ਸੌਦਾ ਸਾਧ ਪੈਰੋਲ ਤੇ ਆ ਕੇ ਖੁਲ੍ਹਾ ਖੇਡ ਰਿਹਾ ਹੈ ਪਰ ਸਿੱਖ ਧਰਮ ਦੇ ਆਗੂਆਂ ਦੀ ਚੁੱਪੀ ਕੀ ਕਹਿੰਦੀ ਹੈ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਸਰਕਾਰਾਂ ਨੂੰ ਚੋਣਾਂ ਜਿੱਤਣ ਵਾਸਤੇ ਇਸ ਨੂੰ ਪੈਰੋਲ ਦੇਣੀ ਪੈਂਦੀ ਹੈ ਅਤੇ ਇਸ ਦੇ ਵਿਰੋਧੀ ਸਿਆਸਤਦਾਨਾਂ ਨੂੰ ਜੇਲ ਵਿਚ ਡਕਣਾ ਪੈਂਦਾ ਹੈ।

Sauda Sadh

 

ਕਾਨੂੰਨ ਵਲੋਂ ਘਿਨੌਣੇ ਅਪਰਾਧਾਂ ਹੇਠ ਸਜ਼ਾ ਯਾਫ਼ਤਾ ਦੋਸ਼ੀ ਕਰਾਰ ਦਿਤਾ ਜਾ ਚੁੱਕਾ ਇਕ ਬਲਾਤਕਾਰੀ, ਕਾਤਲ ਸਾਧ ਅੱਜ ਪੰਜਾਬ ਹਰਿਆਣਾ ਵਿਚ ਪੈਰੋਲ ਤੇ ਜੇਲ ਵਿਚੋਂ ਬਾਹਰ ਆ ਕੇ ਅਪਣੇ ਭਜਨਾਂ ਦਾ ਪ੍ਰਚਾਰ ਕਰ ਰਿਹਾ ਹੈ ਤੇ ਉਸ ਦੇ ਅੱਗੇ ਪਿਛੇ ਭਾਜਪਾ ਤੇ ਕਾਂਗਰਸੀ ਸਿਆਸਤਦਾਨ ਮੰਡਰਾ ਰਹੇ ਹਨ ਕਿਉਂਕਿ ਉਸ ਦੇ ਕਹਿਣ ਤੇ ਵੋਟ ਮਿਲਦੀ ਮੰਨੀ ਜਾਂਦੀ ਹੈ। ਉਸ ਦੇ ਬਾਹਰ ਆਉਣ ਤੇ ਪੰਜਾਬ ਦੇ ਡੇਰਾ ਪ੍ਰੇਮੀਆਂ ਵਲੋਂ ਮੰਗ ਉਠੀ ਹੈ ਕਿ ਹੁਣ ਸੁਨਾਮ ਵਿਚ ਸੌਦਾ ਸਾਧ ਦਾ ਇਕ ਹੋਰ ਡੇਰਾ ਬਣਾਇਆ ਜਾਵੇ। ਜਿਸ ਸਾਧ ਉਤੇ ਕਤਲ, ਬਲਾਤਕਾਰ ਵਰਗੇ ਅਪਰਾਧ ਸਾਬਤ ਹੋ ਚੁੱਕੇ ਹਨ, ਉਹ ਸਿੱਖ ਪੰਥ ਦਾ ਵੀ ਦੋਸ਼ੀ ਹੈ ਕਿਉਂਕਿ ਉਸ ਨੇ ਗੁਰੂ ਸਾਹਿਬ ਦੀ ਪੁਸ਼ਾਕ ਵਰਗੀ ਪੁਸ਼ਾਕ ਪਾ ਕੇ ਅਪਣੇ ਆਪ ਨੂੰ ਗੁਰੂ ਦੇ ਬਰਾਬਰ ਵਿਖਾਉਣ ਦਾ ਸਵਾਂਗ ਰਚਿਆ। ਇਸ ਦੇ ਬਾਅਦ ਉਸ ਉਤੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਵਾਉਣ ਦੀ ਸਾਜ਼ਸ਼ ਰਚਣ ਦਾ ਦੋਸ਼ ਵੀ ਹੈ ਜੋ ਸ਼ਾਇਦ ਕਦੇ ਵੀ ਸਾਬਤ ਨਾ ਹੋ ਸਕੇ ਪਰ ਇਸ ਸੱਚ ਤੋਂ ਹਰ ਕੋਈ ਜਾਣੂੰ ਹੈ ਕਿ ਡੇਰਾ ਪ੍ਰੇਮੀਆਂ ਨੂੰ ਹੁਕਮ ਕਿਸ ਨੇ ਦਿਤੇ ਹੋਣਗੇ।

