ਰਾਹੁਲ ਦੀ ਭਾਰਤ ਜੋੜੋ ਯੋਜਨਾ ਠੀਕ ਪਰ ਸਿੱਖਾਂ ਨੂੰ ਇਸ ਵਿਚ ਬਰਾਬਰ ਦਾ ਹਿੱਸੇਦਾਰ ਕਿਵੇਂ ਬਣਾਇਆ ਜਾਏਗਾ? 

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜਿਹੜਾ ਸਵਾਗਤ ਰਾਹੁਲ ਗਾਂਧੀ ਨੂੰ ਭਾਰਤ ਦੀਆਂ ਸੜਕਾਂ ’ਤੇ ਆਮ ਤੇ ਖ਼ਾਸ ਲੋਕਾਂ ਤੋਂ ਮਿਲ ਰਿਹਾ ਹੈ, ਉਸ ਨੂੰ ਨਜ਼ਰ-ਅੰਦਾਜ਼ ਕਰਨਾ ਸੌਖਾ ਨਹੀਂ

Rahul's Bharat Jodo yatra is fine, but how will the Sikhs be made equal partners in it?

ਇਕ ਸੌ ਅੱਠ ਦਿਨ ਦੀ ਪਦ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਪਹਿਲਾ ਪੜਾਅ ਪੂਰਾ ਕਰ ਕੇ ਯਾਤਰਾ ਚੋਂ ਪਹਿਲੀ ਵਾਰ ਨੌਂ ਦਿਨਾਂ ਦੀ ਛੁੱਟੀ ਲਈ ਹੈ। 108 ਦਿਨ ਤਕ ਹਰ ਰੋਜ਼ ਦੇ 15-20/22 ਕਿਲੋਮੀਟਰ ਚਲਣ ਦੀ ਉਮੀਦ ਰਾਹੁਲ ਗਾਂਧੀ ਕੋਲੋਂ ਕਿਸੇ ਨੂੰ ਵੀ ਨਹੀਂ ਸੀ। ਸੁਣਿਆ ਜਾਂਦਾ ਹੈ ਕਿ ਉਨ੍ਹਾਂ ਦੇ ਪੈਰਾਂ ਤੇ ਜ਼ਖ਼ਮ ਬਣ ਗਏ ਹਨ ਜਿਨ੍ਹਾਂ ਨੂੰ ਹਰ ਸ਼ਾਮ ਮਲ੍ਹਮ ਲਗਾ ਕੇ ਅਗਲੇ ਦਿਨ ਲਈ ਫਿਰ ਤਿਆਰ ਕੀਤਾ ਜਾਂਦਾ ਹੈ।

ਮਹਾਤਮਾ ਗਾਂਧੀ ਨੇ ਡਾਂਡੀ ਮਾਰਚ ਕੀਤਾ ਸੀ ਪਰ ਅੱਜ ਰਾਹੁਲ ਗਾਂਧੀ ਨੇ ਨਫ਼ਰਤ ਵਿਰੁਧ ਇਹ ਯਾਤਰਾ ਸ਼ੁਰੂ ਕਰ ਕੇ ਤੇ ਲਗਭਗ ਮੁਕੰਮਲ ਕਰ ਕੇ ਅਪਣੇ ਉਤੇ ਚਿਪਕਾਇਆ ਗਿਆ  ‘ਪੱਪੂ’ ਲੇਬਲ ਤਾਂ ਉਤਾਰ ਹੀ ਦਿਤਾ ਹੈ ਪਰ ਉਨ੍ਹਾਂ ਨੇ ਇਹ ਵੀ ਸਾਬਤ ਕਰ ਦਿਤਾ ਹੈ ਕਿ ਉਹ ਸਿਆਸਤ ਵਿਚ ਗਾਂਧੀ ਪ੍ਰਵਾਰ ਵਿਚ ਜਨਮੇ ਹੋਣ ਕਾਰਨ ਨਹੀਂ ਜਾਂ ਅਪਣੀ ਮਾਂ ਦੀ ਜਿੱਤ ਲਈ ਨਹੀਂ ਜਾਂ ਇਕ ਸ਼ਹਿਜ਼ਾਦੇ ਵਜੋਂ ਨਹੀਂ ਬਲਕਿ ਇਕ ਅਸਲੀ ਸਿਆਸਤਦਾਨ ਵਾਂਗ ਭਾਰਤ ਨੂੰ ਸਹੀ ਦਿਸ਼ਾ ਵਿਖਾਉਣ ਵਾਸਤੇ ਸਿਆਸੀ ਅਖਾੜੇ ਵਿਚ ਉਤਰ ਰਹੇ ਹਨ। 

