ਭਾਰਤੀ ਹਮਲੇ ਦਾ ਪਾਕਿਸਤਾਨੀ ਜਵਾਬ ਸੋਚ ਸਮਝ ਕੇ ਦਿਤਾ ਜਵਾਬ ਨਹੀਂ ਹੈ, ਭਾਵੇਂ ਧਮਾਕੇਦਾਰ ਜ਼ਰੂਰ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਕ ਨਾਜ਼ੁਕ ਤੇ ਤਣਾਅਪੂਰਨ ਸਥਿਤੀ ਬਣ ਚੁੱਕੀ ਹੈ ਜਿਸ ਦਾ ਨੁਕਸਾਨ ਚੋਣਾਂ ਵਿਚ ਹੋਣ ਵਾਲੇ ਫ਼ਾਇਦੇ ਤੋਂ ਕਿਤੇ ਵੱਡਾ ਹੋਣ ਜਾ ਰਿਹਾ ਹੈ.......

Imran Khan

ਇਕ ਨਾਜ਼ੁਕ ਤੇ ਤਣਾਅਪੂਰਨ ਸਥਿਤੀ ਬਣ ਚੁੱਕੀ ਹੈ ਜਿਸ ਦਾ ਨੁਕਸਾਨ ਚੋਣਾਂ ਵਿਚ ਹੋਣ ਵਾਲੇ ਫ਼ਾਇਦੇ ਤੋਂ ਕਿਤੇ ਵੱਡਾ ਹੋਣ ਜਾ ਰਿਹਾ ਹੈ। ਚਾਹੀਦਾ ਤਾਂ ਇਹ ਹੈ ਕਿ ਕੁੱਝ ਤਣਾਅ ਪੈਦਾ ਕਰਨ ਵਾਲੇ ਚੈਨਲਾਂ ਉਤੇ ਦੇਸ਼ ਅਤੇ ਖ਼ਾਸ ਕਰ ਕੇ ਸਰਹੱਦੀ ਰਾਜਾਂ ਵਿਚ ਤੈਨਾਤ ਸੁਰੱਖਿਆ ਮੁਲਾਜ਼ਮਾਂ ਦੀ ਜਾਨ ਨੂੰ ਬਣੇ ਖ਼ਤਰੇ ਨੂੰ ਵੇਖ ਕੇ, ਪਾਬੰਦੀ ਲਾ ਦਿਤੀ ਜਾਵੇ

ਕਿਉਂਕਿ ਇਹ ਅਪਣੇ ਲਾਭ ਖ਼ਾਤਰ 'ਦੇਸ਼ਭਗਤੀ' ਦੇ ਉਹਲੇ ਵਿਚ ਰਹਿ ਕੇ ਜੋ ਪ੍ਰੋਗਰਾਮ ਦੇਂਦੇ ਹਨ, ਉਨ੍ਹਾਂ ਵਿਚ ਦੇਸ਼ ਅਤੇ ਲੋਕਾਂ ਦਾ ਹਿਤ ਬਿਲਕੁਲ ਨਹੀਂ ਹੁੰਦਾ। 24 ਘੰਟਿਆਂ ਵਿਚ ਸਾਫ਼ ਹੋ ਗਿਆ ਹੈ ਕਿ ਸਰਕਾਰ ਪਾਕਿਸਤਾਨ ਦੀ ਨਾਸਮਝੀ ਨਾਲ ਨਜਿਠਣ ਵਾਸਤੇ ਤਿਆਰ ਨਹੀਂ ਸੀ ਅਤੇ ਭੁੱਲ ਗਈ ਕਿ ਅੱਲ੍ਹੜਾਂ ਨਾਲ ਵੀ ਸਿਆਣਪ ਵਾਲਾ ਵਰਤਾਅ ਕਰਨ ਦੀ ਭਾਰਤ ਦੀ ਪ੍ਰਥਾ ਪਿੱਛੇ ਕਾਰਨ ਕੀ ਹੋਇਆ ਕਰਦਾ ਹੈ।

ਭਾਰਤ ਵਲੋਂ ਪਾਕਿਸਤਾਨ ਦੇ ਹਵਾਈ ਹਮਲੇ ਨੂੰ 24 ਘੰਟੇ ਵੀ ਨਹੀਂ ਸਨ ਬੀਤੇ ਕਿ ਪਾਕਿਸਤਾਨ ਨੇ ਅਪਣਾ ਵਾਰ ਕਰ ਦਿਤਾ। ਹਵਾਈ ਹਮਲੇ, ਗੋਲੀਬਾਰੀ, ਸਿਆਲਕੋਟ 'ਚ ਟੈਂਕਾਂ ਦੀ ਗੜਗੜ ਦੇ ਨਾਲ ਨਾਲ ਸੱਭ ਤੋਂ ਚਿੰਤਾਜਨਕ ਤੱਥ ਇਹ ਰਿਹਾ ਕਿ ਪਾਕਿਸਤਾਨ ਨੇ ਦਾਅਵਾ ਕਰ ਦਿਤਾ ਕਿ ਉਨ੍ਹਾਂ ਨੇ ਇਕ ਭਾਰਤੀ ਪਾਇਲਟ ਨੂੰ ਕਾਬੂ ਕਰ ਲਿਆ ਹੈ। ਪਾਕਿਸਤਾਨ ਵਲੋਂ ਪਾਇਲਟ ਦੀ ਵੀਡੀਉ ਵੀ ਜਾਰੀ ਕੀਤੀ ਗਈ ਹੈ ਜਿਥੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦਾ ਇਲਾਜ ਚਲ ਰਿਹਾ ਹੈ। ਪਰ ਭਾਰਤ ਸਰਕਾਰ ਇਨ੍ਹਾਂ ਸਾਰੇ ਦਾਅਵਿਆਂ ਨੂੰ ਝੂਠੇ ਦਸ ਰਹੀ ਹੈ।

ਭਾਰਤ ਸਰਕਾਰ ਤਾਂ ਇਹ ਵੀ ਆਖ ਰਹੀ ਹੈ ਕਿ ਜਿਹੜੇ ਪਾਕਿਸਤਾਨੀ ਜਹਾਜ਼ ਡਿੱਗੇ ਹਨ, ਉਹ ਪਾਕਿਸਤਾਨ ਵਲੋਂ ਗ਼ਲਤੀ ਨਾਲ ਕੀਤੇ ਅਪਣੇ ਜਹਾਜ਼ਾਂ ਉਤੇ ਹਮਲੇ ਦਾ ਨਤੀਜਾ ਹਨ। ਖ਼ੈਰ ਹੁਣ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਅਪਣਾ ਸਿਰ ਉੱਚਾ ਰੱਖਣ ਦੀ ਕੋਸ਼ਿਸ਼ ਵਿਚ ਹਨ ਪਰ ਇਕ ਗੱਲ ਤਾਂ ਸਾਫ਼ ਹੈ ਕਿ ਭਾਰਤ ਸਰਕਾਰ, ਪਾਕਿਸਤਾਨ ਵਲੋਂ ਇਸ ਜਵਾਬੀ ਹਮਲੇ ਦੀ ਉਮੀਦ ਏਨੀ ਛੇਤੀ ਨਹੀਂ ਰੱਖ ਰਹੀ ਸੀ। ਭਾਰਤ ਨੇ ਅਪਣੀ ਕਾਰਵਾਈ ਨੂੰ ਅਤਿਵਾਦ ਉਤੇ ਹਮਲਾ ਦਸਿਆ ਜਦਕਿ ਭਾਰਤ ਚੰਗੀ ਤਰ੍ਹਾਂ ਜਾਣਦਾ ਹੈ ਕਿ ਪਾਕਿਸਤਾਨੀ ਫ਼ੌਜ, ਪਾਕਿਸਤਾਨੀ ਅਤਿਵਾਦ ਦੀ ਅਸਲ ਮਾਲਕ ਹੈ ਅਤੇ ਸਰਕਾਰ ਵੀ ਉਸ ਦੇ ਇਸ਼ਾਰਿਆਂ ਉਤੇ ਹੀ ਚਲਦੀ ਹੈ।

