ਭੁੱਖੇ ਗ਼ਰੀਬਾਂ ਪ੍ਰਤੀ ਸਰਕਾਰ, ਸਮਾਜ ਤੇ ਆਮ ਭਾਰਤੀਆਂ ਦਾ ਰਵਈਆ ਇਕੋ ਜਿਹਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਹਰ ਕੋਈ ਦੇਸ਼ ਦਾ ਪੈਸਾ ਆਪ ਲੁਟਣਾ ਚਾਹੁੰਦਾ ਹੈ ਪਰ ਗ਼ਰੀਬ ਨੂੰ ਉਸ ਦਾ ਹੱਕ ਨਹੀਂ ਦੇਣਾ ਚਾਹੀਦਾ................

Photo of all the deceased children

ਹਰ ਕੋਈ ਦੇਸ਼ ਦਾ ਪੈਸਾ ਆਪ ਲੁਟਣਾ ਚਾਹੁੰਦਾ ਹੈ ਪਰ ਗ਼ਰੀਬ ਨੂੰ ਉਸ ਦਾ ਹੱਕ ਨਹੀਂ ਦੇਣਾ ਚਾਹੀਦਾ ਭਾਰਤ ਵਿਚ 15.6 ਕਰੋੜ ਬੱਚੇ ਕੁਪੋਸ਼ਣ (ਲੋੜੀਂਦੀ ਖ਼ੁਰਾਕ ਤੋਂ ਵਾਂਝੇ) ਹੋਣ ਕਰ ਕੇ ਕਮਜ਼ੋਰ ਹਨ ਅਤੇ 40 ਫ਼ੀ ਸਦੀ ਔਰਤਾਂ ਵਿਚ ਖ਼ੂਨ ਦੀ ਕਮੀ ਹੈ। ਪਰ ਹਰ ਰੋਜ਼ ਭਾਰਤ 244 ਕਰੋੜ ਦਾ ਖਾਣਾ ਕੂੜੇ ਵਿਚ ਸੁਟਦਾ ਹੈ। ਫ਼ਸਲਾਂ ਤੋਂ ਲੇ ਕੇ ਗੋਦਾਮਾਂ ਵਿਚ ਪੁੱਜਣ ਤਕ 21 ਕਰੋੜ ਟਨ ਕਣਕ ਬਰਬਾਦ ਹੋ ਜਾਂਦੀ ਹੈ। ਸੱਭ ਤੋਂ ਜ਼ਿਆਦਾ ਬਰਬਾਦੀ ਸਾਡੀਆਂ ਸਮਾਜਕ ਅਤੇ ਧਾਰਮਕ ਮਰਿਆਦਾਵਾਂ ਨਿਭਾਉਣ ਉਤੇ ਹੁੰਦੀ ਹੈ। ਕਿਤੇ ਪੱਥਰ ਦੀਆਂ ਮੂਰਤਾਂ ਨੂੰ ਦੁੱਧ ਪਿਲਾਉਂਦੇ ਹਨ ਅਤੇ ਕਿਤੇ ਦੁੱਧ ਨਾਲ ਪੱਥਰ ਨੂੰ ਧੋਂਦੇ ਹਨ।

ਪ੍ਰਸ਼ਾਦ ਮੱਛੀਆਂ ਨੂੰ ਖਵਾ ਕੇ ਮਜ਼ੇ ਲੈਂਦੇ ਹਨ ਪਰ ਗ਼ਰੀਬ ਨੂੰ ਇਕ ਬੁਰਕੀ ਦੇਣੀ ਪੈ ਜਾਵੇ ਤਾਂ ਜਾਤ-ਪਾਤ ਯਾਦ ਆ ਜਾਂਦੀ ਹੈ।  ਦਿੱਲੀ ਵਿਚ ਤਿੰਨ ਭੈਣਾਂ ਦੀ ਭੁੱਖ ਨਾਲ ਹੋਈ ਮੌਤ ਮਗਰੋਂ ਸਿਆਸਤ ਗਰਮਾ ਗਈ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਆਖਦੀ ਹੈ ਕਿ ਸਾਰੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ (ਆਪ) ਉਤੇ ਆਉਂਦੀ ਹੈ। ਦਿੱਲੀ ਵਿਚ ਰਾਸ਼ਨ ਕਾਰਡ ਸਕੀਮ ਚਲ ਰਹੀ ਹੈ। ਇਸ ਤੋਂ ਪਹਿਲਾਂ ਤੇਲੰਗਾਨਾ ਵਿਚ ਆਧਾਰ ਕਾਰਡ ਨਾ ਹੋਣ ਕਾਰਨ ਸੱਤ ਮੌਤਾਂ ਹੋਈਆਂ ਸਨ, ਜਿਸ ਲਈ ਭਾਜਪਾ ਨੂੰ ਜ਼ਿੰਮੇਵਾਰ ਮੰਨਿਆ ਗਿਆ ਸੀ। ਹਾਂ, ਸਾਡੀਆਂ ਸਰਕਾਰਾਂ ਭਾਵੇਂ 'ਆਪ' ਦੀਆਂ ਹੋਣ, ਭਾਜਪਾ ਦੀਆਂ ਹੋਣ, ਕਾਂਗਰਸ ਦੀਆਂ ਹੋਣ

ਜਾਂ ਕਿਸੇ ਵੀ ਹੋਰ ਪਾਰਟੀ ਦੀਆਂ ਹੋਣ, ਸੱਭ ਦੇ ਅੰਦਰ ਗ਼ਰੀਬਾਂ ਪ੍ਰਤੀ ਬੇਰੁਖ਼ੀ ਹੀ ਨਜ਼ਰ ਆਈ ਹੈ। ਸਾਡੀ ਗ਼ਰੀਬੀ ਰੇਖਾ ਆਖਦੀ ਹੈ ਕਿ ਪਿੰਡਾਂ ਵਿਚ ਇਕ ਇਨਸਾਨ 32 ਰੁਪਏ ਪ੍ਰਤੀ ਦਿਨ ਅਤੇ ਸ਼ਹਿਰਾਂ ਵਿਚ 42 ਰੁਪਏ ਪ੍ਰਤੀ ਦਿਨ ਆਮਦਨ ਨਾਲ ਗੁਜ਼ਾਰਾ ਕਰ ਸਕਦਾ ਹੈ। ਹੁਣ ਜਦੋਂ ਤੁਹਾਡਾ ਪਟਰੌਲ ਹੀ 70 ਰੁਪਏ ਪ੍ਰਤੀ ਲੀਟਰ ਹੈ ਤਾਂ ਇਹ ਗ਼ਰੀਬੀ ਰੇਖਾ ਵੀ ਇਕ ਹੋਰ ਭੱਦਾ ਮਜ਼ਾਕ ਲੱਗਣ ਲਗਦੀ ਹੈ।  ਸਰਕਾਰਾਂ ਅਤੇ ਸਿਆਸੀ ਆਗੂਆਂ ਵਲੋਂ ਪੈਸੇ ਦੀ ਬੇਕਦਰੀ ਬਾਰੇ ਕੋਈ ਸ਼ੱਕ ਨਹੀਂ ਰਹਿ ਗਿਆ। ਇਹ ਤਾਂ ਉਹ ਵਰਗ ਹੈ ਜੋ ਅਪਣੇ ਕਰੋੜਾਂ ਨੂੰ ਬਚਾ ਕੇ ਅਪਣੇ ਇਲਾਜ ਉਤੇ ਆਏ ਹਜ਼ਾਰਾਂ ਦਾ ਖ਼ਰਚਾ ਵੀ ਸਰਕਾਰ ਤੋਂ ਮੰਗ ਲੈਂਦਾ ਹੈ।

ਇਸ ਸਰਕਾਰੀ ਵਰਗ ਵਲੋਂ ਅਪਣੇ ਰਹਿਣ ਸਹਿਣ ਤੋਂ ਲੈ ਕੇ ਅਪਣੀ ਸੁਰੱਖਿਆ ਤਕ ਉਤੇ ਅੰਨ੍ਹਾ ਖ਼ਰਚ ਕੀਤਾ ਜਾਂਦਾ ਹੈ। ਪਰ ਭਾਰਤ ਦੀ ਬਾਕੀ ਜਨਤਾ ਦੇ ਮਨ ਵਿਚ ਮੁਫ਼ਤਖ਼ੋਰੀ ਦੀ ਜਿਹੜੀ ਪ੍ਰੰਪਰਾ ਬਣੀ ਹੋਈ ਹੈ, ਉਹ ਵੀ ਇਸ ਵਰਗ ਨਾਲੋਂ ਘੱਟ ਮਾੜੀ ਨਹੀਂ। ਬੜਾ ਸੌਖਾ ਹੁੰਦਾ ਹੈ ਹਰ ਮੁਸ਼ਕਲ ਵਾਸਤੇ ਸਿਆਸਤਦਾਨਾਂ ਅਤੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਅ ਦੇਣਾ ਪਰ ਇਸ ਮੁੱਦੇ ਤੇ ਤਾਂ ਭਾਰਤ ਦੀ ਜਨਤਾ ਨੂੰ ਵੀ ਅਪਣਾ ਸੱਚ ਕਬੂਲਣਾ ਹੀ ਪਵੇਗਾ। ਜੇ ਮਾਹਰਾਂ ਦੀ ਗੱਲ ਮੰਨੀ ਜਾਵੇ ਤਾਂ ਗ਼ਰੀਬੀ ਰੇਖਾ ਨੂੰ ਅਜਿਹੇ ਤੱਥਾਂ ਨੂੰ ਸਾਹਮਣੇ ਰੱਖ ਕੇ ਤੈਅ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਘੱਟ ਤੋਂ ਘੱਟ ਰੋਜ਼ ਦੀ ਕਮਾਈ 120-150 ਪ੍ਰਤੀ ਵਿਅਕਤੀ ਤੇ ਆ ਜਾਵੇ।

