ਸੰਪਾਦਕੀ: ਭਾਰਤ ਵਿਚ ਪਹਿਲੀ ਵਾਰ, ਇਕ ਰਾਜ ਸਰਕਾਰ ਨੇ ਇਕ ਕੇਂਦਰੀ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ!
ਚਿੰਤਾ ਦੀ ਗੱਲ ਇਹ ਹੈ ਕਿ ਹੁਣ ਕੇਂਦਰ ਤੇ ਸੂਬੇ ਆਪਸ ਵਿਚ ਜਿਹੜੀ ਦੁਸ਼ਮਣੀ ਪਾਲ ਰਹੇ ਹਨ ਤੇ ਜਿਸ ਰਸਤੇ ਤੇ ਉਹ ਚਲ ਰਹੇ ਨੇ, ਉਸ ਦਾ ਹੱਲ ਤਾਂ ਮਜ਼ਬੂਤ ਸੰਘੀ ਢਾਂਚਾ ਹੀ ਹੋਵੇਗਾ
ਬੜੀ ਹੈਰਾਨੀ ਦੀ ਗੱਲ ਹੈ ਕਿ ਕੇਂਦਰੀ ਮੰਤਰੀ ਨਾਰਾਇਣ ਰਾਣੇ ਨੂੰ ਗ੍ਰਿਫ਼ਤਾਰ ਕਰਨ ਵਿਚ ਮਹਾਰਾਸ਼ਟਰਾ ਪੁਲਿਸ (Maharashtra Police) ਨੇ ਇਕ ਪਲ ਦੀ ਦੇਰੀ ਨਹੀਂ ਲਗਾਈ। ਭਾਰਤੀ ਸਿਸਟਮ ਵਿਚ ਅੱਜਕਲ ਤਾਂ ਪ੍ਰਧਾਨ ਮੰਤਰੀ ਜਾਂ ਕਿਸੇ ਮੁੱਖ ਮੰਤਰੀ ਦੀ ਨਿੰਦਾ ਕਰਨ ਵਾਲੇ ਉਤੇ ਝੱਟ ਮਾਮਲੇ ਵੀ ਦਰਜ ਹੋ ਜਾਂਦੇ ਹਨ ਪਰ ਇਹ ਸ਼ਾਇਦ ਪਹਿਲੀ ਵਾਰ ਹੈ ਕਿ ਇਕ ਕੇਂਦਰੀ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼ਬਦਾਵਲੀ ਮਾੜੀ ਸੀ ਪਰ ਜਿਵੇਂ ਭਾਜਪਾ ਦੇ ਬੁਲਾਰੇ ਤੇ ਖ਼ੁਦ ਨਾਰਾਇਣ ਰਾਣੇ (Union Minister Narayan Rane) ਵੀ ਆਖਦੇ ਹਨ ਕਿ ਉਹ ਸ਼ਿਵ ਸੈਨਾ ਤੋਂ ਆਏ ਹਨ ਤੇ ਸ਼ਿਵ ਸੈਨਾ (Shiv Sena) ਵਿਚ ਇਹ ਸ਼ਬਦਾਵਲੀ ਬੜੀ ਆਮ ਜਹੀ ਗੱਲ ਹੈ। ਉਨ੍ਹਾਂ ਉਦਾਹਰਣ ਵੀ ਦਿਤੀ ਜਿਥੇ ਇਹੀ ਸ਼ਬਦ ਉਧਵ ਠਾਕਰੇ ਨੇ ਆਪ ਇਸਤੇਮਾਲ ਕੀਤੇ ਸਨ। ਰਾਣੇ ਠੀਕ ਵੀ ਹੋਣਗੇ ਪ੍ਰੰਤੂ ਕੀ ਸਾਡੇ ਸਿਆਸਤਦਾਨ ਅਪਣੀ ਮਿੱਠੀ ਭਾਸ਼ਾ ਲਈ ਨਹੀਂ ਜਾਣੇ ਚਾਹੀਦੇ?
