ਬਿਹਾਰ ਚੋਣਾਂ ਦਾ ਨਤੀਜਾ ਸਾਰੇ ਦੇਸ਼ ਦੀ ਰਾਜਨੀਤੀ ਨੂੰ ਪ੍ਰਭਾਵਤ ਕਰੇਗਾ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪਾਰਟੀਆਂ ਵਲੋਂ ਦਿਤੇ ਜਾ ਰਹੇ ਭਾਸ਼ਣਾਂ ਨੇ ਇਹ ਸਾਬਤ ਕਰ ਦਿਤਾ ਹੈ ਕਿ ਅੱਜ ਭਾਰਤ ਦੀ ਹਾਲਤ ਗੰਭੀਰ ਹੋ ਚੁੱਕੀ ਹੈ

Tejashwi Yadav, Nitish Kumar

ਬਿਹਾਰ ਚੋਣਾਂ ਦੇਸ਼ ਦੀਆਂ ਸੱਭ ਤੋਂ ਮਹੱਤਵਪੂਰਨ ਸੂਬਾ ਚੋਣਾਂ ਮੰਨੀਆਂ ਜਾਂਦੀਆਂ ਹਨ ਕਿਉਂਕਿ ਦਿੱਲੀ ਦੀ ਗੱਦੀ ’ਤੇ ਬੈਠਣਾ ਚਾਹੁਣ ਵਾਲੇ ਲਈ ਯੂ.ਪੀ. ਅਤੇ ਬਿਹਾਰ ’ਚ ਅਪਣੀ ਸਰਕਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਬਿਹਾਰ ਚੋਣਾਂ ਦਾ ਨਤੀਜਾ ਕੋਰੋਨਾ ਕਾਲ ਵਿਚ ਸਰਕਾਰ ਦੀ ਕਾਰਗੁਜ਼ਾਰੀ ਉਤੇ  ਸੱਭ ਤੋਂ ਵੱਡਾ ਫ਼ੈਸਲਾ ਸਾਬਤ ਹੋਵੇਗਾ ਜਿਸ ਕਰ ਕੇ ਇਨ੍ਹਾਂ ਨੂੰ ਜਿੱਤਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਪਾਰਟੀਆਂ ਵਲੋਂ ਦਿਤੇ ਜਾ ਰਹੇ ਭਾਸ਼ਣਾਂ ਨੇ ਇਹ ਸਾਬਤ ਕਰ ਦਿਤਾ ਹੈ ਕਿ ਅੱਜ ਭਾਰਤ ਦੀ ਹਾਲਤ ਇਸ ਕਦਰ ਗੰਭੀਰ ਹੋ ਚੁੱਕੀ ਹੈ ਕਿ ਸਿਆਸਤਦਾਨਾਂ ਨੇ ਰਾਮ ਮੰਦਰ ਵਰਗੇ ਧਾਰਮਕ ਮੁੱਦਿਆਂ ਨੂੰ ਲੈ ਕੇ ਪ੍ਰਚਾਰ ਕਰਨਾ ਛੱਡ ਦਿਤਾ ਹੈ। ਭਾਜਪਾ ਵਲੋਂ ਰਾਮ ਮੰਦਰ ਦੇ ਨਿਰਮਾਣ ਦੀ ਗੱਲ ਹੀ ਨਹੀਂ ਕੀਤੀ ਜਾ ਰਹੀ ਕਿਉਂਕਿ ਉਹ ਵੀ ਜਾਣ ਗਏ ਹਨ ਕਿ ਬਿਹਾਰ ਵਿਚ ਜਨਤਾ ਕੀ ਸੁਣਨਾ ਚਾਹੁੰਦੀ ਹੈ।

ਲਾਲੂ ਯਾਦਵ ਦੇ ਪੁੱਤਰ ਤੇਜਸਵੀ ਯਾਦਵ ਨੇ ਲੋਕਾਂ ਦੀ ਨਬਜ਼ ਪਛਾਣਦਿਆਂ ਬਿਹਾਰ ਵਿਚ 10 ਲੱਖ ਨੌਕਰੀਆਂ ਦੇਣ ਦਾ ਵਾਅਦਾ ਕਰ ਦਿਤਾ ਜਿਸ ਕਾਰਨ ਨਿਤਿਸ਼ ਕੁਮਾਰ ਵੀ 19 ਲੱਖ ਨੌਕਰੀਆਂ ਦੇਣ ਦਾ ਵਾਅਦਾ ਕਰਨ ’ਤੇ ਮਜਬੂਰ ਹੋ ਗਏ। ਇਹੀ ਨਹੀਂ, ਨਿਰਮਲਾ ਸੀਤਾਰਮਨ ਨੇ ਬਿਹਾਰ ਵਿਚ ਹਰ ਵਿਅਕਤੀ ਲਈ ਮੁਫ਼ਤ ਕੋਰੋਨਾ ਵੈਕਸੀਨ ਦਾ ਐਲਾਨ ਕਰ ਦਿਤਾ।