ਹੁਣ ਜਦ ਪੰਜਾਬ ਤੇ ਸਿੱਖਾਂ ਵਿਰੁਧ ਏਨਾ ਕੁੱਝ ਕਰਨ ਕਰਵਾਉਣ ਦੇ ਬਾਵਜੂਦ ਇਸ ਬਲਾਤਕਾਰੀ ਕਾਤਲ ਸਾਧ ਦੇ ਪ੍ਰੇਮੀ ਉਸ ਨੂੰ ਪਿਤਾ ਹੀ ਆਖਦੇ ਹਨ ਤਾਂ ਫਿਰ ਕੀ ਕਸੂਰ ਹੈ ਸਿਆਸਤਦਾਨਾਂ ਦਾ ਜੋ ਇਸ ਪਿਛੇ ਹੱਥ ਜੋੜੀ ਖੜੇ ਦਿਸਦੇ ਹਨ ਜਾਂ ਫਿਰ ਸਿੱਖ ਧਰਮ ਦੇ ਆਗੂਆਂ ਦਾ ਜਿਨ੍ਹਾਂ ਪੰਜਾਬ ਵਿਚ ਬੈਠੇ ਲੋਕਾਂ ਨੂੰ ਸਿੱਖੀ ਤੋਂ ਦੂਰ ਕਰ ਕੇ ਇਸ ਤਰ੍ਹਾਂ ਦੇ ਸਵਾਂਗੀਆਂ ਅੱਗੇ ਨਤਮਸਤਕ ਹੋਣ ਲਈ ਮਜਬੂਰ ਕਰ ਦਿਤਾ ਤੇ ਇਕ ਕਮਜ਼ੋਰ ਕੜੀ ਨੇ ਸਮਾਜ ਦੀਆਂ ਸਾਰੀਆਂ ਸਮਾਜਕ ਕੜੀਆਂ ਵਿਚ ਜ਼ਹਿਰ ਭਰ ਦਿਤਾ। ਅੱਜ ਸਾਰੇ  ਪੰਜਾਬੀਆਂ ਨੂੰ ਇਸ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਸੌਦਾ ਸਾਧ, ਅਦਾਲਤਾਂ ਵਲੋਂ ਦੋਸ਼ੀ ਠਹਿਰਾਏ ਜਾਣ ਦੇ ਬਾਵਜੂਦ, ਅੱਜ ਵੀ ਜਨਤਾ, ਸਿਆਸਤਦਾਨਾਂ, ਧਾਰਮਕ ਆਗੂਆਂ ਅਤੇ ਸਰਕਾਰਾਂ ਉਤੇ ਰਾਜ ਕਿਵੇਂ ਕਰ ਰਿਹਾ ਹੈ?

ਅੱਜ ਸਰਕਾਰਾਂ ਨੂੰ ਚੋਣਾਂ ਜਿੱਤਣ ਵਾਸਤੇ ਇਸ ਨੂੰ ਪੈਰੋਲ ਦੇਣੀ ਪੈਂਦੀ ਹੈ ਅਤੇ ਇਸ ਦੇ ਵਿਰੋਧੀ ਸਿਆਸਤਦਾਨਾਂ ਨੂੰ ਜੇਲ ਵਿਚ ਡਕਣਾ ਪੈਂਦਾ ਹੈ। ਸਾਧ ਦੀ ਤਾਕਤ ਉਸ ਦੇ ਪ੍ਰੇਮੀ ਹਨ। ਪ੍ਰੇਮੀ ਕਿਉਂ ਪ੍ਰਵਾਹ ਨਹੀਂ ਕਰਦੇ ਕਿ ਇਸ ਉਤੇ ਅਪਣੇ ਹੀ ਪੈਰੋਕਾਰਾਂ ਦੀਆਂ ਬੇਟੀਆਂ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਹੋਇਆ ਹੈ? ਸ਼ਾਇਦ ਉਹ ਡਰਦੇ ਹਨ ਕਿ ਉਨ੍ਹਾਂ ਦਾ ਕਤਲ ਵੀ ਕਰਵਾਇਆ ਜਾ ਸਕਦਾ ਹੈ ਤੇ ਨਿਪੁੰਸਕ ਵੀ ਬਣਾਇਆ ਜਾ ਸਕਦਾ ਹੈ।

