ਸ਼੍ਰੋਮਣੀ ਕਮੇਟੀ ਦੇ ਧੁਰ ਅੰਦਰ ਧੱਸ ਗਈਆਂ ਖ਼ਰਾਬੀਆਂ ਹੁਣ ਸਿੱਖੀ ਤੇ ਬਾਣੀ ਲਈ ਵੀ ਖ਼ਤਰਾ ਬਣ ਰਹੀਆਂ ਹਨ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਤੇ ਫਿਰ ਅਕਾਲੀ ਦਲ ਦੇ ਪ੍ਰਧਾਨ ਦੇ ਟੀ.ਵੀ. ਚੈਨਲ ਅਤੇ ਇਕ ਡਿਜੀਟਲ ਚੈਨਲ ਤੇ ਵੀਡੀਉ ਵਿਖਾਈ ਗਈ

SGPC

ਇਕ ਧਾਰਮਕ ਅਦਾਰੇ ਕੋਲੋਂ ਜਿਨ੍ਹਾਂ ਸਦਗੁਣਾਂ ਤੇ ਜਿਸ ਆਦਰਸ਼ ਕਾਰਗੁਜ਼ਾਰੀ ਦੀ ਆਸ ਕੀਤੀ ਜਾਂਦੀ ਹੈ, ਉਹ ਸ਼੍ਰੋਮਣੀ ਕਮੇਟੀ ਦੇ ਕੰਮ-ਕਾਰ ਵਿਚ ਅੱਜ ਕਿਧਰੇ ਨਜ਼ਰ ਨਹੀਂ ਆ ਰਹੇ ਤੇ ਉਸ ਦੀ ਬਜਾਏ, ਇਸ ਦੀਆਂ ਕਮਜ਼ੋਰੀਆਂ ਹੁਣ ਅਜਿਹਾ ਰੂਪ ਧਾਰ ਚੁਕੀਆਂ ਹਨ ਕਿ ਇਸ ਸਾਰੇ ਪ੍ਰਬੰਧ ਬਾਰੇ ਜੇਕਰ ਸੰਜੀਦਗੀ ਨਾਲ ਵਿਚਾਰ ਨਾ ਕੀਤਾ ਗਿਆ ਤਾਂ ਇਹ ਸੰਸਥਾ ਆਪ ਹੀ ਗੁਰੂਆਂ ਦੀ ਬਾਣੀ ਦੀ ਬੇਅਦਬੀ ਦੀ ਮੁੱਖ ਜ਼ਿੰਮੇਵਾਰ ਬਣ ਜਾਵੇਗੀ।

ਹਾਲ ਹੀ ਵਿਚ ਵੇਖਿਆ ਗਿਆ ਕਿ ਕਿਸ ਤਰ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਹੁਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਨੂੰ ਛੁਪਾਉਣ ਵਾਸਤੇ ਇਸਤੇਮਾਲ ਕੀਤਾ ਗਿਆ। ਗ਼ਲਤ ਇਰਾਦਿਆਂ ਨਾਲ ਅਪਣੇ ਆਪ ਨੂੰ ਬਚਾਉਣ ਅਤੇ ਭਲੇ ਬੰਦਿਆਂ ਨੂੰ ਫਸਾਉਣ ਦੇ ਅਮਲ ਨੂੰ ਸ਼ਰੇਆਮ ਵਰਤਿਆ ਜਾਂਦਾ ਵੇਖ ਕੇ ਸ. ਹਰਚਰਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਦਕਿ ਉਨ੍ਹਾਂ ਦੇ ਕਿਰਦਾਰ ਵਿਚ ਪੰਥ ਦੀ ਚੋਰੀ ਦਾ ਕੋਈ ਕਿਣਕਾ ਵੀ ਕੰਮ ਕਰਦਾ ਸਾਬਤ ਨਹੀਂ ਹੋਇਆ ਪਰ ਅਸਲ ਚੋਰ ਨੂੰ ਬਚਾਉਣ ਲਗਿਆਂ ਉਨ੍ਹਾਂ ਦੇ ਬੇਦਾਗ਼ ਚਰਿੱਤਰ ਨੂੰ ਦਾਗ਼ੀ ਬਣਾਉਣ ਸਮੇਂ ਇਨ੍ਹਾਂ ਗੁਰਸਿੱਖਾਂ ਨੂੰ ਮਾੜਾ ਜਿਹਾ ਦਰਦ ਵੀ ਮਹਿਸੂਸ ਨਾ ਹੋਇਆ। ਉਨ੍ਹਾਂ ਦੀ ਮੌਤ ਤੋਂ ਬਾਅਦ ਇਨ੍ਹਾਂ ਨੇ ਫ਼ੈਸਲਾ ਵਾਪਸ ਲੈ ਲਿਆ ਤਾਕਿ ਕਮੇਟੀ ਦੇ ਮਾਲਕਾਂ ਉਤੇ ਕੋਈ ਮਾਮਲਾ ਦਰਜ ਨਾ ਕਰ ਦੇਵੇ।

