Editorial: ਸਦਭਾਵ ਜਾਂ ਨਫ਼ਰਤ : ਕੀ ਹੈ ਸੰਘ ਦੀ ਅਸਲ ਨੀਤੀ?
Editorial: ਆਰ.ਐਸ.ਐਸ. ਦੀ ਲੜਾਈ ਅਯੁੱਧਿਆ ਵਿਚ ਰਾਮ ਮੰਦਰ ਦੀ ਸਥਾਪਨਾ ਤਕ ਸੀਮਤ ਸੀ
Editorial: ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਮੁਖੀ ਡਾ. ਮੋਹਨ ਭਾਗਵਤ ਦੇ ਹਾਲੀਆ ਬਿਆਨ ਕਿ ਮਸਜਿਦਾਂ ਦੇ ਹੇਠ ਮੰਦਰ ਹੋਣ ਬਾਰੇ ਨਿੱਤ ਦੇ ਵਿਵਾਦ ਬੇਲੋੜੇ ਹਨ, ਦਾ ਚੁਪਾਸਿਉਂ ਸਵਾਗਤ ਹੋਣਾ ਸੁਭਾਵਿਕ ਸੀ। ਇਹ ਪਹਿਲੀ ਵਾਰ ਨਹੀਂ ਜਦੋਂ ਆਰ.ਐਸ.ਐਸ. ਦੇ ਮੁਖੀ (ਸਰਸੰਘਸੰਚਾਲਕ) ਨੇ ਮੰਦਰ-ਮਸਜਿਦ ਵਿਵਾਦਾਂ ਬਾਰੇ ਅਜਿਹੀ ਸੁਰ ਅਪਣਾਈ ਅਤੇ ਹਿੰਦੂਤੱਵ ਦੇ ਪੈਰੋਕਾਰਾਂ ਨੂੰ ਸੰਜਮ ਤੇ ਤਹੱਮਲ ਤੋਂ ਕੰਮ ਲੈਣ ਦਾ ਮਸ਼ਵਰਾ ਦਿਤਾ। ਇਸ ਵਾਰ 19 ਦਸੰਬਰ ਨੂੰ ਪੁਣੇ ਵਿਚ ਤਾਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਇਤਿਹਾਸਕ ਮਸਜਿਦ ਦੇ ਹੇਠ ਮੰਦਰ ਹੋਣ ਦੇ ਦਾਅਵੇ ਕਰਨ ਵਾਲੇ ਜੇਕਰ ਇਹ ਸੋਚਦੇ ਹਨ ਕਿ ਅਜਿਹਾ ਕਰ ਕੇ ਉਹ ਹਿੰਦੂ ਸਮਾਜ ਦੇ ਲੀਡਰ ਬਣ ਜਾਣਗੇ ਤਾਂ ਇਹ ਉਨ੍ਹਾਂ ਦੀ ਗ਼ਲਤਫ਼ਹਿਮੀ ਹੈ।
ਆਰ.ਐਸ.ਐਸ. ਦੀ ਲੜਾਈ ਅਯੁੱਧਿਆ ਵਿਚ ਰਾਮ ਮੰਦਰ ਦੀ ਸਥਾਪਨਾ ਤਕ ਸੀਮਤ ਸੀ। ਉਸ ਤੋਂ ਅੱਗੇ ਸੰਘ ਹੋਰ ਕਿਸੇ ਵੀ ਵਿਵਾਦ ਵਿਚ ਉਲਝਣਾ ਨਹੀਂ ਚਾਹੁੰਦੀ ਕਿਉਂਕਿ ਅਜਿਹੇ ਵਿਵਾਦ (ਉਨ੍ਹਾਂ ਦੇ ਸ਼ਬਦਾਂ ਵਿਚ) ‘‘ਸਮਾਜਿਕ ਸੌਹਾਰਦ ਦੇ ਹਿੱਤ ਵਿਚ ਨਹੀਂ। ਭਾਰਤ, ਖ਼ਾਸ ਕਰ ਕੇ ਹਿੰਦੂ ਸਮਾਜ ਨੂੰ ਸਮਾਜਿਕ ਸਦਭਾਵ ਦੀ ਮਿਸਾਲ ਬਣਨਾ ਚਾਹੀਦਾ ਹੈ, ਅਜਿਹੇ ਸਦਭਾਵ ਦੀ ਅਣਹੋਂਦ ਦਾ ਪ੍ਰਤੀਕ ਨਹੀਂ।’’