ਇਸ ਨਾਲ ਸੱਚ ਸਾਹਮਣੇ ਆ ਜਾਵੇਗਾ। ਭਾਰਤ ਦੀ 67% ਆਬਾਦੀ ਅਸਲ ਵਿਚ ਗ਼ਰੀਬ ਹੈ। ਹਰ ਰੋਜ਼ 80 ਕਰੋੜ ਭਾਰਤੀ ਰਾਤ ਨੂੰ ਭੁੱਖੇ ਪੇਟ ਸੌਂਦੇ ਹਨ। ਹਰ ਰੋਜ਼ 20 ਹਜ਼ਾਰ ਆਬਾਦੀ ਵੱਧ ਜਾਣ ਵਾਲਾ ਦੇਸ਼ ਅਜੇ ਅਪਣੇ ਬੱਚਿਆਂ ਦਾ ਪੇਟ ਭਰਨ ਦੀ ਸਮਰੱਥਾ ਨਹੀਂ ਰਖਦਾ। ਸਾਡੇ ਕੋਲ ਅਜਿਹਾ ਕਰਨ ਦੀ ਸਮਰੱਥਾ ਤਾਂ ਹੈ ਪਰ ਸੱਚ ਇਹ ਵੀ ਹੈ ਕਿ ਅਸੀ ਭੋਜਨ ਬਰਬਾਦ ਤਾਂ ਕਰ ਦੇਂਦੇ ਹਾਂ ਪਰ ਗ਼ਰੀਬ ਦਾ ਪੇਟ ਭਰਨ ਤੋਂ ਕੰਨੀ ਕਤਰਾਅ ਜਾਂਦੇ ਹਾਂ। ਭਾਰਤ ਵਿਚ 15.6 ਕਰੋੜ ਬੱਚੇ ਕੁਪੋਸ਼ਣ (ਲੋੜੀਂਦੀ ਖ਼ੁਰਾਕ ਤੋਂ ਵਾਂਝੇ) ਹੋਣ ਕਰ ਕੇ ਕਮਜ਼ੋਰ ਹਨ ਅਤੇ 40 ਫ਼ੀ ਸਦੀ ਔਰਤਾਂ ਵਿਚ ਖ਼ੂਨ ਦੀ ਕਮੀ ਹੈ।

ਪਰ ਹਰ ਰੋਜ਼ ਭਾਰਤ 244 ਕਰੋੜ ਦਾ ਖਾਣਾ ਕੂੜੇ ਵਿਚ ਸੁਟਦਾ ਹੈ। ਫ਼ਸਲਾਂ ਤੋਂ ਲੇ ਕੇ ਗੋਦਾਮਾਂ ਵਿਚ ਪੁੱਜਣ ਤਕ 21 ਕਰੋੜ ਟਨ ਕਣਕ ਬਰਬਾਦ ਹੋ ਜਾਂਦੀ ਹੈ। ਸੱਭ ਤੋਂ ਜ਼ਿਆਦਾ ਬਰਬਾਦੀ ਸਾਡੀਆਂ ਸਮਾਜਕ ਅਤੇ ਧਾਰਮਕ ਮਰਿਆਦਾਵਾਂ ਨਿਭਾਉਣ ਉਤੇ ਹੁੰਦੀ ਹੈ। ਕਿਤੇ ਪੱਥਰ ਦੀਆਂ ਮੂਰਤਾਂ ਨੂੰ ਦੁੱਧ ਪਿਲਾਉਂਦੇ ਹਨ ਅਤੇ ਕਿਤੇ ਦੁੱਧ ਨਾਲ ਪੱਥਰ ਨੂੰ ਧੋਂਦੇ ਹਨ। ਪ੍ਰਸ਼ਾਦ ਮੱਛੀਆਂ ਨੂੰ ਖਵਾ ਕੇ ਮਜ਼ੇ ਲੈਂਦੇ ਹਨ ਪਰ ਗ਼ਰੀਬ ਨੂੰ ਇਕ ਬੁਰਕੀ ਦੇਣੀ ਪੈ ਜਾਵੇ ਤਾਂ ਜਾਤ-ਪਾਤ ਯਾਦ ਆ ਜਾਂਦੀ ਹੈ। ਵਿਆਹਾਂ ਸਮੇਂ ਝੂਠੀ ਸ਼ਾਨ ਵਾਸਤੇ ਹਰ ਪ੍ਰਵਾਰ ਕਿੰਨਾ ਹੀ ਖਾਣਾ ਬਰਬਾਦ ਕਰਦਾ ਹੈ।

