ਅਜੋਕੇ ਮਾਹੌਲ ਵਿਚ, ਦਿਸ਼ਾ ਰਵੀ ਵਰਗੇ ਸਮਾਜ-ਸੇਵੀ ਨੌਜੁਆਨਾਂ ਨੂੰ ਅਦਾਲਤੀ ਦਖ਼ਲ ਹੀ ਬਚਾ ਸਕਦਾ ਹੈ...
ਦਿੱਲੀ ਪੁਲਿਸ ਵਲੋਂ ਜਿਹੜੇ ਇਲਜ਼ਾਮ ਟੂਲਕਿੱਟ ਮਾਮਲੇ ਵਿਚ ਲਗਾਏ ਗਏ (ਖ਼ਾਲਿਸਤਾਨੀ ਤੇ ਦੇਸ਼ਧ੍ਰੋਹੀ ਆਦਿ), ਉਨ੍ਹਾਂ ਸੱਭ ਨੂੰ ਤੱਥਾਂ ਨਾਲ ਅਦਾਲਤ ਨੇ ਝੂਠੇ ਕਰਾਰ ਦਿਤਾ ਹੈ
ਦਿੱਲੀ ਦੀ ਇਕ ਅਦਾਲਤ ਵਲੋਂ ਦਿਤਾ ਗਿਆ ਇਕ ਅਜਿਹਾ ਫ਼ੈਸਲਾ ਸਾਮਹਣੇ ਆਇਆ ਹੈ ਜਿਸ ਨੂੰ ਪੜ੍ਹ ਕੇ ਯਕੀਨ ਬੱਝ ਜਾਂਦਾ ਹੈ ਕਿ ਜੇ ਅਦਾਲਤਾਂ ਚਾਹੁਣ ਤਾਂ ਉਹ ਪੁਲਿਸ ਅਤੇ ਸਿਆਸਤਦਾਨਾਂ ਨੂੰ ਅਪਣਾ ਕਿਰਦਾਰ ਸੰਵਿਧਾਨ ਮੁਤਾਬਕ ਘੜਨ ਲਈ ਮਜਬੂਰ ਕਰ ਸਕਦੀਆਂ ਹਨ। ਬੀਤੇ ਵਿਚ ਦਿੱਲੀ ਹਾਈ ਕੋਰਟ ਵੀ ਇਕ ਵਾਰ ਸਿੱਖ ਨਸਲਕੁਸ਼ੀ ਦੇ ਦਰਦ ਨੂੰ ਇਸੇ ਤਰ੍ਹਾਂ ਸਮਝ ਸਕੀ ਸੀ।
ਇਸੇ ਅਦਾਲਤ ਵਲੋਂ 2020 ਦੇ ਦਿੱਲੀ ਦੰਗਿਆਂ ਨੂੰ ਕਾਬੂ ਕਰਨ ਲਈ ਠੋਸ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਨ ਤੇ ਹੁਣ ਦਿਸ਼ਾ ਰਵੀ ਤੇ ਟੂਲਕਿੱਟ ਮਾਮਲੇ ਵਿਚ ਸੱਚ ਦਾ ਬਖਾਨ ਕਰ ਕੇ ਦਿੱਲੀ ਪੁਲਿਸ ਨੂੰ ਸ਼ਰਮਸਾਰ ਵੀ ਕਰ ਦਿਤਾ ਹੈ। ਪਰ ਸ਼ਰਮਸਾਰ ਤਾਂ ਉਹ ਲੋਕ ਹੁੰਦੇ ਹਨ ਜਿਨ੍ਹਾਂ ਵਿਚ ਗ਼ੈਰਤ ਹੋਵੇ ਅਤੇ ਦਿੱਲੀ ਪੁਲਿਸ ਤਾਂ ਅਪਣੇ ਹੁਕਮਰਾਨਾਂ ਦੇ ਇਸ਼ਾਰੇ ’ਤੇ ਅੰਨ੍ਹੇਵਾਹ ਚਲਣ ਵਾਲਾ ਹਥਿਆਰ ਬਣ ਚੁੱਕੀ ਹੈ।
