ਦੁਸ਼ਮਣ ਮਰੇ ਨਾ ਜਸ਼ਨ ਮਨਾਈਏ...ਪੰਜਾਬ 'ਚ ਕਤਲਾਂ ਦਾ ਹੜ੍ਹ, ਸਾਰੇ ਦੇਸ਼ ਵਿਚ ਪੰਜਾਬ ਵਿਰੁੱਧ ਮਾਹੌਲ ਖੜਾ ਕਰ ਰਿਹਾ ਹੈ
ਸਿੱਧੂ ਮੂਸੇਵਾਲਾ ਦੇ ਪਿੰਡ ਵਿਚੋਂ ਖ਼ੁਸ਼ੀ ਦੀਆਂ ਖ਼ਬਰਾਂ ਆਈਆਂ ਜਦ ਉਸ ਦੇ ਕਤਲ ਦੀ ਸਾਜ਼ਸ਼ ਰਚਣ ਵਾਲੇ ਅਪਰਾਧੀ ਆਪਸ ਵਿਚ ਹੀ ਭਿੜ ਪਏ ਤੇ ਦੋ ਦੀ ਮੌਤ ਹੋ ਗਈ।
ਪਿਛਲੇ ਤਿੰਨ ਚਾਰ ਦਿਨਾਂ ਵਿਚ ਲਗਦਾ ਹੈ ਕਿ ਪੰਜਾਬ ਵਿਚ ਇਕ ਹਿੰਸਕ ਬੁਖ਼ਾਰ ਫੈਲਿਆ ਹੋਇਆ ਹੈ ਜਿਸ ਦੇ ਅਸਰ ਹੇਠ ਇਕ ਦੂਜੇ ਨੂੰ ਤਬਾਹ ਕਰਨ ਵਿਚ ਪੰਜਾਬੀ ਆਪ ਹੀ ਜੁਟੇ ਹੋਏ ਹਨ। ਸਿੱਧੂ ਮੂਸੇਵਾਲਾ ਦੇ ਪਿੰਡ ਵਿਚੋਂ ਖ਼ੁਸ਼ੀ ਦੀਆਂ ਖ਼ਬਰਾਂ ਆਈਆਂ ਜਦ ਉਸ ਦੇ ਕਤਲ ਦੀ ਸਾਜ਼ਸ਼ ਰਚਣ ਵਾਲੇ ਅਪਰਾਧੀ ਆਪਸ ਵਿਚ ਹੀ ਭਿੜ ਪਏ ਤੇ ਦੋ ਦੀ ਮੌਤ ਹੋ ਗਈ।
ਮੁੰਡਿਆਂ ਦੇ ਮਾਂ-ਬਾਪ ਨੂੰ ਸਾਜ਼ਸ਼ ਲਗਦੀ ਹੈ ਤੇ ਇਲਜ਼ਾਮ ਲੱਗੇ ਕਿ ਜੇਲ ਅਧਿਕਾਰੀਆਂ ਨੇ ਇਕ ਸਾਜ਼ਸ਼ ਅਧੀਨ ਮਾਰ ਦਿਤੇ। ਸਾਜ਼ਸ਼ ਨਾ ਵੀ ਹੋਵੇ ਪਰ ਲਾਪ੍ਰਵਾਹੀ ਤੇ ਅਣਗਹਿਲੀ ਦੇ ਸੰਕੇਤ ਬੜੇ ਸਪੱਸ਼ਟ ਹਨ। ਇਹ ਵੀ ਜਾਣਨਾ ਜ਼ਰੂਰੀ ਹੈ ਕਿ 25 ਅਪਰਾਧੀਆਂ ਦੀ ਬੈਰਕ ਵਿਚ ਸਰੀਆ ਕਿਉਂ ਰਖਿਆ ਗਿਆ ਸੀ ਅਤੇ ਇਨ੍ਹਾਂ ਮੌਤਾਂ ਤੋਂ ਬਾਅਦ ਵਿਦੇਸ਼ਾਂ ਵਿਚ ਸੁਰੱਖਿਅਤ ਬੈਠੇ ਗੈਂਗਸਟਰਾਂ ਨੇ ਹੋਰ ਕਤਲਾਂ ਦੀਆਂ ਚੇਤਾਵਨੀਆਂ ਦੇਣੀਆਂ ਕਿਉਂ ਸ਼ੁਰੂ ਕਰ ਦਿਤੀਆਂ ਜਿਸ ਕਾਰਨ ਪੰਜਾਬ ਦੀਆਂ ਚਿੰਤਾਵਾਂ ਹੋਰ ਵੱਧ ਗਈਆਂ।
