ਰੈਫ਼ਰੈਂਡਮ-2020 'ਚੋਂ ਹੋਰ ਕੁੱਝ ਨਹੀਂ ਨਿਕਲਣਾ ਪਰ ਸਿੱਖ ਮੁੰਡਿਆਂ ਦਾ ਜੀਣਾ ਜ਼ਰੂਰ ਹਰਾਮ ਹੋ ਜਾਏਗਾ!
ਘੱਟ ਗਿਣਤੀਆਂ ਨੂੰ ਕੋਈ ਨਾ ਕੋਈ ਖ਼ਤਰਾ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਤੇ ਹੁਣ ਵੀ ਬਣਿਆ ਹੋਇਆ ਹੈ।
ਘੱਟ ਗਿਣਤੀਆਂ ਨੂੰ ਕੋਈ ਨਾ ਕੋਈ ਖ਼ਤਰਾ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਤੇ ਹੁਣ ਵੀ ਬਣਿਆ ਹੋਇਆ ਹੈ। ਇਹ ਨਿਰੀ ਭਾਰਤ ਦੀ ਹੀ ਕਹਾਣੀ ਨਹੀਂ, ਇਹ ਦੁਨੀਆਂ ਭਰ ਦੀ ਕਹਾਣੀ ਹੈ। ਰੋਹਿੰਗੀਆ ਮੁਸਲਮਾਨਾਂ ਤੋਂ ਬੋਧੀ ਧਰਮ ਦੇ ਬਹੁਗਿਣਤੀ ਲੋਕ ਏਨੇ ਘਬਰਾ ਗਏ ਹਨ ਕਿ ਉਹ ਅਪਣੇ ਧਰਮ ਦੀਆਂ ਸਾਰੀਆਂ ਹਿੰਸਾ-ਵਿਰੋਧੀ ਸਿਖਿਆਵਾਂ ਭੁਲ ਕੇ ਕਾਤਲ ਬਣ ਗਏ।
ਅੱਜ ਵੀ ਕਾਲੇ ਅਮਰੀਕਨਾਂ ਨੂੰ ਗੋਰੋ ਅਮਰੀਕਨ ਪੂਰੀ ਤਰ੍ਹਾਂ ਕਬੂਲ ਨਹੀਂ ਕਰ ਸਕੇ ਭਾਵੇਂ ਓਬਾਮਾ ਵਰਗੇ ਅਫ਼ਰੀਕਨ ਅਮਰੀਕਨ, ਦੇਸ਼ ਦੇ ਰਾਸ਼ਟਰਪਤੀ ਵੀ ਬਣ ਚੁੱਕੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਓਬਾਮਾ ਨੂੰ ਇਹ ਕਹਿਣ ਕਰ ਕੇ ਹੀ ਕਬੂਲ ਕਰ ਲਿਆ ਗਿਆ ਸੀ ਕਿ ਉਨ੍ਹਾਂ ਦੇ ਖ਼ੂਨ ਵਿਚ ਗੋਰਾ ਖ਼ੂਨ ਸ਼ਾਮਲ ਸੀ ਕਿਉਂਕਿ ਉਨ੍ਹਾਂ ਦੀ ਮਾਂ ਗੋਰੀ ਸੀ।
ਹਰ ਬਹੁਗਿਣਤੀ ਘੱਟ ਗਿਣਤੀ ਦੀ ਵਿਲੱਖਣਤਾ ਤੋਂ ਕਿਉਂ ਘਬਰਾਉੁਂਦੀ ਹੈ, ਇਹ ਤਾਂ ਪਤਾ ਨਹੀਂ ਪਰ ਜੇ ਇਕ ਘੱਟ ਗਿਣਤੀ ਅਪਣੀ ਵਿਲੱਖਣਤਾ ਨੂੰ ਬਰਕਰਾਰ ਰਖਣਾ ਚਾਹੁੰਦੀ ਹੈ ਤਾਂ ਫਿਰ ਉਸ ਨੂੰ ਬਹੁਗਿਣਤੀ ਨੂੰ ਖ਼ੁਸ਼ ਵੀ ਰਖਣਾ ਪਵੇਗਾ ਤੇ ਅਪਣੇ ਆਪ ਨੂੰ ਤਾਕਤਵਰ ਵੀ ਬਣਾਉਣਾ ਪਵੇਗਾ। ਅੱਜ ਦੇ ਭਾਰਤ ਵਿਚ ਯੂ.ਏ.ਪੀ.ਏ. ਦੇ ਨਾਮ ਤੇ ਘੱਟ ਗਿਣਤੀ ਮੁਸਲਮਾਨਾਂ ਤੇ ਸਿੱਖਾਂ ਨਾਲ ਇਕ ਅਜੀਬ ਤਰ੍ਹਾਂ ਦਾ ਵਿਤਕਰਾ ਹੋ ਰਿਹਾ ਹੈ।