ਅਦਾਲਤ ਨੇ ਪੁਲਿਸ ਵਲੋਂ ‘ਟੂਲਕਿੱਟ’ ਮਾਮਲੇ ਵਿਚ ਲਗਾਏ ਇਲਜ਼ਾਮ ਨੂੰ ਲੀਰੋ ਲੀਰ ਕਰ ਕੇ, ਉਸ ਪਿਛੇ ਦੀ ਕਿਸਾਨ ਸਮਰਥਕਾਂ ਨੂੰ ਬਦਨਾਮ ਤੇ ਤੰਗ ਕਰਨ ਦੀ ਮਾਨਸਿਕਤਾ ਨੰਗੀ ਕਰ ਦਿਤੀ ਹੈ। ਦਿੱਲੀ ਪੁਲਿਸ ਵਲੋਂ ਜਿਹੜੇ ਇਲਜ਼ਾਮ ਟੂਲਕਿੱਟ ਮਾਮਲੇ ਵਿਚ ਲਗਾਏ ਗਏ (ਖ਼ਾਲਿਸਤਾਨੀ ਤੇ ਦੇਸ਼ਧ੍ਰੋਹੀ ਆਦਿ), ਉਨ੍ਹਾਂ ਸੱਭ ਨੂੰ ਤੱਥਾਂ ਨਾਲ ਅਦਾਲਤ ਨੇ ਝੂਠੇ ਕਰਾਰ ਦਿਤਾ ਹੈ ਤੇ ਸੱਭ ਤੋਂ ਵੱਡੀ ਗੱਲ ਕਿ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ ਕਿ ਲੋਕਤੰਤਰ ਵਿਚ ਨਾਗਰਿਕ, ਸਰਕਾਰ ਦੀ ਰੂਹ ਹੁੰਦੇ ਹਨ ਤੇ ਜੇ ਨਾਗਰਿਕ ਦੇ ਵਿਚਾਰ, ਸਰਕਾਰ ਦੀ ਸੋਚ ਨਾਲ ਮੇਲ ਨਹੀਂ ਖਾਂਦੇ ਤਾਂ ਨਾਗਰਿਕਾਂ ਨੂੰ ਜੇਲਾਂ ਵਿਚ ਨਹੀਂ ਸੁਟਿਆ ਜਾ ਸਕਦਾ।
ਅਦਾਲਤ ਵਲੋਂ ਕਹੀਆਂ ਗਈਆਂ ਗੱਲਾਂ ਕਿਸੇ ਵਿਗਿਆਨਕ ਖੋਜ ਤੇ ਅਧਾਰਤ ਨਹੀਂ ਬਲਕਿ ਇਹ ਆਮ ਸੂਝ ਅਤੇ ਜਾਗਰੂਕਤਾ ਦਾ ਪ੍ਰਤੀਕ ਹਨ। ਜਿਹੜੀ ਸਰਕਾਰ ਡਿਜੀਟਲ ਭਾਰਤ ਦਾ ਨਿਰਮਾਣ ਕਰਨਾ ਚਾਹੁੰਦੀ ਹੋਵੇ ਤੇ ਇਹ ਆਖੇ ਕਿ ਭਾਰਤ ਦੇ ਨਾਗਰਿਕ ਵਿਦੇਸ਼ੀ ਨਾਗਰਿਕਾਂ ਨਾਲ ਘਰ ਬੈਠੇ ਗੱਲ ਵੀ ਨਹੀਂ ਕਰ ਸਕਦੇ, ਉਸ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਅਜੇ ਆਪ ਵੀ ਡਿਜੀਟਲ ਸ਼ਬਦ ਦੇ ਪਹਿਲੇ ਅੱਖਰ ‘ਡ’ ਤੋਂ ਹੀ ਅਣਜਾਣ ਹੈ। ਖ਼ੈਰ ਦਿੱਲੀ ਅਦਾਲਤ ਨੇ ਦਿੱਲੀ ਪੁਲਿਸ ਤੇ ਕੇਂਦਰ ਸਰਕਾਰ ਨੂੰ ਸਹੀ ਰਸਤੇ ਪਾ ਦਿਤਾ ਹੈ।
