ਪੰਜਾਬ ਦੀਆਂ ਜੇਲਾਂ ਵਿਚ ਨਸ਼ੇ ਦਾ ਤਾਂਡਵ ਨਾਚ ਨਸ਼ੇ ਦੇ ਦੈਂਤ ਨੂੰ ਖ਼ਤਮ ਕਰਨ ਲਈ ਮਜ਼ਬੂਤ ਨੀਤੀ...
ਪੰਜਾਬ ਦੀਆਂ ਜੇਲਾਂ ਵਿਚ ਨਸ਼ੇ ਦਾ ਤਾਂਡਵ ਨਾਚ ਨਸ਼ੇ ਦੇ ਦੈਂਤ ਨੂੰ ਖ਼ਤਮ ਕਰਨ ਲਈ ਮਜ਼ਬੂਤ ਨੀਤੀ ਦੀ ਤੁਰਤ ਲੋੜ
ਪੰਜਾਬ ਦੀਆਂ ਜੇਲਾਂ ਸੁਧਾਰ ਘਰ ਘੱਟ, ਨਸ਼ਾ ਤਸਕਰੀ ਅਤੇ ਗੁੰਡਾਗਰਦੀ ਦੇ ਅੱਡੇ ਜ਼ਿਆਦਾ ਬਣ ਚੁਕੀਆਂ ਹਨ। ਵਿੱਕੀ ਗੋਂਡਰ ਵਾਸਤੇ 2015 ਵਿਚ ਜੇਲ ਨੂੰ ਤੋੜਨਾ ਆਸਾਨ ਸੀ ਅਤੇ ਅੱਜ ਵੀ ਕੈਦੀਆਂ ਵਾਸਤੇ ਜੇਲ ਵਿਚ ਕੋਈ ਵੀ ਕਾਂਡ ਕਰਨਾ ਮੁਸ਼ਕਲ ਨਹੀਂ। ਲੁਧਿਆਣਾ ਜੇਲ ਦੇ ਕੈਦੀਆਂ ਵਲੋਂ ਬਗ਼ਾਵਤ ਦੀ ਖ਼ਬਰ ਹੁਣ ਕੋਈ ਵੱਡੀ ਗੱਲ ਨਹੀਂ ਪਰ ਜਿਸ ਤਰ੍ਹਾਂ ਕੈਦੀਆਂ ਕੋਲ ਹਥਿਆਰ ਨਜ਼ਰ ਆ ਰਹੇ ਸਨ, ਉਹ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਸਾਰੀ ਜਾਣਕਾਰੀ ਕੈਦੀਆਂ ਵਲੋਂ ਅਪਣੇ ਫ਼ੋਨ ਉਤੇ ਅੰਦਰੋਂ ਬਣਾਈਆਂ ਜਾ ਰਹੀਆਂ ਵੀਡੀਉ ਤੋਂ ਹੀ ਮਿਲ ਰਹੀ ਸੀ।
ਡੀ.ਜੀ.ਪੀ. ਸ਼ਸ਼ੀ ਕਾਂਤ ਇਕ ਅਜਿਹੇ ਡੀ.ਜੀ.ਪੀ. ਰਹੇ ਹਨ ਜੋ ਕਿ ਨਸ਼ੇ ਵਿਰੁਧ ਅਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ ਪਰ ਜਿਨ੍ਹਾਂ ਨੂੰ ਸੁਣਨ ਤੋਂ ਹਰ ਕਿਸੇ ਨੇ ਇਨਕਾਰ ਕੀਤਾ ਕਿਉਂਕਿ ਉਹ ਅਜਿਹੇ ਸੱਚ ਬੋਲਦੇ ਹਨ ਜੋ ਕਿ ਕਬੂਲਣੇ ਔਖੇ ਹਨ। ਉਨ੍ਹਾਂ ਕਾਫ਼ੀ ਪਹਿਲਾਂ ਹੀ ਇਕ ਰੀਪੋਰਟ ਪੇਸ਼ ਕਰ ਦਿਤੀ ਸੀ ਕਿ ਜੇਲਾਂ ਵਿਚ ਨਸ਼ੇ ਦਾ ਕਾਰੋਬਾਰ ਚਲਦਾ ਹੈ। ਜੇਲਾਂ ਵਿਚ ਨਸ਼ੇ ਦੀ ਵਿਕਰੀ ਸੱਭ ਤੋਂ ਵੱਧ ਹੈ ਅਤੇ ਸੱਭ ਤੋਂ ਆਸਾਨ ਹੈ। ਕਈ ਵਾਰ ਕੈਦੀਆਂ ਦੇ ਪ੍ਰਵਾਰਾਂ ਨੇ ਦੁਖ ਸਾਂਝਾ ਕੀਤਾ ਹੈ ਕਿ ਕੈਦੀਆਂ ਦੀ ਨਸ਼ੇ ਦੀ ਭੈੜੀ ਵਾਦੀ ਕਾਰਨ ਉਨ੍ਹਾਂ ਨੂੰ ਜੇਲ ਵਿਚ ਪੈਸੇ ਭੇਜਣੇ ਪੈਂਦੇ ਹਨ।
ਨਸ਼ੇ ਉਤੇ ਰੋਕ ਲਾਉਣ ਲਈ ਭਾਵੇਂ ਪੰਜਾਬ ਵਿਚ ਕੰਮ ਚਲ ਰਿਹਾ ਹੈ, ਪਰ ਲੁਧਿਆਣਾ ਦੇ ਹਾਦਸੇ ਤੋਂ ਸਾਫ਼ ਹੈ ਕਿ ਜੇਲਾਂ ਵਿਚ ਅਜੇ ਇਸ ਦਾ ਕੋਈ ਅਸਰ ਨਹੀਂ ਪਿਆ। ਜਿਹੜੇ ਕੈਦੀ ਦੀ ਮੌਤ ਹੋਈ, ਉਹ ਨਸ਼ਿਆਂ ਨੂੰ ਜੇਲ ਵਿਚ ਲਿਆਉਣ ਵਾਲਾ ਇਕ ਵਪਾਰੀ ਸੀ। ਇਕ ਰੀਪੋਰਟ ਅਨੁਸਾਰ ਪੰਜਾਬ 'ਚ ਹਰ ਰੋਜ਼ 2-3 ਨਸ਼ਾ ਤਸਕਰੀ ਦੇ ਮੁਲਜ਼ਮ ਜੇਲ ਤੋਂ ਬਾਹਰ ਆਉਂਦੇ ਹਨ ਅਤੇ ਰੋਜ਼ ਪੁਲਿਸ ਫੜਦੀ ਵੀ ਹੈ। ਯਾਨੀ ਕਿ ਇਸ ਤਰ੍ਹਾਂ ਦੇ ਅਪਰਾਧੀਆਂ ਦਾ ਅੰਦਰ-ਬਾਹਰ ਆਉਣਾ ਜਾਣਾ ਚਲਦਾ ਰਹਿੰਦਾ ਹੈ ਅਤੇ ਇਹੀ ਨਸ਼ੇ ਦਾ ਅਸਲ ਮਾਰਗ ਹੈ।
ਜੇ ਕੈਦੀਆਂ ਕੋਲ ਫ਼ੋਨ ਹੈ, ਅਸਲਾ ਹੈ, ਨਸ਼ਾ ਹੈ, ਤਾਂ ਇਹ ਸੁਧਾਰ ਘਰ ਕਿਸ ਤਰ੍ਹਾਂ ਬਣ ਸਕਦੇ ਹਨ? ਇਹ ਤਾਂ ਅਸਲ ਵਿਚ ਸੱਭ ਤੋਂ ਸੁਰੱਖਿਅਤ ਵਪਾਰ ਕੇਂਦਰ ਹਨ ਜਿਥੇ ਬੈਠ ਕੇ ਮਾਫ਼ੀਆ ਅਪਣਾ ਧੰਦਾ ਚਲਾਉਂਦਾ ਹੈ। ਅਤੇ ਇਸ ਮਾਫ਼ੀਆ ਨੂੰ ਸੁਰੱਖਿਆ ਦੇਣ ਵਾਲੇ ਪੁਲਿਸ ਅਫ਼ਸਰ ਜੇਲਾਂ ਵਿਚ ਹੀ ਤੈਨਾਤ ਹਨ। ਅੱਜ ਸੀ.