ਪੰਜਾਬ ਦੇ ਨਿਰਾਸ਼ ਵੋਟਰ ਨੇ ਪੰਜਾਬ ਦੀ ਰਾਜਨੀਤੀ ਦੀ ਦਸ਼ਾ ਹੀ ਭੁਆ ਦਿਤੀ 

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਮਹਿਜ਼ ਸੌ ਦਿਨਾਂ ਵਿਚ ਹੀ ਕਿਸੇ ਰਾਜ ਕਰ ਰਹੀ ਪਾਰਟੀ ਤੋਂ ਲੋਕਾਂ ਨੂੰ  ਇਸ ਕਦਰ ਨਿਰਾਸ਼ ਹੁੰਦੇ ਨਹੀਂ ਵੇਖਿਆ ਹੋਵੇਗਾ ਪਰ ਸੰਗਰੂਰ ਚੋਣਾਂ ਦੇ ਨਤੀਜਿਆਂ ਦੇ ਸੰਕੇਤ ਬੜੇ ਸਪੱਸ਼ਟ ਸਨ |

punjab voters

ਇਸ ਚੋਣ ਵਿਚ ਬਹੁਤ ਸਾਰੇ ਸੁਨੇਹੇ ਹਨ | ਲੋਕਾਂ ਵਲੋਂ ਬਦਲਾਅ ਵਾਸਤੇ ਬੇਸਬਰੀ, ਸਿੱਧੂ ਮੂਸੇਵਾਲੇ ਵਾਸਤੇ ਉਮੜਿਆ ਪਿਆਰ, ਆਪ ਵਲੋਂ ਰਾਜ ਸਭਾ ਵਿਚ ਦਿਲੀਉਂ ਅਪਣੇ ਬੰਦੇ ਭੇਜਣ ਦੇ ਫ਼ੈਸਲੇ ਤੇ ਸਿਮਰਨਜੀਤ ਸਿੰਘ ਮਾਨ ਦੀ ਵਾਰ-ਵਾਰ ਹੁੰਦੀ ਹਾਰ ਨੂੰ  ਜਿੱਤ ਵਿਚ ਬਦਲਣ ਦੀ ਕਾਹਲ | ਆਮ ਆਦਮੀ ਪਾਰਟੀ ਨੂੰ  ਸੰਗਰੂਰ ਨੇ ਸੁਨੇਹਾ ਦੇ ਦਿਤਾ ਹੈ ਕਿ ਹੁਣ ਅਸੀ ਜੁਮਲਿਆਂ ਦੇ ਜੰਗਲ ਵਿਚ ਨਹੀਂ ਗਵਾਚਾਂਗੇ ਤੇ ਜੇ ਅਸੀ ਉਪਰ ਚੜ੍ਹਾ ਸਕਦੇ ਹਾਂ ਤਾਂ ਹੇਠਾਂ ਲਾਹ ਵੀ ਸਕਦੇ ਹਾਂ |

ਮਹਿਜ਼ ਸੌ ਦਿਨਾਂ ਵਿਚ ਹੀ ਕਿਸੇ ਰਾਜ ਕਰ ਰਹੀ ਪਾਰਟੀ ਤੋਂ ਲੋਕਾਂ ਨੂੰ  ਇਸ ਕਦਰ ਨਿਰਾਸ਼ ਹੁੰਦੇ ਨਹੀਂ ਵੇਖਿਆ ਹੋਵੇਗਾ ਪਰ ਸੰਗਰੂਰ ਚੋਣਾਂ ਦੇ ਨਤੀਜਿਆਂ ਦੇ ਸੰਕੇਤ ਬੜੇ ਸਪੱਸ਼ਟ ਸਨ | 'ਆਮ ਆਦਮੀ ਪਾਰਟੀ' ਨੂੰ  ਇਹ ਪਹਿਲਾ ਸੰਪੂਰਨ ਸੂਬਾ ਮਿਲਿਆ ਹੈ ਤੇ ਉਨ੍ਹਾਂ ਨੂੰ  ਇਸ ਪਹਿਲੇ ਪੂਰਨ ਰਾਜ ਦੇ ਰੂਪ ਵਿਚ ਭਾਰਤ ਦਾ ਸੱਭ ਤੋਂ ਅਲੱਗ ਤੇ ਵਿਲੱਖਣ ਸੂਬਾ ਵੀ ਮਿਲਿਆ ਹੈ | ਇਥੋਂ ਦੇ ਵੋਟਰ ਦਲੇਰ ਹਨ, ਭਾਵੁਕ ਹਨ ਤੇ ਕਿਸੇ ਡਰ ਦੇ ਅਸਰ ਹੇਠ ਵੋਟ ਨਹੀਂ ਪਾਉਂਦੇ |

