ਨਾਵਾਜਬ ਨਹੀਂ ਗੌਤਮ ਗੰਭੀਰ ਨੂੰ ਹਟਾਉਣ ਦੀ ਮੰਗ
ਖਿਡਾਰੀ ਦੇ ਤੌਰ 'ਤੇ ਗੌਤਮ ਗੰਭੀਰ ਅਪਣੀ ਜੁਝਾਰੂ ਬਿਰਤੀ ਲਈ ਮਸ਼ਹੂਰ ਸੀ।
ਦੱਖਣੀ ਅਫ਼ਰੀਕਾ ਖ਼ਿਲਾਫ਼ ਦੂਜੇ ਤੇ ਆਖ਼ਰੀ ਕ੍ਰਿਕਟ ਟੈਸਟ ਵਿਚ ਭਾਰਤੀ ਟੀਮ ਦੀ 408 ਦੌੜਾਂ ਦੀ ਨਮੋਸ਼ੀਜਨਕ ਹਾਰ ਮਗਰੋਂ ਮੁੱਖ ਕੋਚ ਗੌਤਮ ਗੰਭੀਰ ਨੂੰ ਹਟਾਏ ਜਾਣ ਦੀ ਮੰਗ ਜ਼ੋਰ ਫੜ ਗਈ ਹੈ। ਹਾਲਾਂਕਿ ਹਾਰ ਲਈ ਇਕੱਲੇ ਗੰਭੀਰ ਨੂੰ ਬਲੀ ਦਾ ਬਕਰਾ ਬਣਾਉਣਾ ਵਾਜਬ ਨਹੀਂ ਜਾਪਦਾ, ਫਿਰ ਵੀ ਇਹ ਹਕੀਕਤ ਕ੍ਰਿਕਟ ਪ੍ਰੇਮੀਆਂ ਤੋਂ ਛੁਪੀ ਹੋਈ ਨਹੀਂ ਕਿ ਉਸ ਦੇ ਤਜਰਬੇ, ਦੋ ਟੈਸਟ ਮੈਚਾਂ ਦੀ ਲੜੀ ਵਿਚ ਭਾਰਤ ਦੇ 2-0 ਨਾਲ ਸਫ਼ਾਏ ਦੀ ਇਕ ਅਹਿਮ ਵਜ੍ਹਾ ਸਾਬਤ ਹੋਏ। ਈਡਨ ਗਾਰਡਨ, ਕੋਲਕਾਤਾ ਵਿਚ ਪਹਿਲਾ ਟੈਸਟ ਭਾਰਤ ਮਹਿਜ਼ ਢਾਈ ਦਿਨਾਂ ਵਿਚ 30 ਦੌੜਾਂ ਨਾਲ ਹਾਰਿਆ।
ਉਸ ਹਾਰ ਤੋਂ ਬਾਅਦ ਉਮੀਦ ਕੀਤੀ ਜਾਂਦੀ ਸੀ ਕਿ ਭਾਰਤੀ ਟੀਮ ‘‘ਜਬੈ ਬਾਣ ਲਾਗਯੋ, ਤਬੈ ਰੋਸ ਜਾਗਯੋ’’ ਵਾਲੀ ਭਾਵਨਾ ਦਾ ਮੁਜ਼ਾਹਰਾ ਕਰਦਿਆਂ ਦੂਜੇ ਟੈਸਟ ਵਿਚ ਅਪਣੀ ਜਿੱਤ ਯਕੀਨੀ ਬਣਾਏਗੀ। ਹੋਇਆ ਇਸ ਤੋਂ ਉਲਟ : ਭਾਰਤੀ ਟੀਮ ਸਾਇਮਨ ਹਾਰਮਰ ਵਰਗੇ ਆਫ਼ ਸਪਿੰਨਰ ਦੀ ਫਿਰਕੀ ਗੇਂਦਬਾਜ਼ੀ ਨੂੰ ਪੜ੍ਹਨ ਪੱਖੋਂ ਬਿਲਕੁਲ ਨਾਕਾਮ ਰਹੀ। ਦੋ ਟੈਸਟ ਮੈਚਾਂ ਵਿਚ ਉਸ ਵਲੋਂ ਹਾਸਿਲ 17 ਵਿਕਟਾਂ ਇਸੇ ਹਕੀਕਤ ਦਾ ਪ੍ਰਮਾਣ ਹਨ।