ਦੂਜੇ ਅਰਥਾਂ ਵਿਚ ਪਾਕਿਸਤਾਨ ਵਿਚ ਅਤਿਵਾਦ, ਫ਼ੌਜ ਅਤੇ ਪਾਕਿਸਤਾਨ ਸਰਕਾਰ ਦਾ ਮਤਲਬ 'ਇਕ' ਹੀ ਲਿਆ ਜਾਂਦਾ ਹੈ ਤੇ ਉਨ੍ਹਾਂ ਨੇ ਹੁਣ ਵੀ ਭਾਰਤੀ ਕਾਰਵਾਈ ਨੂੰ ਇਨ੍ਹਾਂ ਅਰਥਾਂ ਵਿਚ ਹੀ ਲਿਆ ਹੈ। ਇਸੇ ਸਚਾਈ ਨੂੰ ਸਮਝਦੇ ਹੋਏ ਸ਼ਾਇਦ ਅੱਜ ਤਕ ਨਾ ਅਟਲ ਬਿਹਾਰੀ ਵਾਜਪਾਈ ਨੇ ਅਤੇ ਨਾ ਹੀ ਡਾ. ਮਨਮੋਹਨ ਸਿੰਘ ਨੇ ਕਦੇ ਪਾਕਿਸਤਾਨ ਉਤੇ ਵਾਰ ਕੀਤਾ। ਇਹੀ ਸੋਚ ਪ੍ਰਧਾਨ ਮੰਤਰੀ ਮੋਦੀ ਦੀ ਵੀ ਸੀ ਜਿਨ੍ਹਾਂ ਪਠਾਨਕੋਟ ਹਮਲੇ ਤੋਂ ਬਾਅਦ ਵੀ ਪਾਕਿਸਤਾਨ ਉਤੇ ਵਾਰ ਨਾ ਕੀਤਾ ਸਗੋਂ ਆਈ.ਐਸ.ਆਈ. ਨੂੰ ਪੰਜਾਬ ਦੇ ਏਅਰਬੇਸ 'ਚ ਸੱਦਿਆ। 26/11 ਦੀ ਸੱਚਾਈ ਉਸ ਸਮੇਂ ਵੀ ਦੇਸ਼ ਦੇ ਸਾਹਮਣੇ ਸੀ ਅਤੇ ਅੱਜ ਵੀ ਹੈ। 

ਦੇਸ਼ ਇਕਜੁਟ ਹੈ ਤੇ ਸਰਕਾਰ ਦੇ ਪਿੱਛੇ ਖੜਾ ਹੈ। ਵਿਰੋਧੀ ਧਿਰ ਵੀ ਸਰਕਾਰ ਦੀ ਹਮਾਇਤ ਕਰ ਰਹੀ ਹੈ। ਫ਼ੌਜ, ਹਵਾਈ ਫ਼ੌਜ ਤੇ ਸਮੁੰਦਰੀ ਫ਼ੌਜਾਂ ਵੀ ਪ੍ਰਧਾਨ ਮੰਤਰੀ ਦੇ ਨਾਲ ਹਨ ਪਰ 24 ਘੰਟਿਆਂ ਅੰਦਰ ਹੀ ਸਥਿਤੀ ਵਿਗੜੀ ਵੇਖ ਕੇ ਕੁੱਝ ਸਵਾਲ ਚੁੱਪੀ ਦੀ ਭਾਸ਼ਾ ਵਿਚ ਉਠਾਏ ਵੀ ਜਾ ਰਹੇ ਹਨ ਜੋ ਛੇਤੀ ਹੀ ਬਾਹਰ ਵੀ ਆ ਜਾਣਗੇ। ਮਸਲਾ ਦੇਸ਼ ਦੀ ਇੱਜ਼ਤ ਦਾ ਹੈ, ਚੋਣਾਂ ਜਿੱਤਣ ਲਈ ਨਵੇਂ ਤਜਰਬੇ ਕਰਨ ਦਾ ਨਹੀਂ। ਨੋਟਬੰਦੀ ਤੇ ਜੀ.ਐਸ.ਟੀ. ਦੇ ਮਾਮਲਿਆਂ ਨਾਲ ਦੇਸ਼ ਦੀ ਇੱਜ਼ਤ ਨਹੀਂ ਸੀ ਜੁੜੀ ਹੋਈ ਪਰ ਹੁਣ ਗੱਲ ਹੋਰ ਹੈ। ਇਹ ਸਮਾਂ ਅਪਣੇ ਹੀ ਪ੍ਰਧਾਨ ਮੰਤਰੀ ਨੂੰ ਘੇਰਨ ਦਾ ਨਹੀਂ ਹੈ। ਪਰ ਇਹ ਸਮਾਂ ਆਇਆ ਹੀ ਕਿਉਂ?