ਇਨ੍ਹਾਂ ਦੀ ਹਰ ਵੋਟ ਇਕ ਠੋਸ ਫ਼ੈਸਲਾ ਹੁੰਦਾ ਹੈ | ਪਿਛਲੀ ਕਾਂਗਰਸ ਸਰਕਾਰ ਵਿਚ ਮੁੱਖ ਮੰਤਰੀ ਦੇ ਕਰੀਬੀ ਨੂੰ  ਇਨ੍ਹਾਂ ਹੀ ਪੰਜਾਬੀ ਵੋਟਰਾਂ ਨੇ ਹਰਾ ਦਿਤਾ ਸੀ ਭਾਵੇਂ ਇਸ ਨਾਲ ਉਨ੍ਹਾਂ ਦਾ ਅਪਣਾ ਹੀ ਨੁਕਸਾਨ ਹੁੰਦਾ ਸੀ | 'ਡਬਲ ਇੰਜਣ ਸਰਕਾਰ' ਆਖ ਆਖ ਕੇ ਭਾਜਪਾ ਪੰਜਾਬ ਵਿਚ ਅਪਣੇ ਪੈਰ ਜਮਾਣ ਦੇ ਲੱਖ ਯਤਨ ਕਰ ਰਹੀ ਹੈ ਪਰ ਇਸ ਸੂਬੇ ਬਾਰੇ ਉਨ੍ਹਾਂ ਕੋਲ ਅਮਲੀ ਸੋਚ ਬਿਲਕੁਲ ਵੀ ਨਹੀਂ ਹੈ | ਯੂਪੀ ਵਿਚ ਆਜ਼ਮਗੜ੍ਹ ਵਰਗੀ ਥਾਂ ਤੇ ਅਮਲੀ ਸੋਚ ਅਪਣਾਈ ਗਈ ਜਿਸ ਨੇ ਭਾਜਪਾ ਨੂੰ  ਜਿਤਾ ਦਿਤਾ ਪਰ ਪੰਜਾਬ ਵਿਚ ਭਾਜਪਾ ਚੌਥੇ ਸਥਾਨ 'ਤੇ ਆਈ | ਭਾਜਪਾ ਨੂੰ  ਖ਼ੁਸ਼ੀ ਇਸ ਗੱਲ ਦੀ ਹੈ ਕਿ ਉਨ੍ਹਾਂ ਦੀ ਮਦਦ ਬਿਨਾਂ, ਅਕਾਲੀ ਦਲ (ਬਾਦਲ) ਪੰਜਵੇਂ ਸਥਾਨ 'ਤੇ ਜਾ ਡਿੱਗਾ | 

ਇਨ੍ਹਾਂ ਚੋਣਾਂ ਵਿਚ ਜਨਤਾ ਨੇ ਜਿਤਾਇਆ ਵੀ ਭਾਵੁਕ ਹੋ ਕੇ ਤੇ ਹਰਾਇਆ ਵੀ ਅਪਣੀਆਂ ਭਾਵਨਾਵਾਂ ਦੀ ਬਿਨਾਅ 'ਤੇ | ਲੋਕਾਂ ਨੇ ਅਕਾਲੀ ਦਲ ਦੇ 'ਪੰਥਕ' ਏਜੰਡੇ ਨੂੰ  ਨਹੀਂ ਬਲਕਿ ਉਨ੍ਹਾਂ ਨੂੰ  ਲੋੜ ਪੈਣ 'ਤੇ ਵੋਟਾਂ ਲਈ ਇਸ ਨੂੰ  ਵਰਤਣ ਦੀ ਸੋਚ ਨੂੰ  ਨਕਾਰਿਆ ਹੈ | ਪਰ ਪਹਿਲੇ ਨੰਬਰ 'ਤੇ ਅਕਾਲੀ ਦਲ (ਮਾਨ) ਤੇ ਪੰਜਵੇਂ ਨੰਬਰ 'ਤੇ ਅਕਾਲੀ ਦਲ (ਬਾਦਲ) ਦਾ ਅਸਰ ਸਿਰਫ਼ ਸੰਗਰੂਰ ਤਕ ਹੀ ਨਹੀਂ, ਇਹ ਬਦਲਾਅ ਹੁਣ ਆਉਣ ਵਾਲੇ ਸਮੇਂ ਵਿਚ ਅਕਾਲੀ ਦਲ ਦੇ ਅੰਦਰ ਵੀ ਬੜੇ ਭੂਚਾਲ ਲੈ ਕੇ ਆਉਣ ਵਾਲਾ ਹੈ | ਇਨ੍ਹਾਂ ਚੋਣ ਨਤੀਜਿਆਂ ਨੇ ਇਕ ਵਾਰ ਫਿਰ ਸਾਫ਼ ਕਰ ਦਿਤਾ ਹੈ ਕਿ ਪੰਜਾਬ ਬਾਦਲ ਪ੍ਰਵਾਰ ਤੋਂ ਹਾਲੇ ਵੀ ਦੁਖੀ ਹੈ | ਤੇ ਹੁਣ ਵੇਖਣਾ ਹੋਵੇਗਾ ਕਿ ਬਾਦਲ ਪ੍ਰਵਾਰ ਅਪਣੀਆਂ ਕੁਰਸੀਆਂ ਬਚਾਏਗਾ ਜਾਂ 100 ਸਾਲ ਪੁਰਾਣੀ ਪੰਥਕ ਪਾਰਟੀ ਨੂੰ  ਵਾਪਸ ਅੰਮਿ੍ਤਸਰ ਭੇਜ ਕੇ ਜੀਵਤ ਰਹਿਣ ਦਾ ਮੌਕਾ ਦੇਵੇਗਾ |  

