ਅਕਾਲੀ-ਭਾਜਪਾ ਤਰੇੜਾਂ ਮੋਘਿਆਂ ਦਾ ਰੂਪ ਧਾਰ ਗਈਆਂ ਪਰ ਅਕਾਲੀ ਇਸ ਤੋਂ ਠੀਕ ਸਬਕ ਨਹੀਂ ਸਿਖਣਗੇ
ਅਕਾਲੀ ਦਲ ਅਤੇ ਭਾਜਪਾ ਦੀ ਭਾਈਵਾਲੀ 'ਚ ਦਰਾੜਾਂ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਸਨ ਪਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਹ ਡੂੰਘੀਆਂ ਹੁੰਦੀਆਂ ਜਾ ਰਹੀਆਂ...
ਅਕਾਲੀ ਦਲ ਅਤੇ ਭਾਜਪਾ ਦੀ ਭਾਈਵਾਲੀ 'ਚ ਦਰਾੜਾਂ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਸਨ ਪਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਹ ਡੂੰਘੀਆਂ ਹੁੰਦੀਆਂ ਜਾ ਰਹੀਆਂ ਸਨ। ਹੁਣ ਤਾਂ ਹਰਿਆਣਾ ਵਿਚ ਦਰਾੜਾਂ ਮੋਘਿਆਂ ਦਾ ਰੂਪ ਧਾਰ ਗਈਆਂ ਹਨ। ਹਰਿਆਣਾ ਦੀਆਂ ਪਿਛਲੀਆਂ ਚੋਣਾਂ ਵਿਚ ਵੀ ਅਕਾਲੀ ਦਲ, ਭਾਜਪਾ ਦੇ ਨਾਲ ਨਹੀਂ ਸੀ ਬਲਕਿ ਅਪਣੇ ਪ੍ਰਵਾਰਕ ਰਿਸ਼ਤੇ ਨਿਭਾਉਂਦੇ ਹੋਏ, ਆਈ.ਐਨ.ਐਲ.ਡੀ. ਨਾਲ ਖੜਾ ਸੀ। ਉਸ ਸਮੇਂ ਵੀ ਬੜੀ ਅਜੀਬ ਸਥਿਤੀ ਸੀ ਜਦੋਂ ਨਵਜੋਤ ਸਿੰਘ ਸਿੱਧੂ ਇਕ ਪਾਸੇ ਪੰਜਾਬ ਤੋਂ ਭਾਜਪਾ ਦੇ ਵਿਧਾਇਕ ਸਨ ਅਤੇ ਦੂਜੇ ਪਾਸੇ ਅਕਾਲੀ ਪਾਰਟੀ ਦੀਆਂ ਤਾਂ ਨਹੀਂ ਪਰ ਬਾਦਲ ਪ੍ਰਵਾਰ ਦੀਆਂ ਪੋਲਾਂ ਮੰਚਾਂ ਤੇ ਖੜੇ ਹੋ ਕੇ ਖੋਲ੍ਹਦੇ ਸਨ।
ਹਰਿਆਣਾ ਵਿਚ ਅਕਾਲੀ ਆਗੂ ਬਲਕੌਰ ਸਿੰਘ ਨੇ ਭਾਜਪਾ ਵਿਚ ਸ਼ਾਮਲ ਹੋ ਕੇ ਸਿੱਧ ਕਰ ਦਿਤਾ ਹੈ ਕਿ ਅਕਾਲੀ ਦਲ ਅੰਦਰੋਂ ਵੀ ਕਮਜ਼ੋਰ ਹੋ ਚੁੱਕਾ ਹੈ। ਲੋਕਾਂ ਦਾ ਜਵਾਬ ਤਾਂ ਚੋਣਾਂ ਵਿਚ ਮਿਲ ਹੀ ਗਿਆ ਸੀ ਅਤੇ ਬਾਕੀ ਜੋ ਕਸਰ ਪਿੱਛੇ ਰਹਿ ਗਈ ਸੀ, ਉਸ ਬਾਰੇ ਭਾਜਪਾ ਨੇ ਬਠਿੰਡੇ ਵਿਚ ਅਪਣੀ ਮੈਂਬਰਸ਼ਿਪ ਨੂੰ ਲੱਖਾਂ ਵਿਚ ਲਿਜਾ ਕੇ ਸਿੱਧ ਕਰ ਹੀ ਦਿਤਾ ਹੈ। ਸੁਖਬੀਰ ਸਿੰਘ ਬਾਦਲ ਨੂੰ ਲਾਹਨਤਾਂ ਪਾਉਣ ਦਾ ਵਿਰੋਧੀਆਂ ਨੂੰ ਮੌਕਾ ਮਿਲ ਰਿਹਾ ਹੈ ਅਤੇ ਉਹ ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਵਾਸਤੇ ਇਸ ਦਾ ਪੂਰੀ ਤਰ੍ਹਾਂ ਫ਼ਾਇਦਾ ਉਠਾਉਣਗੇ। ਪਰ ਜੇ ਕਸੂਰ ਭਾਜਪਾ ਉਤੇ ਮੜ੍ਹਨ ਦੀ ਰਾਹ ਅਕਾਲੀ ਦਲ ਨੇ ਫਿਰ ਅਪਣਾ ਲਈ ਤਾਂ ਉਹ ਅਪਣੀ ਅਸਲ ਕਮਜ਼ੋਰੀ ਨੂੰ ਨਹੀਂ ਪਕੜ ਪਾਉਣਗੇ ਅਤੇ ਇਸ ਵੇਲੇ ਹੋਰ ਕਈ 'ਅਕਾਲੀ' ਹਨ ਜੋ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਲ ਜਾ ਸਕਦੇ ਹਨ।
ਅੱਜ ਹਰਿਆਣਾ ਵਿਚ ਅਪਣੇ ਭਾਈਵਾਲ ਤੋਂ ਦਾ ਵਿਧਾਇਕ ਚੋਰੀ ਕਰਨ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਭਾਈਵਾਲ ਧਰਮ ਤੋੜਿਆ ਹੈ ਪਰ ਇਹ ਕਿ ਅੱਜ ਅਕਾਲੀ ਦਲ ਦੇ ਆਗੂ ਅਪਣੀ ਪਾਰਟੀ ਨੂੰ ਅਪਣਾ ਨਹੀਂ ਸਮਝਦੇ। ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਕਿ ਅਕਾਲੀ ਦਲ ਨੇ ਅਪਣੀ ਹੀ ਪਾਰਟੀ ਦੇ ਆਗੂਆਂ ਨੂੰ ਪਿੱਛੇ ਛੱਡ ਕੇ ਸਿਰਫ਼ ਅਤੇ ਸਿਰਫ਼ ਬਾਦਲ ਪ੍ਰਵਾਰ ਨੂੰ ਅੱਗੇ ਕੀਤਾ ਹੈ। ਨਾ ਸਿਰਫ਼ ਅਕਾਲੀ ਆਗੂ ਬਲਕਿ ਪੰਜਾਬ ਨੇ ਵੀ ਬੜੇ ਮੌਕੇ ਗੁਆਏ ਹਨ ਤਾਕਿ ਬਾਦਲ ਪ੍ਰਵਾਰ ਦੀ ਕੇਂਦਰ ਵਿਚ ਕੁਰਸੀ ਸੁਰੱਖਿਅਤ ਹੋਵੇ। ਜਦੋਂ ਭਾਜਪਾ ਸਰਕਾਰ ਬਣੀ ਸੀ ਤਾਂ ਅਕਾਲੀ ਦਲ ਇਕ ਕੁਰਸੀ ਦੀ ਬਜਾਏ ਕੇਂਦਰ ਤੋਂ ਪੰਜਾਬ ਦੀ ਕਰਜ਼ਾ ਮਾਫ਼ੀ, ਪੰਜਾਬ ਵਿਚ ਬੱਦੀ ਵਾਂਗ ਉਦਯੋਗ ਵਧਾਉਣ ਲਈ ਟੈਕਸ ਛੋਟ ਮੰਗ ਸਕਦਾ ਸੀ। ਸਰਹੱਦਾਂ ਤੋਂ ਨਸ਼ੇ ਰੋਕਣ ਵਾਸਤੇ ਸੀ.ਆਰ.ਪੀ.ਐਫ਼. ਦੀ ਸੁਰੱਖਿਆ ਵਿਚ ਵਾਧਾ ਮੰਗ ਸਕਦਾ ਸੀ ਪਰ ਉਨ੍ਹਾਂ ਪਠਾਨਕੋਟ ਨੂੰ ਅਤਿਵਾਦ ਦੇ ਹਵਾਲੇ ਕਰ ਦਿਤਾ।