ਦੂਜੇ ਟੈਸਟ ਦੀ ਆਖ਼ਰੀ ਪਾਰੀ ਵਿਚ ਤਾਂ ਭਾਰਤੀ ਬੱਲੇਬਾਜ਼ਾਂ ਨੇ ਉਸ ਅੱਗੇ ਹਥਿਆਰ ਸੁੱਟ ਦੇਣ ਵਾਲਾ ਜ਼ਜਬਾ ਦਿਖਾਇਆ। ਜਿਸ ਮੁਲਕ ਦਾ ਕੌਮਾਂਤਰੀ ਕ੍ਰਿਕਟ ਦੀ ਮਹਾਂਸ਼ਕਤੀ ਵਾਲਾ ਅਕਸ ਹੋਵੇ, ਉਸ ਵਲੋਂ ਲਗਾਤਾਰ ਦੋ ਟੈਸਟ ਲੜੀਆਂ ਅਪਣੀ ਹੀ ਸਰਜ਼ਮੀਂ ਉੱਤੇ ਹਾਰਨਾ ਹਰ ਭਾਰਤੀ ਕ੍ਰਿਕਟ ਪ੍ਰੇਮੀ ਲਈ ਮਾਯੂਸਕੁਨ ਅਨੁਭਵ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਇਸੇ ਸਾਲ ਨਿਊਜ਼ੀਲੈਂਡ ਨੇ ਭਾਰਤ ਪਾਸੋਂ ਤਿੰਨ ਟੈਸਟ ਮੈਚਾਂ ਦੀ ਲੜੀ 3-0 ਦੇ ਅੰਤਰ ਨਾਲ ਜਿੱਤੀ ਸੀ। ਉਦੋਂ ਗੌਤਮ ਗੰਭੀਰ ਨਵਾਂ ਨਵਾਂ ਕੋਚ ਬਣਿਆ ਸੀ। ਇਸੇ ਕਰ ਕੇ ਕੋਚ ਵਜੋਂ ਉਸ ਦੀ ਖ਼ਰਾਬ ਸ਼ੁਰੂਆਤ ਦੀ ਅਣਦੇਖੀ ਕਰ ਦਿਤੀ ਗਈ ਸੀ।
ਇਸ ਤੋਂ ਬਾਅਦ ਇੰਗਲੈਂਡ ਵਿਚ ਭਾਰਤੀ ਟੀਮ ਦੀ ਮੇਜ਼ਬਾਨ ਮੁਲਕ ਖ਼ਿਲਾਫ਼ ਤਸੱਲੀਬਖ਼ਸ਼ ਕਾਰਗੁਜ਼ਾਰੀ ਨੇ ਇਹ ਪ੍ਰਭਾਵ ਦਿਤਾ ਕਿ ਕੋਚ ਗੌਤਮ ਗੰਭੀਰ, ਕੋਚਿੰਗ ਦੀਆਂ ਬਾਰੀਕੀਆਂ ਦੇ ਨਾਲ-ਨਾਲ ਭਾਰਤੀ ਖਿਡਾਰੀਆਂ ਦੀ ਨਬਜ਼ ਵੀ ਸਮਝਣ ਤੇ ਉਨ੍ਹਾਂ ਦਾ ਪ੍ਰਦਰਸ਼ਨ ਸੁਧਾਰਨ ਦੇ ਰਾਹ ਤੁਰਨ ਲੱਗਾ ਹੈ। ਪਰ ਹੁਣ ਦੱਖਣੀ ਅਫ਼ਰੀਕਾ ਖ਼ਿਲਾਫ਼ ਭਾਰਤੀ ਪ੍ਰਦਰਸ਼ਨ ਪਾਰੀ-ਦਰ-ਪਾਰੀ ਨਿਘਰਦਾ ਜਾਣਾ ਦਰਸਾਉਂਦਾ ਹੈ ਕਿ ਕੋਚ ਵਜੋਂ ਗੌਤਮ ਗੰਭੀਰ ਦੇ ਤਜਰਬੇ ਗਹਿਰ-ਗੰਭੀਰ ਦੀ ਥਾਂ ਗ਼ੈਰ-ਗੰਭੀਰ ਸਾਬਤ ਹੋ ਰਹੇ ਹਨ। ਉਸ ਵਲੋਂ ਦੋਵਾਂ ਮੈਚਾਂ ਲਈ ਗ਼ਲਤ ਖਿਡਾਰੀਆਂ ਦੀ ਚੋਣ ਟੀਮ ਅੰਦਰਲੀ ਇਕਸੁਰਤਾ ਭੰਗ ਕਰਨ ਵਾਲੀ ਰਹੀ। ਇਹ ਸਹੀ ਹੈ ਕਿ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿਚ ਕਪਤਾਨ ਸ਼ੁਭਮਨ ਗਿੱਲ ਦੇ ਜ਼ਖ਼ਮੀ ਹੋਣ ਨੇ ਟੀਮ ਦੀ ਬੱਲੇਬਾਜ਼ੀ ਦਾ ਤਵਾਜ਼ਨ ਕੁੱਝ ਹੱਦ ਤਕ ਵਿਗਾੜਿਆ ਜ਼ਰੂਰ, ਪਰ ਇਸ ਤਵਾਜ਼ਨ ਨੂੰ ਸਹੀ ਕਰਨ ਵਾਲੇ ਤਜਰਬੇ ਕਾਰਗਰ ਸਾਬਤ ਨਹੀਂ ਹੋਏ। ਚਾਰ ਪਾਰੀਆਂ ਵਿਚ ਭਾਰਤੀ ਬੱਲੇਬਾਜ਼ਾਂ ਵਲੋਂ ਮਹਿਜ਼ ਦੋ ਅਰਧ-ਸੈਂਕੜੇ (ਯਸ਼ਸਵੀ ਜਾਇਸਵਾਲ ਤੇ ਰਵਿੰਦਰ ਜਦੇਜਾ ਰਾਹੀਂ) ਬਣਾਉਣਾ ਦਰਸਾਉਂਦਾ ਹੈ ਕਿ ਕੋਚਿੰਗ ਸਟਾਫ਼ ਦੀ ਪਹੁੰਚ ਕਿੰਨੀ ਗ਼ਲਤ ਰਹੀ।
ਖਿਡਾਰੀ ਦੇ ਤੌਰ ’ਤੇ ਗੌਤਮ ਗੰਭੀਰ ਅਪਣੀ ਜੁਝਾਰੂ ਬਿਰਤੀ ਲਈ ਮਸ਼ਹੂਰ ਸੀ। ਇਹੋ ਬਿਰਤੀ ਉਸ ਨੇ ਦਿੱਲੀ ਰਣਜੀ ਟੀਮ ਦੇ ਕਪਤਾਨ ਤੇ ਖੇਡ ਪ੍ਰਸ਼ਾਸਕ ਵਜੋਂ ਅਪਣਾਈ ਰੱਖੀ। ਦਿੱਲੀ ਦੇ ਖੇਡ ਹਲਕਿਆਂ ਵਿਚ ਉਹ ‘ਗੋਟੀ ਭਾਅ-ਜੀ’ ਵਜੋਂ ਹੁਣ ਵੀ ਜਾਣਿਆ ਜਾਂਦਾ ਹੈ, ਪਰ ਉਸ ਦੇ ਪ੍ਰਸੰਸ਼ਕਾਂ, ਖ਼ਾਸ ਕਰ ਕੇ ਸ਼ੁਭਚਿੰਤਕਾਂ ਦੀ ਤਾਦਾਦ ਕਦੇ ਵੀ ਸੌਰਵ ਗਾਂਗੁਲੀ, ਸਚਿਨ ਤੇਂਦੁਲਕਰ, ਅਨਿਲ ਕੁੰਬਲੇ ਜਾਂ ਰਾਹੁਲ ਦ੍ਰਾਵਿੜ ਵਰਗੇ ਸਮਕਾਲੀਆਂ ਦੇ ਹਾਣ ਦੀ ਨਹੀਂ ਰਹੀ। ਇਸ ਦੀ ਇਕ ਵਜ੍ਹਾ ਤਾਂ ਉਸ ਦੀ ਮੂੰਹਫੱਟਤਾ ਹੈ। ਦੂਜਾ ਵੱਡਾ ਕਾਰਨ ਹੈ ਅੱਖੜਪੁਣਾ। ਆਈ.ਪੀ.ਐਲ. ਵਿਚ ਉਹ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਵਾਸਤੇ ਸਫ਼ਲ ਕੋਚ ਸਾਬਤ ਹੋਇਆ, ਪਰ ਉਸ ਕਲੱਬ ਨੇ ਉਸ ਨਾਲ ਸਾਂਝ ਲੰਮੇਰੀ ਬਣਾਉਣ ਤੋਂ ਗੁਰੇਜ਼ ਕੀਤਾ।
