ਕਰਤਾਰਪੁਰ ਲਾਂਘਾ, ਬਾਬੇ ਨਾਨਕ ਪ੍ਰਤੀ ਸ਼ਰਧਾ ਵਜੋਂ ਨਹੀਂ ਸਗੋਂ ਸਿਆਸੀ ਸ਼ਤਰੰਜ ਦੀ ਇਕ ਗੋਟੀ ਵਜੋਂ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜਦੋਂ ਨੀਂਹ ਪੱਥਰ ਦੌਰਾਨ ਹੀ ਸਾਰੀਆਂ ਕੌੜੀਆਂ ਕੁਸੈਲੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ ਤਾਂ ਕੀ ਇਹ ਲਾਂਘਾ ਖੋਲ੍ਹਿਆ ਵੀ ਜਾ ਸਕੇਗਾ?............

Kartarpur Corridor Map

ਜਦੋਂ ਨੀਂਹ ਪੱਥਰ ਦੌਰਾਨ ਹੀ ਸਾਰੀਆਂ ਕੌੜੀਆਂ ਕੁਸੈਲੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ ਤਾਂ ਕੀ ਇਹ ਲਾਂਘਾ ਖੋਲ੍ਹਿਆ ਵੀ ਜਾ ਸਕੇਗਾ? ਕੀ ਇਹ ਸਿਰਫ਼ 2019 ਦੀਆਂ ਚੋਣਾਂ ਤਕ ਲਈ, ਚੋਣ-ਮੰਚਾਂ ਤਕ ਸੀਮਤ ਹੋ ਕੇ ਨਹੀਂ ਰਹਿ ਜਾਵੇਗਾ? 

ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੇ ਐਲਾਨ ਨਾਲ ਸਿੱਖਾਂ ਦੀ 70 ਸਾਲ ਤੋਂ ਹੁੰਦੀ ਆ ਰਹੀ ਅਰਦਾਸ ਪ੍ਰਵਾਨ ਚੜ੍ਹੀ ਹੈ। ਇਹ ਨਹੀਂ ਕਿ ਹੁਣ ਤਕ ਸਿੱਖ ਕਰਤਾਰਪੁਰ ਜਾ ਹੀ ਨਹੀਂ ਸਕਦੇ ਸਨ ਪਰ ਹੁਣ ਉਥੇ ਜਾਣਾ ਬੜਾ ਆਸਾਨ ਹੋ ਜਾਵੇਗਾ। ਸਰਕਾਰਾਂ ਦੀ ਕੋਸ਼ਿਸ਼ ਤਾਂ ਇਹੀ ਹੋਵੇਗੀ ਕਿ ਇਹ ਲਾਂਘਾ ਬਗ਼ੈਰ ਕਿਸੇ ਉਲਝਣ ਤੋਂ, ਹਰ ਸ਼ਰਧਾਲੂ ਨੂੰ ਆਸਾਨੀ ਨਾਲ ਮੱਥਾ ਟੇਕਣ ਦੀ ਆਜ਼ਾਦੀ ਦੇਵੇ ਪਰ ਜਿਸ ਤਰ੍ਹਾਂ ਲਾਂਘੇ ਦੇ ਖੁਲ੍ਹਣ ਦਾ ਐਲਾਨ ਹੁੰਦਿਆਂ ਹੀ ਸਾਡੇ ਕੁੱਝ ਆਗੂ ਅਪਣੇ ਦਿਲ ਦੀਆਂ ਗੱਲਾਂ ਬਾਹਰ ਕੱਢਣ ਲੱਗ ਪਏ ਹਨ, ਜਾਪਦਾ ਨਹੀਂ ਕਿ ਅਗਲਾ ਰਸਤਾ ਆਸਾਨ ਹੀ ਹੋਵੇਗਾ। 

ਜਿਸ ਲਾਂਘੇ ਨੂੰ ਅਮਨ-ਸ਼ਾਂਤੀ ਦਾ ਪ੍ਰਤੀਕ ਆਖਿਆ ਜਾ ਰਿਹਾ ਹੈ, ਉਸ ਨਾਲ ਭਾਰਤੀ ਸਿਆਸਤਦਾਨਾਂ ਵਿਚਕਾਰ ਪਈਆਂ ਦਰਾੜਾਂ ਸੱਭ ਦੀਆਂ ਨਜ਼ਰਾਂ ਸਾਹਮਣੇ ਆ ਗਈਆਂ ਹਨ। ਜਿਹੜਾ ਕਦਮ ਦੋ ਸਰਕਾਰਾਂ ਵਿਚਕਾਰ ਇਕ ਸੋਚਿਆ ਸਮਝਿਆ ਕੂਟਨੀਤਕ ਕਦਮ ਹੋਣਾ ਚਾਹੀਦਾ ਸੀ, ਅਸਲ ਵਿਚ ਉਹ ਇਕ ਸ਼ਤਰੰਜ ਦੀ ਚਾਲ ਹੋਣ ਦੇ ਸੰਕੇਤ ਦੇਣ ਲੱਗ ਪਿਆ ਹੈ। ਇਸ ਲਾਂਘੇ ਦਾ ਦਰਵਾਜ਼ਾ, ਅਪਣੇ ਮਿੱਤਰ ਇਮਰਾਨ ਖ਼ਾਨ ਦੇ ਸੱਦੇ ਤੇ ਪਾਕਿਸਤਾਨ ਗਏ ਨਵਜੋਤ ਸਿੰਘ ਸਿਧੂ ਨਾਲ ਗੱਲਾਂ ਗੱਲਾਂ ਵਿਚ ਹੀ, ਪਹਿਲੀ ਵਾਰ, ਖੁਲ੍ਹਦਾ ਪ੍ਰਤੀਤ ਹੋਇਆ।

