ਭਾਰਤ ਬੰਦ, ਕਿਸਾਨੀ ਅੰਦੋਲਨ ਤੇ ਨੀਮ-ਬੇਹੋਸ਼ੀ ਵਿਚ ਚਲਾ ਗਿਆ ਭਾਰਤੀ ਮੀਡੀਆ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕਿਸਾਨ ਅਪਣੇ ਮੰਚਾਂ ਤੋਂ ਆਖਦੇ ਹਨ ਕਿ ਅਸੀ ਸਿਰਫ਼ ਅਪਣੇ ਲਈ ਨਹੀਂ ਬਲਕਿ ਪੂਰੇ ਦੇਸ਼ ਲਈ ਲੜ ਰਹੇ ਹਾਂ।

Bharat Bandh

26 ਮਾਰਚ ਨੂੰ ਕਈ ਲੋਕ ਰਾਸ਼ਟਰੀ ਹਾਈਵੇ ਤੇ ਕਈ ਕਈ ਘੰਟੇ ਫਸੇ ਰਹੇ ਕਿਉਂਕਿ ਉਨ੍ਹਾਂ ਨੂੰ ਜਾਣਕਾਰੀ ਹੀ ਨਹੀਂ ਸੀ ਕਿ ਕਿਸਾਨਾਂ ਨੇ ਦੇਸ਼ ਭਰ ਵਿਚ ਬੰਦ ਦਾ ਐਲਾਨ ਕੀਤਾ ਹੋਇਆ ਹੈ। ਵੈਸੇ ਤਾਂ ਜਦੋਂ ਕਿਸਾਨਾਂ ਵਲੋਂ ਇਸ ਤਰ੍ਹਾਂ ਬੰਦ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਸਾਰਾ ਮੀਡੀਆ ਚੁਕੰਨਾ ਹੋ ਜਾਂਦਾ ਹੈ। ਅਖ਼ਬਾਰਾਂ, ਟੀ.ਵੀ. ਚੈਨਲਾਂ ’ਤੇ ਪਹਿਲਾਂ ਹੀ ਇਸ ਦੀ ਜਾਣਕਾਰੀ ਲੋਕਾਂ ਨੂੰ ਦੇ ਦਿਤੀ ਜਾਂਦੀ ਹੈ। ਪਰ 26 ਮਾਰਚ ਦੇ ਭਾਰਤ ਬੰਦ ਬਾਰੇ ਸਾਰਾ ਭਾਰਤੀ ਮੀਡੀਆ ਚੁੱਪ ਸੀ। ਸੋ ਜਦੋਂ ਇਸ ਬੰਦ ਤੋਂ ਅਣਜਾਣ ਲੋਕ ਹਾਈਵੇ ਤੇ ਆਏ ਤਾਂ ਬੇਮਿਸਾਲ ਬੰਦ ਨੂੰ ਵੇਖ ਕੇ ਹੈਰਾਨ ਹੋ ਕੇ ਰਹਿ ਗਏ। ਇਹ ਸੱਭ ਅਚਾਨਕ ਹੋਇਆ ਵੇਖ ਕੇ, ਯਕੀਨ ਹੀ ਨਹੀਂ ਸੀ ਆ ਰਿਹਾ ਕਿ ਇਹ ਮੁਮਕਿਨ ਕਿਵੇਂ ਹੋ ਗਿਆ?

ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਬੰਗਾਲ, ਕਰਨਾਟਕਾ ਤੋਂ ਸੋਸ਼ਲ ਮੀਡੀਆ ਰਾਹੀਂ ਖ਼ਬਰਾਂ ਆਉਂਦੀਆਂ ਰਹੀਆਂ ਕਿ ਅਸਲ ਹਾਲਾਤ ਕਿਸ ਤਰ੍ਹਾਂ ਦੇ ਹਨ। ਜੇ ਸੋਸ਼ਲ ਮੀਡੀਏ ’ਤੇ ਵਿਸ਼ਵਾਸ ਕੀਤਾ ਜਾਵੇ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਸੋਸ਼ਲ ਮੀਡੀਏ ਵਲੋਂ ਕਿਸਾਨਾਂ ਦੀ ਆਵਾਜ਼ ਦੇਸ਼ ਭਰ ਵਿਚ ਪਹੁੰਚਾ ਦਿਤੀ ਗਈ ਹੈ। ਇਸ ਬੰਦ ਨੂੰ ਸਫ਼ਲ ਬਣਾਉਣ ਲਈ ਨਾ ਸਿਰਫ਼ ਕਿਸਾਨ ਅੱਗੇ ਆਏ ਬਲਕਿ ਮਜ਼ਦੂਰ ਅਤੇ ਦੁਕਾਨਦਾਰ ਵੀ ਉਨ੍ਹਾਂ ਦੇ ਹੱਕ ਵਿਚ ਖੜੇ ਹੋ ਗਏ। ਦੁਕਾਨਦਾਰਾਂ ਨੇ ਕਿਸਾਨਾਂ ਨੂੰ ਪੂਰਾ ਸਮਰਥਨ ਦਿਤਾ ਅਤੇ ਉਨ੍ਹਾਂ ਨੇ ਅਪਣੇ ਨੁਕਸਾਨ ਦੀ ਕੋਈ ਪ੍ਰਵਾਹ ਨਾ ਕੀਤੀ, ਜੋ ਕੋਈ ਛੋਟੀ ਗੱਲ ਵੀ ਨਹੀਂ। ਅੱਜ ਦੇ ਸਮੇਂ ਵਿਚ ਜਦ ਤਕਰੀਬਨ 30 ਲੱਖ ਲੋਕ ਮੱਧ ਵਰਗ ਤੋਂ ਗਰੀਬ ਵਰਗ ਵਿਚ ਚਲੇ ਗਏ ਹਨ ਤੇ ਉਨ੍ਹਾਂ ਕੋਲ ਨੌਕਰੀਆਂ ਵੀ ਨਹੀਂ ਰਹੀਆਂ ਤਾਂ, ਉਨ੍ਹਾਂ ਵਲੋਂ ਕਿਸਾਨੀ ਸੰਘਰਸ਼ ਲਈ ਅਪਣੇ ਕੰਮ ਇਕ ਦਿਨ ਵਾਸਤੇ ਬੰਦ ਕਰਨਾ, ਉਨ੍ਹਾਂ ਵਲੋਂ ਦਿਤੇ ਗਏ ਦਿਲੀ ਸਮਰਥਨ ਦਾ ਸਬੂਤ ਹੈ। ਇਹ ਸੰਦੇਸ਼ ਸਿਰਫ਼ ਸਰਕਾਰਾਂ ਲਈ ਨਹੀਂ ਬਲਕਿ ਉਸ ਮੀਡੀਏ ਵਾਸਤੇ ਵੀ ਹੈ ਜੋ ਅਪਣੇ ਪੇਸ਼ੇ ਪ੍ਰਤੀ ਵਫ਼ਾਦਾਰੀ ਨਹੀਂ ਨਿਭਾ ਰਿਹਾ ਤੇ ਸੱਚ ਨੂੰ ਦਬਾ ਰਿਹਾ ਹੈ।