ਅਜੇ ਕੁੱਝ ਦਿਨ ਪਹਿਲਾਂ ਅਜਨਾਲਾ ਵਿਚ ‘ਵਾਰਸ’ ਜਥੇਬੰਦੀ ਵਲੋਂ ਥਾਣੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਜਾਣ ’ਤੇ ਰਾਸ਼ਟਰੀ ਮੀਡੀਆ ਨੇ ਪੰਜਾਬ ਨੂੰ ਮੁੜ ਤੋਂ ਆਤੰਕਵਾਦ ਤੇ ਖ਼ਾਲਿਸਤਾਨ ਨਾਲ ਜੋੜ ਕੇ ਪੱਕਾ ਕਰ ਦਿਤਾ ਸੀ ਕਿ ਪੰਜਾਬ ਵਿਚ ਇਕ ਧੇਲੇ ਦਾ ਨਿਵੇਸ਼ ਨਾ ਹੋ ਸਕੇ। ਹੌਲੇ ਹੌਲੇ ਪੰਜਾਬ ਦੇ ਕੋਨੇ ਕੋਨੇ ’ਚੋਂ ਅੰਮ੍ਰਿ੍ਰਤਪਾਲ ਤੇ ਸਾਥੀਆਂ ਵਿਰੁਧ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਸੱਭ ਨੇ ਪੁਛਣਾ ਸ਼ੁਰੂ ਕਰ ਦਿਤਾ ਕਿ ਆਖ਼ਰ ਇਹ ਕਿਹੋ ਜਿਹੇ ਪੁੱਤਰ ਹਨ ਜੋ ਅਪਣੇ ਆਪ ਨੂੰ ਬਚਾਉਣ ਲਈ ਅਪਣੇ ਪਿਤਾ ਨੂੰ ਢਾਲ ਬਣਾ ਰਹੇ ਹਨ।
ਪਰ ਚਿੰਤਾ ਵਧਦੀ ਹੈ ਜਦੋਂ ਅੰਗਰੇਜ਼ੀ ਅਖ਼ਬਾਰਾਂ ਅਤੇ ਰਾਸ਼ਟਰੀ ਚੈਨਲਾਂ ਵਿਚ ਪੰਜਾਬ ਦੀ ਨੌਜੁਆਨੀ ਨੂੰ ਨਿਸ਼ਾਨਾ ਬਣਾ ਕੇ, ਪਾਕਿਸਤਾਨ ਜਾਂ ਵਿਦੇਸ਼ਾਂ ਤੋਂ ਪੈਸੇ ਲੈ ਕੇ ਪੰਜਾਬ ਵਿਚ ਖ਼ਾਲਿਸਤਾਨ ਦੀ ਲਹਿਰ ਦੀ ਸ਼ੁਰੂਆਤ ਕਰਨ ਦੇ ਇਲਜ਼ਾਮ ਲਗਣੇ ਸ਼ੁਰੂ ਹੋ ਜਾਂਦੇ ਹਨ। ਜਿਸ ਤਰ੍ਹਾਂ ਪਿਛਲੇ ਚਾਰ ਦਿਨਾਂ ਵਿਚ ਪੰਜਾਬ ਵਿਚ ਹਿੰਸਾ ਕਾਰਨ ਮੌਤਾਂ ਹੋਈਆਂ ਹਨ, ਹੱਥ ਅਤੇ ਉਂਗਲਾਂ ਵੱਢੀਆਂ ਜਾ ਰਹੀਆਂ ਹਨ, ਲਗਦਾ ਨਹੀਂ ਕਿ ਇਹ ਪ੍ਰਚਾਰ ਹੁਣ ਜਲਦੀ ਘੱਟ ਜਾਵੇਗਾ। ਇਸ ਦਾ ਕਾਰਨ ਸਾਡੇ ਅਪਣੇ ਨੌਜੁਆਨ ਹੀ ਹਨ। ਭਾਵੇਂ ਇਹ ਨਿਰਾਸ਼ ਹਨ, ਇਹ ਬੇਬਸ ਹਨ ਜਾਂ ਇਨ੍ਹਾਂ ’ਚੋਂ ਕੁੱਝ ਨਿਰੇ ਸਿਆਸਤਦਾਨਾਂ ਦੇ ਪਿਆਦੇ ਹੀ ਹਨ, ਪਰ ਹਨ ਤਾਂ ਇਹ ਸਾਡੇ ਅਪਣੇ ਨੌਜੁਆਨ ਹੀ।
ਜਦ ਕਿਸੇ ਇਕ ਨੂੰ ਵੀ ਮਰਦੇ ਵੇਖੀਦਾ ਹੈ, ਉਸ ਦੀ ਮੌਤ ਦਾ ਜਸ਼ਨ ਮਨਾਉਣਾ ਪੰਜਾਬੀਅਤ ਵਿਚ ਕਦੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਜੇ ਹੁਣ ਪੰਜਾਬ ਖੁਲ੍ਹ ਕੇ ਗੱਲ ਕਰਨ ਵਾਸਤੇ ਤਿਆਰ ਹੈ ਤਾਂ ਫਿਰ ਇਹ ਵੀ ਦਸ ਦਿਉ ਕਿ ਇਹ ਨੌਜੁਆਨ ਇਸ ਰਾਹ ’ਤੇ ਚੱਲੇ ਕਿਉਂ ਸਨ? ਇਨ੍ਹਾਂ ਵਿਚੋਂ ਵੱਡਾ ਤਬਕਾ ਇਸ ਸਾਜ਼ਸ਼ ਅਤੇ ਅਣਗਹਿਲੀ ਤੋਂ ਪੀੜਤ ਹੈ।
ਇਨ੍ਹਾਂ ਨੂੰ ਸਿਆਸਤਦਾਨਾਂ ਨੇ ਗੁੰਡਾ ਬਣਾਇਆ ਹੈ ਕਿਉਂਕਿ ਜਦੋਂ ਨੌਕਰੀਆਂ ਦੇਣੀਆਂ ਸਨ, ਉਸ ਵਕਤ ਇਨ੍ਹਾਂ ਨੂੰ ਨਸ਼ੇ ਤੇ ਸ਼ਰਾਬ ਦੇ ਵਪਾਰ ਵਿਚ ਪਾ ਦਿਤਾ। ਅਪਣੀਆਂ ਤਿਜੋਰੀਆਂ ਭਰਨ ਲਈ ਇਨ੍ਹਾਂ ਨੂੰ ਸਮਝਾਇਆ ਹੀ ਨਹੀਂ ਕਿ ਸਹੀ ਰਸਤਾ ਕਿਹੜਾ ਹੈ। ਇਹਨਾਂ ਨੂੰ ਸਕੂਲਾਂ ਵਿਚ ਉੱਚ ਸਿਖਿਆ ਤਾਂ ਕੀ ਦੇਣੀ ਹੈ, ਇਹਨਾਂ ਨੂੰ ਪੰਜਾਬੀ ਵੀ ਸਹੀ ਤਰੀਕੇ ਨਾਲ ਨਹੀਂ ਸਿਖਾਈ ਗਈ। ਪੰਜਾਬੀ ਤੇ ਸਿੱਖੀ ਸੋਚ ਦੀ ਜੋ ਬੇਕਦਰੀ ਪੰਜਾਬੀ ਨੌਜੁਆਨ ਕਰਦੇ ਹਨ, ਉਸ ਦਾ ਕਾਰਨ ਪੰਜਾਬ ਦੇ ਸਿੱਖ ਸਿਆਸਤਦਾਨ ਤੇ ਸਿੱਖ ਧਾਰਮਕ ਆਗੂ ਹਨ