ਉਸ ਦਿਨ ਤੋਂ ਨਵਜੋਤ ਸਿੰਘ ਸਿੱਧੂ ਨੂੰ ਸਿਰਫ਼ ਪੰਜਾਬ ਵਿਚ ਹੀ ਨਹੀਂ ਬਲਕਿ ਹਰ ਰਾਸ਼ਟਰੀ ਮੰਚ ਉਤੇ ਦੇਸ਼ ਵਿਰੋਧੀ ਦਸਿਆ ਜਾ ਰਿਹਾ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਫ਼ੌਜ ਮੁਖੀ ਨੂੰ ਜੱਫੀ ਪਾ ਕੇ ਭਾਵੇਂ ਇਸ ਪੁਰਾਣੀ ਮੰਗ ਨੂੰ ਪ੍ਰਵਾਨ ਕਰਨ ਦਾ, ਸਰਕਾਰੀ ਪੱਧਰ ਤੇ ਪਹਿਲੀ ਵਾਰ ਮੁਢ ਬੰਨ੍ਹ ਦਿਤਾ ਪਰ ਅਕਾਲੀ-ਭਾਜਪਾ ਵਲੋਂ ਉਨ੍ਹਾਂ ਨੂੰ ਅੱਜ ਵੀ ਦੇਸ਼ਧ੍ਰੋਹੀ ਅਤੇ ਭਾਰਤੀ ਫ਼ੌਜ ਦਾ ਦੁਸ਼ਮਣ ਹੀ ਗਰਦਾਨਿਆ ਜਾ ਰਿਹਾ ਹੈ। ਜਦੋਂ ਪਾਕਿਸਤਾਨ ਦੇ ਫ਼ੌਜ ਮੁਖੀ ਨੂੰ ਜੱਫੀ ਪਾਉਣਾ ਹੀ ਗਵਾਰਾ ਨਹੀਂ ਤਾਂ ਪ੍ਰਧਾਨ ਮੰਤਰੀ ਅਤੇ ਸੁਸ਼ਮਾ ਸਵਰਾਜ ਵਲੋਂ ਪਾਕਿਸਤਾਨ ਜਾ ਕੇ ਇਮਰਾਨ ਖ਼ਾਨ ਦੇ ਸਮਾਗਮ ਵਿਚ ਸ਼ਾਮਲ ਹੋਣ ਤੋਂ ਨਾਂਹ ਕਰਨਾ ਵੀ ਸਮਝ ਵਿਚ ਆ ਹੀ ਸਕਦਾ ਹੈ।

ਇਨ੍ਹਾਂ ਹਾਲਾਤ ਵਿਚ ਇਹ ਲਾਂਘਾ ਖੋਲ੍ਹਣ ਦਾ ਫ਼ੈਸਲਾ ਹੀ ਕਿਉਂ ਲਿਆ ਗਿਆ? ਭਾਰਤ ਸਰਕਾਰ ਅਜੇ ਵੀ ਜੇ ਪੰਜਾਬ ਦੀ ਪਾਕਿਸਤਾਨ ਨਾਲ ਲਗਦੀ ਸਰਹੱਦ ਨੂੰ ਸੁਰੱਖਿਅਤ ਕਰਨ ਤੋਂ ਅਸਮਰੱਥ ਹੈ ਤਾਂ ਫਿਰ ਹੋਰ ਰਸਤੇ ਕਿਉਂ ਖੋਲ੍ਹੇ ਜਾ ਰਹੇ ਹਨ? ਮੋਦੀ ਜੀ ਨੇ ਇਹ ਫ਼ੈਸਲਾ ਜਲਦਬਾਜ਼ੀ ਵਿਚ ਲਿਆ ਜਾਪਦਾ ਹੈ। ਇਹ ਉਨ੍ਹਾਂ ਦੀ ਧਰਮ ਦੇ ਨਾਂ ਤੇ ਕੀਤੀ ਜਾਂਦੀ ਰਾਜਨੀਤੀ ਦਾ ਨਤੀਜਾ ਹੈ ਜੋ ਪੰਜਾਬ ਦੇ ਲੋਕਾਂ ਨੂੰ ਧਾਰਮਕ ਮੁੱਦੇ ਤੇ ਭਾਵੁਕ ਬਣਾਉਣਾ ਚਾਹੁੰਦੀ ਹੈ।

