ਨੌਜੁਆਨਾਂ ਨੂੰ ਪੜ੍ਹਾਈ ਕਰਵਾ ਕੇ ਵਿਦੇਸ਼ਾਂ ਵਿਚ ਜਾਣ ਜਾਂ ਸ਼ਰਾਬ ਪੀਣ ਦੇ ਰਾਹ ਪੈਣ ਦੇਣ ਨਾਲੋਂ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਨੌਜੁਆਨਾਂ ਨੂੰ ਪੜ੍ਹਾਈ ਕਰਵਾ ਕੇ ਵਿਦੇਸ਼ਾਂ ਵਿਚ ਜਾਣ ਜਾਂ ਸ਼ਰਾਬ ਪੀਣ ਦੇ ਰਾਹ ਪੈਣ ਦੇਣ ਨਾਲੋਂ ਰੁਜ਼ਗਾਰ ਦਿਉ!

Youth

2019 ਵਿਚ 15-24 ਸਾਲ ਦੀ ਭਾਰਤੀ ਆਬਾਦੀ 19% ਹੈ ਅਤੇ 2020 ਵਿਚ ਇਹ ਆਬਾਦੀ 34.55% ਤਕ ਪਹੁੰਚ ਜਾਵੇਗੀ। ਇਹ ਭਾਰਤ ਦੀ ਜਵਾਨੀ ਹੈ ਜੋ ਅਜੇ ਤਾਂ ਮੁਫ਼ਤ ਇੰਟਰਨੈੱਟ ਦੇ ਸਹਾਰੇ ਸਿਰ ਝੁਕਾਈ ਬੈਠੀ ਹਕੀਕਤ ਤੋਂ ਬੇਪ੍ਰਵਾਹ ਜਾਪਦੀ ਹੈ, ਪਰ ਹੈ ਨਹੀਂ। ਅੱਜ ਦੁਨੀਆਂ ਵਿਚ ਹੁੰਦੀਆਂ ਖ਼ੁਦਕੁਸ਼ੀਆਂ 'ਚੋਂ 17% ਭਾਰਤ ਵਿਚ ਹੁੰਦੀਆਂ ਹਨ। 2016 ਵਿਚ ਭਾਰਤ ਵਿਚ 2,30,314 ਖ਼ੁਦਕੁਸ਼ੀਆਂ ਹੋਈਆਂ ਸਨ। ਇਹ ਸੱਭ ਤੋਂ ਜ਼ਿਆਦਾ 15-39 ਸਾਲ ਦੀ ਉਮਰ ਦੇ ਨਾਗਰਿਕਾਂ ਵਲੋਂ ਕੀਤੀਆਂ ਗਈਆਂ ਸਨ।

ਮਰਦਾਂ ਦੇ ਖ਼ੁਦਕੁਸ਼ੀ ਦੇ ਅੰਕੜੇ ਔਰਤਾਂ ਤੋਂ ਵੱਧ ਹਨ। ਇਸ ਪਿੱਛੇ ਕਾਰਨ ਹੋਰ ਵੀ ਸਾਫ਼ ਹੋ ਜਾਂਦਾ ਹੈ ਜਦੋਂ ਐਨ.ਐਸ.ਐਸ.ਓ. ਦੀ ਰੀਪੋਰਟ ਸਰਕਾਰ ਵਲੋਂ ਜਨਤਕ ਨਹੀਂ ਕੀਤੀ ਜਾਂਦੀ ਪਰ ਜਿਨ੍ਹਾਂ ਨੇ ਇਸ ਸਰਵੇਖਣ ਨੂੰ ਤਿਆਰ ਕੀਤਾ, ਉਹ ਇਸ ਦੇ ਅੰਕੜਿਆਂ ਦੀ ਪੁਸ਼ਟੀ ਕਰਦੇ ਹਨ। ਇਸ ਰੀਪੋਰਟ ਮੁਤਾਬਕ ਅੱਜ ਬੇਰੁਜ਼ਗਾਰੀ ਪਿਛਲੇ 45 ਸਾਲਾਂ 'ਚ ਸੱਭ ਤੋਂ ਵੱਧ ਹੈ। 2011-12 ਤੋਂ ਲੈ ਕੇ 2017-18 ਤਕ ਦੋ ਕਰੋੜ ਮਰਦਾਂ ਨੇ ਅਪਣੀ ਨੌਕਰੀ ਗੁਆ ਲਈ ਹੈ। ਜੇ ਅਸੀ 1933 ਤੋਂ ਲੈ ਕੇ 2018 ਤਕ ਦੇ ਅੰਕੜੇ ਵੇਖੀਏ ਤਾਂ 2004-2005 ਤੋਂ ਲੈ ਕੇ 2011-12 ਵਿਚਕਾਰ ਸੱਭ ਤੋਂ ਜ਼ਿਆਦਾ ਨੌਕਰੀਆਂ ਪੈਦਾ ਕੀਤੀਆਂ ਗਈਆਂ ਸਨ। 