ਇਨ੍ਹਾਂ 24 ਘੰਟਿਆਂ ਵਿਚ ਸਾਡੇ ਜੋਸ਼ੀਲੇ 'ਦੇਸ਼-ਭਗਤ' ਮੀਡੀਆ ਨੇ ਏਨਾ ਪ੍ਰਚਾਰ ਕੀਤਾ, ਏਨੇ ਢੋਲ ਵਜਾਏ ਕਿ ਸਾਡੇ ਇਕ ਪਾਇਲਟ ਦਾ ਪਾਕਿਸਤਾਨ ਦੀ ਹਿਰਾਸਤ ਵਿਚ ਹੋਣਾ ਸਾਰੀ ਖ਼ੁਸ਼ੀ ਨੂੰ ਗ੍ਰਹਿਣ ਲਾ ਗਿਆ। ਅਰਨਬ, ਅੰਜਨਾ ਨੇ ਵਾਰ ਵਾਰ ਅਪਣੇ ਚੈਨਲਾਂ ਉਤੇ ਆਖਿਆ ਕਿ ਅਸੀ 300 ਮਾਰ ਕੇ ਆਏ ਹਾਂ ਜਦਕਿ ਹਵਾਈ ਫ਼ੌਜ ਆਖ ਰਹੀ ਸੀ ਕਿ ਬੱਦਲ ਹੋਣ ਕਰ ਕੇ ਉਹ ਫ਼ੁਟੇਜ ਵੀ ਨਹੀਂ ਲੈ ਸਕੀ ਜਦਕਿ ਮਿਰਾਜ ਹਵਾਈ ਜਹਾਜ਼ ਤਸਵੀਰਾਂ ਖਿੱਚਣ ਦੀ ਕਾਬਲੀਅਤ ਰਖਦੇ ਹਨ। ਇਨ੍ਹਾਂ ਲੋਕਾਂ ਨੇ ਇਹ ਨਾ ਪੁਛਿਆ ਕਿ ਪੁਲਵਾਮਾ ਦਾ 300 ਟਨ ਆਰ.ਡੀ.ਐਕਸ. ਭਾਰਤ ਵਿਚ ਆਇਆ ਕਿਸ ਤਰ੍ਹਾਂ ਸੀ?

ਖ਼ੁਫ਼ੀਆ ਤੰਤਰ ਦੀ ਕਮਜ਼ੋਰੀ ਬਾਰੇ ਸਵਾਲ ਤਾਂ ਨਾ ਪੁਛਿਆ ਪਰ ਪਾਕਿਸਤਾਨ ਦੇ ਨਾਸਮਝ, ਗਰਮਖ਼ਿਆਲੀ ਸੋਚ ਵਾਲੀ ਫ਼ੌਜ/ਅਤਿਵਾਦੀਆਂ ਦਾ ਏਨਾ ਮਜ਼ਾਕ ਬਣਾਇਆ ਕਿ ਹਮੇਸ਼ਾ ਵਾਂਗ, ਕੀਮਤ ਮੁੜ ਤੋਂ ਸਰਹੱਦੀ ਇਲਾਕੇ ਚੁਕਾਉਣਗੇ। ਸਰਹੱਦੀ ਇਲਾਕਿਆਂ ਦੇ ਪਿੰਡਾਂ ਵਿਚ ਨਾ ਅਰਨਵ ਜਾਣ ਵਾਲਾ ਹੈ ਅਤੇ ਨਾ ਕੋਈ ਕੇਂਦਰੀ ਮੰਤਰੀ। ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਹਵਾਈ ਅੱਡੇ ਬੰਦ ਹੋ ਗਏ ਹਨ ਤੇ ਸਰਹੱਦਾਂ ਉਤੇ ਆਵਾਜਾਈ ਅਤੇ ਵਪਾਰ ਬੰਦ। ਲੜਾਈ ਨਾਲੋਂ ਜ਼ਿਆਦਾ, ਪ੍ਰਚਾਰ ਰਾਹੀਂ 'ਜਿੱਤਣ' ਦੀ ਕੋਸ਼ਿਸ਼ ਵਿਚ ਪਾਕਿਸਤਾਨ ਬਹੁਤ ਅੱਗੇ ਲੰਘ ਗਿਆ ਜਦ ਉਸ ਨੇ ਦਾਅਵਾ ਕਰ ਦਿਤਾ ਕਿ ਦੋ ਭਾਰਤੀ ਪਾਇਲਟ ਉਸ ਨੇ ਕਾਬੂ ਕਰ ਲਏ ਹਨ।

