ਕਿਸਾਨਾਂ ਨੂੰ ਵਪਾਰੀਆਂ ਦੇ ਗ਼ੁਲਾਮ ਬਣਾ ਦੇਵੇਗਾ ਖੇਤੀ ਸੁਧਾਰ ਐਕਟ 2020

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਮੰਡੀ 'ਚ ਵਪਾਰੀ ਵਲੋਂ ਮਨ ਭਾਉਂਦਾ ਰੇਟ ਦਿੱਤਾ ਜਾਵੇਗਾ, ਜੋ ਕਿਸਾਨ ਨੂੰ ਆਰਥਕ ਤੌਰ 'ਤੇ ਤਬਾਹ ਕਰ ਦੇਵੇਗਾ।

Farmers Protest

ਅੱਜ ਤੋਂ ਤਕਰੀਬਨ ਵੀਹ ਸਾਲ ਪਹਿਲਾਂ ਫ਼ਸਲਾਂ ਦੇ ਰੇਟ ਕਾਫ਼ੀ ਘੱਟ ਸਨ ਪਰ ਇਸ ਤੋਂ ਬਾਅਦ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁਲ ਵਧਦਾ ਗਿਆ ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਫ਼ਾਇਦਾ ਹੋਇਆ ਪਰ ਹਾਲ ਵਿਚ ਹੀ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਦੀਆਂ ਫ਼ਸਲਾਂ ਸਬੰਧੀ ਪਾਸ ਕੀਤੇ ਆਰਡੀਨੈਂਸ ਨੇ ਕਿਸਾਨਾਂ ਦੇ ਸਾਹ ਸੂਤ ਦਿਤੇ ਹਨ। ਇਸ ਨਾਲ ਮੰਡੀ 'ਚ ਘੱਟੋ ਘੱਟ ਭਾਅ ਉਤੇ ਵਿਕਦੀਆਂ ਫ਼ਸਲਾਂ ਨੂੰ ਵੇਚਣ ਵਿਚ ਸੰਕਟ ਪੈਦਾ ਹੋ ਗਿਆ ਹੈ ਕਿਉਂਕਿ ਬਾਸਮਤੀ ਵਾਂਗ ਜੇਕਰ ਇਹ ਦੋਵੇਂ ਫ਼ਸਲਾਂ, ਝੋਨਾ ਅਤੇ ਕਣਕ, ਵੀ ਵਿਕਣ ਲੱਗ ਗਈਆਂ ਤਾਂ ਕਿਸਾਨਾਂ ਦੇ ਹੱਥ ਕੁੱਝ ਨਹੀਂ ਰਹਿਣਾ। ਮੰਡੀ 'ਚ ਵਪਾਰੀ ਵਲੋਂ ਮਨ ਭਾਉਂਦਾ ਰੇਟ ਦਿੱਤਾ ਜਾਵੇਗਾ, ਜੋ ਕਿਸਾਨ ਨੂੰ ਆਰਥਕ ਤੌਰ 'ਤੇ ਤਬਾਹ ਕਰ ਦੇਵੇਗਾ।

ਅਸਲ 'ਚ ਇਹ ਉਸੇ ਤਰ੍ਹਾਂ ਦੀ ਹੀ ਕਹਾਣੀ ਘੜੀ ਜਾ ਰਹੀ ਹੈ ਜਿਵੇਂ ਇਕ ਮੋਬਾਈਲ ਕੰਪਨੀ ਨੇ ਘੜੀ ਸੀ। ਇਸ ਮੋਬਾਈਲ ਕੰਪਨੀ ਨੇ ਕੁੱਝ ਪੈਸਿਆਂ ਨਾਲ ਪਹਿਲਾਂ ਕਈ ਮਹੀਨੇ ਮੁਫ਼ਤ ਗੱਲ ਕਰਨ ਤੇ ਇੰਟਰਨੈੱਟ ਵਰਤਣ ਦੀ ਗਾਹਕਾਂ ਨੂੰ ਖੁਲ੍ਹ ਕੇ ਸਹੂਲਤ ਦਿਤੀ। ਇਸ ਨਾਲ ਕੰਪਨੀ ਦੇ ਖ਼ੂਬ ਕੁਨੈਕਸ਼ਨ ਵਿਕੇ ਤੇ ਨਵੇਂ ਗਾਹਕ ਜੁੜਦੇ ਗਏ, ਇਥੋਂ ਤਕ ਕਿ ਗਾਹਕਾਂ ਦੀ ਗਿਣਤੀ ਕਰੋੜਾਂ ਵਿਚ ਪਹੁੰਚ ਗਈ। ਜਦੋਂ ਕੰਪਨੀ ਨੇ ਵੇਖਿਆ ਕਿ ਗਾਹਕ ਇਸ ਸਹੂਲਤ ਦੇ ਆਦੀ ਹੋ ਚੁੱਕੇ ਹਨ ਤੇ ਇਸ ਨੂੰ ਛੱਡ ਨਹੀਂ ਸਕਦੇ ਤਾਂ ਹੌਲੀ-ਹੌਲੀ ਮੁਫ਼ਤ ਗੱਲ ਕਰਨ ਤੇ ਇੰਟਰਨੈੱਟ ਵਰਤਣ ਦਾ ਸਮਾਂ ਘਟਾ ਕੇ ਉਲਟਾ ਖ਼ਰਚਾ ਵਧਾਉਣਾ ਸ਼ੁਰੂ ਕਰ ਦਿਤਾ। ਇਸ ਨੂੰ ਵਪਾਰ ਦੀ ਇਕ ਘਾਗ ਨੀਤੀ ਕਿਹਾ ਜਾਂਦਾ ਹੈ।

