ਘਰ ਛੱਡ ਕੇ ਪ੍ਰਵਾਸੀ ਬਣਨ ਵਾਲੇ ਪੰਜਾਬ ਦੇ ਨੌਜਵਾਨ ਤੇ ਬਾਕੀ ਦੇਸ਼ ਦੇ ਪ੍ਰਵਾਸੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਵਿਸ਼ਵ ਵਿਕਾਸ ਰਿਪੋਰਟ 2023 ਨੇ ਬੜੇ ਦਿਲਚਸਪ ਅੰਕੜੇ ਪੇਸ਼ ਕੀਤੇ ਹਨ ਜਿਨ੍ਹਾਂ ਮੁਤਾਬਕ ਜਦ ਭਾਰਤੀ ਨਾਗਰਿਕ ਦੇਸ਼ ਤੋਂ ਬਾਹਰ ਕੰਮ ਕਰਨ ਜਾਂਦਾ ਹੈ

photo

 

ਵਿਸ਼ਵ ਵਿਕਾਸ ਰਿਪੋਰਟ 2023 ਨੇ ਬੜੇ ਦਿਲਚਸਪ ਅੰਕੜੇ ਪੇਸ਼ ਕੀਤੇ ਹਨ ਜਿਨ੍ਹਾਂ ਮੁਤਾਬਕ ਜਦ ਭਾਰਤੀ ਨਾਗਰਿਕ ਦੇਸ਼ ਤੋਂ ਬਾਹਰ ਕੰਮ ਕਰਨ ਜਾਂਦਾ ਹੈ ਤਾਂ ਇਸ ਦੀ ਔਸਤ ਆਮਦਨ ਵਿਚ 120 ਫ਼ੀ ਸਦੀ ਵਾਧਾ ਹੁੰਦਾ ਹੈ ਜਦਕਿ ਭਾਰਤ ਦੇ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਕੰਮ ਕਰਨ ਲਈ ਬਣਨ ਵਾਲੇ ਦੀ ਆਮਦਨ ਵਿਚ 40 ਫ਼ੀ ਸਦੀ ਵਾਧਾ ਹੁੰਦਾ ਹੈ। ਹੋਰ ਬਾਰੀਕੀ ਨਾਲ ਘੋਖੀਏ ਤਾਂ ਅੰਕੜੇ ਦਸਦੇ ਹਨ ਕਿ ਭਾਰਤ ਤੋਂ ਯੂ.ਏ.ਈ. ਜਾਣ ਵਾਲੇ ਦੀ ਕਮਾਈ ਵਿਚ 298 ਫ਼ੀ ਸਦੀ ਵਾਧਾ ਹੋ ਜਾਂਦਾ ਹੈ ਤੇ ਉਸ ਦੇ ਮੁਕਾਬਲੇ ਓਮਾਨ, ਕਤਰ, ਕੁਵੈਤ ਆਦਿ ਦੇਸ਼ਾਂ ਵਿਚ ਕੰਮ ਕਰਨ ਵਾਲੇ ਦਾ ਵਾਧਾ 110 ਫ਼ੀ ਸਦੀ ਤਕ ਹੀ ਹੁੰਦਾ ਹੈ। ਇਸ ਦੇ ਮੁਕਾਬਲੇ ਅਮਰੀਕਾ ਜਾਣ ਵਾਲੇ ਦੀ ਆਮਦਨ ਵਿਚ 500 ਫ਼ੀ ਸਦੀ ਵਾਧਾ ਹੁੰਦਾ ਹੈ। ਜ਼ਿਆਦਾ ਗਹਿਰਾਈ ਵਿਚ ਜਾਇਆ ਜਾਵੇ ਤਾਂ ਪ੍ਰਵਾਸੀਆਂ ਵਿਚ 4 ਤਰ੍ਹਾਂ ਦੇ ਲੋਕ ਹੁੰਦੇ ਹਨ। ਪਹਿਲੇ ਵਪਾਰੀ ਬਿਰਤੀ ਵਾਲੇ ਪ੍ਰਵਾਸੀ ਹੁੰਦੇ ਹਨ ਜੋ ਕਿ ਹਰ ਕੰਮ ਕਰਨ ਦੀ ਕਾਬਲੀਅਤ ਰਖਦੇ ਹਨ ਜਿਵੇਂ ਆਈ.ਟੀ. ਜਾਂ  ਇੰਸਟ੍ਰਕਟਰ ਆਦਿ। ਦੂਜੇ ਉਹ ਪ੍ਰਵਾਸੀ ਹੁੰਦੇ ਹਨ ਜਿਨ੍ਹਾਂ ਦੀ ਕਿਸੇ ਦੇਸ਼ ਵਿਚ ਜ਼ਰੂਰਤ ਹੋਵੇ ਜਿਵੇਂ ਯੂ.ਐਸ. ਵਿਚ ਟਰੱਕ ਡਰਾਈਵਰਾਂ ਦੀ ਲੋੜ ਹੁੰਦੀ ਹੈ। ਤੀਜੇ ਪ੍ਰਵਾਸੀ ਉਹ ਹੁੰਦੇ ਹਨ ਜਿਹੜੇ ਘੱਟ ਪੜ੍ਹੇ ਲਿਖੇ ਤੇ ਬੇਰੋਜ਼ਗਾਰ ਹੁੰਦੇ ਹਨ। ਤੇ ਅਖ਼ੀਰ ਵਿਚ ਚੌਥੀ ਸ਼੍ਰੇਣੀ ਦੇ ਪ੍ਰਵਾਸੀ ਹੁੰਦੇ ਹਨ ਜਿਵੇਂ ਰੋਹਿੰਗਿਆ ਜੋ ਬੰਗਲਾਦੇਸ਼ ਤੋਂ ਸ਼ਰਣ ਮੰਗਦੇ ਹਨ।