ਅੱਜ ਮਨਜਿੰਦਰ ਸਿਰਸਾ ਵਰਗੇ ਵੀ ਇਸ ਭੇਖੀ ਬਾਰੇ ਚੁੱਪੀ ਧਾਰਨ ਕਰ ਲੈਂਦੇ ਹਨ। ਅਕਾਲ ਤਖ਼ਤ ਤੋਂ ਵੀ ਰੋਸ ਦੀ ਕੋਈ ਆਵਾਜ਼ ਨਹੀਂ ਉਠਦੀ। ਕਿਸ ਤਰ੍ਹਾਂ ਇਹ ਕਾਨੂੰਨ ਦਾ ਦੋਸ਼ੀ ਏਨਾ ਤਾਕਤਵਰ ਬਣ ਗਿਆ ਹੈ? ਇਸ ਸਾਧ ਨੇ ਸਿਸਟਮ, ਸਿਆਸਤ ਤੇ ਧਰਮ ਦੀ ਕਮਜ਼ੋਰੀ ਨੂੰ ਅਪਣੀ ਤਾਕਤ ਬਣਾ ਲਿਆ ਹੈ। ਗੁਰੂ ਘਰਾਂ ਵਿਚ ਜਦ ਗ਼ਰੀਬ ਨੂੰ ਮਦਦ ਨਹੀਂ ਮਿਲਦੀ, ਜਦ ਜ਼ਾਤ ਦੇ ਨਾਮ ਤੇ ਤੁਹਾਡੇ ਵਾਸਤੇ ਵਖਰੇ ਦਰਵਾਜ਼ੇ, ਵਖਰੇ ਸ਼ਮਸ਼ਾਨਘਾਟ ਬਣ ਜਾਂਦੇ ਹਨ ਤਾਂ ਉਹ ਧਰਮ ਜੋ ਨਿਆਸਰਿਆਂ ਦਾ ਆਸਰਾ ਤੇ ਨਿਓਟਿਆਂ ਦੀ ਓਟ ਸੀ, ਉਸ ਦੇ ਕਰਤਾ ਧਰਤਾ ਅੱਜ ਨਿਆਸਰਿਆਂ ਤੇ ਨਿਓਟਿਆਂ ਨੂੰ ਲਾਵਾਰਸ ਬਣਾ ਕੇ ਸੁਟ ਦੇਂਦੇ ਹਨ-- ਸੌਦਾ ਸਾਧ ਵਰਗਿਆਂ ਦਾ ਖਾਜਾ ਬਣਨ ਲਈ। ਅਖੌਤੀ ਆਗੂ ਗੁਰੂ ਘਰਾਂ ਦੀ ਗੋਲਕ ਦੇ ਧੰਨ ਨੂੰ ਗ਼ਰੀਬ ਤੋਂ ਖੋਹ ਕੇ ਤੇ ਅਪਣੇ ਤੋਂ ਦੂਰ ਕਰ ਕੇ ਆਪ ਅਪਣੀਆਂ ਤਿਜੋਰੀਆਂ ਭਰਨ ਵਿਚ ਮਸਤ ਹਨ।

ਉਨ੍ਹਾਂ ਨੇ ਸੌਦਾ ਸਾਧ ਕੋਲੋਂ ਵੋਟਾਂ ਦੀ ਭੀਖ ਮੰਗ ਕੇ ਅਪਣੀਆਂ ਸਰਕਾਰਾਂ ਬਣਾ ਲਈਆਂ ਤੇ ਬਾਕੀ ਦੀਆਂ ਲੋੜੀਂਦੀਆਂ ਵੋਟਾਂ ਸ਼ਰਾਬ ਨਾਲ ਖ਼ਰੀਦ ਲਈਆਂ। ਅੱਜ ਉਨ੍ਹਾਂ ਨੂੰ ਤਾਂ ਲੋਕਾਂ ਨੇ ਖ਼ਾਕ ਵਿਚ ਰਲਾ ਦਿਤਾ ਹੈ ਪਰ ਹੁਣ ਸਵਾਲ ਇਹ ਹੈ ਕਿ ਹੁਣ ਸਾਧ ਦੇ ਵਰਗ਼ਲਾਏ ਮਾਸੂਮ ਲੋਕਾਂ ਨੂੰ ਵਾਪਸ ਕਿਵੇਂ ਲਿਆਂਦਾ ਜਾਵੇ? ਜਦ ਗ਼ਰੀਬ, ਲਾਚਾਰ ਦੀ ਮਦਦ ਗੁਰੂ ਘਰ ਵਿਚ ਸ਼ੁਰੂ ਹੋ ਜਾਵੇਗੀ ਤਾਂ ਕਿਉਂ ਉਹ ਕਿਸੇ ਸਾਧ ਜਾਂ ਕਿਸੇ ਹੋਰ ਪਾਸੇ ਵਲ ਮੂੰਹ ਕਰਨਗੇ?

ਪਰ ਉਸ ਵਾਸਤੇ ਧਾਰਮਕ ਆਗੂਆਂ ਨੂੰ ਅਪਣੇ ਅਸਲ ਮਾਲਕ, ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈਣਾ ਪੈਣਾ ਪਵੇਗਾ। ਅਪਣੀ ਭ੍ਰਿਸ਼ਟਾਚਾਰ ਦੀ ਮਾੜੀ ਇੱਲਤ ਨੂੰ ਛਡਣਾ ਪਵੇਗਾ। ਸਿੱਖ ਫ਼ਲਸਫ਼ੇ ਨੂੰ ਸਚਾਈ ਨਾਲ ਮੰਨਣਾ ਪਵੇਗਾ। ਜਦ ਤਕ ਸਿੱਖ ਆਗੂ ਅਪਣੇ ਸਿਆਸੀ ਮਾਲਕਾਂ ਦੇ ਮੋਹਤਾਜ ਬਣੇ ਰਹਿਣਗੇ, ਸੌਦਾ ਸਾਧ ਤੇ ਆਸਾਰਾਮ ਵਰਗੇ ਹੋਰ ਬੜੇ ਬਹਿਰੂਪੀਏ ਜਨਤਾ ਦੇ ਭੋਲੇਪਨ ਦਾ ਫ਼ਾਇਦਾ ਲੈਣ ਲਈ ਆਉਂਦੇ ਰਹਿਣਗੇ।           
 -ਨਿਮਰਤ ਕੌਰ