ਅੱਜ ਰਾਹੁਲ ਗਾਂਧੀ ਦੀ ਜਿਹੜੀ ਸੋਚ ਹੈ, ਉਹ ਨਾ ਪੱਪੂ ਵਾਲੀ ਹੈ, ਨਾ ਇਕ ਜ਼ਬਰਦਸਤ ਨੇਤਾ ਵਾਲੀ ਹੈ ਬਲਕਿ ਇਕ ਨੌਜੁਆਨ ਆਗੂ ਵਾਲੀ ਹੈ ਜੋ ਭਾਰਤ ਦੇ ਆਮ ਲੋਕਾਂ ਦੀ ਪੀੜ ਨੂੰ ਸਮਝ ਸਕਿਆ ਹੈ। ਜਿਹੜਾ ਸਵਾਗਤ ਰਾਹੁਲ ਗਾਂਧੀ ਨੂੰ ਭਾਰਤ ਦੀਆਂ ਸੜਕਾਂ ’ਤੇ ਆਮ ਤੇ ਖ਼ਾਸ ਲੋਕਾਂ ਤੋਂ ਮਿਲ ਰਿਹਾ ਹੈ, ਉਸ ਨੂੰ ਨਜ਼ਰ-ਅੰਦਾਜ਼ ਕਰਨਾ ਸੌਖਾ ਨਹੀਂ ਤੇ ਅੱਜ  ਭਾਜਪਾ ਤੇ ‘ਆਪ’ ਚਿੰਤਾ ਵਿਚ ਘਿਰ ਗਈਆਂ ਹੋਣਗੀਆਂ। ਜਿਸ ਦੇਸ਼ ਵਿਚ ਵੋਟ ਸ਼ਖ਼ਸੀਅਤ ਵਲ ਵੇਖ ਕੇ ਪੈਂਦੀ ਹੈ, ਉਸ ਦੇਸ਼ ਵਿਚ ਅੱਜ ਰਾਹੁਲ ਗਾਂਧੀ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।

ਜ਼ਾਹਰ ਹੈ ਕਿ ਦੇਸ਼ ਵਿਚ ਗ਼ੁਲਾਮੀ ਤਾਂ ਨਹੀਂ ਪਰ ਅੱਜ ਹਰ ਕੋਈ ਅਪਣੀ ਆਵਾਜ਼ ਉਤੇ ਬੜੀਆਂ ਪਾਬੰਦੀਆਂ ਲਗੀਆਂ ਮਹਿਸੂਸ ਕਰ ਰਿਹਾ ਹੈ। ਸਿਆਣੇ ਆਖਦੇ ਹਨ ਕਿ ਕਦੇ ਕਿਸੇ ਨੂੰ ਇਸ ਕਦਰ ਨਹੀਂ ਸਤਾਣਾ ਚਾਹੀਦਾ ਕਿ ਉਸ ਦਾ ਡਰ ਹੀ ਖ਼ਤਮ ਹੋ ਜਾਵੇ ਪਰ ਅੱਜ ਭਾਰਤ ਦੇ ਆਮ ਲੋਕਾਂ ਨੂੰ ਇਸ ਕਦਰ ਕੁੱਝ ਸੋਚਾਂ ਦੇ ਬੋਝ ਹੇਠ ਦਬਾਇਆ ਗਿਆ ਹੈ ਕਿ ਉਹ ਅੱਜ ਜਾਂ ਤਾਂ ਪੂਰੀ ਤਰ੍ਹਾਂ ਅਪਣੀ ਆਜ਼ਾਦੀ ਕੁਰਬਾਨ ਕਰ ਦੇਣਗੀਆਂ ਜਾਂ ਇਕ ਉਮੀਦ ਨਾਲ ਮੁੜ ਤੋਂ ਖੜੀਆਂ ਹੋ ਜਾਣਗੀਆਂ।

