ਗੁਰਬਾਣੀ ਕੀਰਤਨ ਦੇ ਪ੍ਰਸਾਰਣ ਉਤੇ ਬਾਦਲਾਂ ਦਾ ਏਕਾਧਿਕਾਰ ਬਣਿਆ ਰਹੇਗਾ, ਹੋਰ ਸ਼੍ਰੋਮਣੀ ਕਮੇਟੀ ਕੁੱਝ ਨਹੀਂ ਜਾਣਦੀ !
11 ਸਾਲ ਤੋਂ ਲਗਾਤਾਰ ਸਿੱਖ ਕੌਮ ਵਲੋਂ ਆਵਾਜ਼ ਆ ਰਹੀ ਸੀ ਕਿ ਐਸਜੀਪੀਸੀ ਵਲੋਂ ਬਾਦਲ ਪ੍ਰਵਾਰ ਦੇ ਚੈਨਲ ਨੂੰ ਏਕਾਧਿਕਾਰ ਦੇ ਕੇ ਜੋ ਫ਼ਾਇਦਾ ਪਹੁੰਚਾਇਆ ਗਿਆ ਹੈ, ਉਹ ਗ਼ਲਤ ਹੈ
ਜਨੂੰਨ ਦੇ ਅਸਰ ਹੇਠ ਮਾਫ਼ ਕਰਨ ਯੋਗ ਅਪਰਾਧ ਇਕ ਕਾਨੂੰਨੀ ਫ਼ਿਕਰਾ ਹੈ ਜਿਹੜਾ ਉਨ੍ਹਾਂ ਅਪਰਾਧਾਂ ਵਾਸਤੇ ਮਾਫ਼ ਕਰ ਦੇਣ ਲਈ ਇਸਤੇਮਾਲ ਕੀਤਾ ਜਾਂਦਾ ਹੈ ਜੋ ਇਨਸਾਨ ਨੂੰ ਇਹੋ ਜਹੀ ਠੇਸ ਪਹੁੰਚਾਉਂਦੇ ਹਨ ਜਿਸ ਤੋਂ ਬਾਅਦ ਉਹ ਅਪਣਾ ਆਪਾ ਗਵਾ ਬੈਠਦਾ ਹੈ ਤੇ ਇਹੋ ਜਹੇ ਕੰਮ ਕਰ ਬੈਠਦਾ ਹੈ ਜਿਹੜੇ ਕਿ ਉਹ ਆਮ ਹਾਲਾਤ ’ਚ ਕਦੇ ਨਾ ਕਰਦਾ। ਇਸ ਹਾਲਤ ਵਿਚ ਕੀਤੇ ਕਈ ਕਤਲ ਤਕ ਮਾਫ਼ ਹੋ ਜਾਂਦੇ ਨੇ।
ਅੱਜ ਜਦ ਐਸਜੀਪੀਸੀ ਨੇ ਅਪਣੇ ਇਜਲਾਸ ਵਿਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜੋ ਗੁਰਦਵਾਰਾ ਸੋਧ ਬਿਲ ਲਿਆਂਦਾ ਗਿਆ ਹੈ, ਉਹ ਗ਼ਲਤ ਹੈ ਤਾਂ ਉਨ੍ਹਾਂ ਨੇ ਸਿਰਫ਼ ਜਨੂੰਨ ਦੇ ਅਸਰ ਹੇਠ ਕੀਤੇ ਮਾਫ਼ੀ ਯੋਗ ਅਪਰਾਧ ਦਾ ਹੀ ਪ੍ਰਦਰਸ਼ਨ ਕੀਤਾ। 11 ਸਾਲ ਤੋਂ ਲਗਾਤਾਰ ਸਿੱਖ ਕੌਮ ਵਲੋਂ ਆਵਾਜ਼ ਆ ਰਹੀ ਸੀ ਕਿ ਐਸਜੀਪੀਸੀ ਵਲੋਂ ਬਾਦਲ ਪ੍ਰਵਾਰ ਦੇ ਚੈਨਲ ਨੂੰ ਏਕਾਧਿਕਾਰ ਦੇ ਕੇ ਜੋ ਫ਼ਾਇਦਾ ਪਹੁੰਚਾਇਆ ਗਿਆ ਹੈ, ਉਹ ਗ਼ਲਤ ਹੈ। ਤੇ ਇਸ ਬੁਨਿਆਦੀ ਇਲਜ਼ਾਮ ਬਾਰੇ ਐਸਜੀਪੀਸੀ ਨੇ ਕੁੱਝ ਵੀ ਨਹੀਂ ਕਿਹਾ ਭਾਵੇਂ ਕਈ ਆਜ਼ਾਦ ਮੈਂਬਰਾਂ ਦੀਆਂ ਆਵਾਜ਼ਾਂ ਅੱਜ ਵੀ ਇਜਲਾਸ ਵਿਚ ਗੂੰਜੀਆਂ।