ਪਰ ਇਹ ਵੀ ਸੱਚ ਹੈ ਕਿ ਨੌਕਰੀਆਂ ਦੀ ਕਮੀ 2011-12 ਵਿਚ ਵੀ ਮਹਿਸੂਸ ਹੋ ਰਹੀ ਸੀ। ਉਸ ਵੇਲੇ ਯੂ.ਪੀ.ਏ.-2 ਦਾ ਰਾਜ ਸੀ ਅਤੇ ਉਸ ਸਰਕਾਰ ਕੋਲੋਂ ਵੀ ਯੂ.ਪੀ.ਏ.-1 ਵਰਗੇ ਰੁਜ਼ਗਾਰ ਦੇ ਪ੍ਰੋਗਰਾਮ ਨਹੀਂ ਸਨ ਬਣ ਰਹੇ। ਇਸ ਲੋੜ ਨੂੰ ਸਮਝਦੇ ਹੋਏ ਭਾਜਪਾ ਵਲੋਂ 2 ਕਰੋੜ ਨੌਕਰੀਆਂ ਹਰ ਸਾਲ ਦੇਣ ਦਾ ਵਾਅਦਾ ਕੀਤਾ ਗਿਆ ਸੀ। ਭਾਜਪਾ ਵਲੋਂ ਕੁੱਝ ਅਜਿਹੇ ਪ੍ਰੋਗਰਾਮ ਵੀ ਚਾਲੂ ਕੀਤੇ ਗਏ ਜਿਵੇਂ ਮੇਕ ਇਨ ਇੰਡੀਆ, ਸਟਾਰਟਅੱਪ ਇੰਡੀਆ, ਸਕਿੱਲ ਇੰਡੀਆ ਜੋ ਕਿ ਨੌਜੁਆਨ ਵਰਗ ਵਾਸਤੇ ਉਮੀਦ ਲੈ ਕੇ ਆਏ ਸਨ। ਜੇ ਇਨ੍ਹਾਂ ਮੁਹਿੰਮਾਂ ਦੇ ਇਸ਼ਤਿਹਾਰ ਅਤੇ ਪ੍ਰਚਾਰ ਤੋਂ ਵੱਖ ਹੋ ਕੇ ਕੁੱਝ ਅੰਕੜੇ ਵੇਖੀਏ ਤਾਂ ਇਹ ਨਾਂ ਤਾਂ ਚੰਗੇ ਸਨ ਪਰ ਨਾਵਾਂ ਤਕ ਹੀ ਸਿਮਟ ਕੇ ਰਹਿ ਗਈਆਂ ਜਾਪਦੀਆਂ ਹਨ। 

ਮੇਕ ਇਨ ਇੰਡੀਆ ਭਾਰਤ ਦੇ ਨਿਰਮਾਣ ਖੇਤਰ ਅਤੇ ਛੋਟੇ ਤੇ ਦਰਮਿਆਨੇ ਉਦਯੋਗਾਂ ਲਈ ਕੌਮਾਂਤਰੀ ਨਿਵੇਸ਼ ਦਾ ਇਕ ਸੁਨਹਿਰੀ ਮੌਕਾ ਸੀ ਪਰ ਇਹ ਵੀ ਗੁਆ ਦਿਤਾ ਗਿਆ। ਨਿਰਮਾਣ ਖੇਤਰ ਵਿਚ ਵੀ ਨਿਵੇਸ਼ 2014-15 ਦੇ ਮੁਕਾਬਲੇ 2015-16 ਵਿਚ ਘੱਟ ਕੇ 20% ਤੇ ਆ ਗਿਆ। ਇਹ ਵਿਦੇਸ਼ੀ ਨਿਵੇਸ਼ਕਾਰਾਂ ਦੇ ਭਾਰਤੀ ਨਿਰਮਾਣ ਉਤੇ ਭਰੋਸੇ ਦੀ ਕਮੀ ਦਰਸਾਉਂਦਾ ਹੈ। ਭਾਰਤ ਵਿਚ ਨਿਵੇਸ਼ ਸੱਭ ਤੋਂ ਵੱਧ ਸੇਵਾ ਖੇਤਰ ਵਾਸਤੇ ਰਿਹਾ ਹੈ ਜੋ ਕਿ ਭਾਰਤੀ ਨੌਜੁਆਨਾਂ ਨੂੰ ਕੁੱਝ ਨੌਕਰੀਆਂ ਦਿਵਾ ਸਕਦਾ ਹੈ ਪਰ ਉਨ੍ਹਾਂ ਨੂੰ ਆਪ ਉਦਯੋਗ ਸਥਾਪਤ ਕਰਨ ਦੇ ਕਾਬਲ ਨਹੀਂ ਬਣਾ ਸਕਦਾ। ਭਾਜਪਾ ਵਲੋਂ ਹਿੰਦੁਸਤਾਨ ਏਅਰੋਨਾਟਿਕਸ ਨੂੰ ਰਾਫ਼ੇਲ ਸੌਦੇ 'ਚੋਂ ਹਟਾ ਕੇ ਅਪਣੇ ਹੀ ਨਾਹਰੇ ਵਿਰੁਧ ਕਦਮ ਪੁਟਿਆ ਗਿਆ ਜਿਸ ਦਾ ਅਸਰ ਨੌਕਰੀਆਂ ਉਤੇ ਪਿਆ। ਸਕਿੱਲ ਇੰਡੀਆ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਹੇਠ 30.67 ਲੱਖ ਨੌਜੁਆਨ ਸਿਖਲਾਈ ਪ੍ਰਾਪਤ ਕਰ ਗਏ ਪਰ ਸਿਰਫ਼ 29 ਨੂੰ ਨੌਕਰੀਆਂ ਦੀ ਉਮੀਦ ਬੱਝੀ।

