Editorial: ਬੋਹੜ ਵਰਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਖ਼ਤਰੇ ’ਚ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

Editorial:  70 ਸਾਲ ਪੁਰਾਣੀ ਇਸ ਪਾਰਟੀ ਵਿਚ ਅੱਜ-ਕਲ ਬੜੀ ਅਜੀਬ ਸਥਿਤੀ ਬਣ ਚੁੱਕੀ ਹੈ।

The existence of Shiromani Akali Dal, a party like Bohar, is in danger

 

Editorial:  ‘ਅਕਾਲੀ ਦਲ ਵਿਚ ਸੰਕਟ’ ਵਾਲਾ ਫ਼ਿਕਰਾ ਤਾਂ ਹੁਣ ਆਪ ਬਣ ਚੁਕਾ ਹੈ ਜਿਹੜਾ ਅੱਜ ਹਰ ਸੁਰਖ਼ੀ ਵਿਚ, ਹਰ ਆਗੂ ਦੇ ਆਉਣ-ਜਾਣ ’ਤੇ ਵਰਤਿਆ ਜਾ ਰਿਹਾ ਹੈ।  70 ਸਾਲ ਪੁਰਾਣੀ ਇਸ ਪਾਰਟੀ ਵਿਚ ਅੱਜ-ਕਲ ਬੜੀ ਅਜੀਬ ਸਥਿਤੀ ਬਣ ਚੁੱਕੀ ਹੈ। ਪਾਰਟੀ ਵਿਚ ਹਰ ਆਗੂ ਦੇ ਆਉਣ-ਜਾਣ ਨਾਲ ਇਸ ਬੋਹੜ ਵਰਗੀ ਪਾਰਟੀ ਦੀ ਹੋਂਦ ਹੀ ਖ਼ਤਰੇ ਵਿਚ ਆ ਜਾਂਦੀ ਹੈ।

ਗਿੱਦੜਬਾਹਾ ਦੀ ਸਿਆਸਤ ਵਿਚ ਹੁਣ ਅਕਾਲੀ ਦਲ-ਬਾਦਲ ਵਿਚ ਇਕ ਨਵਾਂ ਸੰਕਟ ਖੜਾ ਹੋ ਗਿਆ, ਜਿਥੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਜਾਣ ਦਾ ਕਦਮ ਚੁਕਿਆ ਹੈ। ਉਨ੍ਹਾਂ ਨੇ ਇਹ ਕਦਮ ਇਸ ਕਰ ਕੇ ਚੁਕਿਆ ਕਿਉਂਕਿ ਉਨ੍ਹਾਂ ਨੂੰ ਇਹ ਭਿਣਕ ਲੱਗ ਗਈ ਸੀ ਕਿ ਗਿੱਦੜਬਾਹਾ ’ਚ ਮਨਪ੍ਰੀਤ ਬਾਦਲ ਨੂੰ ਅਕਾਲੀ ਦਲ ਦੇ ਉਮੀਦਵਾਰ ਠਹਿਰਾ ਕੇ, ਉਨ੍ਹਾਂ ਦਾ ਹਲਕਾ ਖਿੱਚਣ ਦੀ ਤਿਆਰੀ ਕੀਤੀ ਜਾ ਰਹੀ ਹੈ। 