ਜਦ ਰਾਹੁਲ ਗਾਂਧੀ ਦਿੱਲੀ ਪਹੁੰਚੇ ਤਾਂ ਉਨ੍ਹਾਂ ਦਾ ਸਵਾਗਤ ਕਰਨ ਆਈ ਜਨਤਾ ਵੇਖ ਕੇ ਹੈਰਾਨੀ ਹੋਈ ਕਿਉਂਕਿ ਹਾਲ ਹੀ ਵਿਚ ਦਿੱਲੀ ਵਿਚ ਹੋਈਆਂ ਮਿਊਂਸੀਪਲ ਕਾਰਪੋਰੇਸ਼ਨ ਦਿੱਲੀ ਦੀਆਂ ਚੋਣਾਂ ਵਿਚ ਕਾਂਗਰਸ ਹਾਰ ਗਈ ਸੀ। ਕੀ ਦਿੱਲੀ ਵਾਲਿਆਂ ਨੇ ਅਪਣੇ ਦਿਲ ਦਾ ਰਾਜਾ ਬਦਲਣ ਦਾ ਫ਼ੈਸਲਾ ਕਰ ਲਿਆ ਹੈ? ਜੋ ਹੁੰਗਾਰਾ ਕੰਨਿਆ ਕੁਮਾਰੀ ਤੋਂ ਲੈ ਕੇ ਦਿੱਲੀ ਦੀਆਂ ਸੜਕਾਂ ’ਤੇ ਦਿਸਿਆ, ਇਸ ਤੋਂ ਸਾਫ਼ ਹੈ ਕਿ 2024 ਦਾ ਨਤੀਜਾ ਇਕ ਤਰਫ਼ਾ ਹੋਣ ਵਾਲੇ ਦਾਅਵੇੇੇ ਸ਼ਾਇਦ ਗ਼ਲਤ ਸਾਬਤ ਹੋ ਜਾਣਗੇ।

ਜਨਵਰੀ ਵਿਚ ਰਾਹੁਲ ਗਾਂਧੀ ਪੰਜਾਬ ਵਿਚ ਦਾਖ਼ਲ ਹੋਣਗੇ ਤੇ ਮੌਕਾ ਮਿਲਿਆ ਤਾਂ ਇਕ ਸਵਾਲ ਜ਼ਰੂਰ ਪੁਛਣਾ ਚਾਹਾਂਗੇ ਕਿ ਜਿਥੇ ਉਹ ਭਾਰਤ ਨੂੰ ਧਰਮ ਤੇ ਜਾਤ ਤੋਂ ਆਜ਼ਾਦ ਮਨੁੱਖੀ ਅਧਿਕਾਰਾਂ ਦੇ ਸਵਾਲ ਤੇ ਜੋੜਨਾ ਚਾਹੁੰਦੇ ਹਨ, ਉਹ ਸਿੱਖਾਂ ਨੂੰ ਅਪਣੇ ਤੋਂ ਵਖਰਾ ਹੋਣ ਦਾ ਅਹਿਸਾਸ ਵੀ ਕਿਉਂ ਕਰਵਾਉਂਦੇ ਹਨ? ਦਿੱਲੀ ਵਿਚ ਸਿੱਖ ਨਸਲਕੁਸ਼ੀ ਦੇ ਅਪਰਾਧੀ ਜਗਦੀਸ਼ ਟਾਈਟਲਰ ਨੂੰ ਭਾਰਤ ਜੋੜੋ ਯਾਤਰਾ ਦਾ ਹਿੱਸਾ ਬਣਾਇਆ ਜਾ ਰਿਹਾ ਸੀ।

ਭਾਵੇਂ ਸਿੱਖਾਂ ਦੇ ਸ਼ੋਰ ਤੋਂ ਬਾਅਦ ਉਸ ਦਾ ਨਾਮ ਹਟਾ ਦਿਤਾ ਗਿਆ ਹੈ ਪਰ ਜਿਸ ਤਰ੍ਹਾਂ ਮੁਸਲਮਾਨ ਕਾਂਗਰਸ ਨਾਲ ਜੁੜੇ ਹੋਏ ਹਨ, ਕੀ ਸਿੱਖ ਵੀ ਉਸੇ ਤਰ੍ਹਾਂ ਕਾਂਗਰਸ ਨਾਲ ਜੁੜੇ ਰਹਿ ਸਕਣਗੇ? ਕੀ ਘੱਟ ਗਿਣਤੀਆਂ ਭਾਰਤ ਨੂੰ ਜੋੜਨ ਵਿਚ ਮੁਕੰਮਲ ਹਿੱਸੇਦਾਰ ਨਹੀਂ ਬਣਾਈਆਂ ਜਾਣਗੀਆਂ? ਭਾਰਤ ਨੂੰ ਜੁੜਦਾ ਵੇਖ ਕੇ ਚੰਗਾ ਲਗਦਾ ਹੈ ਪਰ ਸਿੱਖਾਂ ਪ੍ਰਤੀ ਵੀ ਰਾਹੁਲ ਗਾਂਧੀ ਦੀ ਸੋਚ ਸਪੱਸ਼ਟ ਹੋਣੀ ਚਾਹੀਦੀ ਹੈ।                                                           
  - ਨਿਮਰਤ ਕੌਰ