ਕੀ ਇਸ ਮਹਾਂਮਾਰੀ ਦੇ ਚਲਦੇ ਹੇਮਕੁੰਟ ਦੀ ਯਾਤਰਾ ਜ਼ਰੂਰੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਖ਼ੁਦਕੁਸ਼ੀਆਂ ਦੇ ਮਾਮਲੇ ਵਿਚ ਪੰਜਾਬ ਨੰਬਰ-1 ਹੈ।

Gurudwara Shri Hemkund Sahib

ਮੈਂ ਇਸ ਵਿਸ਼ੇ ਤੇ ਇਕ ਸਾਲ ਪਹਿਲਾਂ ਵੀ ਇਕ ਲੇਖ 10 ਜੂਨ 2019 ਦੇ ਸਪੋਕਸਮੈਨ ਰਾਹੀਂ ਪਾਠਕਾਂ ਦੀ ਸੇਵਾ ਵਿਚ ਲਿਖਿਆ ਤੇ ਸਪੋਕਸਮੈਨ ਵਿਚ ਛਪਵਾਇਆ ਸੀ। ਉਦੋਂ ਭਾਰਤ ਵਿਚ ਕੋਰੋਨਾ ਦੀ ਬਿਮਾਰੀ ਨਹੀਂ ਸੀ ਆਈ ਅਜੇ। ਇਸ ਯਾਤਰਾ ਬਾਰੇ ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਵੀ ਗੁਰੂ ਜੀ ਨੇ ਕੋਈ ਵੀ ਇਸ਼ਾਰਾ ਨਹੀਂ ਕੀਤਾ, ਤਾਂ ਫਿਰ ਹਰ ਸਾਲ ਜਾਣ ਦਾ ਕੀ ਫ਼ਾਇਦਾ ਹੈ?

'ਤੀਰਥ ਨਾਵਣ ਜਾਉ ਤੀਰਥੁ ਨਾਮੁ ਹੈ' ਜੇਕਰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਕੇ ਵੀ ਗੁਰੂ ਜੀ ਦੀ ਮੱਤ ਨਹੀਂ ਆਈ ਤੇ ਫਿਰ ਆ ਕੇ ਉਹੀ ਠੱਗੀਆਂ ਤੇ ਮਨਮਤੀਆਂ ਕਰਦੇ ਹਨ ਤਾਂ ਤੀਰਥਾਂ ਤੇ ਜਾਣ ਦਾ ਕੀ ਫ਼ਾਇਦਾ ਹੋਇਆ? ਤੀਰਥਾਂ ਤੇ ਜਾਣ ਨਾਲ ਕੋਈ ਧਰਮੀ ਨਹੀਂ ਹੋ ਜਾਂਦਾ। ਜੇਕਰ ਆ ਕੇ ਫਿਰ ਡੇਰੇ ਤੇ ਜਾਣਾ, ਰਖੜੀ, ਕੰਜਕਾਂ, ਵਰਤ, ਕਰਵਾ ਚੌਥ, ਕਬਰਾਂ ਪੂਜਾ, ਧਾਗੇ, ਤਵੀਤਾਂ, ਡੇਰੇ ਵਾਲੇ ਦੀ ਸੇਵਾ ਹੀ ਕਰਨੀ ਹੈ ਤਾਂ, ਹਿੰਦੂ ਤੀਰਥਾਂ, ਵੈਸ਼ਨੋ ਦੇਵੀ, ਬਦਰੀਨਾਥ, ਹਰਿਦੁਆਰ ਆਦਿ ਤੇ ਜਾਣ ਦਾ ਕੀ ਲਾਭ ਹੋਇਆ?