ਉਸ ਵਲੋਂ ਝੋਲੀਚੁੱਕਾਂ ਨੂੰ ਹੰਢੇ-ਵਰਤੇ ਖਿਡਾਰੀਆਂ ਦੇ ਮੁਕਾਬਲੇ ਤਰਜੀਹ ਦੇਣ ਤੇ ਪੱਖਪਾਤੀ ਰੁਖ਼ ਅਪਣਾਏ ਜਾਣ ਦੇ ਕਿੱਸੇ ਭਾਰਤੀ ਟੀਮ ਦੇ ਮੁੱਖ ਕੋਚ ਵਜੋਂ ਉਸ ਦੀ ਨਿਯੁਕਤੀ ਦੇ ਸਮੇਂ ਤੋਂ ਹੀ ਬਾਹਰ ਆਉਣੇ ਸ਼ੁਰੂ ਹੋ ਗਏ ਸਨ। ਉਦੋਂ ਇਹ ਵੀ ਦੱਬਵੀਂ ਜ਼ੁਬਾਨ ਨਾਲ ਕਬੂਲਿਆ ਜਾਣ ਲੱਗਾ ਸੀ ਕਿ ਰੋਹਿਤ ਸ਼ਰਮਾ, ਵਿਰਾਟ ਕੋਹਲੀ ਜਾਂ ਰਵੀਚੰਦਰਨ ਅਸ਼ਵਿਨ ਵਰਗੇ ਸੀਨੀਅਰ ਖਿਡਾਰੀਆਂ ਨੇ ਟੈਸਟ ਕ੍ਰਿਕਟ ਤੋਂ ਵਿਦਾਈ ‘ਗੋਟੀ ਭਾਅਜੀ’ ਦੇ ਰੁੱਖੇ ਵਿਵਹਾਰ ਕਾਰਨ ਲਈ। ਹੁਣ ਇਨ੍ਹਾਂ ਕਿੱਸਿਆਂ ਦੀ ਪੁਸ਼ਟੀ ਕਈ ਸਾਬਕਾ ਖਿਡਾਰੀਆਂ ਵਲੋਂ ਸ਼ਰੇਆਮ ਕੀਤੀ ਜਾਣ ਲੱਗੀ ਹੈ। ਇਸ ਦਾ ਅਸਰ ਕੌਮੀ ਟੀਮ ਦੇ ਪ੍ਰਦਰਸ਼ਨ ’ਤੇ ਪੈਣਾ ਸੁਭਾਵਿਕ ਹੀ ਹੈ।
ਇਹ ਸੋਚ ਸਹੀ ਹੈ ਕਿ ਕੋਚ ਤਾਂ ਸਿਰਫ਼ ਸੇਧ ਹੀ ਦੇ ਸਕਦਾ ਹੈ, ਖੇਡਣਾ ਤਾਂ ਖਿਡਾਰੀਆਂ ਨੇ ਹੈ। ਉਹ ਕੋਚ ਵਲੋਂ ਦਿਤੀ ਸੇਧ ਉੱਤੇ ਕਿੰਨਾ ਕੁ ਅਮਲ ਕਰਦੇ ਹਨ, ਇਸ ਦੀ ਗਾਰੰਟੀ ਕੋਈ ਕੋਚ ਨਹੀਂ ਦੇ ਸਕਦਾ। ਪਰ ਇਹ ਹਕੀਕਤ ਵੀ ਦਰਕਿਨਾਰ ਨਹੀਂ ਕੀਤੀ ਜਾ ਸਕਦੀ ਕਿ ਖਿਡਾਰੀਆਂ ਨੂੰ ਬਿਹਤਰੀਨ ਪ੍ਰਦਰਸ਼ਨ ਲਈ ਪ੍ਰੇਰਨਾ ਅਤੇ ਉਨ੍ਹਾਂ ਦੀ ਖੇਡ-ਸ਼ੈਲੀ ਵਿਚਲੇ ਵਿਗਾੜਾਂ ਨੂੰ ਦਰੁਸਤ ਕਰਨਾ ਵੀ ਕੋਚ ਦਾ ਹੀ ਕੰਮ ਹੈ। ਜੇ ਯਸ਼ਸਵੀ ਜਾਇਸਵਾਲ ਜਾਂ ਰਿਸ਼ਭ ਪੰਤ ਚਾਰੋਂ ਪਾਰੀਆਂ ਵਿਚ ਇਕੋ ਹੀ ਗ਼ਲਤੀ ਦੁਹਰਾਈ ਜਾਂਦੇ ਹਨ ਤਾਂ ਇਹ ਘਟਨਾਵਲੀ ਸਹੀ ਸੇਧ ਦੀ ਅਣਹੋਂਦ ਵਲ ਇਸ਼ਾਰਾ ਕਰਦੀ ਹੈ।