ਹੁਣ ਇਹ ‘ਰਿਸ਼ਵਤ’ ਕਾਨੂੰਨੀ ਤੌਰ ’ਤੇ ਜਾਇਜ਼ ਵੀ ਹੈ ਜਾਂ ਨਹੀਂ, ਇਹ ਤਾਂ ਸੱਤਾ ਵਿਚ ਬੈਠੇ ਲੋਕ ਹੀ ਤੈਅ ਕਰਨਗੇ ਪਰ ਹੈਰਾਨੀ ਦੀ ਗੱਲ ਹੈ ਕਿ ਜੋ ਤਿਆਰੀ ਪਿਛਲੇ ਕੁੱਝ ਸਮੇਂ ਤੋਂ ਬਿਹਾਰ ਚੋਣਾਂ ਲਈ ਕੀਤੀ ਜਾ ਰਹੀ ਸੀ, ਉਹ ਬਿਲਕੁਲ ਵਿਅਰਥ ਚਲੀ ਗਈ। ਬਿਹਾਰ ਚੋਣਾਂ ਵਿਚ ਰਾਮ ਮੰਦਰ ਨੂੰ ਆਧਾਰ ਬਣਾ ਕੇ ਸਿਰਫ਼ ਧਾਰਮਕ ਪ੍ਰਚਾਰ ਹੀ ਨਹੀਂ ਸੀ ਹੋਣਾ ਸਗੋਂ ਸੁਸ਼ਾਂਤ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ, ਬਿਹਾਰੀਆਂ ਨੂੰ ਮਰਾਠਿਆਂ ਵਿਰੁਧ ਭੜਕਾਏ ਜਾਣ ਦੀ ਪੂਰੀ ਤਿਆਰੀ ਸੀ।

ਇਸ ਤਿਆਰੀ ਵਿਚ ਇਕ ਬੇਟੀ ਰੀਆ ਚੱਕਰਵਰਤੀ ਦੀ ਕੁਰਬਾਨੀ ਲੈਣ ਦੀ ਭਰਪੂਰ ਕੋਸ਼ਿਸ਼ ਬਿਹਾਰ ਦੇ ਡੀਜੀਪੀ ਵਲੋਂ ਕੀਤੀ ਗਈ ਜਿਸ ਨੇ ਰੀਆ ਚੱਕਰਵਰਤੀ ਨੂੰ ਉਸ ਦੀ ‘ਔਕਾਤ’ ਦਿਖਾਉਣ ਲਈ ਸਾਰੇ ਵਿਵਾਦ ਦੀ ਸ਼ੁਰੂਆਤ ਕੀਤੀ। ਮੁੰਬਈ ਪੁਲਿਸ ਨੂੰ ਨਿਸ਼ਾਨਾ ਬਣਾ ਕੇ ਸੀ.ਬੀ.ਆਈ. ਅਤੇ ਐਨ.ਸੀ.ਬੀ. ਅਤੇ ਗੋਦੀ ਮੀਡੀਆ ਸਦਕੇ ਸੁਸ਼ਾਂਤ ਕੇਸ ਨੂੰ ਬਿਹਾਰ ਦੀ ਆਬਰੂ ਦਾ ਮਾਮਲਾ ਬਣਾ ਧਰਿਆ।

