ਸੰਪਾਦਕੀ: ਅਕਾਲ ਤਖ਼ਤ ਸਿੱਖ ਪੰਥ ਦਾ ਜਾਂ ਨੌਕਰੀਆਂ/ਅਹੁਦੇ ਵੰਡਣ ਵਾਲੇ ਸਿਆਸੀ ਲੀਡਰਾਂ ਦਾ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਬੇਅਦਬੀ ਦਾ ਮਾਮਲਾ ਏਨੀ ਦੇਰ ਬਾਅਦ (ਚੋਣਾਂ ਦੇ ਐਨ ਨੇੜੇ) ਕਿਸੇ ‘ਜਥੇਦਾਰ’ ਦੀ ਸਮਝ ਵਿਚ ਆਇਆ ਵੀ ਹੈ ਤਾਂ ਉਹ ਇਸ ਨੂੰ ਇਕ ਪਾਰਟੀ ਦੇ ਪ੍ਰਚਾਰ ਲਈ ਨਾ ਵਰਤੇ

Sri Akal Takhat Sahib

ਦੁਨੀਆਂ ਭਰ ਵਿਚ ਮੰਨੀ ਗਈ ਰਵਾਇਤ ਹੈ ਕਿ ‘ਤਖ਼ਤ’ ਉਹੀ ਹੁੰਦਾ ਹੈ ਜਿਸ ਉਤੇ ਬੈਠਣ ਵਾਲਾ, ਅਪਣੇ ਫ਼ੈਸਲੇ ਆਪ ਲੈ ਸਕਣ ਵਿਚ ਆਜ਼ਾਦ ਹੋਵੇ ਤੇ ਕਿਸੇ ਦੂਜੀ ਤਾਕਤ ਦੇ ‘ਹੁਕਮਾਂ’ ਨੂੰ ਮੰਨਣ ਲਈ ਮਜਬੂਰ ਨਾ ਕੀਤਾ ਜਾ ਸਕਦਾ ਹੋਵੇ। ਬਾਦਲ ਧੜਾ ਜਦੋਂ ਦਾ ਅਕਾਲੀ ਦਲ ਦਾ ਸਰਵੇ-ਸਰਵਾ ਬਣਿਆ ਹੈ, ਅਕਾਲ ਤਖ਼ਤ ਨੂੰ ‘ਤਖ਼ਤ’ ਦੀ ਬਜਾਏ ਕਈ ਹੋਰ ਨਾਂ ਦਿਤੇ ਜਾਣੇ ਸ਼ੁਰੂ ਹੋ ਗਏ ਹਨ। ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ (ਇਹ ਯੂਨੀਵਰਸਿਟੀ ਸ਼੍ਰੋਮਣੀ ਕਮੇਟੀ ਵਲੋਂ ਸਥਾਪਤ ਅਤੇ ਪ੍ਰਬੰਧਤ ਯੂਨੀਵਰਸਿਟੀ ਹੈ) ਡਾ. ਜਸਬੀਰ ਸਿੰਘ ਆਹਲੂਵਾਲੀਆ ਨੇ ਇਕ ਵਾਰ ਕਿਹਾ ਸੀ ਕਿ ਹੁਣ ਅਕਾਲ ਤਖ਼ਤ, ‘ਅਕਾਲੀ ਤਖ਼ਤ’ ਬਣ ਗਿਆ ਹੈ ਮਤਲਬ ਅਕਾਲੀ ਪਾਰਟੀ ਦਾ ਬੁਲਾਰਾ ਬਣ ਗਿਆ ਹੈ। ਜਥੇਦਾਰਾਂ ਨੂੰ ਆਮ ਹੀ ਬਾਦਲਾਂ ਦੇ ਲਿਫ਼ਾਫ਼ੇਦਾਰ ਕਿਹਾ ਜਾਂਦਾ ਹੈ। 