ਹਰ ਕਪਤਾਨ ਜਾਂ ਹਰ ਕੋਚ ਵਿਚ ਏਨੀ ਦਾਨਿਸ਼ਮੰਦੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਕਠੋਰ ਤੋਂ ਕਠੋਰ ਸੱਚ ਨੂੰ ਵੀ ਉਹ ਸਨੇਹ ਤੇ ਸਲੀਕੇ ਦੀ ਚਾਸ਼ਨੀ ਚੜ੍ਹਾ ਕੇ ਪੇਸ਼ ਕਰੇ। ਧੜੇਬੰਦੀ ਜਾਂ ਪਸੰਦਗੀ-ਨਾਪਸੰਦਗੀ ਹਰ ਇਨਸਾਨ ਦੇ ਅੰਦਰ ਹੁੰਦੀ ਹੈ। ਪਰ ਨਿੱਜੀ ਭਾਵਨਾਵਾਂ ਤੋਂ ਉੱਚਾ ਉੱਠਣ ਅਤੇ ਟੀਮ ਦੇ ਹਿਤਾਂ ਨੂੰ ਤਰਜੀਹ ਦੇਣ ਦੀ ਕਲਾ ਦੀ ਖੇਡ ਜਗਤ ਤੋਂ ਇਲਾਵਾ ਜ਼ਿੰਦਗੀ ਦੇ ਹੋਰਨਾਂ ਸ਼ੋਅ੍ਹਬਿਆਂ ਵਿਚ ਵੀ ਇਕੋ ਜਿੰਨੀ ਉੱਚ ਅਹਿਮੀਅਤ ਹੈ। ਕ੍ਰਿਸ਼ਨਮਾਚਾਰੀ ਸ੍ਰੀਕਾਂਤ ਸਮੇਤ ਕਈ ਸਾਬਕਾ ਵਿਸ਼ਵ ਪੱਧਰੀ ਕ੍ਰਿਕਟਰਾਂ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਤੋਂ ਗੌਤਮ ਗੰਭੀਰ ਨੂੰ ਹਟਾਏ ਜਾਣ ਦੀ ਮੰਗ ਬੇਬਾਕੀ ਨਾਲ ਕੀਤੀ ਹੈ। ਉਨ੍ਹਾਂ ਦੇ ਤਰਕਾਂ ਤੇ ਕਥਨਾਂ ਅੰਦਰਲੇ ਵਜ਼ਨ ਦੀ ਅਣਦੇਖੀ ਨਹੀਂ ਹੋਣੀ ਚਾਹੀਦੀ ਹੈ। ਭਾਰਤੀ ਕ੍ਰਿਕਟ ਨੂੰ ਕੋਚਿੰਗ ਅਮਲੇ ਦੀ ਕਾਰਗੁਜ਼ਾਰੀ ਉੱਤੇ ਨਿਰਪੱਖ ਨਜ਼ਰਸਾਨੀ ਦੀ ਲੋੜ ਹੈ। ਅਜਿਹੀ ਨਜ਼ਰਸਾਨੀ ਜਿੱਥੇ ਖਿਡਾਰੀਆਂ ਦੇ ਹਿੱਤ ਸੁਰੱਖਿਅਤ ਬਣਾ ਸਕਦੀ ਹੈ, ਉੱਥੇ ਭਾਰਤੀ ਕ੍ਰਿਕਟ ਦੀ ਸਾਖ਼-ਸਲਾਮਤੀ ਲਈ ਵੀ ਲਾਹੇਵੰਦ ਹੋ ਸਕਦੀ ਹੈ।