ਭਾਰਤੀ ਡੈਮੋਕਰੇਸੀ ਨੂੰ ਮਜ਼ਬੂਤ ਕਰਨ ਲਈ ਚਲਾਕ ਤੇ ਤਿਗੜਮਬਾਜ਼ ਲੀਡਰਾਂ ਦੀ ਬਜਾਏ ਸਾਦੇ ਤੇ ਇਮਾਨਦਾਰ ਲੀਡਰ ਚੁਣੋ
ਰਾਜਸਥਾਨ ਦੇ ਮੁੱਖ ਮੰਤਰੀ ਕਾਂਗਰਸ ਪ੍ਰਧਾਨ ਬਣਦੇ ਬਣਦੇ ਰਹਿ ਗਏ ਕਿਉਂਕਿ ਉਹ ਅਪਣੀ ਰਾਜਸਥਾਨ ਦੀ ਗੱਦੀ ਵੀ ਨਹੀਂ ਛਡਣਾ ਚਾਹੁੰਦੇ
ਜਦੋਂ ਤੋਂ ਰਾਹੁਲ ਗਾਂਧੀ ‘ਭਾਰਤ ਜੋੜੋ’ ਪਦ ਯਾਤਰਾ ਤੇ ਉਤਰੇ ਹਨ, ਉਨ੍ਹਾਂ ਦਾ ਲੋਕਾਂ ਨਾਲ ਵਧਦਾ ਮੇਲ ਮਿਲਾਪ ਵੇਖ ਕੇ ਸਾਰੇ ਹੀ ਹੁਣ ਯਾਤਰਾਵਾਂ ਕਰਨ ਦੀ ਤਿਆਰੀ ਕਰ ਰਹੇ ਹਨ ਪਰ ਸੱਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਂਤ ਕਿਸ਼ੋਰ ਵੀ ਹੁਣ ਬਿਹਾਰ ਵਿਚ ਪਦ ਯਾਤਰਾ ਤੇ ਨਿਕਲ ਪਏ ਹਨ। ਜਿਹੜੇ ਲੋਕ ਸਿਆਸਤਦਾਨਾਂ ਨੂੰ ਰਸਤਾ ਵਿਖਾਉਂਦੇ ਸਨ ਤੇ ਰਾਹੁਲ ਗਾਂਧੀ ਨਾਲ ਕੰਮ ਕਰਨ ਤੋਂ ਇਨਕਾਰ ਕਰਦੇ ਸਨ, ਅੱਜ ਰਾਹੁਲ ਗਾਂਧੀ ਦੀ ਹੀ ਰੀਸ ਕਰ ਰਹੇ ਹਨ। ਪ੍ਰਸ਼ਾਂਤ ਕਿਸ਼ੋਰ ਦੀ ਜ਼ਿੰਦਗੀ ਵਿਚ ਇਹ ਪਹਿਲੀ ਵਾਰ ਹੋਇਆ ਹੈ। ਪਰ ਜਦੋਂ ਰਾਹੁਲ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਤੋਂ ਪਿੱਛੇ ਹਟ ਕੇ ਕਮਾਨ ਕਾਂਗਰਸੀ ਆਗੂਆਂ ਨੂੰ ਦੇ ਰਹੇ ਹਨ, ਕਾਂਗਰਸ ਫਿਰ ਵੀ ਬਿਖਰਦੀ ਜਾ ਰਹੀ ਹੈ।
ਰਾਜਸਥਾਨ ਦੇ ਮੁੱਖ ਮੰਤਰੀ ਕਾਂਗਰਸ ਪ੍ਰਧਾਨ ਬਣਦੇ ਬਣਦੇ ਰਹਿ ਗਏ ਕਿਉਂਕਿ ਉਹ ਅਪਣੀ ਰਾਜਸਥਾਨ ਦੀ ਗੱਦੀ ਵੀ ਨਹੀਂ ਛਡਣਾ ਚਾਹੁੰਦੇ। ਕੈਪਟਨ ਅਮਰਿੰਦਰ ਸਿੰਘ ਨੂੰ ਜਦ ਇਕ ਪੱਤਰਕਾਰ ਨੇ ਕਾਂਗਰਸ ਵਿਚ ਚਲ ਰਹੀ ਲੜਾਈ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਇਕ ਦੂਜੇ ਦੀ ਲੱਤ ਖਿਚਣ ਦੀ ਆਦਤ ਕਾਂਗਰਸੀਆਂ ਵਿਚ ਆਮ ਹੈ। ਇਹ ਸਹੀ ਵੀ ਹੈ ਕਿ ਇਹ ਇਕ ਦੂਜੇ ਦੀ ਮਦਦ ਤਾਂ ਨਹੀਂ ਕਰਦੇ ਪਰ ਇਕ ਦੂਜੇ ਦੀਆਂ ਲੱਤਾਂ ਖਿੱਚ ਕੇ ਆਪ ਅਗੇ ਆਉਣ ਦੇ ਯਤਨਾਂ ਵਿਚ ਲੱਗੇ ਰਹਿੰਦੇ ਹਨ। ਕੈਪਟਨ ਅਮਰਿੰਦਰ ਨਾਲ ਇੰਜ ਹੀ ਹੋਇਆ ਤੇ ਇਹੀ ਉਨ੍ਹਾਂ ਨੇ ਬੀਬੀ ਭੱਠਲ ਨਾਲ ਕੀਤਾ।
ਹੁਣ ਵੀ ਫ਼ਰਕ ਏਨਾ ਹੀ ਹੈ ਕਿ ਜਦ ਕਿਸੇ ਦੀ ਮਰਜ਼ੀ ਨਹੀਂ ਚਲਣ ਦਿਤੀ ਜਾਂਦੀ ਤਾਂ ਉਹ ਝੱਟ ਭਾਜਪਾ ਵਿਚ ਸ਼ਾਮਲ ਹੋ ਜਾਂਦਾ ਹੈ। ਜੋਤੀਰਾਦਿਤਿਆ ਸਿੰਧੀਆ ਹੋਵੇ, ਗ਼ੁਲਾਮ ਨਬੀ ਆਜ਼ਾਦ ਹੋਵੇ ਜਾਂ ਕੈਪਟਨ ਅਮਰਿੰਦਰ ਜਾਂ ਪਿਛਲੀ ਪੰਜਾਬ ਕਾਂਗਰਸ ਸਰਕਾਰ ਦੀ ਅੱਧੀ ਕੈਬਿਨਟ, ਜਾਂ ਤਾਂ ਇਹ ਅਪਣੇ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਬਚਾਉਣਾ ਚਾਹੁੰਦੇ ਹਨ ਜਾਂ ਇਹ ਮੌਕਾਪ੍ਰਸਤ ਹਨ ਜੋ ਸਿਰਫ਼ ਤਾਕਤ ਵਿਚ ਰਹਿਣਾ ਹੀ ਪਸੰਦ ਕਰਦੇ ਹਨ।
ਪਰ ਇਕ ਗੱਲ ਇਹ ਵੀ ਹੈ ਕਿ ਜਦ ਇਹ ਭਾਜਪਾ ਵਿਚ ਸ਼ਾਮਲ ਹੁੰਦੇ ਹਨ, ਇਹ ਉਸ ਪਾਰਟੀ ਵਿਚ ਬਗ਼ਾਵਤੀ ਸੁਰ ਛੇਤੀ ਨਹੀਂ ਵਿਖਾਉਂਦੇ। ਭਾਜਪਾ ਤੇ ਕਾਂਗਰਸ ਵਿਚ ਨਾ ਸਿਰਫ਼ ਸੋਚ ਦਾ ਬਲਕਿ ਅਨੁਸ਼ਾਸਨ ਦਾ ਵੀ ਜ਼ਮੀਨ ਅਸਮਾਨ ਦਾ ਅੰਤਰ ਹੈ। ਸਾਬਕਾ ਕਾਂਗਰਸੀ ਅਪਣੀ ਜਨਨੀ ਪਾਰਟੀ ਦੀ ਸੋਚ ਨੂੰ ਤਿਲਾਂਜਲੀ ਦੇ ਕੇ ਭਾਜਪਾ ਦਾ ਅਨੁਸ਼ਾਸਨ ਅਪਣਾ ਲੈਂਦੇ ਹਨ। ਕਾਂਗਰਸ ਪਾਰਟੀ ਵਿਚ ਆਗੂਆਂ ਨੂੰ ਜਿਹੜੀ ਆਜ਼ਾਦੀ ਤੇ ਆਜ਼ਾਦ ਸੋਚਣੀ ਮਿਲਦੀ ਹੈ, ਲਗਦਾ ਹੈ, ਉਹ ਇਨ੍ਹਾਂ ਲੋਕਾਂ ਨੂੰ ਰਾਸ ਨਹੀਂ ਆਉਂਦੀ ਅਤੇ ਸ਼ਾਇਦ ਇਹੀ ਦਿੱਕਤ ਪੂਰੇ ਦੇਸ਼ ਵਿਚ ਆ ਰਹੀ ਹੈ।