ਸਾਰਾ ਦਿਨ ਪਾਕਿਸਤਾਨੀ ਪ੍ਰਚਾਰ ਮੀਡੀਆ ਤੇ ਪਾਕਿਸਤਾਨ ਦੇ ਫ਼ੌਜੀ ਧੂਤੂ ਇਹ ਐਲਾਨ ਗੱਜ ਵੱਜ ਕੇ ਕਰਦੇ ਰਹੇ ਪਰ ਸ਼ਾਮ ਪੈਣ ਤਕ ਉਨ੍ਹਾਂ ਨੂੰ ਅਪਣਾ ਥੁਕਿਆ ਚਟਣਾ ਪਿਆ ਤੇ ਮੰਨਣਾ ਪਿਆ ਕਿ ਇਕ ਭਾਰਤੀ ਪਾਇਲਟ ਹੀ ਉਨ੍ਹਾਂ ਦੀ ਹਿਰਾਸਤ ਵਿਚ ਹੈ। ਦੂਜਾ ਜ਼ਖ਼ਮੀ ਪਾਇਲਟ ਪਾਕਿਸਤਾਨੀ ਸੀ ਜਿਸ ਨੂੰ ਉਹ ਹਿੰਦੁਸਤਾਨੀ ਸਮਝਦੇ ਰਹੇ। ਅੱਜ ਇਕ ਨਾਜ਼ੁਕ ਤਣਾਅਪੂਰਨ ਸਥਿਤੀ ਬਣ ਚੁੱਕੀ ਹੈ ਜਿਸ ਦਾ ਨੁਕਸਾਨ ਚੋਣਾਂ ਵਿਚ ਹੋਣ ਵਾਲੇ ਫ਼ਾਇਦੇ ਤੋਂ ਕਿਤੇ ਵੱਡਾ ਹੋਣ ਜਾ ਰਿਹਾ ਹੈ।

ਚਾਹੀਦਾ ਤਾਂ ਇਹ ਹੈ ਕਿ ਕੁੱਝ ਤਣਾਅ ਪੈਦਾ ਕਰਨ ਵਾਲੇ ਚੈਨਲਾਂ ਉਤੇ ਦੇਸ਼ ਅਤੇ ਖ਼ਾਸ ਕਰ ਕੇ ਸਰਹੱਦੀ ਰਾਜਾਂ ਵਿਚ ਤੈਨਾਤ ਸੁਰੱਖਿਆ ਮੁਲਾਜ਼ਮਾਂ ਦੀ ਜਾਨ ਨੂੰ ਬਣੇ ਖ਼ਤਰੇ ਨੂੰ ਵੇਖ ਕੇ, ਪਾਬੰਦੀ ਲਾ ਦਿਤੀ ਜਾਵੇ ਕਿਉਂਕਿ ਇਹ ਅਪਣੇ ਲਾਭ ਖ਼ਾਤਰ 'ਦੇਸ਼ਭਗਤੀ' ਦੇ ਉਹਲੇ ਵਿਚ ਰਹਿ ਕੇ ਜੋ ਪ੍ਰੋਗਰਾਮ ਦੇਂਦੇ ਹਨ, ਉਨ੍ਹਾਂ ਵਿਚ ਦੇਸ਼ ਅਤੇ ਲੋਕਾਂ ਦਾ ਹਿਤ ਬਿਲਕੁਲ ਨਹੀਂ ਹੁੰਦਾ। 24 ਘੰਟਿਆਂ ਵਿਚ ਸਾਫ਼ ਹੋ ਗਿਆ ਹੈ ਕਿ ਸਰਕਾਰ ਪਾਕਿਸਤਾਨ ਦੀ ਨਾਸਮਝੀ ਨਾਲ ਨਜਿਠਣ ਵਾਸਤੇ ਤਿਆਰ ਨਹੀਂ ਸੀ ਅਤੇ ਭੁੱਲ ਗਈ ਕਿ ਅੱਲ੍ਹੜਾਂ ਨਾਲ ਵੀ ਸਿਆਣਪ ਵਾਲਾ ਵਰਤਾਅ ਕਰਨ ਦੀ ਭਾਰਤ ਦੀ ਪ੍ਰਥਾ ਪਿੱਛੇ ਕਾਰਨ ਕੀ ਹੋਇਆ ਕਰਦਾ ਹੈ।  -ਨਿਮਰਤ ਕੌਰ