ਸੰਪਾਦਕੀ: ਬਹਿਬਲ ਕਲਾਂ ਗੋਲੀ ਕਾਂਡ ਤੇ ਅਗਲੀਆਂ ਅਸੈਂਬਲੀ ਚੋਣਾਂ
ਅਕਾਲੀ ਦਲ ਦੀ ਬੋਲਤੀ ਬੰਦ ਰਹਿ ਚੁੱਕਣ ਮਗਰੋਂ, ਹਾਈ ਕੋਰਟ ਦੇ ਫ਼ੈਸਲੇ ਦੇ ਸਹਾਰੇ, ਫਿਰ ਤੋਂ ਬੋਲਣ ਲੱਗ ਪਈ
ਬਹਿਬਲ ਕਲਾਂ ਗੋਲੀ ਕਾਂਡ ਦੀ ਐਸ.ਆਈ.ਟੀ. ਦੇ ਰੱਦ ਹੋਣ ਤੋਂ ਬਾਅਦ ਅਦਾਲਤ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਸੀ। ਉਹ ਫ਼ੈਸਲਾ 89 ਪੇਜ ਦੀ ਜਜਮੈਂਟ ਸੀ ਜਿਸ ਨੇ ਪੂਰੇ ਪੰਜਾਬ ਦੀ ਸਿਆਸਤ ਉਥਲ ਪੁਥਲ ਕਰ ਕੇ ਰੱਖ ਦਿਤੀ ਹੈ। ਇਕ ਪਾਸੇ ਕਾਂਗਰਸ ਅੰਦਰ ਲੜਾਈਆਂ ਸ਼ੁਰੂ ਹੋ ਗਈਆਂ, ਦੂਜੇ ਪਾਸੇ ਅਕਾਲੀਆਂ ਦੇ ਮੂੰਹ ਵਿਚ ਵੀ ਜ਼ਬਾਨ ਹਿਲਣ ਲੱਗ ਪਈ ਹੈ। ਕਾਂਗਰਸ ਵਿਚੋਂ ਕਈ ਵੱਡੇ ਆਗੂ ਖੁਲ੍ਹ ਕੇ ਅਪਣੀ ਸਰਕਾਰ ਦੀ ਅਲੋਚਨਾ ਕਰ ਰਹੇ ਹਨ ਤੇ ਇਨ੍ਹਾਂ ਵਿਚ ਸੱਭ ਤੋਂ ਵੱਡੇ ਨਵਜੋਤ ਸਿੰਘ ਸਿੱਧੂ ਹਨ।
ਨਵਜੋਤ ਸਿੰਘ ਸਿੱਧੂ ਦੇ ਵਿਰੋਧ ਤੋਂ ਬਾਅਦ ਭਾਵੇਂ ਅਪਣੀ ਸਰਕਾਰ ਦੀ ਆਲੋਚਨਾ ਬਾਕੀ ਲੋਕ ਵੀ ਕਰਨ ਲੱਗ ਪਏ ਹਨ, ਨਵਜੋਤ ਸਿੰਘ ਸਿੱਧੂ ਵਿਰੁਧ ਸਾਰੇ ਡੱਟ ਗਏ ਹਨ। ਨਵਜੋਤ ਸਿੱਧੂ ਦਾ ਕਾਂਗਰਸ ਵਿਚ ਰਹਿਣਾ ਹੁਣ ਘੜੀ ਪਲ ਦਾ ਮੇਲਾ ਹੀ ਜਾਪਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਚੁਨੌਤੀ ਦੇ ਦਿਤੀ ਹੈ ਤੇ ਹੁਣ ਨਵਜੋਤ ਸਿੱਧੂ ਨੂੰ ਫ਼ੈਸਲਾ ਕਰਨਾ ਪਵੇਗਾ ਕਿ ਉਹ ਕਾਂਗਰਸ ਵਿਚ ਰਹਿ ਕੇ ਮਸਲਿਆਂ ਦਾ ਕੋਈ ਹੱਲ ਲੱਭਣਗੇ ਜਾਂ ਉਹ ਤੀਜੇ ਧੜੇ ਦੇ ਮੁਖੀ ਬਣਨਗੇ।
ਪਰ ਹੁਣ ਫ਼ੈਸਲਾ ਲੈਣ ਦੀ ਘੜੀ ਆ ਹੀ ਗਈ ਹੈ ਕਿਉਂਕਿ ਉਨ੍ਹਾਂ ਅਪਣਾ ਸਾਰਾ ਕੰਮ ਛੱਡ, ਸਿਆਸਤ ਦਾ ਗਾਡੀ ਰਾਹ ਚੁਣਿਆ ਹੈ ਅਤੇ ਸਿਆਸਤ ਵਿਚ ਉਨ੍ਹਾਂ ਨੂੰ ਅੰਮ੍ਰਿਤਸਰ ਨੇ ਪੰਜ ਸਾਲ ਲਈ ਵਿਧਾਇਕ ਦਾ ਰੁਤਬਾ ਦਿਤਾ ਸੀ ਤੇ ਲੋਕ ਜ਼ਰੂਰ ਪੁਛਣਗੇ ਕਿ ਤੁਸੀਂ ਪੰਜ ਸਾਲ ਵਿਚ ਕੀ ਕੀਤਾ? ਰੀਪੋਰਟ ਕਾਰਡ ਤੇ ਇਹ ਨਹੀਂ ਲਿਖਿਆ ਜਾ ਸਕਦਾ ਕਿ ਨੱਥਾ ਸਿੰਘ ਤੇ ਬੰਤਾ ਸਿੰਘ ਦੀ ਮਿਲੀਭੁਗਤ ਕਰ ਕੇ ਮੈਂ ਕੁੱੱਝ ਨਹੀਂ ਕਰ ਸਕਿਆ ਤੇ ਬਾਹਰ ਵੀ ਨਾ ਆ ਸਕਿਆ। ਜੇ ਕਾਂਗਰਸ ਤੇ ਵਿਸ਼ਵਾਸ ਨਹੀਂ ਤਾਂ ਹੁਣ ਨਵਜੋਤ ਸਿੱਧੂ ਨੂੰ ਅਪਣੀ ਪਸੰਦ ਦੀ ਪਾਰਟੀ ਬਾਰੇ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ।
ਪਰ ਕਾਂਗਰਸ ਪਾਰਟੀ ਨੂੰ ਵੀ ਚਾਹੀਦਾ ਹੈ ਕਿ ਇਸ ਮਾਮਲੇ ਨੂੰ ਪੂਰੀ ਸੰਜੀਦਗੀ ਨਾਲ ਲਵੇ। ਅੱਜ ਤਕ ਉਹ ਇਹੀ ਆਖ ਰਹੇ ਹਨ ਕਿ ਅਸੀ ਕਿਹੜੇ ਮੂੰਹ ਨਾਲ ਲੋਕਾਂ ਵਿਚ ਜਾਈਏ? ਉਨ੍ਹਾਂ ਨੂੰ ਡਰ ਇਹ ਵੀ ਹੈ ਕਿ ਉਨ੍ਹਾਂ ਉਤੇ ਦਰਬਾਰ ਸਾਹਿਬ ਉਤੇ ਫ਼ੌਜੀ ਹਮਲੇ ਦੇ ਦਾਗ਼ਾਂ ਦੇ ਨਾਲ-ਨਾਲ ਬਹਿਬਲ ਗੋਲੀ ਕਾਂਡ ਦੇ ਨਿਆਂ ਤੋਂ ਸਿੱਖ ਕੌਮ ਨਾਲ ਬੇਵਫ਼ਾਈ ਕਰਨ ਦਾ ਦੋਸ਼ ਵੀ ਲਗਾ ਦਿਤਾ ਜਾਵੇਗਾ।