ਇਕ ਪਾਸੇ ਮੋਦੀ ਜੀ 2019 ਤੋਂ ਪਹਿਲਾਂ ਮੰਚਾਂ ਤੋਂ ਇਹ ਐਲਾਨ ਕਰ ਸਕਣਗੇ ਕਿ ਉਨ੍ਹਾਂ ਨੇ ਸਿੱਖਾਂ ਵਾਸਤੇ ਕਿੰਨਾ ਵੱਡਾ ਕੰਮ ਕੀਤਾ ਅਤੇ ਦੂਜਾ ਉਨ੍ਹਾਂ ਦਾ ਭਾਈਵਾਲ, ਅਕਾਲੀ ਦਲ ਜੋ ਕਿ ਸਿਆਸੀ ਸਮੁੰਦਰ ਵਿਚ ਡੁਬਦਾ ਜਾ ਰਿਹਾ ਹੈ, ਨੂੰ ਅਪਣੇ ਆਪ ਨੂੰ ਬਚਾਉਣ ਵਾਸਤੇ ਇਕ ਤਿਨਕੇ ਦਾ ਸਹਾਰਾ ਮਿਲ ਗਿਆ ਹੈ। ਇਸ ਕਰ ਕੇ ਭਾਜਪਾ ਅਤੇ ਅਕਾਲੀ ਦਲ ਦੋਹਾਂ ਵਲੋਂ ਕੁਲਦੀਪ ਸਿੰਘ ਵਡਾਲਾ ਵਲੋਂ ਸ਼ੁਰੂ ਕੀਤੇ ਗਏ ਅਤੇ ਨਵਜੋਤ ਸਿੰਘ ਸਿੱਧੂ ਵਲੋਂ ਸਿਰੇ ਚੜ੍ਹਾਏ ਗਏ ਲਾਂਘਾ ਮਾਮਲੇ ਦੀ ਸਫ਼ਲਤਾ ਦਾ ਫ਼ਾਇਦਾ ਲੈਣ ਦੀ ਬੜੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਪਰ ਜਾਪਦਾ ਨਹੀਂ ਕਿ ਉਹ ਲੋਕਾਂ ਦੇ ਮਨਾਂ 'ਤੋਂ ਨਵਜੋਤ ਸਿੰਘ ਸਿੱਧੂ ਦੀ ਸਫ਼ਲਤਾ ਦਾ ਅਸਰ ਖ਼ਤਮ ਕਰਨ ਵਿਚ ਸਫ਼ਲ ਹੋ ਸਕਣਗੇ। ਪਰ ਇਸ ਚਾਲ ਦਾ ਭਾਜਪਾ ਨੂੰ ਭਾਰਤ ਵਿਚ ਨੁਕਸਾਨ ਵੀ ਹੋ ਸਕਦਾ ਹੈ। ਰਾਸ਼ਟਰੀ ਪੱਧਰ ਤੇ 26/11 ਮੁੰਬਈ ਉਤੇ ਪਾਕਿਸਤਾਨ ਤੋਂ ਆਏ ਅਤਿਵਾਦੀਆਂ ਦੇ ਹਮਲੇ ਦੀ 10ਵੀਂ ਵਰ੍ਹੇਗੰਢ ਮੌਕੇ ਕਰਤਾਰਪੁਰ ਲਾਂਘੇ ਦੇ ਖੁਲ੍ਹਣ ਨਾਲ ਨਵਾਂ ਦੌਰ ਸ਼ੁਰੂ ਹੋ ਸਕਦਾ ਸੀ। ਪਰ ਕਿਉਂਕਿ ਇਹ ਕੂਟਨੀਤੀ ਨਹੀਂ, ਧਰਮ ਦੇ ਨਾਂ ਤੇ ਖੇਡੀ ਗਈ ਵੋਟ ਰਾਜਨੀਤੀ ਹੈ, ਇਸ ਨਾਲ ਕਈ ਲੋਕ ਨਾਰਾਜ਼ ਵੀ ਹੋ ਰਹੇ ਹਨ। ਪਾਕਿਸਤਾਨ ਨਾਲ ਨਫ਼ਰਤ ਕਰਨ ਨੂੰ ਰਾਸ਼ਟਰ ਭਗਤੀ ਮੰਨਣ ਵਾਲੇ, ਹੁਣ ਭਾਜਪਾ ਨਾਲ ਨਾਰਾਜ਼ ਵੀ ਹੋ ਸਕਦੇ ਹਨ।