ਇਨ੍ਹਾਂ ਅੰਕੜਿਆਂ ਨੂੰ ਵੇਖ ਕੇ ਸਮਝ ਵਿਚ ਆਉਂਦਾ ਹੈ ਕਿ ਕਿਉਂ ਸਾਡੇ ਪੰਜਾਬ ਚੋਂ ਲੋਕ ਬਾਹਰ ਜਾ ਰਹੇ ਹਨ। ਭਾਰਤ ਦੇ ਕਿਸੇ ਵੀ ਹੋਰ ਸੂਬੇ ਵਿਚੋਂ ਸਿਰਫ਼ ਕਮਾਊ ਬਿਰਤੀ ਵਾਲੇ ਪ੍ਰਵਾਸੀ ਯਾਨੀ ਕਿ ਵਧੀਆ ਡਿਗਰੀਆਂ ਨਾਲ ਲੈਸ ਲੋਕਾਂ ਨੂੰ ਹੀ ਫ਼ਾਇਦਾ ਹੋ ਸਕਦਾ ਹੈ ਪਰ ਪੰਜਾਬ ਤੋਂ ਜ਼ਿਆਦਾਤਰ ਦੂਜੇ ਤੇ ਤੀਜੇ ਵਰਗ ਦੇ ਪ੍ਰਵਾਸੀ ਜਾਂਦੇ ਹਨ ਜਿਨ੍ਹਾਂ ਦੀ ਪੜ੍ਹਾਈ ਜਾਂ ਕਾਬਲੀਅਤ ਘੱਟ ਹੁੰਦੀ ਹੈ ਤੇ ਉਹ ਵਿਦੇਸ਼ ਵਿਚ ਸਿਰਫ਼ ਮਜ਼ਦੂਰੀ ਹੀ ਕਰ ਸਕਦੇ ਹਨ।   

