ਚੋਣਾਂ ਦੇ ਸ਼ੋਰ ਸ਼ਰਾਬੇ ਵਿਚ ਅਸਲ ਮੁੱਦੇ ਗਵਾਚ ਰਹੇ ਨੇ ਤੇ ਬੇਮਤਲਬ ਨਾਹਰੇ ਗੂੰਜ ਰਹੇ ਨੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

'ਚੌਕੀਦਾਰ ਚੋਰ ਹੈ', 'ਕਾਂਗਰਸ ਇਟਲੀ ਦੇ ਮਾਫ਼ੀਆ ਪ੍ਰਵਾਰ ਦੀ ਗ਼ੁਲਾਮ ਹੈ', 'ਕਾਂਗਰਸ ਪਾਕਿਸਤਾਨ ਦੇ ਸਹਾਰੇ ਨਾਲ ਚੋਣ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ', 'ਨਾਮਦਾਰ ਵਿਰੁਧ...

Elections

'ਚੌਕੀਦਾਰ ਚੋਰ ਹੈ', 'ਕਾਂਗਰਸ ਇਟਲੀ ਦੇ ਮਾਫ਼ੀਆ ਪ੍ਰਵਾਰ ਦੀ ਗ਼ੁਲਾਮ ਹੈ', 'ਕਾਂਗਰਸ ਪਾਕਿਸਤਾਨ ਦੇ ਸਹਾਰੇ ਨਾਲ ਚੋਣ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ', 'ਨਾਮਦਾਰ ਵਿਰੁਧ ਕਾਮਦਾਰ ਖੜਾ ਹੈ', 'ਇਕ ਪ੍ਰਵਾਰ ਨੇ ਦੇਸ਼ ਨੂੰ ਤਬਾਹ ਕਰ ਦਿਤਾ', 'ਸਰਕਾਰ ਵਿਰੁਧ ਸਵਾਲ ਚੁਕਣਾ ਦੇਸ਼ਧ੍ਰੋਹ ਹੈ' ਵਰਗੇ ਨਾਹਰੇ ਹਰ ਰੋਜ਼, ਹਰ ਭਾਰਤੀ ਦੇ ਦਿਮਾਗ਼ ਵਿਚ ਘਸੋੜੇ ਜਾ ਰਹੇ ਹਨ। ਅਖ਼ਬਾਰਾਂ ਪੜ੍ਹ ਲਉ, ਖ਼ਬਰਾਂ ਵਾਲੇ ਟੀ.ਵੀ. ਚੈਨਲ ਵੇਖ ਲਉ, ਇਸ਼ਤਿਹਾਰ ਵੇਖ ਲਉ, ਸਾਸ-ਬਹੂ ਚੈਨਲ ਵੇਖ ਲਉ, ਅੱਜ ਭਾਰਤੀ ਵੋਟਰ ਦੇ ਦਿਮਾਗ਼ ਵਿਚ ਉਹ ਗੱਲਾਂ ਵਾੜੀਆਂ ਜਾ ਰਹੀਆਂ ਹਨ ਜੋ ਅਸਲ ਵਿਚ ਇਕ ਚੋਣ ਵਿਚ ਕੋਈ ਮਹੱਤਵ ਹੀ ਨਹੀਂ ਰਖਦੀਆਂ।

