Poem : ਵਪਾਰੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਖ਼ਤਮ ਹੋ ਰਹੀਆਂ ਤਰਲ ਖ਼ੁਰਾਕਾਂ, ਝੱਗਾ ਚੁੱਕਿਆਂ ਨੰਗੀਆਂ ਢਾਕਾਂ।

Poem in punjabi

ਖ਼ਤਮ ਹੋ ਰਹੀਆਂ ਤਰਲ ਖ਼ੁਰਾਕਾਂ,
ਝੱਗਾ ਚੁੱਕਿਆਂ ਨੰਗੀਆਂ ਢਾਕਾਂ।
ਪੈਲੇਸ ਹੋਟਲ ਕੋਕ ਨੇ ਮੱਲੇ,
ਪੀਜ਼ੇ ਬਰਗਰ ਹੋਣ ਨਾ ਥੱਲੇ।
ਵਪਾਰੀ ਦੀ ਇਕ ਸ਼ੈਤਾਨੀ, 
ਰੋਟੀ ਨਾਲ ਨਾ ਪੀਣਾ ਪਾਣੀ।
ਟੀਕਿਆਂ ਵਾਲਾ ਮੁਰਗਾ ਚੱਲੇ,
ਕੋਕ ਨਾਲ ਹੀ ਹੋਵੇ ਥੱਲੇ।
ਨਾਸਾਂ ਵਿਚੋਂ ਧੂੰਆਂ ਕੱਢੇ,
ਅੰਤੜੀਆਂ ਵਿਚ ਪਾਵੇ ਖੱਡੇ।
ਸਰਦਈ ਅਤੇ ਠੰਢਿਆਈਂ ਭੁੱਲੇ, 
ਸੱਤੂ ਵੀ ਪਏ ਠੰਢੇ ਚੁੱਲ੍ਹੇ।
ਸੀਨੇ ਠਾਰੇ ਕੱਚੀ ਲੱਸੀ,
ਸ਼ਾਂਤ ਹੋਂਵਦੀ ਸੇਕ ਗੁਲੱਸੀ।
ਡੋਹਣੇ ਤੇ ਝੱਜਰ ਦਾ ਪਾਣੀ,
ਕੂਨੇਂ ਵੀ ਪਹਿਚਾਣ ਪੁਰਾਣੀ।
ਸਰਬੱਤ ਤੋਂ ਵੀ ਘੱਟ ਕਿਤੇ ਸੀ,
ਜ਼ਿੰਦਗੀ ਤੋਂ ਨਹੀਂ ਵੱਖ ਕਿਤੇ ਸੀ।
ਛੱਪੜ ਟੋਭੇ ਪਾਕ ਪਵਿੱਤਰ,
ਖੂਹਾਂ ਦੇ ਵੀ ਢੰਗ ਬਚਿੱਤਰ।
ਹੁਣ, ਜਲ ਦੇਵ ਪਲੀਤ ਹੋ ਗਿਆ, 
ਸਰਬੱਤ ਕਥਨ ਅਤੀਤ ਹੋ ਗਿਆ।
ਸ਼ੋਹਰਤ ਨੇ ਹੁਣ ਲਾਹ ਤੇ ਥੱਲੇ, 
ਹਰ ਘਰ ਦੇ ਵਿਚ ਆਰਓ ਚੱਲੇ।
ਜਾਂ ਫਿਰ ਬੋਤਲ ਪੈਕ ਹੋ ਗਿਆ,
ਸਾਡਾ ਮਗ਼ਜ਼ ਨਾਲਾਇਕ ਹੋ ਗਿਆ 
‘ਪਰਮਜੀਤ’ ਖੱਟ ਰਿਹਾ ਵਪਾਰੀ,
ਸਾਡੀ ਮੱਤ ਮਸ਼ਹੂਰੀਆਂ ਮਾਰੀ।
-ਪਰਮਜੀਤ ਸਿੰਘ ਰਾਜਗੜ੍ਹ 
ਮੋਬਾ : 98763-63722