ਮਜ਼ਦੂਰੀ ਵਿਚ ਸ਼ਰਮ ਵਾਲੀ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਹਰ ਕੰਮ ਚੰਗਾ ਹੁੰਦਾ ਹੈ ਜਦ ਤਕ ਉਹ ਸੁੱਚੀ ਕਿਰਤ ਵਾਲਾ ਹੋਵੇ ਪਰ ਚਿੰਤਾ ਉਨ੍ਹਾਂ ਤੋਂ ਹੈ ਜੋ ਬਿਨਾਂ ਕਿਸੇ ਕਾਬਲੀਅਤ ਗ਼ਲਤ ਰਸਤੇ ਵਿਦੇਸ਼ ਜਾ ਰਹੇ ਹਨ। ਜੇ ਸਹੀ ਰਾਹ ਵੀ ਜਾਂਦੇ ਹਨ ਤਾਂ ਨਾ ਸਿਰਫ਼ ਪੈਸਾ ਬਚਾਉਣਾ ਹੁੰਦਾ ਹੈ ਬਲਕਿ ਅਪਣੇ ਆਪ ਨੂੰ ਲੰਮੇ ਅਰਸੇ ਤਕ ਅਪਣੇ ਪਰਵਾਰ ਤੋਂ ਦੂਰ ਰਖਣਾ ਹੁੰਦਾ ਹੈ। ਖ਼ਾਸ ਕਰ ਕੇ ਯੂ.ਏ.ਈ ਵਿਚ ਵੇਖਿਆ ਗਿਆ ਹੈ ਕਿ ਮਜ਼ਦੂਰਾਂ ਦੀ ਜ਼ਿੰਦਗੀ ਬਹੁਤ ਔਕੜਾਂ ਭਰਪੂਰ ਹੁੰਦੀ ਹੈ। ਉਨ੍ਹਾਂ ਔਕੜਾਂ ਚੋਂ ਗ਼ੁਲਾਮੀ ਪਨਪਣ ਲਗਦੀ ਹੈ ਜਦ ਨੌਕਰੀ ਲਈ ਗ਼ੈਰ ਕਾਨੂੰਨੀ ਢੰਗ ਅਪਣਾਇਆ ਗਿਆ ਹੁੰਦਾ ਹੈ।  ਕਿੰਨੀ ਵਾਰ ਅਸੀ ਵੇਖਦੇ ਹਾਂ ਕਿ ਯੂ.ਏ.ਈ ਵਿਚ ਫਸੇ ਲੋਕ ਮਦਦ ਲਈ ਗੁਹਾਰ ਲਗਾਉਂਦੇ ਹਨ ਤੇ ਕਈ ਵਾਰ ਕੋਈ ਸਾਂਸਦ ਬਚਾਅ ਤੇ ਆ ਵੀ ਜਾਂਦਾ ਹੈ ਪਰ ਫਿਰ ਵੀ ਇਹ ਰਸਤਾ ਬੰਦ ਨਹੀਂ ਹੋ ਰਿਹਾ। 

ਹਾਲ ਹੀ ਵਿਚ ਮੈਕਸੀਕੋ ਤੋਂ ਇਕ ਵੀਡੀਉ ਸਾਹਮਣੇ ਆਇਆ ਹੈ ਜਿਸ ਵਿਚ ਅਮਰੀਕਾ-ਕੈਨੇਡਾ  ਬਾਰਡਰ ਨੂੰ ਗ਼ੈਰ ਕਾਨੂੰਨੀ ਰਸਤਿਆਂ ਤੋਂ ਟਪਦੇ ਸਿੱਖ ਨੌਜਵਾਨਾਂ ਨੂੰ ਬਾਰਡਰ ਸੁਰੱਖਿਆ ਕਰਮੀ ਬੁਰੀ ਤਰ੍ਹਾਂ ਕੁਟ ਰਹੇ ਹਨ ਤੇ ਕੇਸ ਖੁਲ੍ਹੇ ਲੋਕਾਂ ਨੂੰ ਦਰਦ ਦੇ ਰਹੇ ਹਨ। ਇਕ ਹੋਰ ਵੀਡੀਉ ਸਾਹਮਣੇ ਆਇਆ ਹੈ ਜਿਸ ਵਿਚ ਮਾਂ-ਬਾਪ ਛੋਟੇ ਬਚਿਆਂ ਨੂੰ ਲੈ ਕੇ ਚੋਰੀ ਚੋਰੀ ਦੁਬਾਰਾ ਦੇਸ਼ ਅੰਦਰ ਵੜ ਰਹੇ ਹਨ ਪਰ ਜੇ ਉਹ ਫੜੇ ਗਏ ਤਾਂ ਹਾਲਤ ਬੁਰੀ ਹੋਵੇਗੀ।

