Editorial: ਇਨਸਾਨਪ੍ਰਸਤੀ ਦੀ ਨਿਸ਼ਾਨੀ ਹੈ ਤਵੀ ਨਦੀ ਵਾਲਾ ਇਸ਼ਾਰਾ
ਤਵੀ ਨਦੀ ਵਿਚ ਹੜ੍ਹ ਦੇ ਖ਼ਤਰੇ ਬਾਰੇ ਪਾਕਿਸਤਾਨ ਨੂੰ ਚੌਕਸ ਕਰਨ ਦੀ ਭਾਰਤੀ ਕਾਰਵਾਈ ਦਾ ਕੌਮਾਂਤਰੀ ਪੱਧਰ ਉੱਤੇ ਸਵਾਗਤ ਹੋਇਆ
The gesture of the Tawi River is a sign of humanity Editorial: ਸਿੰਧੂ ਜਲ ਸੰਧੀ ਮੁਅੱਤਲ ਹੋਣ ਦੇ ਬਾਵਜੂਦ ਤਵੀ ਨਦੀ ਵਿਚ ਹੜ੍ਹ ਦੇ ਖ਼ਤਰੇ ਬਾਰੇ ਪਾਕਿਸਤਾਨ ਨੂੰ ਚੌਕਸ ਕਰਨ ਦੀ ਭਾਰਤੀ ਕਾਰਵਾਈ ਦਾ ਕੌਮਾਂਤਰੀ ਪੱਧਰ ਉੱਤੇ ਤਾਂ ਸਵਾਗਤ ਹੋਇਆ ਹੈ, ਪਰ ਪਾਕਿਸਤਾਨੀ ਮੀਡੀਆ ਜਾਂ ਹੁਕਮਰਾਨਾਂ ਨੇ ਇਸ ਬਾਰੇ ਨਾਂਹ-ਮੁਖੀ ਰੁਖ਼ ਹੀ ਅਪਣਾਇਆ ਹੋਇਆ ਹੈ। ਭਾਰਤੀ ਕਾਰਵਾਈ ਦੀ ਖ਼ਬਰ, ਸਭ ਤੋਂ ਪਹਿਲਾਂ ਸਾਊਦੀ ਅਖ਼ਬਾਰ ‘ਅਰਬ ਨਿਊਜ਼’ ਨੇ ਐਤਵਾਰ ਨੂੰ ਅਪਣੇ ਵੈੱਬਸਾਈਟ ਉੱਤੇ ਪ੍ਰਕਾਸ਼ਿਤ ਕੀਤੀ ਸੀ।
ਇਸ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਉਸ ਖ਼ਤ ਦੀ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਸੀ ਜਿਸ ਵਿਚ ਪਾਕਿਸਤਾਨੀ ਜਲ ਮੰਤਰਾਲੇ ਨੂੰ ਸੂਚਿਤ ਕੀਤਾ ਗਿਆ ਕਿ ਤਵੀ ਨਦੀ ਦਾ ਪਾਣੀ ਤੇਜ਼ੀ ਨਾਲ ਚੜ੍ਹ ਰਿਹਾ ਹੈ ਜਿਸ ਕਾਰਨ ਪਾਕਿਸਤਾਨ ਦੇ ਸੂਬਾ ਪੰਜਾਬ ਦੇ ਦੋ ਜ਼ਿਲ੍ਹਿਆਂ - ਸਿਆਲਕੋਟ ਤੇ ਗੁਜਰਾਤ ਵਿਚ ਹੜ੍ਹ ਆ ਸਕਦੇ ਹਨ। ਸਿੰਧੂ ਜਲ ਸੰਧੀ ਅਪ੍ਰੈਲ ਮਹੀਨੇ ਪਹਿਲਗਾਮ ਵਿਚ 22 ਸੈਲਾਨੀਆਂ ਸਮੇਤ 26 ਲੋਕਾਂ ਦੀਆਂ ਹਤਿਆਵਾਂ ਦੀ ਦਹਿਸ਼ਤੀ ਘਟਨਾ ਖ਼ਿਲਾਫ਼ ਤਿੱਖੇ ਪ੍ਰਤੀਕਰਮ ਵਜੋਂ ਭਾਰਤ ਨੇ ਅਣਮਿਥੇ ਸਮੇਂ ਲਈ ਮੁਅੱਤਲ ਕੀਤੀ ਸੀ। ਇਸ ਮੁਅੱਤਲੀ ਮਗਰੋਂ ਭਾਰਤੀ ਅਧਿਕਾਰੀਆਂ ਨੇ ਸਿੰਧ, ਜੇਹਲਮ ਤੇ ਚਨਾਬ ਦਰਿਆਵਾਂ ਰਾਹੀਂ ਪਾਕਿਸਤਾਨ ਜਾਣ ਵਾਲੇ ਪਾਣੀ ਦੇ ਅੰਕੜੇ ਉਸ ਦੇਸ਼ ਨਾਲ ਸਾਂਝੇ ਕਰਨੇ ਬੰਦ ਕਰ ਦਿਤੇ ਸਨ।
ਤਵੀ, ਜਿਸ ਨੂੰ ਮੁਨੱਵਰ ਤਵੀ ਜਾਂ ਰਾਜੌਰੀ ਤਵੀ ਵੀ ਕਿਹਾ ਜਾਂਦਾ ਹੈ, ਚਨਾਬ ਦੀ ਸਹਾਇਕ ਨਦੀ ਹੈ। ਇਸ ਵਿਚ ਹੜ੍ਹ ਆਉਣ ਦੀ ਸੰਭਾਵਨਾ ਬਾਰੇ ਪਾਕਿਸਤਾਨ ਨੂੰ ਚੌਕਸ ਕਰਨ ਦੀ ਅਚਨਚੇਤੀ ਲੋੜ ਕਿਉਂ ਪਈ? ਉਹ ਵੀ ਉਦੋਂ, ਜਦੋਂ ਬਾਕੀ ਦਰਿਆਵਾਂ ਦੇ ਪਾਣੀ ਸਬੰਧੀ ਜਾਣਕਾਰੀ ਪਾਕਿਸਤਾਨ ਨਾਲ ਸਾਂਝੀ ਨਹੀਂ ਕੀਤੀ ਜਾ ਰਹੀ? ਇਨ੍ਹਾਂ ਸਵਾਲਾਂ ਦਾ ਜਵਾਬ ਸਰਕਾਰੀ ਹਲਕਿਆਂ ਨੇ ਇਨ੍ਹਾਂ ਸ਼ਬਦਾਂ ਨਾਲ ਦਿਤਾ ਹੈ ਕਿ ਜੋ ਕੁੱਝ ਵੀ ਕੀਤਾ ਗਿਆ, ਉਹ ਇਨਸਾਨੀ ਕਦਰਾਂ ਦੇ ਆਧਾਰ ’ਤੇ ਕੀਤਾ ਗਿਆ ਹੈ। ਪਾਕਿਸਤਾਨ ਇਸ ਵੇਲੇ ਹੜ੍ਹਾਂ ਦੇ ਕਹਿਰ ਨਾਲ ਲਗਾਤਾਰ ਜੂਝ ਰਿਹਾ ਹੈ। ਉਸ ਦਾ ਕੋਈ ਵੀ ਸੂਬਾ ਅਜਿਹਾ ਨਹੀਂ ਬਚਿਆ, ਜਿੱਥੇ ਮੋਹਲੇਧਾਰ ਮੀਹਾਂ ਤੇ ਹੜ੍ਹਾਂ ਨੇ ਤਬਾਹੀ ਨਾ ਮਚਾਈ ਹੋਵੇ। ਸਰਕਾਰੀ ਅੰਕੜਿਆਂ ਮੁਤਾਬਿਕ ਸਭ ਤੋਂ ਵੱਧ ਮੌਤਾਂ ਖ਼ੈਬਰ-ਪਖ਼ਤੂਨਖ਼ਵਾ ਸੂਬੇ ਵਿਚ ਹੋਈਆਂ ਹਨ।
