ਕਿਸਾਨ ਅੰਦੋਲਨ ਜਾਇਜ਼ ਹੈ ਤਾਂ ਇਕ ਦੋ ਧੱਕੇ, ਹਿਚਕੋਲੇ ਇਸ ਨੂੰ ਖ਼ਤਮ ਨਹੀਂ ਕਰ ਸਕਣਗੇ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਰਵਾਇਤੀ ਸਿਆਸਤਦਾਨਾਂ ਨੇ ਵਾਰ-ਵਾਰ ਸਿੱਖਾਂ ਨਾਲ ਧੋਖਾ ਕੀਤਾ ਹੈ

farmers protest

 ਨਵੀਂ ਦਿੱਲੀ: ਹਰ ਪਾਸੇ ਕਿਸਾਨਾਂ ਵਲੋਂ ਬੇਮਿਸਾਲ ਸ਼ਾਂਤਮਈ ਟਰੈਕਟਰ ਪਰੇਡ ਦੀਆਂ ਚਰਚਾਵਾਂ ਹੋ ਰਹੀਆਂ ਸਨ। ਉਨ੍ਹਾਂ ਵਲੋਂ ਤਿਆਰ ਕੀਤੀਆਂ ਕਿਸਾਨ ਦੀ ਜ਼ਿੰਦਗੀ ਦਰਸਾਉਂਦੀਆਂ ਝਾਕੀਆਂ ਹਰ ਅਖ਼ਬਾਰ ਦੇ ਪੰਨਿਆਂ ਉਤੇ ਅਤੇ ਚੈਨਲਾਂ ਉਤੇ ਛਾਈਆਂ ਹੋਈਆਂ ਸਨ। ਦਿੱਲੀ ਵਾਸੀਆਂ ਵਲੋਂ ਕਿਸਾਨਾਂ ਦਾ ਫੁੱਲਾਂ ਨਾਲ ਸਵਾਗਤ ਸੱਭ ਦੇ ਮਨਾਂ ਨੂੰ ਖ਼ੁਸ਼ ਕਰਦਾ ਸੀ। ਫੁੱਲਾਂ ਨਾਲ ਭਰੀਆਂ ਸੜਕਾਂ ਸਰਕਾਰ ਨੂੰ ਸੁਨੇਹਾ ਭੇਜ ਰਹੀਆਂ ਸਨ ਕਿ ਇਹ ਨਿਰਾ ਕਿਸਾਨ ਦਾ ਨਹੀਂ ਬਲਕਿ ਦੇਸ਼ ਦਾ ਸੰਘਰਸ਼ ਹੈ। ਪਰੇਡ 72 ਘੰਟੇ ਤਕ ਚਲਦੀ ਰਹਿਣੀ ਸੀ ਤੇ ਦੁਨੀਆਂ ਵਿਚ ਮਿਸਾਲ ਕਾਇਮ ਹੋ ਜਾਣੀ ਸੀ। ਗਿਨੀਜ਼ ਬੁੱਕ ਦੇ ਵਿਸ਼ਵ ਰੀਕਾਰਡ ਵਿਚ ਇਹ ਸ਼ਾਂਤਮਈ ਅੰਦੋਲਨ ਦਰਜ ਹੁੰਦਾ। ਇਸ ਦੀ ਨਿੰਦਾ ਕਰਨ ਵਾਲੇ ਵੀ ਮੰਨਣ ਤੇ ਮਜਬੂਰ ਹੋ ਜਾਂਦੇ ਕਿ ਕਿਸਾਨਾਂ ਨੇ ਦੇਸ਼ ਦੀ ਆਸ ਨੂੰ ਬੇ-ਆਸ ਨਹੀਂ ਹੋਣ ਦਿਤਾ ਸਗੋਂ 26 ਜਨਵਰੀ ਨੂੰ ਜਨ ਰੈਲੀ ਕੱਢ ਕੇ ਦੇਸ਼ ਵਿਚ ਕਿਸਾਨ ਦਾ ਰੁਤਬਾ ਵਧਾਇਆ ਹੀ।

 