ਅਕਾਲੀ ਪਾਰਟੀ ਤਾਂ ਬਣਾਈ ਹੀ ਅਕਾਲ ਤਖ਼ਤ ਉਤੇ ਗਈ ਸੀ ਤੇ ਇਕ ਖ਼ਾਸ ਮਕਸਦ ਨੂੰ ਸਾਹਮਣੇ ਰੱਖ ਕੇ ‘ਸਿੱਖ ਪੰਥ’ ਨੇ ਬਣਾਈ ਸੀ। ਇਸ ਦਾ ਹੈੱਡ ਆਫ਼ਿਸ ਵੀ ਸਿੱਖੀ ਦੇ ਮੱਕੇ ਅੰਮ੍ਰਿਤਸਰ ਵਿਚ ਹੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ। ਦੁਨੀਆਂ ਵਿਚ ਕਿਸੇ ਵੀ ਸਿੱਖ ਨੂੰ ਕੋਈ ਤਕਲੀਫ਼ ਹੁੰਦੀ ਤਾਂ ਉਹ ਅੰਮ੍ਰਿਤਸਰ ਫ਼ੋਨ ਖੜਕਾ ਦੇਂਦਾ ਜਾਂ ਭੱਜ ਕੇ ਉਥੇ ਪਹੁੰਚ ਜਾਂਦਾ ਤੇ ਉਸ ਨੂੰ ਤੁਰਤ ਲੋੜੀਂਦੀ ਸਹਾਇਤਾ ਮਿਲ ਜਾਂਦੀ। ਪਰ ਬਾਦਲ ਧੜੇ ਨੇ ਜਦ ਵੇਖਿਆ ਕਿ ਇਹ ਦਫ਼ਤਰ ਤਾਂ ਸਦਾ ਲੋਕਾਂ ਦੀਆਂ ਨਜ਼ਰਾਂ ਹੇਠ ਰਹਿੰਦਾ ਹੈ ਤਾਂ ਉਹ ਇਸ ਨੂੰ ਚੁੱਪ ਚੁਪੀਤੇ ਚੁੱਕ ਕੇ ਚੰਡੀਗੜ੍ਹ ਲੈ ਗਏ ਤੇ ਸਿੱਖਾਂ ਤੇ ਅਕਾਲ ਤਖ਼ਤ, ਦੁਹਾਂ ਦਾ ਹਰ ਹੱਕ ਉਸ ਉਤੇ ਹੌਲੀ ਹੌਲੀ ਖ਼ਤਮ ਕਰ ਦਿਤਾ।

ਫਿਰ ਅਕਾਲ ਤਖ਼ਤ ਉਤੇ ਅਕਾਲੀ ਦਲ ਦਾ ਜੋ ‘ਦ੍ਰਿੜ ਨਿਸ਼ਚਾ’ ਨਿਸ਼ਚਿਤ ਕਰ ਦਿਤਾ ਗਿਆ ਸੀ, ਉਹ ਵੀ ਖ਼ਤਮ ਕਰ ਕੇ ਅਕਾਲੀ ਦਲ ਨੂੰ ਇਕ ‘ਪੰਜਾਬੀ ਪਾਰਟੀ’ ਬਣਾ ਦਿਤਾ ਗਿਆ। ਸਪੋਕਸਮੈਨ ਨੇ ਵਾਰ ਵਾਰ ਲਿਖਿਆ ਕਿ ਜੇ ਅਕਾਲ ਤਖ਼ਤ ਦੇ ‘ਜਥੇਦਾਰ’ ਨੇ ਸਚਮੁਚ ਹੀ ‘ਜਥੇਦਾਰੀ’ ਵਾਲਾ ਆਟਾ ਖਾਧਾ ਹੈ ਤਾਂ ਹੁਕਮ ਜਾਰੀ ਕਰਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਨੂੰ ਵਾਪਸ ਸਿੱਖਾਂ ਦੇ ਮੱਕੇ ਵਿਚ ਲਿਆਂਦਾ ਜਾਵੇ ਤੇ ਇਸ ਦਾ ਉਹੀ ਟੀਚਾ ਮੁੜ ਤੋਂ ਮਿਥਿਆ ਜਾਏ ਜੋ 1920-21 ਵਿਚ ਅਕਾਲ ਤਖ਼ਤ ਉਤੇ ਮਿਥਿਆ ਗਿਆ ਸੀ।

ਜਿਹੜਾ ਇਹ ਨਹੀਂ ਕਰ ਸਕਦਾ, ਉਹ ਅਪਣੀ ਵਖਰੀ ਪਾਰਟੀ ਬਣਾ ਲਵੇ ਪਰ ਪੰਥ ਦੀ ਪਾਰਟੀ ਚੋਰੀ ਨਾ ਕਰੇ। ਪਰ ‘ਜਥੇਦਾਰੀ’ ਵਾਲਾ ਆਟਾ ਕਿਸੇ ਨੇ ਖਾਧਾ ਹੁੰਦਾ ਤਾਂ ਸਪੋਕਸਮੈਨ ਦੀ ਜਾਂ ਪੰਥ ਦੀ ਗੱਲ ਕੋਈ ਸੁਣਦਾ ਵੀ। ਹੁਣ ਤਾਂ ਕੇਵਲ ਤਨਖ਼ਾਹਾਂ ਅਤੇ ਅਹੁਦੇ ਵੰਡਣ ਵਾਲੇ ਅਕਾਲੀ ਮਾਲਕਾਂ ਦਾ ਹੁਕਮ ਹੀ ਉਥੇ ਸੁਣਾਈ ਦੇਂਦਾ ਹੈ----ਉਹ ਭਾਵੇਂ ਸੌਦਾ ਸਾਧ ਨੂੰ ਮੱਥੇ ਟੇਕਦੇ ਫਿਰਨ, ਭਾਵੇਂ ਬੀਜੇਪੀ ਦੀ ਝੋਲੀ ਵਿਚ ਬੈਠ ਕੇ ਉਸ ਨਾਲ ‘ਪਤੀ ਪਤਨੀ’ ਵਾਲਾ ਰਿਸ਼ਤਾ ਬਣਾਈ ਜਾਣ ਤੇ ਭਾਵੇਂ ਸਿੱਖਾਂ ਦੀਆਂ ਉਹ ਸਾਰੀਆਂ ਮੰਗਾਂ ਹੀ ਭੁਲਾ ਦੇਣ ਜਿਨ੍ਹਾਂ ਨੂੰ ਮਨਵਾਉਣ ਲਈ ਸਿੱਖਾਂ ਨੇ ਧਰਮ ਯੁਧ ਮੋਰਚੇ, ਬਲੂ ਸਟਾਰ ਆਪ੍ਰੇਸ਼ਨ ਤੇ ਫ਼ੌਜੀ ਰਾਜ ਦੌਰਾਨ ਬੇਬਹਾ ਕੁਰਬਾਨੀਆਂ ਦਿਤੀਆਂ ਸਨ।

ਇਸੇ ਸੰਦਰਭ ਵਿਚ ਹੁਣ ਜਦ ‘ਅਕਾਲ ਤਖ਼ਤ’ ਦੇ ਜਥੇਦਾਰ ਵਲੋਂ ‘ਬੇਅਦਬੀਆਂ’ ਰੋਕਣ ਲਈ ਸਿੱਖ ਜਥੇਬੰਦੀਆਂ ਨੂੰ ਲਾਮਬੰਦ ਕਰਨ ਦਾ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ ਤਾਂ ਇਸ ਕਾਰਵਾਈ ਉਤੇ ਸ਼ੱਕ ਉਪਜਣਾ ਸੁਭਾਵਕ ਹੀ ਹੈ। ਅਖ਼ਬਾਰਾਂ ਨੇ ਪਹਿਲਾਂ ਹੀ ਲਿਖ ਦਿਤਾ ਸੀ ਕਿ ‘ਬਾਦਲ ਅਕਾਲੀ ਦਲ’ ਸਿੱਖਾਂ ਨਾਲੋਂ ਕੱਟੇ ਜਾਣ ਮਗਰੋਂ, ਇਕ ਪਾਸੇ ਦਲਿਤ ਪਾਰਟੀ ਤੇ ਦੂਜੇ ਪਾਸੇ ਹਿੰਦੂ, ਕਾਮਰੇਡ ਵੋਟਾਂ ਲਈ ਤਰਲੇ ਮਾਰਦਾ, ਇਹ ਚਾਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਵਾਲੇ, ਪੰਥ ਨੂੰ ਖ਼ੁਸ਼ ਕਰਨ ਵਾਲੇ ਕੁੱਝ ਕਦਮ (ਚੋਣਾਂ ਤਕ) ਚੁੱਕਣ ਜਿਨ੍ਹਾਂ ਦਾ ਲਾਭ ‘ਬਾਦਲ ਪ੍ਰਵਾਰ’ ਦੇ ‘ਅਕਾਲੀ’ ਅਪਣੇ ਲਈ ਉਠਾ ਸਕਣ। ਚਲੋ ਪਾਰਟੀਆਂ ਤਾਂ ਇਹੋ ਜਿਹੇ ਮੌਕਿਆਂ ਤੇ ਇਹੋ ਜਿਹੇ ਡਰਾਮੇ ਰਚਦੀਆਂ ਹੀ ਹਨ ਪਰ ‘ਅਕਾਲ ਤਖ਼ਤ’ ਅਖਵਾਉਣ ਵਾਲੀ ਸੰਸਥਾ ਵੀ ਜਦ ਸਿਆਸਤਦਾਨਾਂ ਦੇ ਹੁਕਮ ਮੁਤਾਬਕ ‘ਸਿਆਸੀ ਨਾਟਕਾਂ’ ਨੂੰ ਸਮਰਥਨ ਦੇਣ ਲੱਗ ਪਵੇ ਤਾਂ ਇਸ ਨਾਲ ਸੰਕਟ ਵਿਚ ਫੱਸ ਚੁੱਕਾ ਪੰਥ ਹੋਰ ਹੇਠਾਂ ਵਲ ਜਾਂਦਾ ਜਾਏਗਾ। ਸਿਆਸਤਦਾਨ ਜਦ ਧਰਮ ਦੀ ਨਕੇਲ ਕੱਸ ਕੇ ਖਿੱਚੇਗਾ ਤੇ ਧਰਮ ਦੇ ਆਗੂ ਇਸ ਕੰਮ ਵਿਚ ਉਸ ਦਾ ਸਾਥ ਦੇਣਗੇ ਤਾਂ ਧਰਮ ਹਾਰ ਜਾਏਗਾ। 