ਨੌਦੀਪ ਕੌਰ ਤੇ ਉਨ੍ਹਾਂ ਦੇ ਸਾਥੀ ਸ਼ਿਵ ਕੁਮਾਰ ਦੀ ਡਾਕਟਰੀ ਜਾਂਚ ਤੋਂ ਬਾਅਦ ਜਾਣਕਾਰੀ ਸਾਹਮਣੇ ਆਈ ਹੈ ਕਿ ਉਨ੍ਹਾਂ ਦੋਹਾਂ ਨਾਲ ਪੁਲਿਸ ਹਿਰਾਸਤ ਵਿਚ ਬਹੁਤ ਤਸ਼ੱਦਦ ਹੋਇਆ ਹੈ। ਨੌਦੀਪ ਕੌਰ ਵਲੋਂ ਹਰਿਆਣਾ ਪੁਲਿਸ ’ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਵੀ ਲਗਾਏ ਗਏ ਹਨ ਗਏ ਅਤੇ ਉਸ ਦੀ ਰੀਪੋਰਟ ਅਜੇ ਤਕ ਸਾਹਮਣੇ ਨਹੀਂ ਆਈ ਪਰ ਸ਼ਿਵ ਕੁਮਾਰ ਦੀ ਰੀਪੋਰਟ ਵਿਚ ਸਾਫ਼ ਹੋ ਗਿਆ ਹੈ ਕਿ ਪੁਲਿਸ ਵਲੋਂ ਉਸ ਨਾਲ ਵੱਡਾ ਤਸ਼ੱਦਦ ਕੀਤਾ ਗਿਆ ਹੈ।
ਉਸ ਦੀਆਂ ਲੱਤਾਂ ’ਤੇ ਰੋਲਰ ਚਲਾਏ ਗਏ ਸਨ ਅਤੇ ਉਸ ਦੇ ਨਹੁੰਆਂ ਹੇਠ ਜ਼ਰੂਰ ਕੁੱਝ ਮਾਰਿਆ ਗਿਆ ਹੋਵੇਗਾ ਜਿਸ ਨਾਲ ਉਥੇ ਵੀ ਸੱਟਾਂ ਦੇ ਨਿਸ਼ਾਨ ਸਨ। ਹੱਡੀਆਂ ਤੋੜੀਆਂ ਗਈਆਂ ਅਤੇ ਉਹ 24 ਸਾਲ ਦਾ ਨੌਜਵਾਨ ਇਸ ਸਮੇਂ ਗਹਿਰੇ ਸਦਮੇ ਵਿਚ ਹੈ, ਜਿਥੇ ਉਹ ਡਰ ਤੇ ਭੈਅ ਦਾ ਰੋਗੀ ਬਣ ਗਿਆ ਹੈ। ਉਸ ਵਿਚ ਨਿਰਾਸ਼ਾ ਭਰ ਗਈ ਹੈ। ਨੌਦੀਪ ਕੌਰ, ਇਕ ਮਿਹਨਤੀ ਮਜ਼ਦੂਰ ਹੈ ਤੇ ਸੱਚ ਤੇ ਹੱਕ ਲਈ ਲੜਨ ਵਾਲੀ ਨੌਜਵਾਨ ਲੜਕੀ ਹੈ ਤੇ ਉਸ ਦੇ ਬਿਆਨ ਉਤੇ ਪੁਲਿਸ ਦੇ ਬਿਆਨਾਂ ਨਾਲੋਂ ਜ਼ਿਆਦਾ ਵਿਸ਼ਵਾਸ ਕੀਤਾ ਜਾ ਸਕਦਾ ਹੈ। ਜੇ ਉਸ ਨਾਲ ਵੀ ਅਜਿਹਾ ਸਲੂਕ ਕੀਤਾ ਗਿਆ ਹੋਵੇਗਾ ਤਾਂ ਅਸੀ ਅਪਣੇ ਨੌਜਵਾਨਾਂ ਨੂੰ ਕੀ ਸੁਨੇਹਾ ਦੇ ਰਹੇ ਹਾਂ?