ਦੂਜੇ ਪਾਸੇ ਅਕਾਲੀ ਦਲ ਦੀ ਬੋਲਤੀ ਬੰਦ ਰਹਿ ਚੁੱਕਣ ਮਗਰੋਂ, ਹਾਈ ਕੋਰਟ ਦੇ ਫ਼ੈਸਲੇ ਦੇ ਸਹਾਰੇ, ਫਿਰ ਤੋਂ ਬੋਲਣ ਲੱਗ ਪਈ ਹੈ ਪਰ ਉਨ੍ਹਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸੌਦਾ ਸਾਧ ਨੂੰ ਮਾਫ਼ੀ ਮਿਲੀ, ਸ਼੍ਰੋਮਣੀ ਕਮੇਟੀ ਵਲੋਂ 93 ਲੱਖ ਸਾਧ ਦੀ ਚੜ੍ਹਤ ਬਣਾਉਣ ਵਾਸਤੇ ਖ਼ਰਚੇ ਗਏ, ਫ਼ਰੀਦਕੋਟ ਵਿਚ ਗੋਲੀਆਂ ਚਲੀਆਂ, ਬਹਿਬਲ ਕਲਾਂ ਵਿਚ ਦੋ ਸਿੰਘ ਮਾਰੇ ਗਏ, ਸਿੱਖਾਂ ਤੇ ਗ਼ਲਤ ਦੋਸ਼ ਲਗਾ ਕੇ ਉਨ੍ਹਾਂ ਨੂੰ ਜੇਲਾਂ ਵਿਚ ਧਕਿਆ ਗਿਆ, ਉਨ੍ਹਾਂ ਉਤੇ ਤਸੀਹੇ ਵੀ ਢਾਹੇ ਗਏ, ਸਬੂਤਾਂ ਨੂੰ ਛਪਾਉਣ ਦਾ ਯਤਨ ਵੀ ਕੀਤਾ ਗਿਆ ਤੇ ਇਹ ਸਾਰਾ ਕੁੱਝ ਅਕਾਲੀ ਸਰਕਾਰ ਦੇ ਰਾਜ ਵਿਚ ਹੋਇਆ।
ਕਾਂਗਰਸ ਤੇ ਇਸ ਜਾਂਚ ਵਿਚ ਢਿੱਲ ਮੱਠ ਦਾ ਦੋਸ਼ ਲੱਗ ਸਕਦਾ ਹੈ ਪਰ ਇਹ ਕਾਂਡ ਵਰਤਾਉਣ ਦਾ ਨਹੀਂ। ਜੇ ਅਦਾਲਤੀ ਫ਼ੈਸਲੇ, ਤਕਨੀਕੀ ਕਾਰਨਾਂ ਨੂੰ ਉਪਰ ਮੰਨ ਕੇ, ਸੱਚ ਨੂੰ ਸਾਹਮਣੇ ਨਹੀਂ ਆਉਣ ਦੇਣਗੇ ਤਾਂ ਲੋਕ ਅਪਣੇ ਫ਼ੈਸਲੇ ਆਪ ਕਰਨ ਲੱਗ ਜਾਣਗੇ। ਪਿਛਲੀ ਵਾਰ ਉਹ ਫ਼ੈਸਲਾ ਕਾਂਗਰਸ ਦੇ ਹੱਕ ਵਿਚ ਆਇਆ ਸੀ ਤੇ ਇਸ ਵਾਰ ਤੀਜੇ ਧੜੇ ਵਲ ਵੀ ਜਾ ਸਕਦਾ ਹੈ। ਤੀਜਾ ਧੜਾ ਵੀ ਇਸ ਦੀ ਅਹਿਮੀਅਤ ਸਮਝ ਗਿਆ ਹੈ। ਜਿਹੜੇ ਆਗੂ ਕਦੇ ਇਕ ਕਮਰੇ ਵਿਚ ਇਕੱਠੇ ਨਹੀਂ ਬੈਠ ਸਕਦੇ ਸਨ, ਅੱਜ ਇਹ ਸਾਰੇ ਇਕ ਗਠਜੋੜ ਬਣਾਉਣ ਜਾ ਰਹੇ ਹਨ। ਅੰਬ ਸਾਹਿਬ ਵਿਚ ਇਹ ਤੈਅ ਕੀਤਾ ਗਿਆ ਹੈ ਕਿ ਹਾਈ ਕੋਰਟ ਦੇ ਫ਼ੈਸਲੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਕੀ ਕਾਪੀਆਂ ਸਾੜਨ ਨਾਲ ਇਨਸਾਫ਼ ਮਿਲੇਗਾ? ਨਹੀਂ, ਪਰ ਹਾਂ ਤੀਜੇ ਧੜੇ ਨੂੰ ਲੋਕਾਂ ਦਾ ਸਮਰਥਨ ਜ਼ਰੂਰ ਮਿਲੇਗਾ।