ਗਿਆਨੀ ਹਰਪ੍ਰੀਤ ਸਿੰਘ ਭਾਵੇਂ ਅਪਣੇ ਸ਼ਬਦਾਂ ਨੂੰ ਅਮਲੀ ਜਾਮਾ ਨਾ ਪਹਿਨਾ ਸਕੇ ਪ੍ਰੰਤੂ ਉਨ੍ਹਾਂ ਦੇ ਸ਼ਬਦਾਂ ਨੇ ਕਈ ਸਿੱਖਾਂ ਨੂੰ ਜਗਾਇਆ ਕਿ ਜੇਕਰ ਅਸੀ ਪਵਿੱਤਰ ਸਰੂਪਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾ ਸਕਦੇ ਤਾਂ ਫਿਰ ਸਾਡੇ ਵਿਚ ਕਾਬਲੀਅਤ ਕਿਸ ਚੀਜ਼ ਦੀ ਹੈ? ਪਰ ਜਿਹੜੀ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਸਾਰੇ ਸੇਵਾਦਾਰ ਮਿਲ ਕੇ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚੋਂ ਵੀ ਨਾ ਰੋਕ ਸਕੇ ਅਤੇ ਨਾ ਹੀ ਛਾਣਬੀਣ ਕਰ ਸਕੇ, ਉਹ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵਿਚ ਘਪਲੇ ਕਿਸ ਤਰ੍ਹਾਂ  ਰੋਕ ਸਕਣਗੇ?

ਸੋ ਲੋਕਾਂ ਦੇ ਰੋਸ ਨੂੰ ਸਮਝਦੇ ਹੋਏ ਸਤਿਕਾਰ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਰੋਸ ਧਰਨੇ ਦੀ ਜ਼ਿੰਮੇਵਾਰੀ ਚੁਕੀ। ਵੈਸੇ ਤਾਂ ਸਤਿਕਾਰ ਕਮੇਟੀ ਵਲੋਂ ਕਈ ਵਾਰ ਧਾਰਮਕ ਪਹਿਰੇਦਾਰੀ ਦੀ ਆੜ ਵਿਚ ਨਿਜੀ ਆਜ਼ਾਦੀ ਤੇ ਹੱਲਾ ਬੋਲਿਆ ਜਾਂਦਾ ਰਿਹਾ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਤੋਂ ਉਲਟ ਚਲਣਾ ਹੀ ਕਿਹਾ ਜਾ ਸਕਦਾ ਹੈ ਪਰ ਉਪਰੋਕਤ ਮੁੱਦੇ ਤੇ ਉਹ ਸ਼੍ਰੋਮਣੀ ਕਮੇਟੀ ਨੂੰ ਜਗਾਉਣ ਦਾ ਯਤਨ ਕਰ ਰਹੇ ਸਨ।

ਡਾਂਗੋ ਡਾਂਗੀ ਹੋਣ ਮਗਰੋਂ ਸਤਿਕਾਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਵਲੋਂ ਇਕ ਦੂਜੇ ਵਿਰੁਧ ਪਰਚੇ ਦਾਖ਼ਲ ਕਰਨ ਨੇ ਇਨ੍ਹਾਂ ਦੋ ਧੜਿਆਂ ਨੂੰ ਹੀ ਨਹੀਂ ਬਲਕਿ ਸਿੱਖ ਕੌਮ ਨੂੰ ਵੀ ਸ਼ਰਮਸਾਰ ਕਰ ਦਿਤਾ ਹੈ। ਇਹੀ ਨਹੀਂ ਸ਼੍ਰੋਮਣੀ ਕਮੇਟੀ ਵਲੋਂ ਸਤਿਕਾਰ ਕਮੇਟੀ ਦੇ ਭਾਈ ਸੁਖਜੀਤ ਸਿੰਘ ਖੋਸਾ ਬਾਰੇ ਇਕ ਵੀਡੀਉ ਜਾਰੀ ਕੀਤੀ ਗਈ ਜਿਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦੀਆਂ ਕੁੱਝ ਵੀਡੀਉ ਝਲਕੀਆਂ ਸਾਂਝੀਆਂ ਕੀਤੀਆਂ ਗਈਆਂ ਜਿਨ੍ਹਾਂ ਵਿਚ ਭਾਈ ਖੋਸਾ ਕਦੇ ਲੜਖੜਾਉਂਦੇ ਹੋਏ ਕਿਸੇ ਨਾਲ ਬਦਸਲੂਕੀ ਕਰਦੇ ਅਤੇ ਇਕ ਬਲਾਕ ਵਿਚ ਕਿਸੇ ਬੀਬੀ ਦੀ ਮਰਿਆਦਾ ਦੀ ਉਲੰਘਣਾ ਕਰਦੇ ਦਰਸਾਏ ਗਏ। ਪੂਰੀ ਅਸਲੀਅਤ ਝਲਕੀਆਂ ਵਿਚੋਂ ਨਹੀਂ ਪਤਾ ਲੱਗ ਸਕਦੀ ਪਰ ਮਾਨਸਕਤਾ ਤਾਂ ਵੀਡੀਉ ਜਾਰੀ ਕਰਤਾ ਦੀ ਵੀ ਸਾਹਮਣੇ ਆ ਹੀ ਗਈ।

ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਤੇ ਫਿਰ ਅਕਾਲੀ ਦਲ ਦੇ ਪ੍ਰਧਾਨ ਦੇ ਟੀ.ਵੀ. ਚੈਨਲ ਅਤੇ ਇਕ ਡਿਜੀਟਲ ਚੈਨਲ ਤੇ ਇਹ ਵੀਡੀਉ ਵਿਖਾਈ ਗਈ ਤੇ ਭਾਈ ਖੋਸਾ ਦਾ ਮਾੜਾ ਚਰਿੱਤਰ ਵਿਖਾਉਣ ਦਾ ਯਤਨ ਕੀਤਾ ਗਿਆ। ਪਰ ਇਹ ਝਲਕੀਆਂ ਪੁਰਾਣੀਆਂ ਸਨ ਅਤੇ ਜੇ ਸੱਚੀਆਂ ਵੀ ਹਨ ਤਾਂ ਵੀ ਇਹ ਸਾਬਤ ਨਹੀਂ ਕਰਦੀਆਂ ਕਿ ਇਸ ਸ਼ਖ਼ਸ ਦੇ ਕਿਰਦਾਰ ਵਿਚ ਕੁੱਝ ਕਮਜ਼ੋਰੀ ਹੈ ਪਰ ਇਹ ਜ਼ਰੂਰ ਸਾਬਤ ਕਰਦੀਆਂ ਹਨ ਕਿ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਜਾਣਦੇ ਸੀ ਕਿ ਸ੍ਰੀ ਦਰਬਾਰ ਸਾਹਿਬ ਵਿਚ ਇਕ ਔਰਤ ਨਾਲ ਬਦਸਲੂਕੀ ਹੋ ਰਹੀ ਹੈ ਪਰ ਉਹ ਇਸ ਵੀਡੀਉ ਨੂੰ ਸਬੂਤ ਵਜੋਂ ਲੈ ਕੇ ਬੈਠੇ ਰਹੇ ਕਿ ਲੋੜ ਪੈਣ 'ਤੇ ਇਸਤੇਮਾਲ ਕਰਾਂਗੇ। ਜਦ ਆਪਸੀ ਲੜਾਈ ਹੋਈ ਤਾਂ ਹਥਿਆਰ ਬਣਾ ਕੇ ਇਸਤੇਮਾਲ ਕਰ ਲਈ ਗਈ।

ਇਸ ਤੋਂ ਜ਼ਿਆਦਾ ਮਾੜੀ ਘੜੀ ਕੀ ਹੋ ਸਕਦੀ ਹੈ ਕਿ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਸੇਵਾਦਾਰ ਦੇ ਨੱਕ ਹੇਠ ਔਰਤਾਂ ਨਾਲ ਬਦਸਲੂਕੀ ਹੁੰਦੀ ਹੈ ਤੇ ਉਹ ਸਿਆਸੀ ਲਾਭ ਹਾਣ ਦੀ ਗਿਣਤੀ ਮਿਣਤੀ ਕਰ ਕੇ ਚੁਪ ਰਹਿ ਜਾਂਦੇ ਹਨ। ਬੜੀ ਚਿੰਤਾਜਨਕ ਸਥਿਤੀ ਬਣ ਚੁੱਕੀ ਹੈ ਤੇ ਇਸ ਬਾਰੇ ਸੋਚਣ ਅਤੇ ਜਾਗਰੂਕ ਹੋਣ ਦੀ ਸਖ਼ਤ ਲੋੜ ਹੈ।
- ਨਿਮਰਤ ਕੌਰ