ਜੇ ਅੱਜ ਤੋਂ ਕੁੱਝ ਸਾਲ ਪਹਿਲਾਂ ਇਸ ਤਰ੍ਹਾਂ ਦੀ ਸਥਿਤੀ ਬਣੀ ਹੁੰਦੀ ਤਾਂ ਕੋਈ ਵੀ ਆਗੂ ਪਾਰਟੀ ਛੱਡ ਕੇ ਨਾ ਜਾਂਦਾ। ਪਹਿਲਾਂ ਜਿਥੇ ਸੂਬੇ ਵਿਚ ਦੋ ਪਾਰਟੀਆਂ ਸਨ, ਅੱਜ ਦੇ ਦਿਨ ਚਾਰ ਵੱਡੀਆਂ ਪਾਰਟੀਆਂ, ‘ਆਪ’, ਅਕਾਲੀ ਦਲ ਬਾਦਲ, ਕਾਂਗਰਸ ਤੇ ਭਾਜਪਾ ਪੰਜਾਬ ਵਿਚ ਅਪਣੀ-ਅਪਣੀ ਥਾਂ ਬਣਾ ਚੁਕੀਆਂ ਹਨ ਤੇ ਆਉਣ ਵਾਲੇ ਸਮੇਂ ਵਿਚ ਸਿਮਰਨਜੀਤ ਸਿੰਘ ਦੇ ਅਕਾਲੀ ਦਲ ਤੋਂ ਅੱਗੇ ਇਕ ਨਵਾਂ ਸਿਆਸੀ ਥੜਾ ਲੈਣ ਦੀ ਜਗ੍ਹਾ ’ਤੇ ਪਹੁੰਚ ਚੁਕੀਆਂ ਹਨ। ਜਿਸ ਤਰ੍ਹਾਂ ਦੀਆਂ ਜਿੱਤਾਂ ਸਰਬਜੀਤ ਸਿੰਘ ਖ਼ਾਲਸਾ ਅਤੇ ਅੰਮ੍ਰਿਤਪਾਲ ਸਿੰਘ ਨੇ ਹਾਸਲ ਕੀਤੀਆਂ ਹਨ, ਇਨ੍ਹਾਂ ਦੀ ਪਾਰਟੀ ਵੀ ਅੱਗੇ ਲੰਘਣ  ਦੀ ਤਿਆਰੀ ਵਿਚ ਹੈ।

ਜਿਹੜੇ ਆਗੂ ਅੰਦਰੂਨੀ ਸੰਕਟਾਂ ਕਾਰਨ ਦੂਜੀਆਂ ਪਾਰਟੀਆਂ ਵਿਚ ਪਨਾਹ ਲੈ ਰਹੇ ਹਨ, ਕੀ ਉਨ੍ਹਾਂ ਦੇ ਛੱਡਣ ਨਾਲ ਕਿਤੇ ਵੀ ਸੰਕਟ ਪੈਦਾ ਹੋ ਸਕਦੇ ਹਨ? ਜਦੋਂ ਰਾਸ਼ਟਰੀ ਪੱਧਰ ’ਤੇ ਭਾਜਪਾ, ਕਾਂਗਰਸ ਦੇ ਮੁਕਾਬਲੇ ਖੜੀ ਹੋ ਚੁਕੀ ਸੀ, ਤਾਂ ਉਨ੍ਹਾਂ ਦੇ ਕਈ ਆਗੂ ਭਾਜਪਾ ਵਿਚ ਸ਼ਾਮਲ ਹੋਏ ਪਰ ਕੀ ਅੱਜ ਉਨ੍ਹਾਂ ਕਾਂਗਰਸੀਆਂ ਦਾ ਭਾਜਪਾ ਵਿਚ ਉਹ ਰੁਤਬਾ ਹੈ ਜੋ ਉਹ ਅਪਣੀ ਪਹਿਲੀ ਪਾਰਟੀ ਕਾਂਗਰਸ ਵਿਚ ਰਖਦੇ ਸਨ? ਵਸੁੰਧਰਾ ਰਾਜੇ ਹੋਵੇ ਜਾਂ ਜੋਤੀ ਰਾਜੇ ਸਿੰਧੀਆ ਵਰਗੇ ਕੁਰਸੀਆਂ ਮਾਣ ਸਕਦੇ ਹਨ ਪਰ ਇਥੇ ਰੁਤਬਾ ਘੱਟ ਨੂੰ ਹੀ ਹਾਸਲ ਹੋ ਸਕਦਾ ਹੈ।