ਭਾਵੇਂ ਪਰੇਡ 10 ਘੰਟਿਆਂ ਬਾਅਦ ਹੀ ਬੰਦ ਕਰਨੀ ਪਈ ਪਰ ਇਸ ਵੇਲੇ ਗੱਲ ਸਿਰਫ਼ ਬਾਗ਼ੀਆਂ ਦੀ ਹੋ ਰਹੀ ਹੈ ਜਿਨ੍ਹਾਂ ਨੇ ਲਾਲ ਕਿਲ੍ਹੇ ਤੇ ਜਾ ਕੇ ਕੇਸਰੀ ਝੰਡਾ ਚੜ੍ਹਾਇਆ। ਭਾਵੇਂ ਤਿਰੰਗੇ ਦੇ ਹੇਠਾਂ ਹੀ ਰਿਹਾ ਪਰ ਜਿਸ ਤਰ੍ਹਾਂ ਇਹ ਸੱਭ ਵਾਪਰਿਆ, ਇਹ ਹਰ ਭਲੇ ਬੰਦੇ ਨੂੰ ਦੁੱਖ ਦੇ ਗਿਆ। ਇਕ ਪਾਸੇ ਲੱਖਾਂ ਦੀ ਸ਼ਾਂਤਮਈ ਪਰੇਡ ਸੀ ਤੇ ਦੂਜੇ ਪਾਸੇ ਇਕ ਲਾਲਚੀ ਨੌਜਵਾਨ ਦੇ ਪਿਛੇ ਲੱਗੀ ਕੁੱਝ ਹਜ਼ਾਰ ਲੋਕਾਂ ਦੀ ਵਰਗ਼ਲਾਈ ਹੋਈ ਭੀੜ ਸੀ। ਇਸ ਮੁੱਠੀ ਭਰ ਭੀੜ ਨੇ ਸਾਰੇ ਸਿੱਖਾਂ ਉਤੇ ਖ਼ਾਲਿਸਤਾਨੀ ਹੋਣ ਦਾ ਠੱਪਾ ਲਗਵਾ ਦਿਤਾ। ਬੜੇ ਸਵਾਲ ਉਠ ਰਹੇ ਹਨ। ਜਦ ਪੁਲਿਸ ਸਾਰੀ ਦਿੱਲੀ ਵਿਚ ਮੌਜੂਦ ਸੀ ਤੇ ਜਦ ਉਹ ਆਪ ਆਖਦੇ ਸਨ ਕਿ ਆਈ.ਐਸ.ਆਈ. ਦੀ ਇਹ ਸਾਜ਼ਸ਼ ਹੋ ਸਕਦੀ ਹੈ, ਉਹ ਲਾਲ ਕਿਲ੍ਹੇ ਦੀ ਰਾਖੀ ਲਈ ਕਿਉਂ ਮੌਜੂਦ ਨਹੀਂ ਸਨ? ਦਿੱਲੀ ਪੁਲਿਸ ਇਸ ਕਦਰ ਕਮਜ਼ੋਰ ਤਾਂ ਨਹੀਂ ਹੋ ਸਕਦੀ। ਕੌਣ ਹੈ ਦੀਪ ਸਿੱਧੂ? ਜੋ 2019 ਵਿਚ ਭਾਜਪਾ ਦੇ ਸੰਨੀ ਦਿਉਲ ਦਾ ਸਾਥੀ ਸੀ, ਅੱਜ ਨੌਜਵਾਨਾਂ ਵਾਸਤੇ ਪੰਜਾਬ ਦਾ ਰਾਖਾ ਕਿਸ ਤਰ੍ਹਾਂ ਬਣ ਗਿਆ? ਇਸ ਦੇ ਪਿਛੇ ਕਿਹੜੀ ਤਾਕਤ ਕੰਮ ਕਰਦੀ ਹੈ ਜੋ ਕਦੇ ਇਸ ਨੂੰ ਸੰਤਾਂ ਵਾਂਗ ਤੇ ਕਦੇ ਭਗਤ ਸਿੰਘ ਵਾਂਗ ਪੇਸ਼ ਕਰਦੀ ਹੈ?