ਸਿਆਸਤਦਾਨਾਂ ਵਾਸਤੇ ਕਾਨੂੰਨ ਅਲੱਗ ਹੁੰਦਾ ਹੈ, ਉਸ ਦੀ ਰਫ਼ਤਾਰ ਤੇ ਉਸ ਦੀ ਪਕੜ ਵੀ ਅਲੱਗ ਹੁੰਦੀ ਹੈ। ਇਸ ਬਾਰੇ ਕੋਈ ਦੋ ਰਾਏ ਨਹੀਂ ਤੇ ਇਹ ਕਹਿਣਾ ਕਿ ਗ੍ਰਿਫ਼ਤਾਰ ਕਰਨ ਸਮੇਂ, ਪੁਲਿਸ ਵਲੋਂ ਵਿਖਾਈ ਗਈ ਫੁਰਤੀ ਵੇਖ ਕੇ ਹੈਰਾਨੀ ਹੋਈ, ਬਹੁਤਾ ਸਹੀ ਨਹੀਂ ਹੋਵੇਗਾ। ਜਿਸ ਦੇਸ਼ ਵਿਚ ਕਰੋੜਾਂ ਲੋਕ ਅਦਾਲਤਾਂ ਵਿਚ ਵੀ ਤਰੀਕਾਂ ਪੈਣ ਦੀ ਉਡੀਕ ਲਾਈ ਬੈਠੇ ਹਨ, ਉਸ ਤੇ ਵੀ ਇਸ ਗੱਲ ਦੀ ਕੋਈ ਹੈਰਾਨੀ ਨਹੀਂ ਕਿ ਕਿਸ ਤਰ੍ਹਾਂ ਇਕ ਕੇਂਦਰੀ ਮੰਤਰੀ ਨੂੰ ਘੰਟਿਆਂ ਵਿਚ ਜ਼ਮਾਨਤ ਮਿਲ ਗਈ? ਇਹ ਦੇਸ਼ ਦੇ ਖ਼ਾਸਮਖ਼ਾਸ ਹਨ ਜਿਵੇਂ ਦੇ ਕਦੇ ਸਾਡੇ ਰਾਜੇ ਹੁੰਦੇ ਸਨ ਤੇ ਇਨ੍ਹਾਂ ਵਾਸਤੇ ਹਰ ਚੀਜ਼ ਵਖਰੀ ਹੈ।
ਪੁਲਿਸ ਦੀ ਤਾਕਤ ਇਨ੍ਹਾਂ ਨੂੰ ਹਰ ਇਕ ਤੋਂ ਅਲੱਗ ਕਰਦੀ ਹੈ ਤੇ ਪੁਲਿਸ ਇਨ੍ਹਾਂ ਦੀ ਨਿਜੀ ਫ਼ੌਜ ਵਾਂਗ ਕੰਮ ਕਰਨ ਲਈ ਮਜਬੂਰ ਹੈ। ਕੇਂਦਰ ਕੋਲ ਈ.ਡੀ. ਤੇ ਸੀ.ਬੀ.ਆਈ. ਹੈ ਅਤੇ ਹੁਣ ਸੁਪ੍ਰੀਮ ਕੋਰਟ ਨੇ ਵੀ ਆਦੇਸ਼ ਦਿਤੇ ਹਨ ਕਿ ਸਾਡੇ ਸਿਆਸੀ ਆਗੂਆਂ ਤੇ ਈ.ਡੀ./ਸੀ.ਬੀ.ਆਈ ਤਲਵਾਰ ਵਾਂਗ ਕੇਸ ਲਮਕਾਈ ਨਹੀਂ ਰੱਖ ਸਕਦੀ। ਸਹੀ ਵੀ ਹੈ ਕਿਉਂਕਿ ਇਸ ਦੀ ਦੁਰਵਰਤੋਂ ਹਰ ਸੱਤਾਧਾਰੀ ਪਾਰਟੀ ਨੇ ਕਰ ਕੇ, ਇਸ ਸੰਸਥਾ ਨੂੰ ਕਦੇ ਪਿੰਜਰੇ ਵਿਚ ਬੰਦ ਤੋਤਾ ਤੇ ਕਦੇ ਪਾਲਤੂ ਕੁੱਤੇ ਦਾ ਖ਼ਿਤਾਬ ਹੀ ਦਿਵਾਇਆ ਹੈ।