ਇਜਲਾਸ ਵਿਚ ਅੱਜ ਕਈ ਮੈਂਬਰਾਂ ਨੇ ਏਕਾਧਿਕਾਰ ਦੇ ਫ਼ੈਸਲੇ ਨੂੰ ਵਾਪਸ ਲੈਣ ਦੀ ਗੱਲ ਕਰਨ ਦਾ ਯਤਨ ਕੀਤਾ, ਕਈਆਂ ਨੇ ਉਨ੍ਹਾਂ ਕਾਗ਼ਜ਼ਾਂ ਦੀ ਮੰਗ ਕੀਤੀ ਜਿਨ੍ਹਾਂ ਦੇ ਆਧਾਰ ’ਤੇ ਇਹ ਫ਼ੈਸਲਾ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਸੀ ਕਿ ਐਸਜੀਪੀਸੀ ਦੇ ਮੁਖੀ ਨੇ ਇਨ੍ਹਾਂ ਆਵਾਜ਼ਾਂ ਨੂੰ ਠੀਕ ਉਸੇ ਤਰ੍ਹਾਂ ਅਣਸੁਣਿਆ ਕਰ ਦਿਤਾ ਜਿਸ ਤਰ੍ਹਾਂ ਉਹ ਅੱਜ ਤਕ ਸਾਰੇ ਸਿੱਖਾਂ ਦੀ ਆਵਾਜ਼ ਨੂੰ ਅਣਸੁਣਿਆ ਕਰਦੇ ਆ ਰਹੇ ਹਨ।
ਵਿਦੇਸ਼ਾਂ ਤੋਂ ਲੋਕ ਇਹ ਜਾਣਕਾਰੀ ਦੇ ਰਹੇ ਹਨ ਕਿ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਵੇਖਣ ਵਾਸਤੇ ਇਸ ਚੈਨਲ ਨੂੰ ਤਕਰੀਬਨ 25 ਤੋਂ 50 ਡਾਲਰ ਪ੍ਰਤੀ ਮਹੀਨਾ ਚੰਦਾ ਦੇਣਾ ਪੈਂਦਾ ਹੈ ਤੇ ਜੇ ਗੁਰਬਾਣੀ ਕੀਰਤਨ ਸਾਰੇ ਚੈਨਲਾਂ ਅਤੇ ਖ਼ਾਸ ਕਰ ਕੇ ਡਿਜੀਟਲ ਚੈਨਲਾਂ ਤੇ ਆ ਜਾਵੇ ਤਾਂ ਫਿਰ ਇਸ ਨਾਲ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੂੰ ਬੜੀ ਆਸਾਨੀ ਹੋ ਜਾਵੇਗੀ ਤੇ ਉਨਾਂ ਦੇ ਕਰੋੜਾਂ ਰੁਪਏ ਵੀ ਬਚਣਗੇ।
ਤੱਥਾਂ ਦੀ ਅਣਦੇਖੀ ਕਰ ਕੇ, ਅੱਜ ਸਿਰਫ਼ ਅਪਣੇ ਵਿਰੋਧ ਨੂੰ ਫ਼ਤਵਿਆਂ ਤੇ ਗ਼ਲਤ ਪ੍ਰਚਾਰ ਹੇਠ ਡਰਾਉਣ ਬਾਰੇ ਸੋਚਿਆ ਜਾ ਰਿਹਾ ਹੈ। ਐਤਵਾਰ ਨੂੰ ਖ਼ਦਸ਼ੇ ਜਤਾਏ ਗਏ ਸਨ ਕਿ ਐਸਜੀਪੀਸੀ ਦੇ ਮੁਖੀ ਨੂੰ ਅਕਾਲੀ ਦਲ ਨੇ ਦਸਿਆ ਹੈ ਕਿ ਉਨ੍ਹਾਂ ਨੇ ਅੱਜ ਕੀ ਫ਼ੈਸਲਾ ਲੈਣਾ ਹੈ ਤੇ ਠੀਕ ਉਸੇ ਤਰ੍ਹਾਂ ਹੋਇਆ ਵੀ। ਜੇ ਉਹ ਅਪਣੇ ਮੈਂਬਰਾਂ ਤੇ ਸਿੱਖ ਸੰਗਤਾਂ ਦੀ ਆਜ਼ਾਦਾਨਾ ਸਲਾਹ ਸੁਣਦੇ, ਉਨ੍ਹਾਂ ਦੀ ਗੱਲ ਸੁਣਦੇ ਤਾਂ ਅੱਜ ਜਵਾਬ ਦੇਂਦੇ ਕਿ ਜਦ ਗਿਆਨੀ ਹਰਪ੍ਰੀਤ ਸਿੰਘ ਨੇ ਐਸਜੀਪੀਸੀ ਨੂੰ ਅਪਣਾ ਚੈਨਲ ਬਣਾਉਣ ਵਾਸਤੇ ਆਖਿਆ ਸੀ ਤਾਂ ਉਨ੍ਹਾਂ ਬਣਾਇਆ ਨਾ ਕਿਉਂਕਿ...।