ਡੀ.ਜੀ.ਪੀ. ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਵੀ ਦਿਤਾ ਅਤੇ ਚੋਣਾਂ ਵਿਚ ਆਉਣ ਦੀ ਤਿਆਰੀ ਵੀ ਕੀਤੀ ਪਰ ਉਸ ਨੂੰ ਟਿਕਟ ਨਾ ਮਿਲੀ। ਸ਼ਾਇਦ ਇਸ ਸਮੇਂ ਤਕ ਸਿਆਸਤਦਾਨਾਂ ਦੀ ਸਮਝ ਵਿਚ ਆਉਣਾ ਸ਼ੁਰੂ ਹੋ ਚੁੱਕਾ ਸੀ ਕਿ ਜਨਤਾ ਨੂੰ ਇਸ ਮਾਮਲੇ ਵਿਚ ਹੁਣ ਕੋਈ ਦਿਲਚਸਪੀ ਨਹੀਂ ਰਹੀ। ਇਹ ਸਾਰੇ ਮਾਮਲੇ ਅਸਲ ਵਿਚ ਚਟਣੀ ਅਤੇ ਅਚਾਰ ਵਰਗੇ ਹੁੰਦੇ ਹਨ ਜੋ ਤੁਹਾਡੀ ਰੋਟੀ ਦਾ ਸਵਾਦ ਬਣਾਉਂਦੇ ਹਨ

ਪਰ ਜੇ ਰੋਟੀ ਹੀ  ਨਾ ਰਹੀ ਤਾਂ ਫਿਰ ਇਕੱਲੀ ਚਟਣੀ ਅਤੇ ਅਚਾਰ ਨਹੀਂ ਖਾਧੇ ਜਾ ਸਕਦੇ। ਅੱਜ ਅਸੀ ਸਾਰੇ ਹੀ ਆਰਥਕ ਮੁਸ਼ਕਲਾਂ ਮਹਿਸੂਸ ਕਰ ਰਹੇ ਹਾਂ ਪਰ ਜਿਹੜਾ ਦਰਦ ਬਿਹਾਰ ਅਤੇ ਯੂ.ਪੀ. ਦੇ ਮਜ਼ਦੂਰਾਂ ਨੇ ਝੇਲਿਆ ਹੈ, ਉਸ ਦਾ ਅਹਿਸਾਸ ਸਾਨੂੰ ਨਹੀਂ ਹੋ ਸਕਦਾ ਅਤੇ ਜਿਸ ਡਰ ਵਿਚ ਘਿਰ ਕੇ ਕਰੋੜਾਂ ਮਜ਼ਦੂਰਾਂ ਨੇ ਮੀਲਾਂ ਦਾ ਸਫ਼ਰ ਪੈਦਲ ਚਲ ਕੇ ਤੈਅ ਕੀਤਾ, ਉਹ ਗੱਲਾਂ ਤੇ ਭਾਸ਼ਣਾਂ ਰਾਹੀਂ ਦੂਰ ਨਹੀਂ ਕੀਤਾ ਜਾ ਸਕਦਾ।

ਅਸੀ ਅਕਸਰ ਗੱਲ ਕਰਦੇ ਤੇ ਸੁਣਦੇ ਹਾਂ ਕਿ ਬਿਹਾਰ ਤੋਂ ਆਏ ਮਜ਼ਦੂਰ ਬੜੇ ਮਹਿੰਗੇ ਹੋ ਗਏ ਹਨ, ਉਹ ਅਪਣੀ ਮਜ਼ਦੂਰੀ ਲਈ ਮੂੰਹ ਮੰਗੀ ਕੀਮਤ ਮੰਗ ਰਹੇ ਹਨ ਪਰ ਅਸੀ ਸਮਝਦੇ ਨਹੀਂ ਕਿ ਸਾਡੇ 10-12 ਹਜ਼ਾਰ ਰੁਪਿਆਂ ਨਾਲ ਉਸ ਨੇ ਇਕ ਮਹੀਨਾ 4-5 ਮੈਂਬਰਾਂ ਦੇ ਪ੍ਰਵਾਰ ਨੂੰ ਹੀ ਨਹੀਂ ਚਲਾਇਆ ਬਲਕਿ ਇਨ੍ਹਾਂ ਨਾਲ ਕਈ ਮਹੀਨਿਆਂ ਤਕ ਵੱਡੇ ਪ੍ਰਵਾਰ ਵੀ ਚਲਾਏ ਹਨ। ਉਨ੍ਹਾਂ ਵਿਚ ਕੇਵਲ ਮਜ਼ਦੂਰ ਹੀ ਨਹੀਂ ਬਲਕਿ ਕਈ ਗ਼ਰੀਬ ਕਿਸਾਨ ਵੀ ਹਨ ਜੋ ਪੰਜਾਬ ਅਤੇ ਹਰਿਆਣਾ ਵਿਚ ਮਜ਼ਦੂਰੀ ਕਰਨ ਲਈ ਮਜਬੂਰ ਹਨ।

