ਉਸ ਦੇਸ਼ ਵਿਚ 70 ਸਾਲ ਬਾਅਦ ਅਜੀਬ ਸਥਿਤੀ ਬਣ ਚੁੱਕੀ ਹੈ ਜਿਥੇ ਬਹੁਗਿਣਤੀ ਧਰਮ ਹਿੰਦੂ ਵੀ ਡਰ ਨਾਲ ਕਮਜ਼ੋਰ ਹੋ ਗਿਆ ਹੈ। ਹਿੰਦੂਆਂ ਦਾ ਇਕ ਵਰਗ ਨਫ਼ਰਤ ਦਾ ਸ਼ਿਕਾਰ ਬਣ ਕੇ, ਅਪਣੇ ਹੀ ਦਲਿਤ ਵਰਗਾਂ ਤੋਂ ਡਰਦਾ ਹੋਇਆ, ਅਪਣੇ ਆਪ ਨੂੰ ਬਚਾਉਣ ਵਿਚ ਲੱਗਾ ਹੋਇਆ ਹੈ।
ਪਰ ਉਨ੍ਹਾਂ ਦਾ ਡਰ ਸੋਚ ਵਿਚੋਂ ਨਹੀਂ ਉਪਜਿਆ, ਸਿਆਸਤ ਦੀ ਖੇਡ 'ਚੋਂ ਉਪਜਿਆ ਹੈ ਤੇ ਵੋਟ-ਵੰਡ 'ਚੋਂ ਨਿਕਲਿਆ ਹੈ। ਅਤੇ ਹਿੰਦੂ ਧਰਮ ਦਾ ਦੂਜਾ ਵਰਗ ਅਪਣੇ ਧਰਮ ਦੀ ਇਸ ਪਰਿਭਾਸ਼ਾ ਤੋਂ ਘਬਰਾ ਰਿਹਾ ਹੈ। ਘੱਟਗਿਣਤੀ ਵਾਲੇ ਲੋਕ ਡਰੇ ਹੋਏ ਹਨ। ਬਹੁਗਿਣਤੀ ਵਾਲੇ ਵੀ ਡਰੇ ਹੋਏ ਹਨ ਪਰ ਡਰ ਦੇ ਅਸਲ ਕਾਰਨ ਬਾਰੇ ਸਪੱਸ਼ਟ ਕੋਈ ਵੀ ਨਹੀਂ। ਅਸਲ ਵਿਚ ਅੱਜ ਭਾਰਤ ਨੂੰ ਇਕ-ਦੂਜੇ ਦੀ ਗੱਲ ਸੁਣਨ ਦੀ ਸਮਝ ਚਾਹੀਦੀ ਹੈ ਨਾਕਿ ਸਿਆਸੀ ਭਾਸ਼ਣਾਂ ਦੀ, ਜੋ ਸਵਾਰਥ ਨਾਲ ਭਰੇ ਹੋਏ ਹੁੰਦੇ ਹਨ। -ਨਿਮਰਤ ਕੌਰ