ਅੱਜ ਪੰਜਾਬ ਹਾਈ ਕੋਰਟ ਨੇ ਵੀ ਨੌਦੀਪ ਨੂੰ ਜ਼ਮਾਨਤ ਤੇ ਤੁਰਤ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ। ਉਧਰ ਸੋਨੀਪਤ ਵਿਚ ਐਸ.ਆਈ. ਟੀ (ਵਿਸ਼ੇਸ਼ ਜਾਂਚ ਟੀਮ) ਬਣਾ ਦਿਤੀ ਗਈ ਹੈ ਜੋ ਨੌਦੀਪ ਵਿਰੁਧ ਸਾਰੇ ਕੇਸਾਂ ਦੀ ਨਵੇਂ ਸਿਰਿਉਂ ਜਾਂਚ ਕਰੇਗੀ। ਆਸ ਕਰਦੇ ਹਾਂ, ਅੰਤ ਭਲਾ ਸੋ ਭਲਾ ਵਾਲੀ ਹਾਲਤ ਹੁਣ ਵੇਖਣ ਨੂੰ ਮਿਲ ਸਕੇਗੀ। ਪਰ ਜ਼ਮਾਨਤ ਜਿੱਤ ਨਹੀਂ ਹੁੰਦੀ, ਹਥਕੜੀਆਂ, ਬੇੜੀਆਂ ਖੋਲ੍ਹ ਕੇ ਜਿੱਤ ਲਈ ਲੜਨ ਦੇ ਸਮਰੱਥ ਬਣਾਉਣਾ ਹੀ ਹੁੰਦਾ ਹੈ।
ਅਸੀ ਅਪਣੇ ਜੀਵਨ ਦੇ ਤਜਰਬਿਆਂ ਨਾਲ ਸਿਖ ਲਿਆ ਹੈ ਕਿ ਥੋੜਾ ਰੁਕ ਕੇ ਤੇ ਥੋੜਾ ਚੁਪ ਰਹਿ ਕੇ ਕੰਮ ਕਰੀਏ ਪਰ ਇਹੀ ਤਾਂ ਬਚਪਨ ਅਤੇ ਜਵਾਨੀ ਦੀ ਖ਼ਾਸੀਅਤ ਹੁੰਦੀ ਹੈ ਕਿ ਉਹ ਦੁਨੀਆਂ ਦੇ ਤਜਰਬਿਆਂ ਤੋਂ ਅਣਜਾਣ ਹੁੰਦੇ ਹਨ। ਜੇ ਉਨ੍ਹਾਂ ਦੀ ਆਵਾਜ਼ ਮਰ ਗਈ ਤਾਂ ਸੱਭ ਤੋਂ ਪਹਿਲਾਂ ਤਾਂ ਅਸੀ ਹੀ ਮਰਾਂਗੇ। ਸਾਡੀ ਜਵਾਨੀ ਸਾਡੇ ਹੱਕਾਂ ਲਈ ਲੜ ਰਹੀ ਹੈ, ਸਾਡੀ ਆਜ਼ਾਦ ਸੋਚ ਲਈ ਲੜ ਰਹੀ ਹੈ, ਸਾਡੀ ਰੂਹ ਨੂੰ ਜ਼ਿੰਦਾ ਰੱਖਣ ਦਾ ਯਤਨ ਕਰ ਰਹੀ ਹੈ ਤੇ ਵੇਖੋ, ਅਸੀ ਉਸ ਦਾ ਸਾਥ ਕਿਸ ਤਰ੍ਹਾਂ ਦੇ ਰਹੇ ਹਾਂ?
- ਨਿਮਰਤ ਕੌਰ