ਪਰ ਗੋਲੀਆਂ ਦਾ ਸ਼ਿਕਾਰ ਇਹ ਨੌਜੁਆਨ ਹੋਣਗੇ। ਉਨ੍ਹਾਂ ਨੂੰ ਤਾਂ ਸਿਰਫ਼ ਇਹ ਦਸਿਆ ਗਿਆ ਹੈ ਕਿ ਪੰਜਾਬ ਨਾਲ ਧੱਕਾ ਹੋਇਆ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਕਿਹਾ ਕਿ ਪੜ੍ਹ ਲਿਖ ਕੇ ਐਨੇ ਤਾਕਤਵਰ ਬਣੋ ਕਿ ਪੰਜਾਬ ਦੀ ਹਰ ਲੜਾਈ ਸਿਆਣਪ ਨਾਲ ਜਿੱਤ ਸਕੋ। ਨੌਜੁਆਨਾਂ ਨੂੰ ਭੇਡਾਂ ਬਣਾਇਆ ਗਿਆ ਤੇ ਆਪਸ ਵਿਚ ਲੜਾ ਕੇ ਅਪਣੇ ਨਿਜੀ ਫ਼ਾਇਦੇ ਮੁੱਛੇ ਜਾਂਦੇ ਹਨ।
ਇਸ ਵਿਚ ਕੁੱਝ ਨੌਜੁਆਨ ਤਾਂ ਵਾਪਸ ਮੁੜਨ ਜੋਗੇ ਨਹੀਂ ਰਹੇ ਪਰ ਕੁੱਝ ਅਜੇ ਵੀ ਵਾਪਸ ਆ ਸਕਦੇ ਹਨ। ਇਨ੍ਹਾਂ ਨੂੰ ਸਮਝਾਉਣਾ ਪਵੇਗਾ ਕਿ ਉਨ੍ਹਾਂ ਵਲੋਂ ਚੁਣੇ ਰਾਹ ਉਤੇ ਅੱਗੇ ਮੌਤਾਂ ਹਨ ਤੇ ਪੰਜਾਬ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਇਹ ਕੰਮ ਸਿਆਸਤਦਾਨ ਨਹੀਂ ਕਰਨਗੇ ਕਿਉਂਕਿ ਉਨ੍ਹਾ ਨੇ ਪੰਜਾਬ ਅਤੇ ਸਿੱਖਾਂ ਦੀ ਚਿੰਤਾ ਕਰਨੀ ਛੱਡ ਦਿਤੀ ਹੈ ਅਤੇ ਖ਼ੁਦ ਲਈ ਵਜ਼ੀਰੀਆਂ ਤੇ ਬਲੈਕ ਮਨੀ ਦੇ ਢੇਰ ਪ੍ਰਾਪਤ ਕਰਨਾ ਹੀ ਉਨ੍ਹਾਂ ਦੀ ਇਕੋ ਇਕ ਚਿੰਤਾ ਰਹਿ ਗਈ ਹੈ। ਸਿੱਖ ਕੌਮ ਨੂੰ ਆਪ ਹੀ ਕੁੱਝ ਕਰਨ ਲਈ ਸੋਚਣਾ ਪਵੇਗਾ। ਜੇ ਅੱਜ ਕੁੱਝ ਨਾ ਕੀਤਾ ਤਾਂ ਮੁੜ ਤੋਂ ਪੰਜਾਬ ਦੇ ਹੱਕ ਤਾਂ ਮਿਲਣੇ ਨਹੀਂ ਪਰ ਨਾਲ ਇਕ ਹੋਰ ਪੀੜ੍ਹੀ ਵੀ ਖ਼ਤਮ ਹੋ ਜਾਵੇਗੀ। - ਨਿਮਰਤ ਕੌਰ