ਨੋਟਬੰਦੀ ਤੋਂ ਬਾਅਦ ਨੌਕਰੀਆਂ ਦੀ ਕਮੀ ਅਤੇ ਫਿਰ ਦੂਜਾ ਜੀ.ਐਸ.ਟੀ. ਦਾ ਹਮਲਾ ਰਿਹਾ ਜਿਸ ਨੇ ਉਦਯੋਗ ਨੂੰ ਬੰਦ ਹੋਣ ਦੇ ਕੰਢੇ ਪਹੁੰਚਾ ਦਿਤਾ ਹੈ। ਇਨ੍ਹਾਂ ਹਾਲਾਤ ਵਿਚ ਨੌਜੁਆਨਾਂ ਨੂੰ ਪਕੌੜੇ ਵੇਚਣ ਅਤੇ ਚਾਹ ਦੇ ਸਟਾਲ ਬਣਾਉਣ ਦੀ ਸਲਾਹ ਦੇਣ ਵਿਚ ਸ਼ਰਮਿੰਦਗੀ ਨਾ ਮਹਿਸੂਸ ਕਰਨ ਲਈ ਵੀ ਆਖਿਆ ਗਿਆ। ਅੱਜ ਜੇ ਇਕ ਉਦਯੋਗ ਵੱਧ ਰਿਹਾ ਹੈ ਤਾਂ ਉਹ ਹੈ ਇਮੀਗਰੇਸ਼ਨ ਅਤੇ ਆਈਲਟਸ ਦਾ, ਜੋ ਕਿ ਦਰਸਾਉਂਦਾ ਹੈ ਕਿ ਨੌਜੁਆਨ ਵਿਦੇਸ਼ਾਂ ਵਿਚ ਰੁਜ਼ਗਾਰ ਦੀ ਭਾਲ ਵਿਚ ਦੌੜ ਕੇ ਜਾ ਰਹੇ ਹਨ।

ਅੱਜ ਪਰਖਣ ਦੀ ਜ਼ਰੂਰਤ ਹੈ ਕਿ ਕੌਣ ਨੌਜੁਆਨਾਂ ਦੀਆਂ ਉਮੀਦਾਂ ਨੂੰ ਸਮਝਦਾ ਹੈ? ਕੌਣ ਉਨ੍ਹਾਂ ਦੇ ਹੁਨਰ ਦੀ ਕੀਮਤ ਪਾਉਣ ਦੀ ਸੋਚ ਰਖਦਾ ਹੈ? ਜਿਹੜਾ ਕੋਈ ਇਸ ਵਰਗ ਨੂੰ ਨਸ਼ੇ 'ਚੋਂ ਕੱਢ ਕੇ ਇੰਟਰਨੈੱਟ ਦੀ ਲਤ ਤੋਂ ਆਜ਼ਾਦ ਕਰਵਾ ਕੇ, ਉਸ ਨੂੰ ਤਾਕਤਵਰ ਬਣਾਵੇ, ਉਸੇ ਨੂੰ ਵੋਟ ਮਿਲਣੀ ਚਾਹੀਦੀ ਹੈ। ਜੇ ਸਾਡੀ ਇਹ ਵਧਦੀ ਜਵਾਨੀ ਨਿਰਾਸ਼ ਅਤੇ ਨਾਉਮੀਦ ਹੋ ਗਈ ਤਾਂ ਸਮਝ ਲਉ ਕਿ ਭਾਰਤ ਦੇ ਭਵਿੱਖ ਵਿਚ ਹਨੇਰ ਹੈ। ਇਹ ਜੋ ਡਾਂਗਾਂ ਲਹਿਰਾਉਂਦੇ ਕੱਟੜ ਗੁੰਡਾ ਬ੍ਰਿਗੇਡ ਕਦੇ ਲਵ ਜੇਹਾਦ, ਕਦੇ ਗਊ ਰਖਿਆ ਅਤੇ ਕਦੇ ਮੁਸਲਮਾਨਾਂ ਦੇ ਘਰਾਂ ਵਿਚ ਵੜ ਕੇ ਉਨ੍ਹਾਂ ਉਤੇ ਵਾਰ ਕਰਦੇ ਹਨ, ਇਹ ਭਾਰਤ ਦਾ ਭਵਿੱਖ ਨਹੀਂ ਸਵਾਰ ਸਕਦੇ।  - ਨਿਮਰਤ ਕੌਰ