ਆਰ.ਪੀ.ਐਫ਼. ਦੀਆਂ ਤਿੰਨ ਬਟਾਲੀਅਨਾਂ ਕੇਂਦਰ ਤੋਂ ਮੰਗਵਾਈਆਂ ਗਈਆਂ ਹਨ। ਹੋਰ ਵੀ ਆਉਣਗੀਆਂ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਸਰਹੱਦ ਤੇ ਬੀ.ਐਸ.ਐਫ਼. ਦੀ ਦੇਖ-ਰੇਖ ਹੇਠ ਹੈ ਅਤੇ ਬੀ.ਐਸ.ਐਫ਼. 'ਚ ਵੀ ਨਸ਼ੇ ਦੇ ਕਾਰੋਬਾਰ ਨੇ ਅਪਣੇ ਰਸਤੇ ਬਣਾ ਲਏ ਹਨ। ਪੰਜਾਬ ਪੁਲਿਸ 'ਚ ਵੀ ਹਨ ਅਤੇ ਹੁਣ ਸੀ.ਆਰ.ਪੀ.ਐਫ਼. 'ਚ ਵੀ ਬਣ ਜਾਣਗੇ।
ਨਸ਼ੇ ਦੇ ਕਾਰੋਬਾਰ ਵਿਚ ਮੁਨਾਫ਼ਾ ਬੇਹਿਸਾਬਾ ਹੈ ਅਤੇ ਲਾਲਚ ਹਰ ਕਿਸੇ ਨੂੰ ਅਪਣੇ ਵਲ ਖਿੱਚ ਲੈਂਦਾ ਹੈ। ਪੰਜਾਬ 'ਚ 2015-16 'ਚ ਨਸ਼ੇ ਦੇ ਕਾਰੋਬਾਰ ਦਾ ਅਸਰ ਸੜਕਾਂ ਵਿਚ ਗੈਂਗਵਾਰਾਂ ਦੇ ਰੂਪ ਵਿਚ ਨਜ਼ਰ ਆ ਰਿਹਾ ਸੀ ਅਤੇ ਇਕ ਫ਼ਿਲਮ 'ਉੜਤਾ ਪੰਜਾਬ' ਵੀ ਬਣਾਈ ਗਈ ਸੀ ਜਿਸ ਨੂੰ ਵੇਖ ਕੇ ਸੱਚ ਕਬੂਲਣ ਲਈ ਜਿਗਰਾ ਚਾਹੀਦਾ ਸੀ। ਅੱਜ ਤਕ ਦੁਨੀਆਂ ਦਾ ਸੱਭ ਤੋਂ ਵੱਡਾ ਨਸ਼ੇ ਦਾ ਬਾਦਸ਼ਾਹ ਪਾਬਲੋ ਇਸਕੋ ਬਾਰ ਰਿਹਾ ਹੈ। ਉਸ ਨੇ ਅਪਣੇ ਧੰਦੇ ਨੂੰ ਫੈਲਾ ਕੇ ਅਪਣੇ ਵੱਡੇ ਕਾਰੋਬਾਰ ਵੀ ਬਣਾਏ ਅਤੇ ਅਪਣੇ ਕਾਲੇ ਧਨ ਦੇ ਇਸ ਕਾਰੋਬਾਰ ਸਦਕਾ ਉਹ ਕੋਲੰਬੀਆ ਦੀ ਸੰਸਦ ਵਿਚ ਵੀ ਪਹੁੰਚ ਗਿਆ ਸੀ।