ਨਹੀਂ, ਉਨ੍ਹਾਂ ਨੇ ਬਾਦਲਾਂ ਖ਼ਾਤਰ ਗੁਰਬਾਣੀ ਕੀਰਤਨ ਨੂੰ ਕੁਰਬਾਨ ਕਰਨ ਬਾਰੇ ਗੱਲ ਹੀ ਨਾ ਛੇੜੀ, ਨਾ ਗੁਰਬਾਣੀ ਕੀਰਤਨ ਉਤੋਂ ਇਕ ਪਾਰਟੀ ਦਾ ਏਕਾਧਿਕਾਰ ਖ਼ਤਮ ਕਰਨ ਦੀ ਗੱਲ ਹੀ ਕੀਤੀ ਤੇ ‘ਸ਼੍ਰੋਮਣੀ ਕਮੇਟੀ ਦੀ ਮੰਨਜ਼ੂਰੀ ਬਿਨਾ ਦਖ਼ਲ ਦੇਣ’ ਦਾ ਰੌਲਾ ਪਾ ਕੇ ਏਕਾਧਿਕਾਰ ਦਾ ਅਸਲ ਮਸਲਾ ਹੀ ਦਬਾ ਦਿਤਾ ਤੇ ਇਜਲਾਸ ਖ਼ਤਮ। ਉਨ੍ਹਾਂ ਲਈ ਬਾਦਲਾਂ ਦਾ ਨੁਕਸਾਨ ਬਚਾਣਾ ਹੀ ਉਨ੍ਹਾਂ ਦਾ ਇਕੋ ਇਕ ਧਰਮ ਰਹਿ ਗਿਆ ਹੈ ਤੇ ਇਸ ਖ਼ਾਤਰ ਨਵਾਂ ਚੈਨਲ ਸ਼ੁਰੂ ਕਰਨ ਦੀ ਗੱਲ ਹੀ ਖ਼ਤਮ ਕਰ ਦਿਤੀ ਗਈ।
ਅੱਜ ਵੀ ਤਰੀਕੇ ਲੱਭੇ ਜਾ ਰਹੇ ਹਨ ਕਿ ਕਿਸ ਤਰ੍ਹਾਂ ਗੁਰਬਾਣੀ ਪ੍ਰਸਾਰਣ ਤੇ ਏਕਾਧਿਕਾਰ ਬਣਾ ਕੇ ਰਖਿਆ ਜਾਵੇ। ਐਸਜੀਪੀਸੀ ਦੇ ਪ੍ਰਧਾਨ ਭੁੱਲ ਚੁੱਕੇ ਹਨ ਕਿ ਉਨ੍ਹਾਂ ਦਾ ਫ਼ਰਜ਼ ਗੁਰਬਾਣੀ ਦਾ ਪ੍ਰਚਾਰ ਐਸੇ ਤਰੀਕੇ ਨਾਲ ਕਰਨਾ ਹੈ ਜਿਸ ਨਾਲ ਵੱਧ ਤੋਂ ਵੱਧ ਲੋਕ ਗੁਰਬਾਣੀ ਦੇ ਗਿਆਨ ਨੂੰ ਸਮਝਣ। ਪਰ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਜੀਵਨ ਦਾ ਇਕੋ ਇਕ ਮਕਸਦ ਬਾਦਲ ਪ੍ਰਵਾਰ ਦਾ ਫ਼ਾਇਦਾ ਯਕੀਨ ਬਣਾਉਣਾ ਹੈ।
ਸਾਡੇ ਅੰਦਰ ਇਸ ਤਰ੍ਹਾਂ ਦੀਆਂ ਕਮਜ਼ੋਰੀਆਂ ਆ ਗਈਆਂ ਹਨ ਕਿ ਕੁੱਝ ਲੋਕ ਸਮਝ ਹੀ ਨਹੀਂ ਪਾ ਰਹੇ ਕਿ ਗੁਰਬਾਣੀ ਪ੍ਰਸਾਰਣ ਨੂੰ ਸੱਭ ਵਾਸਤੇ ਖੋਲ੍ਹਣਾ ਹੀ ਗੁਰੂ ਦੀ ਸੇਵਾ ਹੈ। ਇਸ ਮੁੱਦੇ ’ਤੇ ਨਿਜੀ ਲਾਲਚ ਅਧੀਨ ਕੰਮ ਕਰਨਾ ਹੀ ਗੁਨਾਹ ਹੈ। ਐਸਜੀਪੀਸੀ ਤੋਂ ਆਸ ਸੀ ਕਿ ਅੱਜ ਉਹ ਅਪਣੀਆਂ ਸਿਆਸੀ ਬੇੜੀਆਂ ਤੋਂ ਆਜ਼ਾਦ ਹੋ ਕੇ ਗੁਰੂ ਸ਼ਬਦ ਦੇ ਪਿਆਰ ਵਿਚ ਫ਼ੈਸਲਾ ਸੁਣਾਉਣਗੇ ਪਰ ਉਨ੍ਹਾਂ ਮੁੜ ਤੋਂ ਨਿਰਾਸ਼ ਕਰ ਦਿਤਾ ਹੈ।
- ਨਿਮਰਤ ਕੌਰ