ਇਹੀ ਕੁੱਝ ਕਿਸਾਨਾਂ ਨਾਲ ਹੋਣਾ ਹੈ ਜੇਕਰ ਇਨ੍ਹਾਂ ਦੋਵਾਂ ਫ਼ਸਲਾਂ ਦਾ ਸਰਕਾਰ ਨੇ ਘੱਟੋ ਘੱਟ ਖ਼ਰੀਦ ਮੁੱਲ ਜਾਰੀ ਰਖਿਆ ਵੀ ਤਾਂ ਖ਼ਰੀਦ ਐਨੀ ਘੱਟ ਕਰ ਦਿਤੀ ਜਾਵੇਗੀ ਕਿ ਕਿਸਾਨ ਮਜਬੂਰੀ ਵੱਸ ਨਿਜੀ ਕੰਪਨੀਆਂ ਕੋਲ ਫ਼ਸਲ ਵੇਚਣ ਲਈ ਮਜਬੂਰ ਹੋਵੇਗਾ ਜਿਸ ਦਾ ਹੋ ਸਕਦੈ ਸ਼ੁਰੂ ਵਿਚ ਜ਼ਿਆਦਾ ਭਾਅ ਦੇ ਦਿਤਾ ਜਾਵੇ ਪਰ ਸਮੇਂ ਦੇ ਬੀਤਣ ਨਾਲ ਇਹ ਖ਼ਰੀਦ ਅਤੇ ਮੁੱਲ ਤੈਅ ਕਰਨ ਦੀ ਕਮਾਨ ਵਪਾਰੀ ਹੱਥ ਆ ਜਾਵੇਗੀ ਤੇ ਕਿਸਾਨ ਵਪਾਰੀਆਂ ਦਾ ਗ਼ੁਲਾਮ ਬਣ ਜਾਵੇਗਾ।

 ਅੰਬਾਨੀਆਂ ਅਡਾਨੀਆਂ ਨੂੰ ਵਪਾਰਕ ਪੱਖੋਂ ਹਰ ਸਹੂਲਤ ਦੇਣ ਵਾਲੀਆਂ ਸਰਕਾਰਾਂ ਦੀ ਮੈਲੀ ਅੱਖ ਅਸਲ ਵਿਚ ਕਿਸਾਨਾਂ ਦੀਆਂ ਜ਼ਰਖ਼ੇਜ਼ ਜ਼ਮੀਨਾਂ ਉਤੇ ਹੈ ਤੇ ਇਸ ਖੇਡ ਵਿਚ ਸੱਭ ਤੋਂ ਗ਼ਰਕੀ ਹੋਈ ਭੂਮਿਕਾ ਕਿਸਾਨਾਂ ਦੇ ਵੱਡੇ ਮਸੀਹਾ ਅਖਵਾਉਣ ਵਾਲੇ ਬਾਦਲ ਪ੍ਰਵਾਰ ਨੇ ਨਿਭਾਈ ਹੈ ਜਿਸ ਨੇ ਖੇਤੀ ਆਰਡੀਨੈਂਸ ਵਿਰੁਧ ਕੋਈ ਜ਼ੁੰਮੇਵਾਰੀ ਵਾਲੀ ਭੂਮਿਕਾ ਨਹੀਂ ਨਿਭਾਈ।

ਕਾਂਗਰਸ ਸਰਕਾਰ ਨੇ ਵੀ ਰਾਜਨੀਤਕ ਪੱਖੋਂ ਇਸ ਬਿੱਲ ਦੀ ਵਿਰੋਧਤਾ ਕਰ ਕੇ ਸਿਰਫ਼ ਕਿਸਾਨਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸੱਭ ਦੇ ਦਰਮਿਆਨ ਸਿਆਸਤਦਾਨਾਂ ਨੇ ਚਲਾਕੀ ਨਾਲ ਕਿਸਾਨਾਂ ਦੇ ਹੱਕਾਂ ਉਤੇ ਆਪ ਡਾਕਾ ਮਰਵਾਇਆ ਹੈ। ਕਿਸਾਨ ਧਰਨੇ ਦੇ ਰਹੇ ਹਨ, ਸੜਕਾਂ ਜਾਮ ਕਰ ਰਹੇ ਹਨ। ਇਹ ਠੀਕ ਹੈ ਕਿ ਹੱਕਾਂ ਖ਼ਾਤਰ ਲੜਾਈ ਲੜਨੀ ਪੈਂਦੀ ਹੈ ਪਰ ਵੋਟਾਂ ਪਾਉਣ ਵੇਲੇ ਅਪਣੇ ਨਾਲ ਧ੍ਰੋਹ ਕਮਾਉਣ ਵਾਲੇ ਸਵਾਰਥੀ ਸਿਆਸਤਦਾਨਾਂ ਦੀ ਪਹਿਚਾਣ ਕਰਨੀ ਵੀ ਜ਼ਰੂਰੀ ਹੈ।                      
                                                                 -ਪ੍ਰੋ. ਧਰਮਜੀਤ ਸਿੰਘ ਜਲਵੇੜਾ, ਸੰਪਰਕ : 94784-60084