 ਭਾਰਤ ਬੰਦ ਤਾਂ ਇਕ ਦਿਨ ਦੀ ਗੱਲ ਹੈ, ਕਿਸਾਨੀ ਸੰਘਰਸ਼ ਹਰ ਰੋਜ਼ ਹੀ ਲੋਕਾਂ ਨੂੰ ਕੁੱਝ ਨਵਾਂ ਆਖ ਰਿਹਾ ਹੈ ਪਰ ਉਸ ਕੋਲ ਲੋਕਾਂ ਤਕ ਅਪਣੀ ਗੱਲ (ਸਾਰੇ ਭਾਰਤ ਵਿਚ) ਪਹੁੰਚਾਉਣ ਦਾ ਜ਼ਰੀਆ ਕੋਈ ਨਹੀਂ। ਕਈ ਵਾਰ ਲੋਕ ਪੁਛਦੇ ਹਨ ਕਿ ਕੀ ਕਿਸਾਨੀ ਸੰਘਰਸ਼ ਖ਼ਤਮ ਹੋ ਗਿਆ ਹੈ? ਉਨ੍ਹਾਂ ਨੂੰ ਦਸਣਾ ਪੈਂਦਾ ਹੈ ਕਿ ਕਿਸਾਨੀ ਸੰਘਰਸ਼ ਤਾਂ ਪਹਿਲਾਂ ਨਾਲੋਂ ਵੀ ਤਾਕਤਵਾਰ ਹੋ ਚੁਕਾ ਹੈ। ਹੁਣ ਤਾਂ ਕਈ ਸੂਬੇ ਇਸ ਸੰਘਰਸ਼ ਵਿਚ ਸ਼ਾਮਲ ਹੋ ਚੁਕੇ ਹਨ, ਜਿਸ ਨੂੰ ਸੁਣ ਕੇ ਲੋਕ ਹੈਰਾਨ ਹੋ ਜਾਂਦੇ ਹਨ ਤੇ ਸਵਾਲ ਕਰਦੇ ਹਨ ਕਿ ਇਹ ਖ਼ਬਰਾਂ ਕਿਥੋਂ ਮਿਲ ਰਹੀਆਂ ਹਨ? ਜੇ ਕਿਸਾਨੀ ਸੰਘਰਸ਼ ਦਾ ਇੰਨਾ ਵੱਡਾ ਅਸਰ ਹੋ ਰਿਹੈ ਤਾਂ ਫਿਰ ਟੀ.ਵੀ. ਚੈਨਲ ਕਿਉਂ ਨਹੀਂ ਵਿਖਾਉਂਦੇ? ਇਹ ਉਹ ਚੈਨਲ ਹਨ ਜਿਨ੍ਹਾਂ ਵਿਚ ਵਿਖਾਇਆ ਜਾਂਦਾ ਹੈ ਕਿ ਸੁਸ਼ਾਂਤ ਸਿੰਘ ਨੇ 11 ਵਜੇ ਸੰਤਰੇ ਦਾ ਜੂਸ ਪੀਤਾ ਸੀ ਅਤੇ ਅਮਿਤਾਬ ਬੱਚਨ ਕਦੋਂ ਪਿਸ਼ਾਬ ਕਰਨ ਬਾਥਰੂਮ ਵਿਚ ਗਏ ਸਨ। ਜੇ ਚਾਰ ਮਹੀਨੇ ਵਿਚ ਦਿੱਲੀ ਦੀ ਸਰਹੱਦ ਤੇ 300 ਮੌਤਾਂ ਹੋ ਗਈਆਂ ਹੋਣ ਤਾਂ ਇਹ ਚੈਨਲ ਖ਼ਬਰ ਹੀ ਨਹੀਂ ਦੇਣਗੇ। ਇਹ ਕਦੇ ਵੀ ਅਪਣੇ ਚੈਨਲਾਂ ਵਿਚ ਕਿਸਾਨਾਂ ਨੂੰ ਬਾਰਸ਼ ਅਤੇ ਧੁੱਪ ਵਿਚ ਬੈਠਾ ਨਹੀਂ ਵਿਖਾਉਣਗੇ। ਇਹ ਤਾਂ ਕਰੀਨਾ ਕਪੂਰ ਦੇ ਬੱਚੇ ਦੇ ਡਾਈਪਰ ਵਿਖਾਉਣ ਵਾਲੇ ਪੱਤਰਕਾਰ ਹਨ।

