ਡੋਨਾਲਡ ਟਰੰਪ ਲਈ ਅਮਰੀਕਨ ਜਾਂਚ ਏਜੰਸੀਆਂ ਹੀ ਖ਼ਤਰੇ ਦਾ ਘੁੱਗੂ ਵਜਾ ਰਹੀਆਂ ਹਨ...
ਦੁਨੀਆਂ ਦੇ ਸੱਭ ਤੋਂ ਤਾਕਤਵਰ ਇਨਸਾਨ ਡੋਨਾਲਡ ਟਰੰਪ ਨੂੰ ਘੇਰਨ ਪਿਛੇ ਆਈ.ਐਸ.ਆਈ.ਐਸ. ਜਾਂ ਕੋਈ ਹੋਰ ਅਤਿਵਾਦੀ ਤਾਕਤ ਕੰਮ ਨਹੀਂ ਕਰ ਰਹੀ ਬਲਕਿ ਉਨ੍ਹਾਂ ਦੀਆਂ ਅਪਣੀਆਂ..
ਦੁਨੀਆਂ ਦੇ ਸੱਭ ਤੋਂ ਤਾਕਤਵਰ ਇਨਸਾਨ ਡੋਨਾਲਡ ਟਰੰਪ ਨੂੰ ਘੇਰਨ ਪਿਛੇ ਆਈ.ਐਸ.ਆਈ.ਐਸ. ਜਾਂ ਕੋਈ ਹੋਰ ਅਤਿਵਾਦੀ ਤਾਕਤ ਕੰਮ ਨਹੀਂ ਕਰ ਰਹੀ ਬਲਕਿ ਉਨ੍ਹਾਂ ਦੀਆਂ ਅਪਣੀਆਂ ਜਾਂਚ ਏਜੰਸੀਆਂ ਦਾ ਹੀ ਘੇਰਾ ਕਸਦਾ ਜਾ ਰਿਹਾ ਹੈ। ਅਮਰੀਕਾ ਵਿਚ ਰਾਸ਼ਟਰਪਤੀ ਨੂੰ ਦੇਸ਼ ਦੇ ਬੁਨਿਆਦੀ ਅਸੂਲਾਂ ਤੇ ਆਦਰਸ਼ਾਂ ਤੋਂ ਉੱਪਰ ਦਾ ਦਰਜਾ ਨਹੀਂ ਦਿਤਾ ਗਿਆ। 1970 ਵਿਚ ਰਿਚਰਡ ਨਿਕਸਨ ਵਲੋਂ ਅਪਣੇ ਵਿਰੋਧੀਆਂ ਉਤੇ ਨਜ਼ਰ ਰੱਖਣ ਵਾਸਤੇ ਜਾਸੂਸੀ ਕਰਨ ਦਾ ਮਾਮਲਾ ਸਾਹਮਣੇ ਆਉਣ ਤੇ ਉਸ ਨੂੰ ਉਸ ਦੇ ਅਹੁਦੇ ਤੋਂ ਹਟਾ ਦਿਤਾ ਗਿਆ ਸੀ। ਬਿਲ ਕਲਿੰਟਨ ਨੂੰ ਅਪਣੀ ਨੈਤਿਕ ਗ਼ਲਤੀ ਕਾਰਨ ਹਟਾਇਆ ਗਿਆ ਸੀ ਅਤੇ ਹੁਣ ਡੋਨਾਲਡ ਟਰੰਪ ਤੀਜੇ ਰਾਸ਼ਟਰਪਤੀ ਬਣ ਸਕਦੇ ਹਨ ਜਿਨ੍ਹਾਂ ਨੂੰ ਸ਼ਾਇਦ ਅਹੁਦੇ ਤੋਂ ਹੇਠਾਂ ਲਾਹ ਦਿਤਾ ਜਾਏ ਕਿਉਂਕਿ ਜਾਂਚ ਏਜੰਸੀਆਂ ਇਸ ਨਤੀਜੇ ਦੇ ਨੇੜੇ ਤੇੜੇ ਪੁਜ ਚੁਕੀਆਂ ਹਨ।
ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਪ੍ਰਵਾਰ ਵਲੋਂ ਚੋਣ ਜਿੱਤਣ ਵਾਸਤੇ ਰੂਸ ਦੀ ਮਦਦ ਲਈ ਗਈ ਸੀ। ਬਦਲੇ ਵਿਚ ਰੂਸ ਦੇ ਪ੍ਰਧਾਨ ਮੰਤਰੀ ਨੇ ਡੋਨਾਲਡ ਟਰੰਪ ਤੋਂ ਅਮਰੀਕਾ ਨਾਲ ਵਪਾਰਕ ਰਿਸ਼ਤਾ ਰੂਸ ਦੇ ਹਿਤ ਵਿਚ ਕਰਵਾਉਣ ਦੀ ਸ਼ਰਤ ਰੱਖੀ ਸੀ ਪਰ ਅਮਰੀਕੀ ਸੰਸਥਾਵਾਂ ਨੇ ਰਾਸ਼ਟਰਪਤੀ ਦੀ ਜਿੱਤ ਪਿਛੇ ਦੀ ਸੱਚਾਈ ਨੂੰ ਅਮਰੀਕੀ ਲੋਕਾਂ ਦੇ ਸਾਹਮਣੇ ਲਿਆਉਣ ਦੀ ਲੜਾਈ ਨਾ ਛੱਡੀ। ਅਮਰੀਕਾ ਦੀ ਸੱਭ ਤੋਂ ਵੱਡੀ ਜਾਂਚ ਏਜੰਸੀ ਐਫ਼.ਬੀ.ਆਈ. ਦੇ ਮੁਖੀ ਜੇਮਜ਼ ਕੋਮੀ ਨੂੰ ਡੋਨਾਲਡ ਟਰੰਪ ਵਲੋਂ ਉਸ ਸਮੇਂ ਹਟਾ ਦਿਤਾ ਗਿਆ ਜਦੋਂ ਉਨ੍ਹਾਂ ਨੇ ਟਰੰਪ ਦੇ ਕਹਿਣ ਤੇ ਇਸ ਰੂਸੀ ਰਹੱਸ ਦੀ ਜਾਂਚ ਨੂੰ ਬੰਦ ਕਰਨ ਤੋਂ ਇਨਕਾਰ ਕਰ ਦਿਤਾ। ਪਰ ਇਸ ਜਾਂਚ ਉਤੇ ਕੰਮ ਸਾਬਕਾ ਐਫ਼.ਬੀ.ਆਈ. ਮੁਖੀ ਰਾਬਰਟ ਮਿਊਲਰ ਦੀ ਦੇਖ-ਰੇਖ ਹੇਠ ਚਲ ਰਿਹਾ ਸੀ ਅਤੇ ਉਨ੍ਹਾਂ ਨੇ ਗਰੈਂਡ ਜਿਊਰੀ ਦਾ ਸੰਗਠਨ ਕਰ ਕੇ ਇਸ ਨੂੰ ਜਾਰੀ ਰਖਿਆ। ਅਮਰੀਕਾ ਵਿਚ ਗਰੈਂਡ ਜਿਊਰੀ 23 ਲੋਕਾਂ ਦੀ ਚੋਣ ਨੂੰ ਆਖਦੇ ਹਨ ਜੋ ਜਾਂਚ ਵਿਚ ਅਪਰਾਧ ਤੈਅ ਕਰਨ ਦਾ ਕੰਮ ਵੀ ਕਰਦੀ ਹੈ। ਰਾਬਰਟ ਮਿਊਲਰ ਰਾਸ਼ਟਰਪਤੀ ਓਬਾਮਾ ਦੇ ਵੇਲੇ ਦੇ ਐਫ਼.ਬੀ.ਆਈ. ਮੁਖੀ ਸਨ ਅਤੇ ਇਕ ਬਹੁਤ ਹੀ ਦ੍ਰਿੜ੍ਹ ਸੱਤਵਾਦੀ ਮੰਨੇ ਜਾਂਦੇ ਸਨ ਜਿਨ੍ਹਾਂ ਉਤੇ ਓਬਾਮਾ ਨੂੰ ਪੂਰਾ ਭਰੋਸਾ ਸੀ।
ਜਦ ਇਹ ਜਾਂਚ ਰਾਬਰਟ ਮਿਊਲਰ ਨੂੰ ਸੌਂਪੀ ਗਈ ਤਾਂ ਵਾਈਟ ਹਾਊਸ ਦੀ ਪੂਰੀ ਤਾਕਤ ਇਸ ਜਾਂਚ ਨੂੰ ਬੰਦ ਕਰਨ ਵਿਚ ਜੁਟੀ ਹੋਈ ਸੀ। ਪਰ ਹੁਣ ਜਦ ਗਰੈਂਡ ਜਿਊਰੀ ਸਥਾਪਤ ਹੋ ਚੁੱਕੀ ਹੈ, ਜ਼ਾਹਰ ਹੈ ਕਿ ਰਾਬਰਟ ਮਿਊਲਰ ਨੂੰ ਡੋਨਾਲਡ ਟਰੰਪ ਵਿਰੁਧ ਕੁੱਝ ਠੋਸ ਸਬੂਤ ਮਿਲ ਗਏ ਹਨ। ਰਾਬਰਟ ਮਿਊਲਰ ਦੀ ਜਾਂਚ ਦੋ ਬਿੰਦੂਆਂ ਤੇ ਕੇਂਦਰਤ ਰਹੀ ਸੀ। ਪਹਿਲਾ ਕਿ ਟਰੰਪ ਦੇ ਚੋਣ ਪ੍ਰਬੰਧਕ ਪੌਲ ਮੇਨਾਫ਼ੋਰਟ ਦੀਆਂ ਆਰਥਕ ਗਤੀਵਿਧੀਆਂ ਵਿਚ ਗ਼ੈਰਕਾਨੂੰਨੀ ਲੈਣ-ਦੇਣ ਹੈ ਜਿਨ੍ਹਾਂ ਦੀ ਜੜ੍ਹ ਰੂਸ ਵਿਚ ਜਾ ਮਿਲਦੀ ਹੈ। ਦੂਜਾ ਬਿੰਦੂ ਹੈ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦਾ ਅਪਣੀ ਤਾਕਤ ਨੂੰ ਕਿਸੇ ਵੀ ਜਾਂਚ ਉਤੇ ਅਸਰ-ਅੰਦਾਜ਼ ਕਰ ਕੇ, ਉਸ ਨੂੰ ਰੋਕਣ ਦਾ। ਐਫ਼.ਬੀ.ਆਈ. ਮੁਖੀ ਉਤੇ ਦਬਾਅ ਤੇ ਉਨ੍ਹਾਂ ਦੇ ਨੌਕਰੀ ਵਿਚੋਂ ਕੱਢੇ ਜਾਣ ਪਿਛੇ ਇਹੀ ਕਾਰਨ ਸੀ।
ਜੇ ਇਨ੍ਹਾਂ ਵਿਚੋਂ ਕੋਈ ਅਪਰਾਧ ਸਹੀ ਸਿੱਧ ਹੋ ਜਾਂਦਾ ਹੈ ਤਾਂ ਡੋਨਾਲਡ ਟਰੰਪ ਦਾ ਹਟਾਇਆ ਜਾਣਾ ਨਿਸ਼ਚਿਤ ਹੈ। ਡੋਨਾਲਡ ਟਰੰਪ ਦੀਆਂ ਗ਼ਲਤੀਆਂ ਆਮ ਭਾਰਤੀ ਨੂੰ ਗ਼ੈਰਕਾਨੂੰਨੀ ਨਹੀਂ ਜਾਪਦੀਆਂ ਹੋਣਗੀਆਂ ਸਗੋਂ ਭਾਰਤ ਵਿਚ ਤਾਂ ਇਨ੍ਹਾਂ ਨੂੰ ਸੱਤਾਧਾਰੀ ਸਿਆਸਤਦਾਨਾਂ ਦਾ ਹੱਕ ਮੰਨਿਆ ਜਾਂਦਾ ਹੈ। ਇਹ ਫ਼ਰਕ ਹੈ ਬੁਨਿਆਦੀ ਅਸੂਲਾਂ ਤੇ ਆਦਰਸ਼ਾਂ ਦੀ ਮਜ਼ਬੂਤੀ ਦਾ ਜੋ ਅਮਰੀਕਾ ਨੂੰ ਅਸਲ ਵਿਚ ਇਕ ਲੋਕਤੰਤਰ ਬਣਾਉਂਦਾ ਹੈ। ਇਕ ਅਸਲ ਲੋਕਤੰਤਰ ਵਿਚ ਹੀ ਇਕ ਰਾਸ਼ਟਰਪਤੀ ਵੀ ਕਾਨੂੰਨ ਤੋਂ ਉੱਪਰ ਨਹੀਂ ਹੁੰਦਾ ਅਤੇ ਕਾਨੂੰਨੀ/ਜਾਂਚ ਸੰਸਥਾਵਾਂ ਸੱਤਾ ਦੇ ਸਵਾਰ ਤੋਂ ਭੈਅ ਨਹੀਂ ਖਾਂਦੀਆਂ।