ਉੱਥੇ 430 ਤੋਂ ਵੱਧ ਲੋਕ ਮੀਹਾਂ ਤੇ ਹੜ੍ਹਾਂ ਕਾਰਨ ਮਾਰੇ ਜਾ ਚੁੱਕੇ ਹਨ। ਉਸ ਤੋਂ ਬਾਅਦ ਸੂਬਾ ਪੰਜਾਬ ਦੇ ਪੱਛਮੀ ਜ਼ਿਲ੍ਹਿਆਂ ਵਿਚ ਵਿਆਪਕ ਜਾਨੀ-ਮਾਲੀ ਨੁਕਸਾਨ ਹੋਇਆ। ਪੰਜਾਬ ਦੇ ਪੂਰਬੀ ਜ਼ਿਲ੍ਹੇ ਹੜ੍ਹਾਂ ਦੀ ਮਾਰ ਤੋਂ ਅਜੇ ਬਚੇ ਹੋਏ ਹਨ। ਇਤਫ਼ਾਕਵੱਸ, ਉਪਰੋਕਤ ਸਾਰਾ ਨੁਕਸਾਨ ਸਿੰਧ, ਜੇਹਲਮ ਜਾਂ ਚਨਾਬ ਦਰਿਆਵਾਂ ਵਿਚ ਭਾਰਤੀ ਇਲਾਕੇ ਵਿਚੋਂ ਵੱਧ ਪਾਣੀ ਛੱਡੇ ਜਾਣ ਕਾਰਨ ਨਹੀਂ ਹੋਇਆ; ਸਵਾਤ, ਗਿਲਗਿਤ-ਬਾਲਦਿਸਤਾਨ ਜਾਂ ਖ਼ੈਬਰ-ਪਖ਼ਤੂਨਖਵਾ ਦੀਆਂ ਪਰਬਤਮਾਲਾਵਾਂ ਵਿਚ ਬੱਦਲ ਫਟਣ ਜਾਂ ਭਾਰਤੀ ਬਾਰਸ਼ਾਂ ਪੈਣ ਕਾਰਨ ਹੋਇਆ। ਇਸੇ ਵਰਤਾਰੇ ਕਾਰਨ ਪਾਕਿਸਤਾਨ ਇਹ ਦੋਸ਼ ਵੀ ਨਹੀਂ ਲਾ ਸਕਿਆ ਕਿ ਉਸ ਮੁਲਕ ਨੂੰ ਜ਼ਿਆਦਾ ਤਬਾਹੀ ਭਾਰਤੀ ਕੁਚਾਲਾਂ ਕਾਰਨ ਝੱਲਣੀ ਪਈ। ਪਾਕਿਸਤਾਨ ਵਾਂਗ ਭਾਰਤ ਵਿਚ ਵੀ ਇਸ ਵਾਰ ਮੌਸਮੀ ਹਾਲਾਤ ਬਿਲਕੁਲ ਬਦਲ ਜਾਣ ਕਾਰਨ ਜੰਮੂ ਖਿੱਤੇ ਨੂੰ ਪਿਛਲੇ ਇਕ ਪੰਦਰਵਾੜੇ ਤੋਂ ਅਚਨਚੇਤੀ ਤੇਜ਼ ਬਾਰਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੇ ਸਿੱਟੇ ਵਜੋਂ ਚਨਾਬ ਵਿਚ ਵੀ ਪਾਣੀ ਚੜ੍ਹ ਰਿਹਾ ਹੈ ਅਤੇ ਤਵੀ ਨਦੀ ਵਿਚ ਵੀ। ਪੀਰ ਪੰਜਾਲ ਰੇਂਜ ਦੀ ਰਤਨਪੀਰ ਚੋਟੀ ਵਿਚ ਨਿਕਲਣ ਵਾਲੀ ਤਵੀ ਨਦੀ, ਚਨਾਬ ਦਰਿਆ ਦੀ ਸਹਾਇਕ ਨਦੀ ਹੈ। ਇਸ ਦੀ ਲੰਬਾਈ ਮਹਿਜ਼ 141 ਕਿਲੋਮੀਟਰ ਹੈ। ਇਹ ਜੰਮੂ, ਊਧਮਪੁਰ ਤੇ ਅਖ਼ਨੂਰ ਖੇਤਰਾਂ ਵਿਚੋਂ ਗੁਜ਼ਰਦੀ ਹੋਈ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਵਿਚ ਚਨਾਬ ਵਿਚ ਜਾ ਮਿਲਦੀ ਹੈ। ਇਸ ਵਿਚ ਆਉਂਦੇ ਹੜ੍ਹ, ਅਮੂਮਨ, ਸਿਆਲਕੋਟ ਤੇ ਗੁਜਰਾਤ ਜ਼ਿਲ੍ਹਿਆਂ ਉੱਤੇ ਕਹਿਰ ਢਾਹੁੰਦੇ ਹਨ। ਭਾਰਤੀ ਚਿਤਾਵਨੀ ਦਾ ਮਕਸਦ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਨੂੰ ਹੜ੍ਹ ਦੇ ਖ਼ਤਰੇ ਤੋਂ ਚੌਕਸ ਕਰਨਾ ਸੀ।
ਕੌਮਾਂਤਰੀ ਰਾਜਨੀਤੀ ਦਾ ਇਕ ਅਫ਼ਸੋਸਨਾਕ ਪੱਖ ਇਹ ਹੈ ਕਿ ਨਿਰੋਲ ਮਾਨਵਵਾਦੀ ਇਸ਼ਾਰਿਆਂ ਨੂੰ ਵੀ ਕੁਪ੍ਰਚਾਰ ਦਾ ਹਿੱਸਾ ਬਣਾ ਲਿਆ ਜਾਂਦਾ ਹੈ। ‘ਅਲ-ਜਜ਼ੀਰਾ’ ਚੈਨਲ ਦੇ ਇਕ ਪ੍ਰੋਗਰਾਮ ਵਿਚ ਇਕ ਪਾਕਿਸਤਾਨੀ ਪੈਨੇਲਿਸਟ ਨੇ ਭਾਰਤੀ ਇਸ਼ਾਰੇ ਨੂੰ ਅਮਰੀਕੀ ਦਬਾਅ ਹੇਠ ਆ ਕੇ ਕੀਤੀ ਗਈ ਕਾਰਵਾਈ ਦਸਿਆ। ਉਸ ਦਾ ਦਾਅਵਾ ਸੀ ਕਿ ਅਮਰੀਕਾ ਦਾ ਟਰੰਪ ਪ੍ਰਸ਼ਾਸਨ, ਭਾਰਤ ਉੱਤੇ ਸਿੰਧੂ ਜਲ ਸੰਧੀ ਦੀ ਮੁਅੱਤਲੀ ਖ਼ਤਮ ਕਰਨ ਲਈ ਦਬਾਅ ਬਣਾ ਰਿਹਾ ਹੈ ਅਤੇ ਤਵੀ ਬਾਰੇ ਚਿਤਾਵਨੀ ਇਸੇ ਅਮਲ ਦੀ ਸ਼ੁਰੂਆਤ ਹੈ। ਇਹ ਚੰਗੀ ਗੱਲ ਹੈ ਕਿ ਭਾਰਤ ਸਰਕਾਰ ਨੇ ਅਜਿਹੇ ਦਾਅਵਿਆਂ ਨੂੰ ਨਜ਼ਰ-ਅੰਦਾਜ਼ ਕਰਨਾ ਚੁਣਿਆ ਹੈ।
ਫ਼ਜ਼ੂਲ ਕਿਸਮ ਦੇ ਵਿਵਾਦਾਂ ਵਿਚ ਉਲਝਣ ਦੀ ਥਾਂ ਸੂਝਵਾਨਾਂ ਵਾਂਗ ਪੇਸ਼ ਆਉਣਾ ਕਿਰਦਾਰ ਤੇ ਸੂਝ-ਸੁਹਜ ਦੀ ਪਰਿਪੱਕਤਾ ਦੀ ਨਿਸ਼ਾਨੀ ਹੈ। ਭਾਰਤ ਨੇ ਅਪਣਾ ਇਨਸਾਨੀ ਫ਼ਰਜ਼ ਨਿਭਾ ਕੇ ਕਿਰਦਾਰੀ ਤੇ ਇਖ਼ਲਾਕੀ ਪੁਖ਼ਤਗੀ ਦਿਖਾਈ ਹੈ। ਇਹੋ ਰਾਹ, ਅਸਲ ਮਾਅਨਿਆਂ ਵਿਚ, ਇੱਜ਼ਤ ਵਾਲਾ ਰਾਹ ਹੈ।