ਪਰ ਅਕਾਲੀ ਦਲ ਦਾ ਸੰਕਟ ਅੱਜ ਤੋਂ ਕਈ ਸਾਲ ਪਹਿਲਾਂ ਸ਼ੁਰੂ ਹੋ ਚੁਕਾ ਸੀ, ਜਦੋਂ ਉਨ੍ਹਾਂ ਨੇ ਅਪਣੀ ਪੰਥਕ ਸੋਚ ਨੂੰ ਛੱਡ ਕੇ, ਰਵਾਇਤੀ ਸਿਆਸਤ ਕਰਨੀ ਸ਼ੁਰੂ ਕਰ ਦਿਤੀ ਸੀ। ਅਕਾਲੀ ਦਲ ਬਾਦਲ ’ਚੋਂ ਕਈ ਆਗੂ ਜਾ ਚੁਕੇ ਹਨ ਅਤੇ ਕਈ ਹੋਰ ਵੀ ਜਾ ਸਕਦੇ ਹਨ ਪਰ ਇਹ ਪੁਰਾਣੇ ਸੰਕਟ ਦਾ ਇਕ ਹੋਰ ਅਸਰ ਹੈ। ਇਹ ਚਲਦਾ ਹੀ ਰਹੇਗਾ ਜਦੋਂ ਤਕ ਪਾਰਟੀ ਵਿਚ ਬੈਠੇ ਅਕਾਲੀ ਆਗੂ ਅਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਸੁਧਾਰ ਵਲ ਕਦਮ ਨਹੀਂ ਚੁਕਦੇ।

ਅਕਾਲੀ ਦਲ ਦੀ ਬੁਨਿਆਦ ਬਹੁਤ ਡੂੰਘੀ ਹੈ ਤੇ ਜੇ ਇਹ ਅੱਜ ਵੀ ਸੱਚੇ ਮਨ ਨਾਲ ਸੁਧਾਰ ਵਲ ਕਦਮ ਚੁਕ ਲਵੇ ਤਾਂ ਇਨ੍ਹਾਂ ਜੜ੍ਹਾਂ ਵਿਚ ਇੰਨੀ ਤਾਕਤ ਹੈ ਕਿ ਉਹ ਪਾਰਟੀ ਨੂੰ ਮੁੜ ਤੋਂ ਖੜਾ ਕਰ ਲੈਣਗੇ।ਪਰ ਉਸ ਵਾਸਤੇ ਪਾਰਟੀ ਨੂੰ ਉੱਚਾ ਚੁਕਣ ਲਈ, ਅਪਣੀ ਸੋਚ ਨੂੰ ਪ੍ਰਵਾਰ ਦੀ ਤਾਕਤ, ਕੁਰਸੀ ਅਤੇ ਕਬਜ਼ੇ ਅਤੇ ਉਦਯੋਗਿਕ ਸੋਚ ਨੂੰ ਛੱਡ ਕੇ, ਪੰਥ ਤੇ ਪੰਜਾਬ ਵਲ ਕਦਮ ਚੁਕਣਾ ਪਵੇਗਾ। ਜਦੋਂ ਤਕ ਇਸ ਨੂੰ ਤਾਕਤ ਦੀ ਲੜਾਈ ਵਾਂਗ ਨਜਿੱਠਿਆ ਨਹੀਂ ਜਾਵੇਗਾ, ਇਕ ਸੰਕਟ ਵਧਦਾ ਹੀ ਜਾਵੇਗਾ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਕਾਲੀਆਂ ਵਿਚ ਹੁਣ ਪੰਥਕ ਸੋਚ ਬਚੀ ਵੀ ਹੈ ਕਿ ਉਹ ਸੁਧਾਰ ਲਹਿਰ ਦੀ ਜ਼ਿੰਮੇਵਾਰੀ ਨਿਭਾ ਸਕਣ। ਪ੍ਰੰਤੂ ਉਹ ਰਵਾਇਤੀ ਕੁਰਸੀ ਦੀ ਸਿਆਸਤ ਵਿਚ ਮਸਤ ਹੋ ਕੇ ਹੁਣ ਅਪਣੀ ਬੁਨਿਆਦ ਤੋਂ ਕੋਹਾਂ ਦੂਰ ਜਾ ਚੁਕੇ ਹਨ।
- ਨਿਮਰਤ ਕੌਰ