ਹੁਣ ਇਹ ਆਖਿਆ ਜਾ ਰਿਹਾ ਹੈ ਕਿ ਚੌਕੀਦਾਰ ਆਖਣਾ ਨਰਿੰਦਰ ਮੋਦੀ ਨੂੰ ਵਿਚਾਰਾ ਬਣਾ ਕੇ ਪੇਸ਼ ਕਰਨਾ ਹੈ ਜਿਵੇਂ ਚਾਹ ਵਾਲਾ ਆਖਣ ਨਾਲ ਪਿਛਲੀ ਵਾਰੀ ਸੱਭ ਦਾ ਦਿਲ ਪਿਘਲ ਗਿਆ ਸੀ। ਇਕ ਚਾਹ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਤਾਂ ਕੋਈ ਵੀ ਬਣ ਸਕਦਾ ਹੈ। ਹੁਣ ਚੌਕੀਦਾਰ ਉਤੇ ਇਲਜ਼ਾਮ ਭਾਰਤ ਦੇ ਸਾਰੇ ਚੌਕੀਦਾਰਾਂ ਉਤੇ ਹਮਲਾ ਹੈ ਅਤੇ ਇਹ ਭਾਜਪਾ ਨੂੰ ਜਿਤਾਉਣ ਵਾਸਤੇ ਕੰਮ ਆ ਸਕਦਾ ਹੈ। ਦੂਜਾ ਵਾਰ ਸੋਸ਼ਲ ਮੀਡੀਆ ਉਤੇ ਹੋ ਰਿਹਾ ਹੈ ਜਿਥੇ ਚੋਣ ਕਮਿਸ਼ਨ ਜਿੰਨਾ ਵੀ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ, ਓਨੇ ਹੀ ਰਸਤੇ ਨਿਕਲ ਆਉਂਦੇ ਹਨ ਜੋ ਵੋਟਰ ਦੀ ਸੋਚ ਉਤੇ ਹਾਵੀ ਹੋ ਰਹੇ ਹਨ ਅਤੇ ਅਫ਼ਸੋਸ ਇਹ ਹੈ ਕਿ ਅੱਜ ਕੋਈ ਵੀ ਮਾਧਿਅਮ ਝੂਠ ਬੋਲਣ ਤੋਂ ਕਤਰਾ ਨਹੀਂ ਰਿਹਾ।

ਅੱਜ ਸਮਾਂ ਉਹ ਆ ਗਿਆ ਹੈ ਜਦ ਸਿਆਸਤ ਦੇ ਖਿਡਾਰੀ ਇਸ ਖੇਡ ਦੇ ਅਸੂਲਾਂ ਨੂੰ ਤੋੜਨ ਮਰੋੜਨ ਦੇ ਰਸਤੇ ਲੱਭਣ ਲਈ ਮਾਹਰਾਂ ਦੀ ਭਾਲ ਕਰ ਰਹੇ ਹਨ। ਇਕ ਨੰਬਰ ਦੇ ਝੂਠੇ, ਅਪਰਾਧੀ ਸੋਚ ਵਾਲੇ ਲੋਕ, ਅੱਜ ਸਿਆਸਤਦਾਨਾਂ ਦੀ ਗੋਦੀ ਵਿਚ ਪਲ ਰਹੇ ਹਨ। ਇਸ ਦਾ ਅਸਰ ਭਾਰਤੀ ਸਮਾਜ ਉਤੇ ਪੈ ਰਿਹਾ ਹੈ ਅਤੇ ਹੋਰ ਵੀ ਪਵੇਗਾ। 