ਹਰ ਰੋਜ਼ ਘਰ ਵਿਚ ਖਾਣੇ ਦੀ ਬਰਬਾਦੀ ਹੁੰਦੀ ਹੈ ਪਰ ਜੇ ਘਰ ਵਿਚ ਕੰਮ ਕਰਨ ਵਾਲੇ ਨੌਕਰਾਂ ਦੇ ਖ਼ੂਨ ਦੀ ਹੀ ਜਾਂਚ ਕੀਤੀ ਜਾਵੇ ਤਾਂ ਬਹੁਤ ਘੱਟ ਘਰਾਂ ਵਿਚ, ਕੰਮ ਕਰਨ ਵਾਲਿਆਂ ਦੀ ਸਿਹਤ ਵਧੀਆ ਹੋਵੇਗੀ। ਸੜਕ ਤੇ ਬੱਚੇ ਭੀਖ ਮੰਗ ਰਹੇ ਹੁੰਦੇ ਹਨ ਤਾਂ ਝੱਟ ਮੂੰਹ ਪਰ੍ਹਾਂ ਕਰ ਕੇ ਆਖ ਦੇਂਦੇ ਹਨ 'ਇਹ ਲੋਕ ਸਾਰੇ ਚੋਰ ਹੁੰਦੇ ਨੇ।' ਅਸਲ ਵਿਚ 'ਇਹ ਲੋਕ' ਭਾਰਤੀਆਂ ਦੇ ਕਠੋਰ  ਰਵਈਏ ਦਾ ਸ਼ਿਕਾਰ ਹਨ ਜਿਥੇ ਜਾਤ-ਪਾਤ ਜਾਂ ਰੁਤਬੇ ਕਰ ਕੇ ਭਾਰਤੀ ਲੋਕਾਂ ਨੇ ਅਪਣੇ ਦਿਲਾਂ ਨੂੰ ਪੱਥਰ ਬਣਾ ਲਿਆ ਹੈ। ਭਾਵੇਂ ਇਹ ਲੋਕ ਸਰਕਾਰ ਵਿਚ ਹੋਣ ਜਾਂ ਆਮ ਭਾਰਤੀ ਘਰਾਂ ਵਿਚ, ਗ਼ਰੀਬ ਪ੍ਰਤੀ ਇਨ੍ਹਾਂ ਦੀ ਸੋਚ ਇਕੋ ਜਹੀ ਹੀ ਹੁੰਦੀ ਹੈ।

ਇਨ੍ਹਾਂ ਤਿੰਨ ਭੈਣਾਂ ਵਰਗੇ ਹੋਰ ਬੜੇ ਗ਼ਰੀਬ ਬੱਚੇ ਅਤੇ ਪ੍ਰਵਾਰ ਤੁਹਾਡੇ ਸਾਹਮਣੇ ਹਨ। ਕਈ ਤੁਹਾਡੇ ਘਰ ਵਿਚ ਹੀ ਹਨ, ਕਈ ਤੁਹਾਡੇ ਸਾਹਮਣੇ ਹੱਥ ਫੈਲਾਈ ਖੜੇ ਹਨ। ਪਰ ਕਿੰਨੇ ਭਾਰਤੀ ਮਦਦ ਵਾਸਤੇ ਅਪਣੇ ਦਿਲ ਦੀ ਆਵਾਜ਼ ਸੁਣ ਰਹੇ ਹਨ? ਸਿਆਸਤਦਾਨਾਂ ਉਤੇ ਉਂਗਲ ਚੁੱਕਣ ਤੋਂ ਪਹਿਲਾਂ ਭਾਰਤੀ ਅਪਣੇ ਆਪ ਤੇ ਵੀ ਨਜ਼ਰ ਮਾਰ ਕੇ ਵੇਖ ਲੈਣ ਕਿ ਉਨ੍ਹਾਂ ਦੇ ਦਿਲ ਕਿੰਨੀ ਵਾਰ ਗ਼ਰੀਬ ਦੇ ਭੁੱਖ ਨੂੰ ਵੇਖ ਕੇ ਪਸੀਜੇ ਤੇ ਕਿੰਨੀ ਵਾਰ ਉਹ ਮੂੰਹ ਫੇਰ ਕੇ ਅੱਗੇ ਲੰਘ ਗਏ?     -ਨਿਮਰਤ ਕੌਰ