ਇਸ ਤੇ ਐਨ.ਆਈ.ਏ. ਵਲੋਂ ਵਿਦੇਸ਼ਾਂ ਤੋਂ ਪੈਸੇ ਇਕੱਠੇ ਕਰਨ ਦਾ ਕੇਸ ਵੀ ਦਰਜ ਹੈ। ਕੌਣ ਭੇਜਦਾ ਹੈ ਪੈਸੇ? ਕੀ ਅਸਲ ਵਿਚ  ਐਸ.ਐਫ਼.ਜੇ. ਵਲੋਂ ਖੜਾ ਕੀਤਾ ਗਿਆ ਹੈ ਤਾਕਿ ਉਹ ਪੰਜਾਬ ਵਿਚ ਫੁੱਟ ਪਾ ਸਕੇ? ਕਿਸਾਨ ਇਸ ਨੂੰ ਭਾਜਪਾ ਦਾ ਏਜੰਟ ਕਿਉਂ ਆਖਦੇ ਹਨ? ਕੀ ਇਹ ਸਰਕਾਰ ਦੀ ਚਾਲ ਹੋ ਸਕਦੀ ਹੈ? ਇਸੇ ਕਰ ਕੇ ਲਾਲ ਕਿਲ੍ਹੇ ਵਿਚ ਸੁਰੱਖਿਆ ਕਰਮੀ ਮੌਜੂਦ ਨਹੀਂ ਸਨ? ਸਿਰਫ਼ ਇਸ ਇਕ ਬੰਦੇ ਦੇ ਪਿਛੇ ਲੱਗੇ ਨੌਜਵਾਨ ਹੀ ਅਨੁਸ਼ਾਸਨ ਤੋਂ ਬਾਹਰ ਕਿਉਂ ਹੋਏ?  ਕੀ ਇਹ ਕਿਸਾਨ ਨਹੀਂ ਸਨ? ਕੀ ਇਹ ਸੱਭ ਰੋਕਿਆ ਜਾ ਸਕਦਾ ਸੀ?  ਸਵਾਲ ਬੇਅੰਤ ਹਨ ਪਰ ਇਕ ਸਵਾਲ ਬਹੁਤ ਚੁਭਦਾ ਹੈ ਕਿ ਦੀਪ ਸਿੱਧੂ ਤੇ ਵਿਸ਼ਵਾਸ ਕਿਉਂ ਕੀਤਾ ਗਿਆ? ਉਹ ਜਿਥੋਂ ਵੀ ਆਇਆ, ਕਿਸ ਦੀ ਉਂਗਲ ਫੜ ਕੇ ਆਇਆ? ਭਾਵੇਂ ਉਹ 2022 ਵਿਚ ਸਿਆਸਤ ਵਿਚ ਦਾਖ਼ਲੇ ਦਾ ਰਸਤਾ ਬਣਾ ਰਿਹਾ ਸੀ ਤੇ ਸੰਪਰਕ, ਪੰਜਾਬ ਦੇ ਕਈ ਨੌਜਵਾਨਾਂ ਨਾਲ ਬਣਾਉਣ ਵਿਚ ਕਾਮਯਾਬ ਹੋ ਗਿਆ।

ਸੱਭ ਦੇ ਮਨਾਂ ਵਿਚ ਇਹੀ ਸੀ ਕਿ ਸ਼ਾਇਦ ਇਸ ਨਵੀਂ ਪੀੜ੍ਹੀ ਦੇ ਨੌਜਵਾਨ ਸੱਚੇ ਹੋਣਗੇ। ਇਸ ਪਿਛੋਂ ਨੌਜਵਾਨਾਂ ਦੀ ਤਾਕਤ ਇਸ ਨੂੰ ਇਸ ਤਰ੍ਹਾਂ ਮਿਲੀ ਕਿ ਸੱਭ ਇਸ ਨੂੰ ਸਵੀਕਾਰਨ ਲਈ ਮਜਬੂਰ ਸਨ। ਕਿਸਾਨ ਜਥੇਬੰਦੀਆਂ ਨੇ ਇਸ ਨੂੰ ਸਟੇਜ ਤੇ ਨਾ ਚੜ੍ਹਨ ਦਿਤਾ ਤੇ ਫਿਰ ਇਸ ਨੇ ਅਪਣੀ ਵਖਰੀ ਸਟੇਜ ਬਣਾ ਲਈ। ਇਸ ਦੇ ਸਾਥੀਆਂ ਵਲੋਂ ਇਕ ਨਵਾਂ ਡਿਜੀਟਲ ਚੈਨਲ ਵੀ ਚਲਾਇਆ ਗਿਆ ਜਿਸ ਨੂੰ ਵੀ ਲੋਕ ਪੰਜਾਬ-ਪੱਖੀ ਮੰਨਦੇ ਹਨ ਪਰ ਹੈ ਉਹ ਦੀਪ ਸਿੱਧੂ-ਪੱਖੀ। ਰਵਾਇਤੀ ਸਿਆਸਤਦਾਨਾਂ ਨੇ ਵਾਰ-ਵਾਰ ਸਿੱਖਾਂ ਨਾਲ ਧੋਖਾ ਕੀਤਾ ਹੈ ਜਿਸ ਕਾਰਨ ਉਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ ਅਤੇ ਨੌਜਵਾਨਾਂ ਦਾ ਗਰਮ ਖ਼ੂਨ ਬਦਲਾਅ ਚਾਹੁੰਦਾ ਹੈ ਤੇ ਉਹ ਸੱਭ ਤੋਂ ਪਹਿਲਾਂ ਬਹਿਰੂਪੀਆਂ ਦੇ ਝਾਂਸੇ ਵਿਚ ਆ ਜਾਂਦੇ ਹਨ ਤੇ 26 ਜਨਵਰੀ ਨੂੰ ਵੀ ਇਹੀ ਹੋਇਆ। ਇਸ ਵੇਲੇ ਸਾਰੇ ਪੰਜਾਬ ਨੂੰ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਦੀ ਲੋੜ ਹੈ। ਦਿੱਲੀ ਦੇ ਬਾਰਡਰ ਤੇ ਅਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਸਿਆਸਤ ਨਾ ਕਰੋ ਬਲਕਿ ਦਿੱਲੀ ਅੰਦੋਲਨ ਵਿਚ ਉਹੀ ਜਾਵੇ ਜੋ ਕਿਸਾਨੀ ਝੰਡੇ ਹੇਠ ਅਨੁਸ਼ਾਸਨ ਵਿਚ ਖੜਾ ਰਹਿਣ ਵਾਸਤੇ ਤਿਆਰ ਹੈ। ਹਰ ਨੌਜਵਾਨ ਅਪਣੇ ਆਪ ਨੂੰ ਪੁੱਛੇ, ‘ਕੀ ਮੈਂ ਕਿਸਾਨ ਜਥੇਬੰਦੀਆਂ ਦੇ ਹੁਕਮ ਦੀ ਪਾਲਣਾ ਕਰ ਸਕਦਾ ਹਾਂ?’ ਜੇ ਨਹੀਂ ਤਾਂ ਦਿੱਲੀ ਅੰਦੋਲਨ ਵਿਚ ਨਾ ਜਾਵੇ। 