ਇਸ ਨੂੰ ਰੋਕਣ ਦਾ ਇਕੋ ਇਕ ਰਸਤਾ ਹੈ ਕਿ ਜਨਤਾ ਮੁੱਦਿਆਂ ਪ੍ਰਤੀ ਇਕਸੁਰ ਹੋ ਜਾਵੇ ਅਤੇ ਅਪਣੇ ਅਤੇ ਦੇਸ਼ ਦੇ ਮੁੱਦਿਆਂ ਨੂੰ ਇਸ ਤਰ੍ਹਾਂ ਪਛਾਣੇ ਕਿ ਇਹ ਜੋ ਸਿਆਸੀ ਪਾਰਟੀਆਂ ਹਨ, ਇਹ ਭਾਰਤ ਦੀ ਸੋਚ ਉਤੇ ਹਾਵੀ ਨਾ ਹੋ ਸਕਣ। ਪਹਿਲਾਂ ਤਾਂ ਭਾਰਤ ਨੂੰ ਅਪਣੇ ਮੁੱਦੇ ਪਛਾਣਨੇ ਪੈਣਗੇ। ਕੀ ਕਾਂਗਰਸ ਦੀ ਨਾਮਦਾਰ ਸੋਚ ਭਾਰਤ ਦੀ ਸੋਚ ਤੋਂ ਵੱਖ ਹੈ? ਭਾਜਪਾ ਪਹਿਲੀ ਵਾਰੀ ਚੋਣਾਂ ਜਿੱਤ ਕੇ ਇਸ ਪੱਧਰ ਤੇ ਆਈ ਹੈ। ਕੀ ਅੱਜ ਤੋਂ ਬਾਅਦ ਇਨ੍ਹਾਂ ਦੇ ਪ੍ਰਵਾਰ ਅਪਣੀਆਂ ਸੀਟਾਂ ਉਤੇ ਕਾਬਜ਼ ਨਹੀਂ ਹੋਣਗੇ? ਕੀ ਭਾਜਪਾ ਵਿਚ ਸਾਰੇ ਛੜੇ ਹੀ ਹਨ? ਕੀ ... ਭਾਜਪਾ ਦੀ ਅਗਲੀ ਨਸਲ ਨਹੀਂ ਹੈ? ਕੀ ਨਰਸਿਮ੍ਹਾ ਰਾਉ ਅਤੇ ਡਾ. ਮਨਮੋਹਨ ਸਿੰਘ ਕਾਮਦਾਰ ਸਨ ਜਾਂ ਨਾਮਦਾਰ?

ਭਾਵੇਂ ਕੋਈ ਵੀ ਪਾਰਟੀ ਸੱਤਾ ਵਿਚ ਆਵੇ, ਕੀ ਉਹ ਪਾਕਿਸਤਾਨ ਦੀ ਮਰਜ਼ੀ ਜਾਂ ਵਿਰੋਧਤਾ ਦੇ ਆਸਰੇ ਹੀ ਤਾਕਤ ਵਿਚ ਆਵੇਗੀ? ਉਹ ਛੋਟਾ ਜਿਹਾ, ਆਰਥਕ ਪੱਖੋਂ ਕਮਜ਼ੋਰ ਦੇਸ਼ ਜੋ ਆਪ ਹੀ ਅਤਿਵਾਦ ਤੋਂ ਪੀੜਤ ਦੇਸ਼ ਹੈ, ਸਾਡਾ ਕੀ ਵਿਗਾੜ ਸਕਦਾ ਹੈ? ਕੀ ਅਸੀ ਸਚਮੁਚ ਇਹ ਗੱਲ ਮੰਨਦੇ ਹਾਂ ਕਿ ਪਾਕਿਸਤਾਨ ਨਾਲ ਅਮਨ ਤੇ ਦੋਸਤੀ ਦਾ ਰਿਸ਼ਤਾ ਕਾਇਮ ਕਰਨ ਬਾਰੇ ਸੋਚਣਾ ਦੇਸ਼-ਧ੍ਰੋਹ ਹੈ? ਦੋ ਪਾਰਟੀਆਂ ਦੀ ਸੋਚ ਵਖਰੀ ਹੋ ਸਕਦੀ ਹੈ ਪਰ ਕੀ ਸਾਡੇ ਸਿਆਸਤਦਾਨ ਪਾਕਿਸਤਾਨ ਦੇ ਏਜੰਟ ਹਨ? ਪ੍ਰਧਾਨ ਮੰਤਰੀ ਨੇ ਅਪਣੇ ਆਪ ਨੂੰ ਚੌਕੀਦਾਰ ਆਖਿਆ ਸੀ ਤਾਂ ਫਿਰ ਉਨ੍ਹਾਂ ਨੂੰ ਪੁਛਣਾ ਜਾਇਜ਼ ਨਹੀਂ ਕਿ ਉਨ੍ਹਾਂ ਦੀ ਚੌਕੀਦਾਰੀ ਵਿਚ ਚੋਰੀ ਕਿਉਂ ਹੋਈ? ਉਨ੍ਹਾਂ ਦੀ ਚੌਕੀਦਾਰੀ ਵਿਚ 43 ਸੀ.ਆਰ.ਪੀ.ਐਫ਼. ਜਵਾਨ ਸਰਹੱਦ ਦੇ ਪਾਰੋਂ 300 ਕਿਲੋ ਆਰ.ਡੀ.ਐਕਸ. ਆਉਣ ਕਰ ਕੇ ਕਿਉਂ ਮਾਰੇ ਗਏ? ਚੌਕੀਦਾਰ ਨੂੰ ਜਵਾਬ ਦੇਣ ਵਿਚ ਤਾਂ ਕੋਈ ਝਿਜਕ ਨਹੀਂ ਹੋਣੀ ਚਾਹੀਦੀ।