ਇਸ ਨੂੰ ਫ਼ੌਜ ਨਾਲ ਧੋਖਾ ਵੀ ਆਖਿਆ ਜਾ ਰਿਹਾ ਹੈ। ਸ਼ਾਇਦ ਇਸੇ ਕਾਰਨ ਭਾਜਪਾ ਸਰਕਾਰ ਵਲੋਂ ਦੋਹਾਂ ਸਿੱਖ ਮੰਤਰੀਆਂ (ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੁਰੀ) ਨੂੰ ਪਾਕਿਸਤਾਨ 'ਚ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ 'ਚ ਭੇਜਿਆ ਜਾ ਰਿਹਾ ਹੈ। ਸੁਸ਼ਮਾ ਸਵਰਾਜ ਨੇ ਪਾਕਿਸਤਾਨ ਦੇ ਸੱਦੇ ਨੂੰ ਠੁਕਰਾ ਦਿਤਾ ਹੈ। ਸੋ ਇਹ ਸਿਰਫ਼ ਸਿੱਖਾਂ ਵਾਸਤੇ ਸਰਕਾਰ ਵਲੋਂ ਭੇਜਿਆ ਚੁਣਾਵੀ ਤੋਹਫ਼ਾ ਹੈ, ਨਾਕਿ ਪਾਕਿਸਤਾਨ ਨਾਲ ਸ਼ਾਂਤੀ ਵਧਾਉਣ ਦਾ ਕਦਮ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਫ਼ੌਜੀਆਂ ਅਤੇ ਪਾਕਿਸਤਾਨ ਵਲੋਂ ਕੀਤੇ ਜਾ ਰਹੇ ਹਮਲਿਆਂ ਦਾ ਜ਼ਿਕਰ ਕਰ ਕੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿਤਾ ਹੈ। 

ਜਦੋਂ ਨੀਂਹ ਪੱਥਰ ਦੌਰਾਨ ਹੀ ਸਾਰੀਆਂ ਕੌੜੀਆਂ ਕੁਸੈਲੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ ਤਾਂ ਕੀ ਇਹ ਲਾਂਘਾ ਖੋਲ੍ਹਿਆ ਵੀ ਜਾ ਸਕੇਗਾ? ਕੀ ਇਹ ਸਿਰਫ਼ 2019 ਦੀਆਂ ਚੋਣਾਂ ਤਕ ਲਈ, ਚੋਣ-ਮੰਚਾਂ ਤਕ ਸੀਮਤ ਹੋ ਕੇ ਨਹੀਂ ਰਹਿ ਜਾਵੇਗਾ? ਜਿਸ ਤਰ੍ਹਾਂ ਨੀਂਹ ਪੱਥਰ ਉਤੇ ਕੇਂਦਰ ਵਾਲੇ, ਭਾਈਵਾਲ ਦੇ ਨਾਂ ਲਿਖਵਾਉਣ ਵਿਚ ਜਾਂ ਅਪਣੇ ਆਪ ਲਈ ਮੰਚਾਂ ਤੋਂ ਲਾਹਾ ਲੈਣ ਵਿਚ ਰੁੱਝੇ ਹੋਏ ਹਨ,

ਇਕ ਗੱਲ ਤਾਂ ਸਾਫ਼ ਹੈ ਕਿ ਇਹ ਬਾਬੇ ਨਾਨਕ ਨਾਲ ਪਿਆਰ ਨਹੀਂ ਬਲਕਿ ਵੋਟਾਂ ਦੀ ਲੜਾਈ ਦਾ ਬਿਗਲ ਹੈ ਜਿਸ ਦਾ ਸ਼ੋਰ ਸੁਣਾਈ ਦੇ ਰਿਹਾ ਹੈ। ਇਸ ਨੂੰ ਹਕੀਕਤ ਵਿਚ ਬਦਲਣ ਲਈ ਬੜੇ ਸਮਝਦਾਰ ਆਗੂ ਚਾਹੀਦੇ ਹੋਣਗੇ ਜੋ ਇਸ ਲਾਂਘੇ ਰਾਹੀਂ ਅਮਨ ਸ਼ਾਂਤੀ ਵਾਲਾ ਮਾਹੌਲ ਬਣਾ ਕੇ, ਦੁਹਾਂ ਪਾਸਿਆਂ ਦੇ ਫ਼ੌਜੀਆਂ ਦੀ ਜਾਨ ਬਚਾਉਣ ਵਾਲੇ ਰਿਸ਼ਤੇ ਪੱਕੇ ਕਰ ਸਕਣ।  -ਨਿਮਰਤ ਕੌਰ