ਇਸ ਸਾਰੇ ਹਾਦਸੇ ਵਿਚ ਚਿੰਤਾ ਦੀ ਗੱਲ ਇਹ ਹੈ ਕਿ ਹੁਣ ਕੇਂਦਰ ਤੇ ਸੂਬੇ ਆਪਸ ਵਿਚ ਜਿਹੜੀ ਦੁਸ਼ਮਣੀ ਪਾਲ ਰਹੇ ਹਨ ਤੇ ਜਿਸ ਰਸਤੇ ਤੇ ਉਹ ਚਲ ਰਹੇ ਹਨ, ਉਸ ਦਾ ਹੱਲ ਤਾਂ ਮਜ਼ਬੂਤ ਸੰਘੀ ਢਾਂਚਾ ਹੀ ਹੋਵੇਗਾ ਪਰ ਸਾਡੇ ਸਿਆਸਤਦਾਨ ਇਸ ਨੂੰ ਲੈ ਕੇ ਵੀ ਆਪਸੀ ਨਫ਼ਰਤ ਫੈਲਾਉਣ ਵਿਚ ਹੀ ਲੱਗ ਜਾਣਗੇ। ਦਿੱਲੀ ਵਿਚ ਕੇਂਦਰ ਦੇ ਹੱਥ ਵਿਚ ਪੁਲਿਸ ਦੀ ਤਾਕਤ ਵਰਤ ਕੇ ਇਕ ਚੁਣੀ ਹੋਈ ਸਰਕਾਰ ਕਈ ਵਾਰ ਨਿਪੁੰਸਕ ਬਣਾ ਦਿਤੀ ਜਾਂਦੀ ਹੈ।
ਦਿੱਲੀ ਵਿਚ ਦੰਗੇ ਹੋਏ ਤੇ ਕਈ ਬੇਕਸੂਰ ਮਾਰੇ ਗਏ, ਕਈ ਬੇਘਰ ਹੋਏ ਤੇ ਕਈ ਦੇਸ਼ ਧ੍ਰੋਹ ਦੇ ਦੋਸ਼ ਹੇਠ ਸਲਾਖਾਂ ਪਿਛੇ ਵੀ ਡੱਕ ਦਿਤੇ ਗਏ ਪਰ ਕਿਉਂਕਿ ਜਿਸ ਦੀ ਦੇਖ ਰੇਖ ਹੇਠ ਅੱਗ ਲਗਾਈ ਗਈ ਸੀ ਤੇ ਜਿਸ ਨੇ ਉਪਰਲੇ ਹੁਕਮਾਂ ਦੀ ਪਾਲਣਾ ਕਰਦਿਆਂ ਹਿੰਸਕ ਕਾਰਵਾਈਆਂ ਵਿਚ ਹਿੱਸਾ ਲਿਆ ਤੇ ਫਿਰ ਜਾਂਚ ਵੀ ਆਪ ਹੀ ਕੀਤੀ, ਕੀ ਉਸ ਸੱਭ ਦੇ ਹੁੰਦਿਆਂ, ਲੋਕਾਂ ਨੂੰ ਇਨਸਾਫ਼ ਕਦੇ ਮਿਲ ਵੀ ਸਕੇਗਾ? ਅਦਾਲਤਾਂ ਨੇ ਜ਼ਰੂਰ ਕੁੱਝ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਾਈ ਹੈ। ਇਹੀ ਬੰਗਾਲ ਵਿਚ ਹੋਇਆ। ਲੜਾਈ ਕੇਂਦਰ ਤੇ ਟੀ.ਐਮ.ਸੀ. ਦੀਆਂ ਵੋਟਾਂ ਦੀ ਸੀ ਪਰ ਉਹ ਇਕ ਜੰਗ ਦਾ ਰੂਪ ਧਾਰ ਗਈ ਜਿਸ ਵਿਚ ਇਕ ਪਾਸੇ ਸੂਬੇ ਦੀ ਤਾਕਤ ਸੀ ਤੇ ਦੂਜੇ ਪਾਸੇ ਕੇਂਦਰ ਦੀ ਤਾਕਤ। ਨਤੀਜਾ ਕੀ ਹੋਇਆ? ਆਮ ਲੋਕਾਂ ਦੀਆਂ ਮੌਤਾਂ, ਚੋਣਾਂ ਤੋਂ ਪਹਿਲਾਂ, ਚੋਣਾਂ ਦੌਰਾਨ ਅਤੇ ਚੋਣਾਂ ਤੋਂ ਬਾਅਦ।