ਪਰ ਇਸ ਸਾਲ ਪੰਜਾਬ ਵਿਚ ਕੋਰੋਨਾ ਬਿਮਾਰੀ ਕਰ ਕੇ ਸਿੱਖ ਕੌਮ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੈ। ਵਪਾਰ ਠੱਪ ਹੋ ਗਿਆ ਹੈ, ਨੌਕਰੀਆਂ ਚਲੀਆਂ ਗਈਆਂ ਹਨ, ਬਾਜ਼ਾਰ ਬੰਦ ਹਨ, ਕਰਜ਼ੇ ਦੀਆਂ ਕਿਸਤਾਂ ਭਰ ਨਹੀਂ ਹੋ ਰਹੀਆਂ, ਬੱਚਿਆਂ ਦੇ ਸਕੂਲਾਂ ਦੀਆਂ ਫ਼ੀਸਾਂ ਵੀ ਨਹੀਂ ਦੇ ਹੋ ਰਹੀਆਂ। ਗੱਡੀਆਂ ਦੀਆਂ ਕਿਸਤਾਂ, ਬੈਂਕ ਦਾ ਕਰਜ਼ਾ, ਫਿਰ ਰੋਜ਼ ਦੇ ਖ਼ਰਚੇ ਨਹੀਂ ਨਿਕਲ ਰਹੇ। ਬਿਜਲੀ ਦਾ ਬਿੱਲ, ਬਸਾਂ ਦਾ ਦੁਗਣਾ ਕਿਰਾਇਆ। ਇਸ ਦੇ ਚਲਦੇ ਕੀ ਯਾਤਰਾ ਕਰਨੀ ਜ਼ਰੂਰੀ ਹੈ? ਪਹਿਲਾਂ ਅਪਣਾ ਕੰਮ ਕਾਜ ਵੇਖੋ, ਘਰ ਦਾ ਖ਼ਿਆਲ, ਬੱਚਿਆਂ ਮਾਂ-ਬਾਪ ਦੀ ਸੇਵਾ ਵਲ ਧਿਆਨ ਦਿਉ। ਆਣ-ਜਾਣ ਦਾ ਖ਼ਰਚਾ ਕੀ ਘੱਟ ਹੈ? ਕਿਰਾਇਆ, ਪਟਰੌਲ, ਰਾਹ ਦਾ ਖ਼ਰਚਾ, ਹਜ਼ਾਰਾਂ ਰੁਪਏ ਖ਼ਰਚ ਹੋਣੇ ਨੇ।

10 ਰੁਪਏ ਗਰਮ ਪਾਣੀ ਦੀ ਬਾਲਟੀ, 50 ਰੁਪਏ ਚਾਹ, 100 ਰੁਪਏ ਨਾਸ਼ਤਾ, 50 ਰੁਪਏ ਪਰਾਂਠਾ, ਰੂਮ ਦਾ ਕਿਰਾਇਆ 2 ਹਜ਼ਾਰ ਰੁਪਏ ਇਕ ਬੰਦਾ, 10 ਹਜ਼ਾਰ ਪਿੱਠੂ ਵਾਲੇ ਦਾ, 100 ਰੁਪਏ ਦਾ ਗੁਲੂਕੋਜ਼ ਦਾ ਪੈਕੇਟ, ਘੋੜੇ ਖੱਚਰ ਦਾ ਖ਼ਰਚਾ ਆਦਿ। ਪਹਿਲਾਂ ਹੀ ਖ਼ੁਦਕੁਸ਼ੀਆਂ ਦੇ ਮਾਮਲੇ ਵਿਚ ਪੰਜਾਬ ਨੰਬਰ-1 ਹੈ। ਮੇਰੀ ਸੱਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਸਾਲ ਯਾਤਰਾ ਦਾ ਖ਼ਿਆਲ ਛੱਡੋ। ਜੇਕਰ ਜ਼ਿੰਦਗੀ ਤੇ ਪੈਸਾ ਖੁੱਲ੍ਹਾ ਹੈ ਤੇ ਰੋਜ਼ ਮੇਲਾ ਤੇ ਯਾਤਰਾ ਹੈ ਤਾਂ ਅਪਣੇ ਆਸ-ਪਾਸ ਦੇ ਗ਼ਰੀਬ ਸਿੱਖਾਂ ਦੀ ਮਦਦ ਕਰ ਦਿਉ। ਜ਼ਰੂਰਤ ਦਾ ਸਾਮਾਨ ਲੋੜਵੰਦ ਸਿੱਖ ਪ੍ਰਵਾਰ (ਗ਼ਰੀਬ) ਤਕ ਪਹੁੰਚਾਉਣ ਦੀ ਕ੍ਰਿਪਾ ਕਰੋ। ਇਹੀ ਤੀਰਥ ਯਾਤਰਾ ਤੇ ਤੀਰਥ ਇਸ਼ਨਾਨ ਹੈ।
                                                                         -ਜੋਗਿੰਦਰਪਾਲ ਸਿੰਘ, ਸੰਪਰਕ : 88005-49311