ਆਰ.ਐਸ.ਐਸ. ਮੁਖੀ ਦੇ ਅਜਿਹੇ ਕਥਨਾਂ ਦਾ ਸੱਭ ਤੋਂ ਵੱਧ ਖ਼ੈਰ-ਮਕਦਮ ਮੁਸਲਿਮ ਦਾਨਿਸ਼ਵਰਾਂ ਵਲੋਂ ਹੋਇਆ। ਹੋਣਾ ਵੀ ਚਾਹੀਦਾ ਸੀ। ਪਰ ਇਸ ਤੋਂ ਤਿੰਨ ਦਿਨ ਬਾਅਦ ਹੀ ਸੰਘ ਦੇ ਅਪਣੇ ਰਸਾਲੇ ‘ਆਰਗੇਨਾਈਜ਼ਰ’ ਨੇ ਸੰਭਲ (ਯੂ.ਪੀ.) ਦੀ ਸ਼ਾਹੀ ਜਾਮਾ ਮਸਜਿਦ ਅਤੇ ਅਜਮੇਰ ਸ਼ਰੀਫ਼ ਦਰਗਾਹ, ਪ੍ਰਾਚੀਨ ਮੰਦਰਾਂ ਨੂੰ ਢਾਹ ਕੇ ਸਥਾਪਿਤ ਕੀਤੇ ਹੋਣ ਦੀ ਦੁਹਾਈ ਨੂੰ ਜਾਇਜ਼ ਦਸਦਿਆਂ ਇਹ ਰਾਇ ਪ੍ਰਗਟਾਈ ਕਿ ਸਾਰੀਆਂ ਵਿਵਾਦਿਤ ਥਾਵਾਂ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਅਪਣੀ ਸੰਪਾਦਕੀ ਵਿਚ ਇਸ ਰਸਾਲੇ ਨੇ ਲਿਖਿਆ ‘‘ਵਿਵਾਦਿਤ ਥਾਵਾਂ ਤੇ ਢਾਂਚਿਆਂ ਦਾ ਅਸਲ ਇਤਿਹਾਸ ਸਾਹਮਣੇ ਆਉਣ ਨਾਲ ਹੀ ‘ਤਹਿਜ਼ੀਬੀ ਨਾਇਨਸਾਫ਼ੀ’ ਦਾ ਅੰਤ ਹੋ ਸਕੇਗਾ।’’
ਰਸਾਲੇ ਦੇ ਇਸੇ ਅੰਕ ਵਿਚ ਸੰਭਲ ਦੀ ਸ਼ਾਹੀ ਜਾਮਾ ਮਸਜਿਦ ਬਾਰੇ ਮੁੱਖ ਲੇਖ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ ਜਿਸ ਵਿਚ ਇਕ ‘‘ਇਤਿਹਾਸਕ ਮੰਦਰ ਦੀ ਬੁਨਿਆਦ ’ਤੇ ਸ਼ਾਹੀ ਜਾਮਾ ਮਸਜਿਦ ਉਸਾਰੀ ਹੋਣ’’ ਦੀ ਪੂਰੀ ਕਹਾਣੀ ਕੁੱਝ ਪ੍ਰਾਚੀਨ ਤਸਵੀਰਾਂ ਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਪੇਸ਼ ਕੀਤੀ ਗਈ ਹੈ। ਇਸੇ ਲੇਖ ਵਿਚ ਇਹ ਵੀ ਕਿਹਾ ਗਿਆ ਹੈ ਕਿ ‘‘ਤਹਿਜ਼ੀਬੀ ਜਾਂ ਸਭਿਆਤਮਕ ਵਿਗਾੜਾਂ’’ ਨੂੰ ਦਰੁਸਤ ਕਰਨਾ ਕਿਸੇ ਵੀ ਧਾਰਮਕ ਜਾਂ ਸਮਾਜਿਕ ਫ਼ਿਰਕੇ ਨਾਲ ਜ਼ਿਆਦਤੀ ਨਹੀਂ ਬਲਕਿ ਉਸ ਫ਼ਿਰਕੇ ਨੂੰ ਤਾਂ ਇਸ ਕਾਰਜ ਵਿਚ ਸਹਿਯੋਗ ਕਰਨਾ ਚਾਹੀਦਾ ਹੈ।