ਦੇਸ਼ ਇਹੋ ਜਿਹੇ ਆਗੂ ਅੱਗੇ ਲਿਆ ਰਿਹਾ ਹੈ ਜੋ ਉਸ ਨੂੰ ਇਕ ਹਨੇਰੀ ਗਲੀ ਵਿਚ ਚਲਦੇ ਰਹਿਣ ਦੇ ਨਿਰਦੇਸ਼ ਦੇ ਰਹੇ ਹਨ। ਜਿਹੜਾ ਆਗੂ ਉਸ ਨੂੰ ਚੰਗਾ ਰਾਜ ਪ੍ਰਬੰਧ ਦੇਂਦਾ ਹੈ ਤੇ ਤਾਕਤਵਰ ਬਣਾਉਂਦਾ ਹੈ, ਉਸ ਨੂੰ ਉਹ ਅਪਣੀ ਵੋਟ ਹੀ ਨਹੀਂ ਦਿੰਦੇ। ਰਾਹੁਲ ਗਾਂਧੀ ਦੀ ਕਮਜ਼ੋਰੀ ਇਹ ਹੈ ਕਿ ਉਹ ਇਸ ਆਜ਼ਾਦੀ ਨੂੰ ਪੂਰੀ ਤਰ੍ਹਾਂ ਅਪਣੇ ਲਈ ਹੀ ਨਹੀਂ, ਸਾਰੇ ਹੀ ਕਾਂਗਰਸੀਆਂ ਲਈ ਮਾਣਨ ਯੋਗ ਮੰਨਦਾ ਹੈ। ਉਹ ਇਕ ਚੰਗਾ ਇਨਸਾਨ ਜਾਪਦਾ ਹੈ।
ਆਖ਼ਰ ਜਿਸ ਨੇ ਮਨਰੇਗਾ ਵਰਗੀ ਯੋਜਨਾ ਬਣਾ ਕੇ ਗ਼ਰੀਬ ਨੂੰ ਪੱਕੀ ਆਮਦਨ ਦੇਣ ਬਾਰੇ ਸੋਚਿਆ ਹੋਵੇ, ਉਸ ਦਾ ਦਿਲ ਮਾੜਾ ਨਹੀਂ ਹੋ ਸਕਦਾ। ਪਰ ਉਸ ਵਿਚ ਦੂਜਿਆਂ ਦਾ ਖ਼ੂਨ ਚੂਸਣ ਦੀ ਲਾਲਸਾ ਨਹੀਂ ਤੇ ਬਾਕੀਆਂ ਨੂੰ ਹੇਠਾਂ ਡੇਗ ਕੇ ਆਪ ਉਤੇ ਚੜ੍ਹ ਖੜੇ ਹੋਣ ਦੀ ਆਦਤ ਵੀ ਨਹੀਂ। ਪਰ ਅਫ਼ਸੋਸ ਕਿ ਸਾਡੇ ਦੇਸ਼ ਦੀ ਡੈਮੋਕਰੇਸੀ ਵਿਚ ਚੰਗੇ ਇਨਸਾਨ ਨੂੰ ਪੱਪੂ ਆਖਦੇ ਹਨ ਅਤੇ ਸਾਡੀ ਗ਼ੁਲਾਮੀ ਵਾਲੀ ਮਾਨਸਕਤਾ ਅਜੇ ਅਪਣੇ ਚੁਣੇ ਹੋਏ ਨੁਮਾਇੰਦਿਆਂ ਵਿਚ ਪੱਪੂ ਨਹੀਂ ਬਲਕਿ ਅੰਗਰੇਜ਼ ਹਾਕਮ ਜਾਂ ਰਾਜੇ ਢੂੰਡਦੀ ਹੈ। ਸਮਾਂ ਆਵੇਗਾ ਜਦ ਭਾਰਤ ਦੇ ਵੋਟਰ ਅਪਣੇ ਸੁਪਨਿਆਂ ਨੂੰ ਚਕਨਾਚੂਰ ਕਰਨ ਵਾਲੇ ਲੀਡਰਾਂ ਨੂੰ ਪਛਾਣ ਕੇ, ਉਨ੍ਹਾਂ ਦੇ ਅੰਧ-ਵਿਸ਼ਵਾਸੀ ਭਗਤ ਬਣਨਾ ਛੱਡ ਦੇਣਗੇ ਪਰ ਅਜੇ ਤਾਂ ਸ਼ਾਤਰ ਮੌਕਾਪ੍ਰਸਤ ਆਗੂਆਂ ਦਾ ਹੀ ਯੁਗ ਚਲ ਰਿਹਾ ਹੈ। ਰਾਹੁਲ ਗਾਂਧੀ ਨੂੰ ਸੋਚਣਾ ਪਵੇਗਾ ਕਿ ਜੇ ਦੇਸ਼ ਜੁੜ ਗਿਆ ਤਾਂ ਉਹ ਕਿਸ ਆਗੂ ਨਾਲ ਜੁੜੇਗਾ।
-ਨਿਮਰਤ ਕੌਰ