Editorial: ਜਲੰਧਰ ਦੀ ਸੀਟ ਸਮੇਤ, ਪੰਜੇ ਸੀਟਾਂ ਦੀ ਆਪ, ਕਾਂਗਰਸ ਤੇ ਬੀਜੇਪੀ ਨੂੰ ਲੋੜ ਹੈ ਪਰ ਇਹ ਲੋੜ ਪੰਜਾਬੀਆਂ ਦਾ ਧੂੰ ਕੱਢ ਦੇਵੇਗੀ...
Editorial: ਜਲੰਧਰ ਜ਼ਿਮਨੀ ਚੋਣ ਨੂੰ ਮੌਜੂਦਾ ਸਰਕਾਰ ਵਾਸਤੇ ਇਕ ਇਮਤਿਹਾਨ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
Today Editorial on Jalandhar seat in punjabi : ਜਲੰਧਰ ਜ਼ਿਮਨੀ ਚੋਣ ਨੂੰ ਮੌਜੂਦਾ ਸਰਕਾਰ ਵਾਸਤੇ ਇਕ ਇਮਤਿਹਾਨ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਪਰ ਇਸ ਇਮਤਿਹਾਨ ਦੀ ਕੀਮਤ ਤਾਂ ਆਮ ਲੋਕਾਂ ਦੀ ਮਿਹਨਤ ਦੀ ਕਮਾਈ ਵਿਚੋਂ ਤਾਰੇ ਗਏ ਟੈਕਸਾਂ ਨਾਲ ਹੀ ਚੁਕਾਉਣੀ ਪਵੇਗੀ। ਇਹ ਇਮਤਿਹਾਨ ਸ਼ੀਤਲ ਅੰਗੁਰਾਲ ਵਲੋਂ ਅਪਣੀ ਪਾਰਟੀ ਛੱਡ ਕੇ ਦਲ ਬਦਲਣ ਕਰ ਕੇ ਦੇਣਾ ਪੈ ਰਿਹਾ ਹੈ। ਪਰ ਚਾਰ ਹੋਰ ਇਮਤਿਹਾਨ ਅਜੇ ਆਉਣੇ ਬਾਕੀ ਹਨ ਕਿਉਂਕਿ ਐਮਐਲਏਜ਼ ਨੇ ਐਮਪੀ ਬਣਨ ਦੀ ਦੌੜ ਵਿਚ ਅਪਣੀਆਂ ਕੁਰਸੀਆਂ ਛੱਡ ਕੇ ਪਾਰਟੀ ਦੇ ਆਦੇਸ਼ ਅਨੁਸਾਰ ਚੱਲਣ ਵਾਸਤੇ ਜਨਤਾ ਨੂੰ ਉਨ੍ਹਾਂ ’ਚੋਂ ਲੰਘਣ ਲਈ ਮਜਬੂਰ ਕਰ ਦਿਤਾ ਹੈ। ਹੁਣ ਉਨ੍ਹਾਂ ਦੇ ਪ੍ਰਵਾਰਾਂ ਵਿਚੋਂ ਕਈ ਉਠ ਕੇ ਆਉਣਗੇ ਤੇ ਕਹਿਣਗੇ ਅਸੀ ਇਨ੍ਹਾਂ ਸੀਟਾਂ ਦੇ ਹੱਕਦਾਰ ਹਾਂ, ਇਹ ਸਾਡੇ ਪ੍ਰਵਾਰ ਦੀ ਸੀਟ ਹੈ। ਇਨ੍ਹਾਂ ਦੀ ਤਾਕਤ ਬਰਕਰਾਰ ਰੱਖਣ ਲਈ ਕੀਮਤ ਤਾਂ ਜਨਤਾ ਨੂੰ ਹੀ ਚੁਕਾਉਣੀ ਪਵੇਗੀ।
ਦੂਜੇ ਪਾਸੇ ਜੇ ਗੱਲ ਕਰੀਏ ਇਸ ਚੋਣ ਦੀ ਤਾਂ ਹਰ ਪਾਰਟੀ ਨੂੰ ਇਨ੍ਹਾਂ ਚਾਰ ਜਾਂ ਪੰਜ ਸੀਟਾਂ ਦੀ ਬਹੁਤ ਜ਼ਰੂਰਤ ਹੈ। ਆਪ ਦੀ ਜ਼ਰੂਰਤ ਇਹ ਹੈ ਕਿ ਉਹ ਅਪਣੀ ਤਾਕਤ ਦਾ ਵਿਖਾਵਾ ਕਰਦੇ ਹੋਏ ਕਹਿ ਸਕੇ ਕਿ ਅਸੀ 