ਦੂਜੇ ਪਾਸੇ ਇਹ ਵੀ ਸੱਚ ਹੈ ਕਿ ਉਨ੍ਹਾਂ ਨੇ ਅਪਣੀ ਆਬਾਦੀ ਵਿਚ ਇਸ ਕਦਰ ਵਾਧਾ ਕੀਤਾ ਹੈ ਕਿ ਉਹ ਉਨ੍ਹਾਂ ਦੀ ਸੱਭ ਤੋਂ ਵੱਡੀ ਕਮਜ਼ੋਰੀ ਅਤੇ ਖ਼ਰਾਬੀ ਬਣ ਗਈ ਹੈ। ਉਨ੍ਹਾਂ ਨੇ ਸੋਚਿਆ ਤਾਂ ਇਹ ਸੀ ਕਿ ਜਿੰਨਾ ਵੱਡਾ ਪ੍ਰਵਾਰ ਹੋਵੇਗਾ, ਓਨੀ ਆਮਦਨ ਅਤੇ ਤਾਕਤ ਵਧੇਗੀ ਪਰ ਉਨ੍ਹਾਂ ਦੀ ਇਸ ਵਧੀ ਆਬਾਦੀ ਨੇ ਹੀ ਉਨ੍ਹਾਂ ਨੂੰ ਦੇਸ਼ ਦੇ ਕੌਮੀ ਮਜ਼ਦੂਰ ਬਣਾ ਕੇ ਰਖਿਆ ਹੋਇਆ ਹੈ।

ਨਿਤਿਸ਼ ਕੁਮਾਰ ਨੂੰ ਬੜੇ ਸਿਆਣੇ ਅਤੇ ਸਾਫ਼ ਸੁਥਰੇ ਸਿਆਸਤਦਾਨ ਵਜੋਂ ਪੇਸ਼ ਕੀਤਾ ਜਾਂਦਾ ਹੈ ਪਰ ਸਚਾਈ ਇਨ੍ਹਾਂ ਮਜ਼ਦੂਰਾਂ ਦੀ ਬੇਬਸੀ ਬਿਆਨ ਕਰਦੀ ਹੈ। ਬਿਹਾਰ ਵਿਚ ਭਾਵੇਂ ਇਕ ਵੱਡੀ ਗਿਣਤੀ ਅਫ਼ਸਰਸ਼ਾਹੀ ਵਿਚ ਵੀ ਸ਼ਾਮਲ ਹੋ ਰਹੀ ਹੈ ਪਰ ਜ਼ਿਆਦਾ ਆਬਾਦੀ ਉਤੇ ਸਿਖਿਆ ਦਾ ਕਿੰਨਾ ਕੁ ਅਸਰ ਹੈ, ਇਹ ਸਾਫ਼ ਵੇਖਿਆ ਜਾ ਸਕਦਾ ਹੈ।

ਇਹ ਬਿਹਾਰ ਦੀ ਜਨਤਾ ਦੀ ਤਰਾਸਦੀ ਹੈ ਕਿ ਸਿਅਸਤਦਾਨਾਂ ਨੇ ਉਨ੍ਹਾਂ ਲਈ ਅਜਿਹਾ ਜਾਲ ਵਿਛਾਇਆ ਹੈ ਕਿ ਉਹ ਅੱਜ ਵੀ ਰੋਟੀ ਪਿਛੇ ਵਿਲਕ ਰਹੇ ਹਨ। 19 ਲੱਖ ਨੌਕਰੀਆਂ ਕਿਸ ਤਰ੍ਹਾਂ ਮਿਲਣਗੀਆਂ, ਜਦੋਂ ਸੱਤਾ ਵਿਚ ਰਹਿਣ ਵਾਲੀ ਸਰਕਾਰ ਉਨ੍ਹਾਂ ਨੂੰ ਐਨੇ ਸਾਲਾਂ ਤੋਂ ਕੰਮ ਹੀ ਨਹੀਂ ਦੇ ਸਕੀ? ਅੱਜ ਚੋਣ ਬਿਹਾਰ ਦੀ ਹੈ ਪਰ ਜੇ ਆਰਥਕ ਹਾਲਤ ਨਾ ਸੁਧਰੇ ਤਾਂ ਇਹ ਚੋਣ ਦੇਸ਼ ਦੀ ਚੋਣ ਵੀ ਬਣ ਸਕਦੀ ਹੈ।   - ਨਿਮਰਤ ਕੌਰ