ਕਾਂਗਰਸ ਦੀ ਹਾਰ ਬਾਰੇ ਵਿਧਾਨ ਸਭਾ ਚੋਣਾਂ ਨੇ ਸਾਫ਼ ਕਰ ਹੀ ਦਿਤਾ ਸੀ | ਕਾਂਗਰਸ ਨੇ ਇਕ ਵਾਰ ਫਿਰ ਵਿਖਾ ਦਿਤਾ ਕਿ ਉਨ੍ਹਾਂ ਨੂੰ  ਲੋਕਾਂ ਦੇ ਦਿਲਾਂ ਵਿਚ ਝਾਕਣਾ ਨਹੀਂ ਆਉਂਦਾ | ਉਨ੍ਹਾਂ ਸੋਚਿਆ ਕਿ ਸਿੱਧੂ ਦੀ ਮੌਤ ਲੋਕਾਂ ਨੂੰ  ਭਾਵੁਕ ਕਰ ਦੇਵੇਗੀ ਤੇ ਲੋਕ ਕਾਂਗਰਸ ਨੂੰ  ਭੱਜ ਕੇ ਵੋਟਾਂ ਪਾ ਦੇਣਗੇ | ਇਥੇ ਤਕ ਤਾਂ ਠੀਕ ਸੀ ਪਰ ਉਹ ਆਪ ਹੀ ਸਿੱਧੂ ਦੀ ਹਾਰ ਤੋਂ ਬਾਅਦ ਜਾਰੀ ਹੋਏ ਉਸ ਦੇ  ਗੀਤਾਂ ਦੀ ਰਮਜ਼ ਨੂੰ  ਨਹੀਂ ਸਮਝ ਸਕੇ ਜੋ ਕਿ ਵੋਟਰ ਨੇ ਸਮਝ ਲਈ |

ਸਿੱਧੂ ਅਪਣੀ ਹਾਰ ਤੋਂ ਨਰਾਜ਼ ਸੀ ਪਰ ਉਸ ਦੇ ਗੀਤਾਂ ਵਿਚ ਵੋਟਰਾਂ ਨਾਲ ਸਿਮਰਨਜੀਤ ਸਿੰਘ ਮਾਨ ਤੇ ਬੀਬੀ ਖਾਲੜਾ ਦੀ ਹਾਰ ਦਾ ਰੋਸ ਜ਼ਿਆਦਾ ਸੀ ਬਨਿਸਬਤ ਕਾਂਗਰਸ ਦੇ ਕਿਸੇ ਵਿਧਾਇਕ ਦੀ ਹਾਰ ਦੇ ਦਰਦ ਨਾਲੋਂ | ਅਜੇ ਉਸ ਦਾ ਐਸ.ਵਾਈ.ਐਲ. ਗੀਤ ਪਹਿਲਾਂ ਲੀਕ ਹੋ ਕੇ, ਕਾਫ਼ੀ ਸੁਣਿਆ ਜਾ ਚੁੱਕਾ ਸੀ ਪਰ ਵੋਟਾਂ ਪੈਣ ਤੋਂ ਬਾਅਦ ਅਧਿਕਾਰਤ ਤੌਰ 'ਤੇ ਰਲੀਜ਼ ਹੋਇਆ | ਜੇ ਲੋਕਾਂ ਨੇ ਵੋਟਾਂ ਤੋਂ ਪਹਿਲਾਂ ਇਹ ਗੀਤ ਵੇਖਿਆ ਹੁੰਦਾ ਤਾਂ ਕਾਂਗਰਸ ਨੂੰ  ਇਹ ਵੋਟ ਵੀ ਨਾ ਪੈਂਦੀ ਤੇ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਕੁੱਝ ਸੈਂਕੜਿਆਂ ਤੇ ਆ ਕੇ ਨਾ ਰੁਕ ਜਾਂਦੀ | 