ਲੇਖ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਿਹੜੀਆਂ ਜ਼ਿਆਦਤੀਆਂ ਵਰਿ੍ਹਆਂ ਜਾਂ ਸਦੀਆਂ ਪਹਿਲਾਂ ਕਿਸੇ ਇਕ ਫ਼ਿਰਕੇ ਨਾਲ ਹੋਈਆਂ, ਉਨ੍ਹਾਂ ਨੂੰ ਦਰੁਸਤ ਕਰਨਾ ਵੀ ਇਤਿਹਾਸ ਹੀ ਹੈ। ਅਜਿਹੇ ਕਾਰਜਾਂ ਨੂੰ ਵਿਵਾਦ ਦਾ ਵਿਸ਼ਾ ਨਹੀਂ ਬਣਾਇਆ ਜਾਣਾ ਚਾਹੀਦਾ।’’
ਇਕ ਪਾਸੇ ਸਰਸੰਘਸੰਚਾਲਕ ਮੋਹਨ ਭਾਗਵਤ ਦਾ ਸਦਭਾਵ ਪੈਦਾ ਕਰਨ ਦਾ ਸੱਦਾ ਅਤੇ ਦੂਜੇ ਪਾਸੇ ਸਦਭਾਵ ਮਿਟਾਉਣ ਵਾਲੇ ਵਿਚਾਰ? ਕਿਸ ਨੂੰ ਮੰਨੀਏ ਆਰ.ਐਸ.ਐਸ. ਦੀ ਅਸਲ ਸੋਚ? ਇਹ ਪਹਿਲੀ ਵਾਰ ਨਹੀਂ ਜਦੋਂ ਇਸ ਸੰਗਠਨ ਨੇ ਅਜਿਹੀ ਦੋਗ਼ਲੀ ਨੀਤੀ ਅਪਣਾਈ ਹੈ। ਜੇ ਇਹ ਮੰਨ ਵੀ ਲਿਆ ਜਾਵੇ ਕਿ ਰਸਾਲੇ ਦੀ ਸਮੱਗਰੀ ਤੇ ਸੰਪਾਦਕੀ, ਸੰਘ ਮੁਖੀ ਦੇ 19 ਦਸੰਬਰ ਵਾਲੇ ਭਾਸ਼ਣ ਤੋਂ ਪਹਿਲਾਂ ਤਿਆਰ ਹੋ ਗਈ ਸੀ ਤਾਂ ਵੀ ਇਸ ਸੰਗਠਨ ਦਾ ਫ਼ਰਜ਼ ਬਣਦਾ ਹੈ ਕਿ ਉਹ ਅਪਣਾ ਪੱਖ ਸਾਫ਼ਗੋਈ ਨਾਲ ਸਪੱਸ਼ਟ ਕਰੇ ਅਤੇ ਇਹ ਦਰਸਾਏ ਕਿ ਉਹ ਸੰਘ ਮੁਖੀ ਦੇ ਕਥਨਾਂ ਉੱਪਰ ਪਹਿਰਾ ਦੇਣ ਲਈ ਵਚਨਬੱਧ ਹੈ।
ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸੰਘ ਦਾ ਜੋ ਦੋਗ਼ਲਾ ਅਕਸ ਇਸ ਵੇਲੇ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਹੈ, ਉਹ ਬਰਕਰਾਰ ਹੀ ਨਹੀਂ ਰਹੇਗਾ ਬਲਕਿ ਹੋਰ ਗੂੜ੍ਹਾ ਹੋਵੇਗਾ। ਇਸ ਤੋਂ ਨਾ ਤਾਂ ਸੰਘ ਨੂੰ ਰਾਜਸੀ ਜਾਂ ਸਮਾਜਿਕ ਲਾਭ ਹੋਵੇਗਾ ਅਤੇ ਨਾ ਹੀ ਉਸ ਦੇ ਰਾਜਨੀਤਕ ਵਿੰਗ ਭਾਰਤੀ ਜਨਤਾ ਪਾਰਟੀ ਨੂੰ।