92 ਸੀ ਤੇ 92 ਹੀ ਰਹਾਂਗੇ। ਕਾਂਗਰਸ ਤੇ ਭਾਜਪਾ ਕੋਲ ਮੁੱਠੀ ਭਰ ਨੁਮਾਇੰਦਗੀ ਸੀ ਪਰ ਉਹ ਵੀ ਚਾਹੁਣਗੇ ਕਿ ਉਨ੍ਹਾਂ ਦੀ ਗਿਣਤੀ ਥੋੜੀ ਜਹੀ ਵੱਧ ਜਾਵੇ ਤਾਂ ਉਹ ਵੀ ਦਾਅਵਾ ਕਰ ਸਕਣ ਕਿ ਆਪ ਦੇ ਕਿਲ੍ਹੇ ਦੇ ਉਹ ਅਗਲੇ ਦਾਅਵੇਦਾਰ ਹਨ। ਪਰ ਜੇ ਅਸੀ ਅਪਣੇ ਪੰਜਾਬੀ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਕੋਈ ‘ਆਪ’ ’ਚੋਂ ਜਿੱਤਿਆ ਹੋਇਆ ਹੁਣ ਭਾਜਪਾ ਵਿਚ ਹੈ ਤੇ ਕੋਈ ਭਾਜਪਾ ਦਾ ਉਮੀਦਵਾਰ ਹੁਣ ‘ਆਪ’ ਵਿਚ ਹੈ।
ਲੋਕਾਂ ਨੇ ਹਾਲ ਵਿਚ ਹੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦੇ ਟਿਕਟ ਤੇ ਜਿਤਾ ਕੇ ਭੇਜਿਆ ਸੀ ਪਰ ਇਹ ਸਾਫ਼ ਨਹੀਂ ਕਿ ਉਨ੍ਹਾਂ ਨੇ ਪੂਰੇ ਪੰਜਾਬ ਵਲੋਂ ਚਰਨਜੀਤ ਚੰਨੀ ਨੂੰ ਉਨ੍ਹਾਂ ਦੀ ਹੋਈ ਗ਼ਲਤ ਹਾਰ ਨੂੰ ਦੇਖ ਕੇ ਜਿਤਾਇਆ ਸੀ ਜਾਂ ਫਿਰ ਕਾਂਗਰਸ ਨੂੰ ਜਿਤਾਇਆ ਸੀ। ਜਲੰਧਰ ਇਕ ਰਿਜ਼ਰਵ ਸੀਟ ਹੋਣ ਨਾਤੇ, ਉਥੇ 40 ਫ਼ੀਸਦੀ ਪਿਛੜੀ ਜਾਤੀ ਦੀ ਵੋਟ ਹੈ ਤੇ ਚੰਨੀ ਦੀ ਹੋਈ ਹਾਰ ਸਮੇਂ ਜੋ ਸੱਟ ਉਨ੍ਹਾਂ ਦੇ ਮਨਾਂ ਨੂੰ ਲੱਗੀ ਸੀ, ਸ਼ਾਇਦ ਉਨ੍ਹਾਂ ਨੇ ਇਹ ਉਸ ਦਾ ਹੀ ਜਵਾਬ ਦਿਤਾ ਹੈ। ਕੀ ਉਹ ਵੋਟ ਕਾਂਗਰਸ ਨੂੰ ਪਈ ਸੀ ਜਾਂ ਚਰਨਜੀਤ ਚੰਨੀ ਨੂੰ, ਇਸ ਦਾ ਜਵਾਬ ਹੁਣ ਇਨ੍ਹਾਂ ਚੋਣਾਂ ਵਿਚ ਮਿਲੇਗਾ।
ਅਕਾਲੀ ਦਲ ਇਸ ਵਕਤ ਅਪਣੀ ਪੰਥਕ ਵੋਟ, ਅਪਣੀ ਹੋਂਦ ਨੂੰ ਬਚਾਉਣ ਵਾਸਤੇ ਅਪਣੇ ਹੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁਧ ਖੜਾ ਹੋਇਆ ਹੈ ਤੇ ਜਲੰਧਰ ਵਿਚੋਂ ਉਹ ਚਾਹੁੰਦੇ ਨੇ ਕਿ ਇਹ ਸੰਦੇਸ਼ ਜਾਏ ਕਿ ਸਿਰਫ਼ ਉੁਹੀ ਪੰਥਕ ਹਨ ਤੇ ਉਹ ਪ੍ਰਵਾਰਵਾਦ ਵਿਚ ਵਿਸ਼ਵਾਸ ਨਹੀਂ ਕਰਦੇ। ਪਰ ਇਹ ਸਾਰੇ ਦੇ ਸਾਰੇ ਉਹੀ ਆਗੂ ਹਨ ਜੋ ਏਨੇ ਸਾਲ ਤੋਂ ਪੰਥ ਦੇ ਮੁੱਦਿਆਂ ਨੂੰ ਰੋਲਦੇ ਹੋਏ ਇਕ ਪ੍ਰਵਾਰ, ਬਾਦਲ ਪ੍ਰਵਾਰ ਸਾਹਮਣੇੇ ਸਿਰ ਝੁਕਾ ਕੇ ਖੜੇ ਰਹੇ। ਉਹ ਕਿਸ ਤਰ੍ਹਾਂ ਹੁਣ ਲੋਕਾਂ ਵਿਚ ਅਪਣੇ ਪੰਥ ਪ੍ਰਤੀ ਪਿਆਰ ਨੂੰ ਏਨੀ ਛੇਤੀ ਪ੍ਰਵਾਨਗੀ ਦਿਵਾ ਸਕਣਗੇ, ਉਸ ਬਾਰੇ ਇਕ ਰਾਏ ਬਣਦੀ ਨਜ਼ਰ ਨਹੀਂ ਆ ਰਹੀ।
ਭਾਜਪਾ ਦਾ ਵੋਟ ਸ਼ੇਅਰ ਵੱਧ ਹੈ ਤੇ ਦੋਵਾਂ ਕੋਲ ਰਿੰਕੂ ਤੇ ਸ਼ੀਤਲ ਅੰਗੁਰਾਲ ਉਮੀਦਵਾਰ ਜਿੱਤੇ ਹੋਣ ਦਾ ਫ਼ਾਇਦਾ ਵੀ ਹੈ। ਪਰ ਕੀ ਪੰਜਾਬ ਭਾਜਪਾ ਨੂੰ ਵੋਟ ਪਾਏਗਾ? ਕੀ ਉਹ ਸਾਰੀ ਵੋਟ ਜੋ ਚਰਨਜੀਤ ਚੰਨੀ ਨੂੰ ਜਿਤਾਉਣ ਲਈ ਦਿਤੀ ਗਈ ਸੀ, ਕੀ ਉਹ ਵਾਪਸ ਭਾਜਪਾ ਨੂੰ ਆਏਗੀ ਕਿਉਂਕਿ ਜਲੰਧਰ ਵਿਚ ਤਾਕਤ ਸਦਾ ਭਾਜਪਾ ਦੇ ਹੱਥ ਹੀ ਰਹੀ ਹੈ।
ਜਲੰਧਰ ਚੋਣ ਪੰਜਾਬੀਆਂ ਦੇ ਸਿਰ ਮੜ੍ਹੀ ਗਈ ਹੈ। ਸੋ ਇਸ ਵਿਚੋਂ ਸਾਨੂੰ ਆਦਤਨ ਕੋਈ ਨਾ ਕੋਈ ਸੰਦੇਸ਼ ਲੱਭਣੇ ਪੈਣਗੇ ਪਰ ਇਹ ਉਹ ਇਮਤਿਹਾਨ ਹੈ ਜਿਸ ਦੀ ਸਾਨੂੰ ਜ਼ਰੂਰਤ ਨਹੀਂ ਸੀ। ਸਾਨੂੰ ਜ਼ਰੂਰਤ ਸੀ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਬਿਨਾਂ ਕਿਸੇ ਖ਼ੌਫ਼ ਤੋਂ ਪੰਜ ਸਾਲ ਅਪਣਾ ਕੰਮ ਕਰਨ ਤਾਕਿ ਜਦੋਂ ਉਹ ਅਪਣਾ ਰੀਪੋਰਟ ਕਾਰਡ ਲੈ ਕੇ ਸਾਡੇ ਕੋਲ ਆਉਣ ਤਾਂ ਅਸੀ ਉਸ ਵਕਤ ਉਨ੍ਹਾਂ ਦੀ ਜਾਂਚ ਕਰ ਸਕੀਏ। ਪਰ ਖ਼ੈਰ! ਇਹ ਸਾਡੀ ਬਦਕਿਸਮਤੀ ਹੈ। ਇਹੀ ਨਹੀਂ ਬਲਕਿ ਚਾਰ ਹੋਰ ਚੋਣਾਂ ਵਿਚ ਵੀ ਇਨ੍ਹਾਂ ਫ਼ਾਲਤੂ ਦੇ ਮੁੱਦਿਆਂ ’ਤੇ ਗੱਲਬਾਤ ਕਰਨੀ ਪਵੇਗੀ ਤੇ ਇਨ੍ਹਾਂ ਤੋਂ ਹੀ ਕੁੱਝ ਅੰਦਾਜ਼ੇ ਲਗਾ ਕੇ ਕੁੱਝ ਸਿਆਸੀ ਚੁਟਕਲੇ ਬਣਨਗੇ ਤੇ ਉਨ੍ਹਾਂ ਦਾ ਸਵਾਦ ਸਾਨੂੰ ਵੀ ਲੈਣਾ ਹੀ ਪਵੇਗਾ।
- ਨਿਮਰਤ ਕੌਰ