ਇਕ ਸਿਹਤਮੰਦ ਸੰਘੀ ਢਾਂਚੇ ਵਿਚ ਕੇਂਦਰ ਤੇ ਸੂਬੇ ਆਪਸ ਵਿਚ ਵਾਰਤਾਲਾਪ ਬਣਾਈ ਰਖਦੇ ਹਨ ਕਿਉਂਕਿ ਅਸਲ ਸੰਘੀ ਢਾਂਚੇ ਵਿਚ ਕੇਂਦਰ ਅਤੇ ਸੂਬਿਆਂ ਦੇ ਅਧਿਕਾਰਾਂ ਵਿਚਕਾਰ ਇਕ ਲਕੀਰ ਖਿੱਚੀ ਗਈ ਹੁੰਦੀ ਹੈ ਜਿਸ ਨੂੰ ਕੇਂਦਰ ਵਾਲੇ ਵੀ ਨਹੀਂ ਉਲੰਘ ਸਕਦੇ, ਇਸ ਲਈ ਵਾਰਤਾਲਾਪ ਚਲਦੀ ਰਹਿੰਦੀ ਹੈ। ਦੋਹਾਂ ਦੇ ਅਧਿਕਾਰ ਅਪਣੇ ਅਪਣੇ ਖੇਤਰ ਵਿਚ ਇਲਾਹੀ ਕਾਨੂੰਨ ਵਾਂਗ ਲਾਗੂ ਹੁੰਦੇ ਹਨ। ਜੇ ਸਾਡੇ ਕੇਂਦਰ ਦੇ ਆਗੂ ਅੰਗਰੇਜ਼ਾਂ ਵਾਂਗ ‘ਵੱਡੇ ਸਾਹਬ’ ਤੇ ਰਾਜਿਆਂ ਵਾਂਗ ਬਣਨੇ ਸ਼ੁਰੂ ਹੋ ਗਏ ਤਾਂ ਦੇਸ਼ ਦੀ ਏਕਤਾ, ਬਾਹਰੋਂ ਨਹੀਂ, ਅੰਦਰੋਂ ਹੀ ਟੁੱਟਣ ਲੱਗ ਜਾਏਗੀ ਕਿਉਂਕਿ ਸੰਘੀ ਢਾਂਚੇ ਵਿਚ, ਇਕ ਦੂਜੇ ਦੇ ਅਧਿਕਾਰਾਂ ਦਾ ਸਤਿਕਾਰ ਕਰਨ ਦੀ ਜਾਚ ਅਸੀ ਸਿਖੀ ਹੀ ਨਹੀਂ ਲਗਦੀ।
ਕਸ਼ਮੀਰ ਤੋਂ ਮਹਿਬੂਬਾ (Mehbooba Mufti) ਨੇ ਕਹਿ ਹੀ ਦਿਤਾ ਹੈ ਕਿ ਸਿਆਣੀਆਂ ਸਰਕਾਰਾਂ ਅਪਣੇ ਹਥਿਆਰ ਇਕ ਦੂਜੇ ਉਤੇ ਨਾ ਚਲਾਉਣ ਤੇ ਅਪਣੀਆਂ ਸੰਵਿਧਾਨਕ ਹੱਦਾਂ ਅੰਦਰ ਰਹਿ ਕੇ ਹੀ ਅਪਣੇ ਲੋਕਾਂ ਦਾ ਭਲਾ ਸੋਚਣ ਤਕ ਹੀ ਸੀਮਤ ਰਹਿਣ। ਕੇਂਦਰੀ ਮੰਤਰੀ ਦੀ ਇਕ ਰਾਜ ਸਰਕਾਰ ਵਲੋਂ ਕੀਤੀ ਗਈ ਗ੍ਰਿਫ਼ਤਾਰੀ, ਆਉਣ ਵਾਲੇ ਸਮੇਂ ਦੀ ਚੇਤਾਵਨੀ ਹੈ ਕਿ ਸੰਘੀ ਢਾਂਚੇ ਵਿਚ ਇਕ ਦੂਜੇ ਦੇ ਅਧਿਕਾਰਾਂ ਦੀ ਉਲੰਘਣਾ, ਗੰਭੀਰ ਨਤੀਜੇ ਵੀ ਕੱਢ ਕੇ ਵਿਖਾ ਸਕਦੀ ਹੈ। -ਨਿਮਰਤ ਕੌਰ