ਇਹ ਵਿਚਾਰ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਅਜੋਕੇ ‘ਜਥੇਦਾਰ’ ਨੇ ਦੂਜੀਆਂ ਪਾਰਟੀਆਂ ਦੇ ਸਿੱਖ ਲੀਡਰਾਂ ਦੇ ਨਾਂ ਲੈ ਲੈ ਕੇ ਉਨ੍ਹਾਂ ਨੂੰ ਕਈ ਵਾਰ ਨਿੰਦਿਆ ਹੈ ਪਰ ਪੰਥ ਦਾ ਬੇੜਾ ਗ਼ਰਕ ਕਰ ਦੇਣ ਵਾਲੇ, ਸ਼੍ਰੋਮਣੀ ਕਮੇਟੀ ਦੇ ਮਾਲਕ ਅਕਾਲੀਆਂ ਬਾਰੇ ਇਕ ਵਾਰ ਵੀ ਸੱਚ ਨਹੀਂ ਬੋਲਿਆ। ਅਕਾਲ ਤਖ਼ਤ ਦਾ ਕੋਈ ਸੱਚਾ ਸੇਵਕ ਇਸ ਤਰ੍ਹਾਂ ਦੀ ਇਕ ਪਾਸੜ ਸੋਚ ਵਾਲਾ ਨਹੀਂ ਹੋ ਸਕਦਾ। ਬੇਅਦਬੀ ਦਾ ਮਾਮਲਾ ਏਨੀ ਦੇਰ ਬਾਅਦ (ਚੋਣਾਂ ਦੇ ਐਨ ਨੇੜੇ) ਕਿਸੇ ‘ਜਥੇਦਾਰ’ ਦੀ ਸਮਝ ਵਿਚ ਆਇਆ ਵੀ ਹੈ ਤਾਂ ਉਹ ਇਸ ਨੂੰ ਇਕ ਪਾਰਟੀ ਦੇ ਪ੍ਰਚਾਰ ਲਈ ਨਾ ਵਰਤੇ ਸਗੋਂ ਆਪ ਹਰ ਵਿਦਵਾਨ, ਜਥੇਬੰਦੀ ਤੇ ਸੰਸਥਾ ਨਾਲ ਸਿੱਧਾ ਸੰਪਰਕ ਕਾਇਮ ਕਰ ਕੇ ਹੱਲ ਲੱਭੇ ਤੇ ਫਿਰ ਸਿੱਖ ਪੰਥ ਨੂੰ ਅਗਵਾਈ ਦੇਵੇ।

ਇਹ ਪ੍ਰਭਾਵ ਨਹੀਂ ਦੇਣਾ ਚਾਹੀਦਾ ਕਿ ‘ਅਕਾਲ ਤਖ਼ਤ’ ਜੋ ਸਿੱਖਾਂ ਨੇ ਇਕ ਨਵੀਂ ਵਿਉਂਤਬੰਦੀ ਅਧੀਨ ਉਭਾਰਿਆ ਸੀ, ਅੱਜ ਉਨ੍ਹਾਂ ਦਾ ਨਹੀਂ ਰਿਹਾ ਸਗੋਂ ਸਿਆਸਤਦਾਨਾਂ ਦਾ ਤਖ਼ਤ ਬਣ ਕੇ ਰਹਿ ਗਿਆ ਹੈ। ਅਜਿਹਾ ਵਿਚਾਰ ਪ੍ਰਚਲਤ ਹੋਣੋਂ ਰੋਕਣਾ, ਜਥੇਦਾਰਾਂ ਦਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ। ਜੇ ਅਕਾਲ ਤਖ਼ਤ ਹੁਣ ਤਕ ਚੁੱਪ ਰਿਹਾ ਹੈ ਤਾਂ ਚੋਣਾਂ ਤਕ ਹੋਰ ਰੁਕ ਜਾਏ ਵਰਨਾ ਵਾਧੂ ਦੀ ਬਹਿਸਬਾਜ਼ੀ ਵਿਚ ਘਿਰੇਗਾ ਹੀ ਘਿਰੇਗਾ।