ਉਸ ਨੂੰ ਆਖ਼ਰ ਪੁਲਿਸ ਨੇ ਕਾਬੂ ਕੀਤਾ ਅਤੇ ਉਸ ਵਾਸਤੇ ਇਕ ਖ਼ਾਸ ਜੇਲ ਬਣਾਈ ਗਈ ਸੀ। ਉਸ ਨੇ ਉਸ ਜੇਲ ਅੰਦਰ ਬੈਠ ਕੇ ਅਪਣਾ ਕਾਰੋਬਾਰ ਹੋਰ ਵੀ ਤਾਕਤਵਰ ਬਣਾ ਲਿਆ। ਕਦੇ ਸਮਾਂ ਮਿਲਣ ਤੇ ਇਸ ਦੀ ਜੀਵਨੀ ਪੜ੍ਹੋ ਤਾਂ ਮੈਕਸੀਕੋ ਅਤੇ ਪੰਜਾਬ ਵਿਚ ਕਈ ਮੇਲ ਨਜ਼ਰ ਆਉਣਗੇ। ਫ਼ਰਕ ਸਿਰਫ਼ ਏਨਾ ਸੀ ਕਿ ਦੁਨੀਆਂ ਜਾਣਦੀ ਸੀ ਕਿ ਪਾਬਲੋ ਇਸ ਨਸ਼ੇ ਦਾ ਅਸਲ ਤਸਕਰ ਹੈ ਪਰ ਅੱਜ ਪੰਜਾਬ ਨੂੰ ਸ਼ੱਕ ਤਾਂ ਕਈ ਵੱਡੇ ਨਾਵਾਂ ਵਾਲਿਆਂ ਉਤੇ ਹੈ ਪਰ ਪੱਕਾ ਪਤਾ ਕਿਸੇ ਨੂੰ ਨਹੀਂ ਕਿ ਪੰਜਾਬ ਦਾ ਮਾਫ਼ੀਆ ਕੌਣ ਚਲਾਉਂਦਾ ਹੈ।
ਕੋਲੰਬੀਆ ਦੀ ਸਰਕਾਰ ਨੇ ਪਾਬਲੋ ਨੂੰ ਫੜਨ ਲਈ ਇਕ ਪੁਲਿਸ ਅਫ਼ਸਰ ਨੂੰ ਪੂਰੀ ਆਜ਼ਾਦੀ ਦਿਤੀ ਸੀ ਅਤੇ ਉਹ ਇਕ ਬੜੀ ਲੰਮੀ ਲੜਾਈ ਤੋਂ ਬਾਅਦ ਪਾਬਲੋ ਦੀ ਪੂਰੀ ਤਾਕਤ ਨੂੰ ਤਬਾਹ ਕਰਨ ਵਿਚ ਕਾਮਯਾਬ ਹੋਇਆ। ਜਿਹੜਾ ਪਾਬਲੋ ਹਰ ਹਫ਼ਤੇ 42 ਕਰੋੜ ਡਾਲਰ ਕਮਾਉਂਦਾ ਸੀ, ਉਹ ਅੰਤ ਇਕ ਗੋਲੀ ਦਾ ਸ਼ਿਕਾਰ ਹੋਇਆ। ਪੰਜਾਬ ਵਿਚ ਵੀ ਇਕ ਦਲੇਰ ਅਫ਼ਸਰ ਦੀ ਜ਼ਰੂਰਤ ਹੈ ਜਿਸ ਨੂੰ ਇਸ ਮਾਫ਼ੀਆ ਦੇ ਅਸਲ ਚਿਹਰੇ ਨੂੰ ਬੇਨਕਾਬ ਕਰਨ ਅਤੇ ਸਜ਼ਾ ਦਿਵਾਉਣ ਦੀ ਪੂਰੀ ਖੁਲ੍ਹ ਹੋਵੇ ਨਹੀਂ ਤਾਂ ਸਥਿਤੀ ਬਦਲਦੀ ਰਹੇਗੀ, ਮੰਤਰੀ ਛੱਡੋ, ਸਰਕਾਰਾਂ ਬਦਲ ਜਾਣਗੀਆਂ, ਮਾਫ਼ੀਆ ਮਜਬੂਤ ਦਾ ਮਜ਼ਬੂਤ ਹੀ ਬਣਿਆ ਰਹੇਗਾ।
-ਨਿਮਰਤ ਕੌਰ