Editorial: ਟਕਸਾਲੀ ਅਕਾਲੀਆਂ ਦੀ ਬਗ਼ਾਵਤ-ਪਾਰਟੀ ਨੂੰ ਪੰਥ ਦੀ ਸਿਪਾਹ ਸਾਲਾਰ ਬਣਾਉਣ ਲਈ ਜਾਂ ਬਾਦਲਾਂ ਵਾਂਗ, ਸੱਤਾ ਪ੍ਰਾਪਤੀ ਲਈ ਹੀ?
Editorial: : ਬਾਦਲ ਪ੍ਰਵਾਰ ਦੀ ਹੋਂਦ ਤਾਂ ਖ਼ਤਰੇ ਵਿਚ ਹੈ ਹੀ, ਨਾਲ-ਨਾਲ ਸਾਡੀ ਹੋਂਦ ਵੀ ਖ਼ਤਰੇ ਵਿਚ ਹੈ।’’
To make the revolt-party of the classical Akalis the champion of the sect or like the Badals Editorial: ਜਿਹੜੀ ਬਗ਼ਾਵਤ ਅਸੀ ਅੱਜ ਅਕਾਲੀ ਦਲ ਵਿਚ ਉਠਦੀ ਵੇਖ ਰਹੇ ਹਾਂ, ਉਸ ਦੀਆਂ ਕਨਸੋਆਂ ਤਾਂ ਬੜੀ ਦੇਰ ਤੋਂ ਮਿਲ ਰਹੀਆਂ ਸਨ ਪਰ ਲਗਦਾ ਹੈ ਹਾਲੀਆ ਚੋਣਾਂ ਦੇ ਨਤੀਜਿਆਂ ਨੇ ਖੁਲ੍ਹ ਕੇ ਗੱਲ ਕਰਨ ਦਾ ਹੌਂਸਲਾ ਦੇ ਦਿਤਾ ਹੈ ਤੇ ਇਹ ਕਹਿਣ ਦਾ ਵੀ ਕਿ ਹੁਣ ‘‘ਬੜੀ ਕਰ ਲਈ ਜੇ ਪ੍ਰਧਾਨਗੀ। ਤੁਹਾਡੀ ਪ੍ਰਧਾਨਗੀ ਖ਼ਾਤਰ ਪੰਥ ਦੀ ਜਥੇਬੰਦੀ ਦੇ ਪੂਰੀ ਤਰ੍ਹਾਂ ਖ਼ਤਮ ਹੋਣ ਤਕ ਉਡੀਕ ਕਰਨੀ ਹੁਣ ਸਾਡੇ ਵੱਸ ਦੀ ਗੱਲ ਨਹੀਂ ਰਹੀ। ਬਾਦਲ ਪ੍ਰਵਾਰ ਦੀ ਹੋਂਦ ਤਾਂ ਖ਼ਤਰੇ ਵਿਚ ਹੈ ਹੀ, ਨਾਲ-ਨਾਲ ਸਾਡੀ ਹੋਂਦ ਵੀ ਖ਼ਤਰੇ ਵਿਚ ਹੈ।’’
ਪਰ ਇਸ ਬਗ਼ਾਵਤ ਦੀ ਕਾਮਯਾਬੀ ਤਦ ਹੀ ਯਕੀਨੀ ਬਣਾਈ ਜਾ ਸਕੇਗੀ ਜਦੋਂ ਸਾਰੇ ਆਗੂ ਇਹ ਸਮਝ ਲੈਣਗੇ ਕਿ ਇਹ ਬਗ਼ਾਵਤ ਉਨ੍ਹਾਂ ਦੀ ਨਿਜੀ ਬਗ਼ਾਵਤ ਨਹੀਂ ਹੈ, ਪ੍ਰਵਾਰ ਵਿਰੁਧ ਬਗ਼ਾਵਤ ਨਹੀਂ ਹੈ, ਕੁਰਸੀ ਲਈ ਬਗ਼ਾਵਤ ਨਹੀਂ ਹੈ ਤੇ ਇਹ ਬਗ਼ਾਵਤ ਮੁੜ ਤੋਂ ਪਾਰਟੀ ਦਾ ਰਸਤਾ ਪੰਥ ਵਲ ਮੋੜਨ ਦੀ ਬਗ਼ਾਵਤ ਹੈ। ਜਿਹੜੀਆਂ ਸਿਖਰਾਂ ਤੇ ਅਕਾਲੀ ਦਲ ਬਾਦਲਾਂ ਤੋਂ ਪਹਿਲਾਂ ਸੀ ਤੇ ਅੱਜ ਜਿਸ ਮੰਦੇ ਹਾਲ ਵਿਚ ਅਕਾਲੀ ਦਲ ਨੂੰ ਪਹੁੰਚਾ ਦਿਤਾ ਗਿਆ ਹੈ, ਉਸ ਲਈ ਸਿਰਫ਼ ਬਾਦਲ ਪ੍ਰਵਾਰ ਹੀ ਜ਼ਿੰਮੇਵਾਰ ਨਹੀਂ। ਉਸ ਲਈ ਸਾਰੇ ਆਗੂ ਜ਼ਿੰਮੇਵਾਰ ਹਨ। ਕਦੇ ਨਾ ਕਦੇ, ਕਿਸੇ ਨਾ ਕਿਸੇ ਲਾਲਚ ਵੱਸ, ਕਿਸੇ ਕੁਰਸੀ, ਕਿਸੇ ਅਹੁਦੇ ਲਈ, ਕਿਸੇ ਪ੍ਰਵਾਰ ਦੀ ਖ਼ੁਸ਼ੀ ਲਈ, ਪੰਥ ਨੂੰ ਛੱਡ ਚੁਕੇ ਬਾਦਲਾਂ ਦੀ ਕਾਠੀ ਪੰਥ ਦੀ ਪਿੱਠ ਉਤੇ ਲੱਦੀ ਰੱਖੀ ਗਈ। ਅੱਜ ਇਹ ਤਾਂ ਚਿੰਤਾ ਜਤਾਈ ਜਾ ਰਹੀ ਹੈ ਕਿ ਅਕਾਲੀ ਦਲ ਕਮਜ਼ੋਰ ਹੋ ਗਿਆ ਹੈ ਤੇ ਆਗੂ-ਰਹਿਤ ਹੋ ਜਾਣ ਕਰ ਕੇ ਸਿੱਖ ਕੌਮ ਘਬਰਾਈ ਹੋਈ ਹੈ ਤੇ ਉਹ ਇਕ ਵੱਖਵਾਦੀ ਸੋਚ ਵਲ ਮੁੜ ਰਹੀ ਹੈ।
ਪਰ ਇਹ ਕਹਿਣਾ ਵੀ ਗ਼ਲਤ ਹੈ ਕਿ ਜਿਹੜੇ ਲੋਕ ਜਾਂ ਸਿੱਖ ਅਕਾਲੀ ਦਲ ਵਿਚ ਨਹੀਂ ਹਨ ਜਾਂ ਜਿਹੜੇ ਸਿੱਖ ਕੌਮ ਦੀ ਗੱਲ ਕਰਦੇ ਹਨ, ਉਹ ਵੱਖਵਾਦੀ ਸੋਚ ਅਪਣਾ ਰਹੇ ਹਨ। ਹਾਂ ਜੋ ਨੁਮਾਇੰਦਗੀ ਬਾਦਲ ਅਕਾਲੀ ਦਲ ਨੂੰ ਕਰਨੀ ਚਾਹੀਦੀ ਸੀ, ਉਹ ਨੁਮਾਇੰਦਗੀ ਕਰਨੀ ਤਾਂ ਦੂਰ ਦੀ ਗੱਲ ਹੈ, ਉਨ੍ਹਾਂ ਨੇ ਅਪਣੇ ਕਾਰਜ ਕਾਲ ਵਿਚ ਸਿੱਖਾਂ ਨੂੰ ਠੇਸ ਹੀ ਪਹੁੰਚਾਈ ਹੈ।
ਬਰਗਾੜੀ ਦਾ ਮੁੱਦਾ ਸੱਭ ਤੋਂ ਕਾਲੀ ਘੜੀ ਸੀ ਜਿਸ ਵਿਚ ਅਸੀ ਸਿਰਫ਼ ਇਹ ਨਹੀਂ ਵੇਖਿਆ ਕਿ ਬਾਦਲ ਪ੍ਰਵਾਰ ਦੀ ਅਗਵਾਈ ਵਿਚ ਕੀ ਕੀ ਹੋਇਆ, ਅਸੀ ਇਹ ਵੀ ਵੇਖਿਆ ਕਿ ਸਾਰੇ ਅਕਾਲੀ ਆਗੂ ਸਿਰ ਝੁਕਾਈ ਚੁੱਪ ਖੜੇ ਹਨ ਜਦਕਿ ਉਨ੍ਹਾਂ ਨੂੰ ਪਾਰਟੀ ਲੀਡਰਸ਼ਿਪ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਸੀ ਪਰ ਉਨ੍ਹਾਂ ਵਲੋਂ ਜਿਹੜੀ ਚੁੱਪੀ ਧਾਰੀ ਗਈ, ਉਹ ਛੋਟਾ ਗੁਨਾਹ ਨਹੀਂ ਸੀ। ਇਕ ਮਾਮਲੇ ਦੀ ਗੱਲ ਨਹੀਂ, ਪੰਥਕ ਪ੍ਰੈਸ ਪ੍ਰਤੀ ਜਾਰਹਾਨਾ ਰਵਈਆ, ਜਥੇਦਾਰਾਂ ਨੂੰ ਘਰੇਲੂ ਨੌਕਰ ਸਮਝਣਾ, ਕੇਂਦਰ ਸਰਕਾਰ ਵਿਚ ਸ਼ਾਮਲ ਹੋਣਾ ਪਰ ਇਕ ਵੀ ਮੰਗ ਨਾ ਮਨਵਾਉਣੀ, ਬੰਦੀਆਂ ਦੀ ਸਜ਼ਾ ਪੂਰੀ ਹੋਣ ਮਗਰੋਂ ਵੀ ਰਿਹਾਈ ਨਾ ਕਰਵਾਉਣੀ, ਸੈਣੀ ਵਰਗੇ ਅਫ਼ਸਰਾਂ ਦੀ ਪੁਸ਼ਤ ਪਨਾਹੀ, ਪਾਰਲੀਮੈਂਟ ਵਿਚ ਘੱਟ ਗਿਣਤੀਆਂ ਵਿਰੋਧੀ ਕਾਨੂੰਨਾਂ ਦੀ ਹਮਾਇਤ, ਸੌਦਾ ਸਾਧ ਦੇ ਡੇਰੇ ਤੇ ਜਾ ਕੇ ਗ਼ੁਲਾਮਾਂ ਵਾਂਗ ਮੱਥੇ ਟੇਕਣੇ ਤੇ ਇਹੋ ਜਹੇ ਦਰਜਨਾਂ ਮਾਮਲੇ ਹਨ ਜਿਨ੍ਹਾਂ ਦੀ ਅੱਜ ਦੇ ਸਾਰੇ ਕਥਿਤ ‘ਬਾਗ਼ੀਆਂ’ ਨੇ ਵੀ ਪੂਰੀ ਹਮਾਇਤ ਕੀਤੀ। ਜੋ ਗ਼ਲਤੀਆਂ ਬਾਦਲ ਪ੍ਰਵਾਰ ਵਲੋਂ ਹੋਈਆਂ ਉਸ ਵਿਚ ਇਨ੍ਹਾਂ ਆਗੂਆਂ ਦੀ ਵੀ ਬਰਾਬਰ ਦੀ ਹਿੱਸੇਦਾਰੀ ਸੀ।
ਅੱਜ ਸਾਰੀ ਸਥਿਤੀ ਵਿਚ ਇਹ ਵੀ ਯਾਦ ਰਖਣਾ ਬਣਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਬਾਦਲ ਪ੍ਰਵਾਰ ਨੇ ਅਪਣੇ ਕਰੀਬੀ ਮੰਨਦੇ ਹੋਏ, ਅਹੁਦੇ ਵੀ ਦਿਤੇ ਤੇ ਸ਼ਕਤੀ ਦੇ ਕੇ ਨਿਵਾਜਿਆ ਵੀ, ਉਨ੍ਹਾਂ ਵਿਚ ਉਸ ਅਖ਼ਬਾਰ ਦੇ ਸੰਪਾਦਕ ਵੀ ਆਉਂਦੇ ਹਨ ਜਿਨ੍ਹਾਂ ਦੀ ਅੜੀਅਲ ਮੰਗ ਮੰਨ ਕੇ ਸਪੋਕਸਮੈਨ ਦੇ ਸੰਪਾਦਕ ਨੂੰ ਤਨਖ਼ਾਹੀਆ ਕਰਾਰ ਦਿਵਾਇਆ ਗਿਆ (ਉਥੋਂ ਹੀ ਅਕਾਲ ਤਖ਼ਤ ਤੇ ਉਸ ਦੇ ਜਥੇਦਾਰਾਂ ਦੀ ਕਦਰ ਖ਼ਤਮ ਹੋਣੀ ਸ਼ੁਰੂ ਹੋਈ) ਤੇ ਸ਼੍ਰੋਮਣੀ ਕਮੇਟੀ ਦੇ ਮੀਡੀਆ ਐਡਵਾਈਜ਼ਰ ਕੋਲੋਂ ‘ਹੁਕਮਨਾਮਾ’ ਜਾਰੀ ਕਰਵਾਉਣ ਦਾ ਮਜ਼ਾਕ ਵੀ ਕੀਤਾ ਗਿਆ ਕਿ ਸਪੋਕਸਮੈਨ ਨੂੰ ਕੋਈ ਸਿੱਖ ਨਾ ਪੜ੍ਹੇ, ਨਾ ਇਸ ਵਿਚ ਨੌਕਰੀ ਕਰੇ, ਨਾ ਇਸ ਨੂੰ ਇਸ਼ਤਿਹਾਰ ਦੇਵੇ...। ਅੱਜ ਉਹੀ ਲੋਕ ਉਨ੍ਹਾਂ ਵਿਰੁਧ ਬਗ਼ਾਵਤ ਕਰ ਰਹੇ ਹਨ।
ਸੋ ਜੇ ਇਸ ਬਗ਼ਾਵਤ ਦੀ ਨੀਂਹ ਸੱਤਾ ਪ੍ਰਾਪਤੀ ਹੀ ਰਹੀ ਤਾਂ ਇਸ ਦਾ ਹਸ਼ਰ ਵੀ ਆਗੂਆਂ ਵਾਸਤੇ ਉਹੀ ਹੋਵੇਗਾ ਜੋ ਬਾਦਲ ਪ੍ਰਵਾਰ ਦਾ ਹੋਇਆ ਹੈ। ਜੇ ਇਸ ਸੋਚ ਵਿਚੋਂ ਸਹੀ ਪਛਤਾਵਾ ਲੈ ਕੇ ਅਕਾਲੀ ਆਗੂ ਵਾਪਸ ਪੰਥ ਦੇ ਸਿਪਾਹੀ ਬਣ ਕੇ, ਅਪਣੇ ਪ੍ਰਵਾਰ ਤੋਂ ਪਹਿਲਾਂ ਸਿੱਖ ਕੌਮ ਤੇ ਸਿੱਖ ਸਿਧਾਂਤਾਂ ਦੀ ਸੱਚੀ ਅਗਵਾਈ ਕਰਨਗੇ ਤਾਂ ਉਹੀ ਇੱਜ਼ਤ ਇਨ੍ਹਾਂ ਨੂੰ ਵੀ ਮਿਲ ਸਕਦੀ ਹੈ। ਸੱਭ ਤੋਂ ਵੱਡੀ ਜਿਹੜੀ ਕਮਜ਼ੋਰੀ ਨਜ਼ਰ ਆ ਰਹੀ ਹੈ ਕਿ ਸਿੱਖ ਕੌਮ ਅੰਦਰੋਂ ਵੰਡੀ ਗਈ ਹੈ। ਬੁਧੀਜੀਵੀਆਂ ਨੂੰ ਤਨਖ਼ਾਹੀਆ ਕਰਾਰ ਦਿਤਾ ਗਿਆ। ਜਾਤ ਪਾਤ ਨੂੰ ਵਧਾ ਕੇ, ਡੇਰਾਵਾਦ ਨੂੰ ਵਧਾ ਕੇ ਕੌਮ ਵਿਚ ਜੋ ਵੰਡੀਆਂ ਪੈ ਗਈਆਂ ਨੇ, ਉਨ੍ਹਾਂ ਨੂੰ ਖ਼ਤਮ ਕੀਤੇ ਬਿਨਾਂ ਜਦੋਂ ਤਕ, ਸਾਰੇ ਜਣੇ ਮਿਲ ਕੇ ਇਸ ਬਗ਼ਾਵਤ ਦਾ ਹਿੱਸਾ ਨਹੀਂ ਬਣਦੇ, ਇਸ ਦੀ ਜਿੱਤ ਬਾਰੇ ਸ਼ੰਕੇ ਕਾਇਮ ਰਹਿਣਗੇ। - ਨਿਮਰਤ ਕੌਰ