ਰਾਹੁਲ ਗਾਂਧੀ ਨੂੰ ਪੁੱਛਣ ਦੀ ਜ਼ਰੂਰਤ ਹੈ ਕਿ ਪ੍ਰਿਅੰਕਾ ਗਾਂਧੀ ਨੂੰ ਐਨ ਮੌਕੇ ਤੇ ਮੈਦਾਨ ਵਿਚ ਆਉਣ ਦੀ ਜ਼ਰੂਰਤ ਕਿਉਂ ਪਈ? ਕੀ ਕਾਂਗਰਸ ਕੋਲ ਅਪਣੇ ਆਗੂ ਘੱਟ ਪੈ ਗਏ ਸਨ? ਕੀ ਰਾਹੁਲ-ਪ੍ਰਿਅੰਕਾ ਨੂੰ ਮੈਦਾਨ ਵਿਚ ਲਿਆ ਕੇ ਅਪਣੇ ਪ੍ਰਵਾਰ ਦੀ ਅਗਲੀ ਪੀੜ੍ਹੀ ਦਾ ਰਸਤਾ ਬਣਾ ਰਿਹਾ ਹੈ? 

ਪਰ ਜਨਤਾ ਨੂੰ ਕੁੱਝ ਹੋਰ ਹੀ ਸਵਾਲਾਂ ਵਿਚ ਉਲਝਾ ਕੇ ਅਸਲ ਮੁੱਦੇ ਵਲੋਂ ਧਿਆਨ ਹਟਾਇਆ ਜਾ ਰਿਹਾ ਹੈ। ਸਾਰੀ ਬਿਆਨਬਾਜ਼ੀ ਨੂੰ ਭੁਲਾ ਕੇ ਅੱਜ ਭਾਰਤ ਕੋਲ ਕੁੱਝ ਅਹਿਮ ਮੁੱਦੇ ਹਨ ਜਿਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ: 
1. ਨੌਜੁਆਨ ਅਤੇ ਰੁਜ਼ਗਾਰ
2. ਕਿਸਾਨ, ਖੇਤੀ
3. ਛੋਟੇ ਉਦਯੋਗ
4. ਭਾਰਤ ਦੀ ਧਰਮ ਨਿਰਪੱਖ ਸਮਾਜਕ ਬਣਤਰ 

ਇਹ ਪੁਰਾਣੀ ਕਹਾਵਤ ਹੈ ਕਿ ਜੋ ਗਰਜਦੇ ਹਨ, ਉਹ ਵਰ੍ਹਦੇ ਨਹੀਂ। ਅੱਜ ਜੋ ਅਪਣੀ ਛਾਤੀ ਕੁੱਟ ਕੇ ਦਹਾੜਦੇ ਪਏ ਹਨ, ਕੀ ਉਹ ਸਿਰਫ਼ ਪ੍ਰਚਾਰ ਕਰਦੇ ਰਹਿਣਗੇ ਜਾਂ ਕੰਮ ਕਰ ਕੇ ਵੀ ਵਿਖਾ ਸਕਣਗੇ?  - ਨਿਮਰਤ ਕੌਰ