ਪਰ ਸੱਭ ਤੋਂ ਵੱਡਾ ਸਵਾਲ ਇਹ ਉਠ ਰਿਹਾ ਹੈ ਕਿ ਹੁਣ ਪੰਜਾਬ, ਸਿਮਰਨਜੀਤ ਸਿੰਘ ਮਾਨ ਪਿੱਛੇ ਲਾਮਬੰਦ ਹੋ ਕੇ, ਫਿਰ ਤੋਂ 'ਖ਼ਾਲਿਸਤਾਨ' ਵਲ ਚਲ ਪਵੇਗਾ? ਜਿਹੜੇ ਸਿਆਸਤਦਾਨ ਨੂੰ  1999 ਤੋਂ ਬਾਅਦ ਸੰਜੀਦਗੀ ਨਾਲ ਕਦੇ ਲਿਆ ਹੀ ਨਹੀਂ ਸੀ ਗਿਆ, ਕੀ ਹੁਣ ਨੌਜੁਆਨਾਂ ਵਾਸਤੇ ਸਿਰਫ਼ ਉਹੀ ਆਸ ਦੀ ਕਿਰਨ ਬਾਕੀ ਰਹਿ ਗਈ ਹੈ? ਜਾਂ ਇਹ ਸਿੱਧੂ ਮੂਸੇਵਾਲੇ ਦੇ ਆਖ਼ਰੀ ਸੁਨੇਹੇ ਨੂੰ  ਸੁਣਨ ਮਗਰੋਂ ਉਸ ਨੂੰ  ਹਰਾਉਣ ਦਾ ਇਕ ਪਛਤਾਵਾ ਮਾਤਰ ਹੈ?

ਇਸ ਚੋਣ ਵਿਚ ਬਹੁਤ ਸਾਰੇ ਸੁਨੇਹੇ ਹਨ | ਲੋਕਾਂ ਵਲੋਂ ਬਦਲਾਅ ਵਾਸਤੇ ਬੇਸਬਰੀ, ਸਿੱਧੂ ਮੂਸੇਵਾਲੇ ਵਾਸਤੇ ਉਮੜਿਆ ਪਿਆਰ, ਆਪ ਵਲੋਂ ਰਾਜ ਸਭਾ ਵਿਚ ਦਿਲੀਉਂ ਅਪਣੇ ਬੰਦੇ ਭੇਜਣ ਦੇ ਫ਼ੈਸਲੇ ਤੇ ਸਿਮਰਨਜੀਤ ਸਿੰਘ ਮਾਨ ਦੀ ਵਾਰ-ਵਾਰ ਹੁੰਦੀ ਹਾਰ ਨੂੰ  ਜਿੱਤ ਵਿਚ ਬਦਲਣ ਦੀ ਕਾਹਲ | ਆਮ ਆਦਮੀ ਪਾਰਟੀ ਨੂੰ  ਸੰਗਰੂਰ ਨੇ ਸੁਨੇਹਾ ਦੇ ਦਿਤਾ ਹੈ ਕਿ ਹੁਣ ਅਸੀ ਜੁਮਲਿਆਂ ਦੇ ਜੰਗਲ ਵਿਚ ਨਹੀਂ ਗਵਾਚਾਂਗੇ ਤੇ ਜੇ ਅਸੀ ਉਪਰ ਚੜ੍ਹਾ ਸਕਦੇ ਹਾਂ ਤਾਂ ਹੇਠਾਂ ਲਾਹ ਵੀ ਸਕਦੇ ਹਾਂ |
-ਨਿਮਰਤ ਕੌਰ