ਪਰ ਜੇ ਸਵਾਲ ਪੁਛੀਏ ਤਾਂ ਪਹਿਲਾ ਸਵਾਲ ਤਾਂ ਇਹੀ ਹੋਵੇਗਾ ਕਿ ਜਦ ਤਕ ਅਕਾਲੀ ਦਲ ਤਾਕਤ ਵਿਚ ਸੀ ਜਾਂ ਇਹ ਲੋਕ ਕਿਸੇ ਅਹੁਦੇ ਤੇ ਸੁਸ਼ੋਭਤ ਸਨ ਤਾਂ ਇਨ੍ਹਾਂ ਦੀ ਵਫ਼ਾਦਾਰੀ ਕਿਤੇ ਹੋਰ ਸੀ। ਅੱਜ ਕੀ ਇਹ ਸਿਰਫ਼ ਸੱਤਾ ਦੀ ਪ੍ਰਾਪਤੀ ਵਾਸਤੇ ਤਾਂ ਕਾਂਟਾ ਨਹੀਂ ਬਦਲ ਰਹੇ? ਇਨ੍ਹਾਂ ਵਿਚ ਕਈ ਅਜਿਹੇ ਹੋਣਗੇ ਜੋ ਸਾਧਾਂ ਦੇ ਦਰ ਤੇ ਵੋਟਾਂ ਮੰਗਣ ਗਏ ਹੋਣਗੇ ਜਾਂ ਉਨ੍ਹਾਂ ਦੇ ਪੈਰਾਂ ਤੇ ਸਿਰ ਟਿਕਾ ਆਏ ਹੋਣਗੇ। ਪਰ ਲੋਕਾਂ ਕੋਲ ਹੋਰ ਰਾਹ ਵੀ ਕੀ ਹੈ? ਆਖ਼ਰ ਕਿਸੇ ਨਾ ਕਿਸੇ ਸਿਆਸਤਦਾਨ ਦੇ ਨਾਂ ਵਾਲਾ ਬਟਨ ਤਾਂ ਦਬਣਾ ਹੀ ਪਵੇਗਾ।
ਸੋ ਲੋਕ ਹੁਣ ਫ਼ੈਸਲਾ ਕਰਨਗੇ ਤੇ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਹਨ, ਸਾਫ਼ ਹੈ ਕਿ ਬਹਿਬਲ ਤੇ ਕੋਟਕਪੂਰਾ ਦਾ ਇਨਸਾਫ਼ ਦਾ ਮੁੱਦਾ ਸੱਭ ਤੋਂ ਉਤੇ ਹੋਵੇਗਾ। ਜੇ ਸਿੱਖਾਂ ਦੀ ਇਕ ਵੀ ਪਾਰਟੀ ਅਜਿਹੀ ਹੁੰਦੀ ਜੋ ਧਾਰਮਕ ਮੁੱਦਿਆਂ ਦੀ ਪੈਰਵੀ ਸਿਧਾਂਤਕ ਤਰੀਕੇ ਨਾਲ ਕਰਦੀ ਤਾਂ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਸਿਆਸੀ ਫ਼ੁਟਬਾਲ ਖੇਡਣ ਦਾ ਮੈਦਾਨ ਨਾ ਬਣ ਜਾਂਦਾ। (ਨਿਮਰਤ ਕੌਰ)