ਭਾਰਤ ਵਿਚ ਘੱਟ ਗਿਣਤੀਆਂ ਤੇ ਸਰਕਾਰ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਸਿਰਫ਼ ਮੁਸਲਮਾਨਾਂ ਦੀ ਗੱਲ ਹੀ ਹੁੰਦੀ ਹੈ। ਸਿੱਖਾਂ ਨੂੰ ਅਜੇ ਪਤਾ ਹੀ ਨਹੀਂ ਚਲ ਰਿਹਾ ਕਿ ਉਨ੍ਹਾਂ ਤੋਂ ਵੀ ਕੁੱਝ ਤਾਕਤਾਂ ਘਬਰਾਈਆਂ ਹੋਈਆਂ ਹਨ। ਅੰਤਰਰਾਸ਼ਟਰੀ ਆਵਾਜ਼ ਵੀ ਸੀ.ਏ.ਏ. ਦਾ ਵਿਰੋਧ ਕਰਦੇ ਲੋਕਾਂ ਜਾਂ ਜਵਾਹਰ ਲਾਲ ਯੂਨੀਵਰਸਿਟੀ ਦੇ ਹੱਕ ਵਿਚ ਤਾਂ ਉਠਦੀ ਹੈ,
ਪਰ ਇਹ ਆਵਾਜ਼ ਕੋਈ ਨਹੀਂ ਚੁਕ ਰਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਤਕਰੀਬਨ 50 ਸਿੱਖ ਨੌਜਵਾਨ ਦੇਸ਼ ਵਿਰੁਧ ਅਤਿਵਾਦੀ ਸੋਚ ਦਾ ਇਲਜ਼ਾਮ ਲਾ ਕੇ ਜੇਲਾਂ ਵਿਚ ਸੁੱਟੇ ਜਾ ਚੁਕੇ ਹਨ। ਪਹਿਲਾਂ ਐਨ.ਆਈ.ਏ. ਅਧੀਨ ਕਈ ਸੰਗਠਨਾਂ ਨਾਲ ਜੁੜੇ ਹੋਣਾ, ਇਸ ਦਾ ਕਾਰਨ ਮੰਨਿਆ ਜਾਂਦਾ ਸੀ ਪਰ ਹੁਣ ਤਾਂ ਇਕੱਲਾ ਇਨਸਾਨ ਵੀ ਚੁਕਿਆ ਜਾ ਸਕਦਾ ਹੈ।
ਜਦ ਸਦਨ ਵਿਚ ਇਹ ਕਾਨੂੰਨ ਤਬਦੀਲ ਕੀਤਾ ਗਿਆ ਤਾਂ ਆਵਾਜ਼ ਨਹੀਂ ਚੁੱਕੀ ਗਈ ਪਰ ਜਦ ਪੰਜਾਬ ਵਿਚ 50 ਤੋਂ ਵੱਧ ਨੌਜਵਾਨ ਚੁਕੇ ਜਾਂਦੇ ਹਨ ਤਾਂ ਇਕ ਸਵਾਲ ਪੁਛਣਾ ਜ਼ਰੂਰੀ ਹੋ ਜਾਂਦਾ ਹੈ ਕਿ ਕੀ ਵਾਕਿਆ ਹੀ ਸਿੱਖ ਨੌਜਵਾਨ ਅਤਿਵਾਦ ਦਾ ਰਾਹ ਫੜ ਰਹੇ ਹਨ? ਪਿਛਲੇ ਹਫ਼ਤੇ ਇਕ ਸਿੱਖ ਗ੍ਰੰਥੀ ਨੂੰ ਇਸ ਯੂ.ਏ.ਪੀ.ਏ. ਤਹਿਤ ਚੁਕਿਆ ਗਿਆ ਤੇ ਰਿਹਾਅ ਕਰ ਦਿਤਾ ਗਿਆ ਪਰ ਉਹ ਨੌਜਵਾਨ ਘਰ ਵਾਪਸ ਨਹੀਂ ਮੁੜਦਾ।
ਨਵਾਂ-ਨਵਾਂ ਵਿਆਹ ਹੋਇਆ ਸੀ, ਗ੍ਰੰਥੀ ਲੱਗਾ ਹੋਇਆ ਸੀ, ਖ਼ੁਸ਼ ਸੀ ਪਰ ਹਿਰਾਸਤ ਤੋਂ ਰਿਹਾਅ ਹੁੰਦੇ ਹੀ ਉਹ ਇਕ ਕਮਰੇ ਵਿਚ ਜਾਂਦਾ ਹੈ ਤੇ ਖ਼ੁਦਕੁਸ਼ੀ ਕਰ ਲੈਂਦਾ ਹੈ। ਛਡਿਆ ਗਿਆ ਕਿਉਂਕਿ ਪੁਲਿਸ ਕੋਲ ਉਸ ਵਿਰੁਧ ਛਾਣਬੀਨ ਵਿਚ ਕੋਈ ਸਬੂਤ ਨਹੀਂ ਸੀ। ਪਰ ਅਜਿਹਾ ਕੀ ਹੋਇਆ ਕਿ ਉਹ ਦੁਨੀਆਂ ਤੋਂ ਮੂੰਹ ਫੇਰ ਗਿਆ?