ਇਹ ਗਠਜੋੜ ਟੁੱਟਣ ਵਿਚ ਵੀ ਬਾਦਲ ਪ੍ਰਵਾਰ ਦੀ ਅਪਣੇ ਆਪ ਨੂੰ ਅੱਗੇ ਰੱਖਣ ਦੀ ਆਦਤ ਹੈ। ਇਸ ਪ੍ਰਵਾਰ ਕੋਲ ਤਾਕਤ, ਦੌਲਤ, ਰੁਤਬੇ ਦੀ ਘਾਟ ਨਹੀਂ ਸੀ ਪਰ ਇਨ੍ਹਾਂ ਦੋ ਪ੍ਰਵਾਰਾਂ ਦੇ ਹਰ ਜੀਅ ਨੂੰ ਇਕ ਕੁਰਸੀ ਚਾਹੀਦੀ ਹੈ ਜਿਸ ਕਰ ਕੇ ਅੱਜ ਅਕਾਲੀ ਦਲ ਨੂੰ ਟਕਸਾਲੀ ਛੱਡ ਗਏ ਹਨ ਅਤੇ ਹੁਣ ਹੋਰ ਵੀ ਛੱਡ ਜਾਣਗੇ। ਪਿਉ, ਪੁੱਤਰ, ਨੂੰਹ, ਜੀਜਾ, ਸਾਲਾ ਅਤੇ ਹੁਣ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਵੀ ਤਿਆਰ ਹਨ ਅਤੇ ਫਿਰ ਤਾਂ ਚੰਗਾ ਹੀ ਹੈ ਕਿ ਬਾਕੀ ਸਾਰੇ ਛੱਡ ਜਾਣ ਕਿਉਂਕਿ ਇਨ੍ਹਾਂ ਦਸਾਂ ਨੂੰ ਹੀ ਕੁਰਸੀਆਂ ਘੱਟ ਪੈ ਜਾਣੀਆਂ ਹਨ।
ਬੜੇ ਅਫ਼ਸੋਸ ਦੀ ਗੱਲ ਹੈ ਕਿ ਪਾਰਟੀ ਇਕ ਲਹਿਰ 'ਚੋਂ ਨਿਕਲ ਕੇ ਆਈ ਸੀ, ਜਿਸ ਦੇ ਮੋਢੀ ਬਾਬਾ ਖੜਕ ਸਿੰਘ ਤੇ ਮਾਸਟਰ ਤਾਰਾ ਸਿੰਘ ਵਰਗੇ ਆਗੂ ਸਨ, ਉਹ ਅੱਜ ਸ਼ਰੀਕਾਂ ਦੀਆਂ ਲੜਾਈਆਂ ਵਿਚ ਖ਼ਾਤਮੇ ਦੇ ਕੰਢੇ ਖੜੀ ਹੈ। ਅੱਜ ਵੀ ਇਹ ਪ੍ਰਵਾਰ ਚਾਹੇ ਤਾਂ ਅਕਾਲੀ ਦਲ ਨੂੰ ਉਸ ਦਾ ਰੁਤਬਾ ਮੋੜ ਸਕਦਾ ਹੈ। ਅੱਜ ਅਪਣੇ ਭਾਈਵਾਲ ਸਾਹਮਣੇ ਥੋੜਾ ਜਿਹਾ ਸਵੈ-ਮਾਣ ਵਿਖਾਏ ਅਤੇ ਹਰਸਿਮਰਤ ਕੌਰ ਬਾਦਲ ਕੇਂਦਰ ਦੀ ਕੁਰਸੀ ਛੱਡ ਦੇਣ। ਇਸ ਪਾਰਟੀ ਨੇ ਸਿੱਖ ਪੰਥ ਦੀ ਰਾਖੀ ਕਰਨੀ ਸੀ ਤੇ ਉਹ ਅਪਣੀਆਂ ਜੜ੍ਹਾਂ ਨਾਲ ਜੁੜ ਕੇ, ਅਪਣਿਆਂ ਨੂੰ ਵਾਪਸ ਬੁਲਾ ਕੇ ਅਪਣਾ ਰਸਤਾ ਪੰਥ ਵਲ ਮੋੜ ਸਕਦੇ ਹਨ। ਸਿੱਖਾਂ ਦੀ ਇਸ 100 ਸਾਲ ਪੁਰਾਣੀ ਪਾਰਟੀ ਦਾ ਖ਼ਾਤਮਾ ਹੁੰਦਾ ਵੇਖ ਕੇ ਚੰਗਾ ਨਹੀਂ ਲਗਦਾ ਤੇ ਦਿਲ ਬੈਠਣ ਲਗਦਾ ਹੈ। - ਨਿਮਰਤ ਕੌਰ