ਇਸ ਨੂੰ ਧਾਰਮਕ ਰੰਗਤ ਨਾ ਦੇਂਦੇ ਹੋਏ ਅੱਜ ਇਸ ਨੂੰ ਪੰਜਾਬ ਦੀ ਆਰਥਕ ਸਥਿਤੀ ਤੇ ਸੋਚ ਨਾਲ ਜੋੜ ਕੇ ਸਮਝਣ ਦੀ ਲੋੜ ਹੈ। ਪੰਜਾਬੀ 500 ਫ਼ੀ ਸਦੀ ਆਮਦਨ ਚਾਹੁੰਦਾ ਹੈ ਪਰ ਕਿਉਂਕਿ ਉਹ ਬਚਪਨ ਤੋਂ ਪੜ੍ਹਾਈ ਤੇ ਕਿਰਤ ਕਮਾਈ ਤੇ ਮਿਹਨਤ ਦੀ ਸੋਚ ਨਾਲ ਤਿਆਰ ਨਹੀਂ ਕੀਤਾ ਜਾਂਦਾ, ਉਹ ‘ਸ਼ਾਰਟਕੱਟ’ ਦੀ ਤਾਕ ਵਿਚ ਜਾਲੀ ਏਜੰਟਾਂ ਦਾ ਗਾਹਕ ਆਪ ਬਣਦਾ ਹੈ। ਪੜ੍ਹਾਈ ਤੇ ਮਿਹਨਤ ਤੋਂ ਜੀਅ ਚੁਰਾਉਣ ਮਗਰੋਂ ਉਹ 30-40 ਲੱਖ ਲਾ ਕੇ ਅਪਣੇ ਆਪ ਨੂੰ ਇਕ ਧਾਰਮਕ ਸ਼ਰਨਾਰਥੀ (ਰਿਫ਼ਊਜੀ) ਵਜੋਂ ਵੀ ਪੇਸ਼ ਕਰ ਰਿਹਾ ਹੈ। ਇਸ ਸੋਚ ਤੇ ਕੰਮ ਕਰਨ ਦੀ ਲੋੜ ਹੈ ਤਾਕਿ ਆਉਣ ਵਾਲੀ ਪੀੜ੍ਹੀ ਕਾਬਲ ਤੇ ਮਾਹਰ ਹੋਣ ਸਦਕਾ ਪਹਿਲੀ ਵਰਗ ਦੇ ਕਮਾਊ ਪ੍ਰਵਾਸੀ ਵਾਂਗ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਨ। ਉਸ ਦਾ ਫ਼ਾਇਦਾ ਤਾਂ ਪੰਜਾਬ ਨੂੰ ਮਿਲੇਗਾ ਹੀ ਪਰ ਨਾਲ ਹੀ ਮਾਣ ਸਨਮਾਨ ਵੀ ਵਧੇਗਾ ਤੇ ਪਿੰਡ ਰਹਿੰਦਾ ਪ੍ਰਵਾਰ ਵੀ ਠੰਢਾ ਸਾਹ ਲੈ ਸਕੇਗਾ।                  

- ਨਿਮਰਤ ਕੌਰ