ਇਸ ਤਰ੍ਹਾਂ ਦੇ ਕਈ ਕੇਸ ਹਨ ਜਿਥੇ ਅਦਾਲਤਾਂ ਨੇ ਨੌਜਵਾਨਾਂ ਨੂੰ ਬਾਇਜ਼ਤ ਰਿਹਾਅ ਕਰ ਦਿਤਾ। ਅਤਿਵਾਦੀ ਗਰਦਾਨਣ ਦਾ ਕਾਰਨ ਹੀ ਕੋਈ ਨਹੀਂ ਸੀ ਬਣਦਾ।
ਕਈਆਂ ਦੇ ਪ੍ਰਵਾਰਾਂ ਨਾਲ ਸਪੋਕਸਮੈਨ ਟੀ.ਵੀ. ਟੀਮ ਮਿਲਣ ਗਈ ਤਾਂ ਅਤਿਵਾਦੀ ਸੰਗਠਨ ਕਿਤੇ ਵੀ ਨਜ਼ਰ ਨਾ ਆਏ। ਤੁਹਾਨੂੰ ਯਾਦ ਹੋਵੇਗਾ ਕਿ ਬਰਗਾੜੀ ਵਿਚ ਦੋ ਸਿੱਖਾਂ ਨੂੰ ਗੁਰੂ ਦੀ ਬੇਅਦਬੀ ਦੇ ਦੋਸ਼ ਵਿਚ ਚੁਕਿਆ ਗਿਆ ਤੇ ਅਜਿਹਾ ਤਸ਼ੱਦਦ ਢਾਹਿਆ ਗਿਆ ਕਿ ਇਕ ਦੀ ਰੀੜ੍ਹ ਦੀ ਹੱਡੀ ਟੁਟ ਗਈ ਸੀ। ਬੇਬੁਨਿਆਦ ਗ੍ਰਿਫ਼ਤਾਰੀ ਸੀ, ਛੱਡੇ ਗਏ ਪਰ ਸੱਟ ਤਾਂ ਲੱਗ ਗਈ, ਜਿਸਮ 'ਤੇ ਹੀ ਨਹੀਂ, ਸਿੱਖ ਮਾਨਸਿਕਤਾ 'ਤੇ ਵੀ।
ਅੱਜ ਜੋ ਹਰ ਦਿਨ ਸਿੱਖ ਨੌਜਵਾਨ ਯੂ.ਏ.ਪੀ.ਏ. ਤਹਿਤ ਚੁਕੇ ਜਾ ਰਹੇ ਹਨ, ਉਨ੍ਹਾਂ ਪਿੱਛੇ ਕਾਰਨ ਕੀ ਹੈ? ਗੁਰਪਤਵੰਤ ਸਿੰਘ ਪੰਨੂੰ ਨੂੰ ਕਿੰਨੇ ਲੋਕ ਅਸਲ ਵਿਚ ਮੰਨਦੇ ਹਨ? ਕਿਸ ਮਕਸਦ ਨਾਲ ਰੀਫ਼ਰੈਂਡਮ ਵਿਚ ਹਿੱਸਾ ਲੈਣਗੇ? ਪਰ ਉਸ ਪ੍ਰਚਾਰ ਸਦਕੇ ਨੌਜਵਾਨਾਂ ਨੂੰ ਅੱਜ ਅਤਿਵਾਦੀ ਕਰਾਰ ਦਿਤਾ ਜਾ ਰਿਹਾ ਹੈ। ਕੀ ਗੁਰਪਤਵੰਤ ਪੰਨੂ ਵਰਗੇ ਪ੍ਰਚਾਰਕ ਅਸਲ ਵਿਚ ਪੰਜਾਬ ਵਿਚ ਇਕ ਸੋਚੀ ਸਮਝੀ ਨੀਤੀ ਅਧੀਨ ਸਿੱਖਾਂ ਨੂੰ ਬਦਨਾਮ ਕਰ ਕੇ ਸਿੱਖ ਮੁੰਡਿਆਂ ਦਾ ਜੀਵਨ ਖ਼ਰਾਬ ਕਰਨ ਦੇ ਜ਼ਿੰਮੇਵਾਰ ਨਹੀਂ? - ਨਿਮਰਤ ਕੌਰ