ਕਿਸਾਨ ਜਥੇਬੰਦੀਆਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਨੂੰ ਵੱਡਾ ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ ਇਹ ਯਕੀਨੀ ਕਰ ਲੈਣਾ ਚਾਹੀਦਾ ਹੈ ਕਿ ਅੰਦਰੋਂ ਸਾਰੇ ‘ਇਕ’ ਬਣ ਚੁੱਕੇ ਹਨ, ਅੰਦਰ ਦੇ ਰਾਜ਼ ਬਾਹਰ ਨਿਕਲਣ ਦਾ ਕੋਈ ਰਾਹ ਖੁਲ੍ਹਾ ਨਹੀਂ ਰਹਿਣ ਦਿਤਾ ਗਿਆ ਤੇ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸ਼ਕਤੀਆਂ ਲਈ ਅੰਦਰ ਦਾਖ਼ਲ ਹੋਣ ਦੇ ਸਾਰੇ ਰਾਹ 100 ਫ਼ੀ ਸਦੀ ਤਕ ਬੰਦ ਕੀਤੇ ਜਾ ਚੁੱਕੇ ਹਨ। ਉਨ੍ਹਾਂ ਉਤੇ ਨੌਜਵਾਨਾਂ ਦਾ ਵਿਸ਼ਵਾਸ ਜਿੱਤਣ ਦੀ ਜ਼ਿੰਮੇਵਾਰੀ ਵੀ ਹੈ। ਇਹ ਇਕ ਮਾੜਾ ਦਿਨ ਸੀ ਪਰ ਇਹ ਇਕ ਬਹਿਰੂਪੀਏ ਨੂੰ ਬੇਨਕਾਬ ਵੀ ਕਰ ਗਿਆ ਜੋ ਅੰਦਰ ਰਹਿ ਕੇ ਹੋਰ ਨੁਕਸਾਨ ਕਰ ਸਕਦਾ ਸੀ। ਸੱਚ ਸਾਹਮਣੇ ਆ ਗਿਆ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖ ਹੀ ਦਿਤਾ ਹੈ ਕਿ ਉਹ ਲਾਲ ਕਿਲ੍ਹੇ ਤੇ ਹਮਲਾ ਕਰਨ ਵਾਲਿਆਂ ਨੂੰ ਮਾਫ਼ ਨਹੀਂ ਕਰਨਗੇ ਤੇ ਦੀਪ ਸਿੱਧੂ ਤਾਂ ਇਸ ਹਮਲੇ ਦਾ ਆਗੂ ਸੀ। ਵੇਖਦੇ ਹਾਂ, ਗ੍ਰਹਿ ਮੰਤਰੀ ਦਾ ਨਜ਼ਲਾ ਕਿਥੇ ਡਿਗਦਾ ਹੈ?                            -ਨਿਮਰਤ ਕੌਰ