ਹੁਣ ਇਨ੍ਹਾਂ ਨੂੰ ਗੋਦੀ ਮੀਡੀਆ ਆਖ ਲਵੋ ਜਾਂ ਇਨ੍ਹਾਂ ਦੀ ਕੋਈ ਹੋਰ ਮਜਬੂਰੀ ਹੋਵੇ, ਪਰ ਅੱਜ ਆਮ ਇਨਸਾਨ ਦੀ ਨਜ਼ਰ ਵਿਚ ਸਾਡੇ ਮੀਡੀਆ ਵਿਚ ਜਾਨ ਨਹੀਂ ਰਹੀ ਤੇ ਇਹ ਨੀਮ-ਮੁਰਦਾ ਹਾਲਤ ਵਿਚ ਪੁਜ ਗਿਆ ਹੈ। ਜਦ ਕਰੋੜਾਂ ਲੋਕਾਂ ਦਾ ਸੰਘਰਸ਼ ਇਸ ਮੀਡੀਆ ਨੂੰ ਅਪਣੀ ਜ਼ਿੰਮੇਵਾਰੀ ਨਹੀਂ ਯਾਦ ਕਰਵਾ ਸਕਦਾ ਤਾਂ ਸਮਝ ਲਵੋ ਹਾਲਾਤ ਉਹ ਨਹੀਂ ਜੋ ਵਿਖਾਏ ਜਾ ਰਹੇ ਹਨ। ਇਕ ਪਾਸੇ ਸਾਡੇ ਸਮਾਜ ਵਿਚ ਆਮ ਆਦਮੀ ਸੜਕ ’ਤੇ ਉਤਰ ਰਿਹਾ ਹੈ ਅਤੇ ਦੂਜੇ ਪਾਸੇ ਸਾਡਾ ਖ਼ਾਸ ਵਰਗ ਅਪਣੀ ਹਿੰਮਤ ਗਵਾਉਂਦਾ ਜਾ ਰਿਹਾ ਹੈ। ਬਜਟ ਸੈਸ਼ਨ ਖ਼ਤਮ ਹੋ ਚੁੱਕਾ ਹੈ ਅਤੇ ਉਸ ਵਿਚ ਜਿਸ ਤਰ੍ਹਾਂ ਦੇ ਬਿਲ ਪਾਸ ਹੋਏ ਹਨ, ਉਹ ਆਉਣ ਵਾਲੇ ਸਮੇਂ ਵਿਚ ਘਬਰਾਹਟ ਪੈਦਾ ਕਰ ਸਕਦੇ ਹਨ। ਪੀਐਮ ਦਾ ਇਕ ਟਰੱਸਟ ਹੈ ਜੋ ਕਿਸੇ ਵੀ ਜਵਾਬਦੇਹੀ ਤੋਂ ਮੁਕਤ ਹੈ ਪਰ ਹੁਣ ਇਕ ਬੈਂਕ ਬਣਾ ਦਿਤਾ ਗਿਆ ਹੈ ਜਿਸ ਵਿਚ ਸੀਬੀਆਈ, ਵਿਜੀਲੈਂਸ ਅਤੇ ਕੈਗ ਵੀ ਜਾਂਚ ਪੜਤਾਲ ਨਹੀਂ ਕਰ ਸਕਣਗੇ।

ਇਸ ਬੈਂਕ ਦਾ ਮਕਸਦ ਮੁਢਲੇ ਢਾਂਚੇ ਅਤੇ ਵਿਕਾਸ ਵਾਸਤੇ ਪੈਸੇ ਦੇਣਾ ਹੈ ਪਰ ਇਸ ਦੇ ਕੰਮ ਵਿਚ ਕਿੰਨੀ ਵੀ ਧਾਂਦਲੀ ਮਚਾ ਲਈ ਜਾਵੇ, ਪੁਛ ਪੜਤਾਲ ਨਹੀਂ ਹੋ ਸਕੇਗੀ। ਦਿੱਲੀ ਦੀ ਸਰਕਾਰ ਐਲਜੀ ਦੇ ਅਧੀਨ ਕਰ ਦਿਤੀ ਗਈ ਹੈ ਅਤੇ ਦੇਸ਼ ਦੇ ਪਬਲਿਕ ਸੈਕਟਰ ਅਦਾਰੇ ਵੇਚਣ ਦਾ ਐਲਾਨ ਤਾਂ ਪਹਿਲਾਂ ਹੀ ਕਰ ਦਿਤਾ ਗਿਆ ਹੈ। ਇਸ ਨੂੰ ਅਣਐਲਾਨੀ ਐਮਰਜੈਂਸੀ ਹੀ ਆਖਿਆ ਜਾ ਸਕਦਾ ਹੈ ਤੇ ਇਸ ਨੂੰ ਇਸ ਖ਼ੂਬਸੂਰਤ ਰਣਨੀਤੀ ਨਾਲ ਲਾਗੂ ਕੀਤਾ ਗਿਆ ਹੈ ਕਿ ਰਣਨੀਤੀ ਬਣਾਉਣ ਵਾਲਾ ਆਉਣ ਵਾਲੇ ਸਮੇਂ ਵਿਚ ਚਾਣਕਿਆ ਤੇ ਬੀਰਬਲ ਵਰਗਿਆਂ ਦੀ ਸੂਚੀ ਵਿਚ ਆ ਜਾਵੇਗਾ। ਦੇਸ਼ ਦੀ ਸੋਚ, ਦੇਸ਼ ਦੀ ਬੁਨਿਆਦ, ਦੇਸ਼ ਦੇ ਕਾਨੂੰਨ ਬਦਲੇ ਜਾ ਰਹੇ ਹਨ ਪਰ ਦੇਸ਼ ਨੂੰ ਇਸ ਬਾਰੇ ਪਤਾ ਹੀ ਨਹੀਂ ਕਿਉਂਕਿ ਸਹੀ ਜਾਣਕਾਰੀ ਦੇਣ ਵਾਲਾ ਮੀਡੀਆ ਨੀਮ-ਬੇਹੋਸ਼ੀ ਵਿਚ ਚਲਾ ਗਿਆ।

ਕਿਸਾਨ ਅਪਣੇ ਮੰਚਾਂ ਤੋਂ ਆਖਦੇ ਹਨ ਕਿ ਅਸੀ ਸਿਰਫ਼ ਅਪਣੇ ਲਈ ਨਹੀਂ ਬਲਕਿ ਪੂਰੇ ਦੇਸ਼ ਲਈ ਲੜ ਰਹੇ ਹਾਂ। ਇਹ ਲੜਾਈ ਸਿਰਫ਼ ਤਿੰਨ ਖੇਤੀ ਕਾਨੂੰਨਾਂ ਦੀ ਨਹੀਂ ਬਲਕਿ ਉਸ ਤਰੀਕੇ ਨਾਲ ਹੈ ਜਿਸ ਨੂੰ ਵਰਤ ਕੇ ਇਹ ਲਾਗੂ ਕੀਤੇ ਗਏ ਹਨ। ਕਿਸਾਨ ਆਖਦੇ ਹਨ ਕਿ ਜੇ ਅਸੀ ਹਾਰ ਗਏ ਤਾਂ ਕੇਂਦਰ ਸਰਕਾਰ ਵਲੋਂ ਅਜਿਹੇ ਹੋਰ ਕਾਨੂੰਨ ਬਣਾਏ ਜਾਣਗੇ ਜਿਨ੍ਹਾਂ ਨਾਲ ਦੇਸ਼ ਵਿਚ ਅਜਿਹਾ ਦੌਰ ਸ਼ੁਰੂ ਹੋ ਜਾਵੇਗਾ ਜਿਥੇ ਆਮ ਇਨਸਾਨ ਅਪਣੇ ਹੱਕਾਂ ਲਈ ਆਵਾਜ਼ ਹੀ ਨਹੀਂ ਚੁੱਕ ਸਕੇਗਾ। ਪਰ ਅਜਿਹਾ ਦੌਰ ਆ ਵੀ ਚੁਕਾ ਹੈ। ਇਹ ਉਹ ਦੌਰ ਚਲ ਰਿਹਾ ਹੈ ਜਿਥੇ ਆਮ ਭਾਰਤੀ ਨੂੰ ਪਤਾ ਹੀ ਨਹੀਂ ਲਗਿਆ ਕਿ ਉਹ ਗੁੰਗਾ-ਬਹਿਰਾ ਬਣ ਚੁੱਕਾ ਹੈ।
- ਨਿਮਰਤ ਕੌਰ